ਨਿੱਕਾ ਜਿਹਾ ਹੁੰਦਾ ਸੀ ਨਾਲ ਦੇ ਬੇਲੀਆਂ ਨੂੰ ਵੇਖਕੇ ਪੱਗ ਬੰਨ੍ਹਣ ਨੂੰ ਦਿਲ ਕੀਤਾ। ਮਾਂ ਦੀ ਚੁੰਨੀ ਸਿਰ ਤੇ ਬੰਨ ਲਈ। ਗੱਲ ਨਾ ਬਣੀ। ਕਿਸੇ ਬੇਲੀ ਤੋ ਪੱਗ ਮੰਗੀ ਤੇ ਬੰਨ ਲਈ। ਪਰ ਓਹ ਕਹਿੰਦਾ ਪਹਿਲੀ ਪੱਗ ਤੇ ਨਾਨਕੇ ਬੰਨ੍ਹਦੇ ਹੁੰਦੇ ਹਨ । ਆਵਦੇ ਨਾਨਕਿਆਂ ਤੋ ਲਿਆਵੀ ਪੱਗ । ਚਲੋ ਜੀ ਸਬੱਬ ਨਾਲ ਨਾਨਕੇ ਵੀ ਗੇੜਾ ਵੱਜ ਗਿਆ ਪਿੰਡ ਬਾਦੀਆਂ। ਮੈ ਤਾਂ ਮੇਰੇ ਮਾਮੇ ਕੋਲੋ ਪੱਗ ਮੰਗ ਲਈ। ਪਰ ਓਹ ਵੀ ਸਾਡੇ ਤਰਾਂ ਘੋਨੇ ਮੋਨੇ ਹੀ ਸਨ ਪੱਗ ਨਹੀ ਸੀ ਬੰਨ੍ਹਦੇ। ਮੇਰਾ ਨਾਨਾ ਸ੍ਰੀ ਸਫੇਦ ਪੱਗ ਬੰਨ੍ਹਦਾ ਸੀ ਤੇ ਮੋਢੇ ਤੇ ਲਾਲ ਪਰਨਾ ਰੱਖਦਾ। ਇਸ ਲਈ ਗੱਲ ਨਹੀ ਬਣੀ। ਹਫਤਾ ਕੁ ਲਾਕੇ ਜਦੋ ਵਾਪਿਸ ਆਉਣ ਲੱਗੇ ਤਾਂ ਮੇਰੀ ਵਿਚਕਾਰਲੀ ਮਾਮੀ ਕੁਸ਼ਲਿਆ ਨੇ ਪੱਗ ਵਾਲੀ ਗੱਲ ਯਾਦ ਕਰ ਲਈ। “ਜੁਆਕ ਪੱਗ ਮੰਗਦਾ ਸੀ ਦਿੱਤੀ ਕਿਉਂ ਨਹੀ।”
“ਘਰੇ ਪੱਗ ਹੀ ਨਹੀ ਸੀ।” ਵੱਡੇ ਮਾਮੇ ਕੁੰਦਨ ਲਾਲ ਘਰੇ ਦੋ ਤਿੰਨ ਪੱਗਾਂ ਪਈਆਂ ਸਨ ਅਣਲੱਗ। ਵੱਡੀ ਮਾਮੀ ਕਰਤਾਰੀ ਨੇ ਪੇਟੀ ਚੋ ਕੱਢਕੇ ਦੇ ਦਿੱਤੀਆਂ। ਮੇਰੀ ਮਾਂ ਨੇ ਬਹੁਤ ਆਖਿਆ “ਇਹਨੇ ਕਿਹੜੀ ਬੰਨਣੀ ਹੈ। ਇਵੇਂ ਰੀਸ ਕਰਦਾ ਹੈ ਪਿੰਡ ਆਲੇ ਹਾਣੀਆਂ ਦੀ।” ਪਰ ਮਾਮੀ ਕੁਸ਼ਲਿਆ ਕਹਿੰਦੀ ” ਬੰਨੇ ਨਾ ਬੰਨੇ ਜੁਆਕ ਨੂੰ ਜਵਾਬ ਵੀ ਤਾਂ ਨਹੀ ਦੇਣਾ।”
ਗੱਲ ਕੀ ਮੈਨੂੰ ਪੱਗਾਂ ਦੇ ਦਿੱਤੀਆਂ ਗਈਆਂ। ਪਰ ਮੈ ਕਦੇ ਵੀ ਪੱਗ ਨਾ ਬੰਨੀ। ਓਹ ਮਾਮੀਆਂ ਵਾਕਿਆ ਹੀ ਮਾਮੀਆਂ ਸਨ ਤੇ ਮਾਮੇ ਵੀ ਪਿਆਰ ਕਰਦੇ ਸਨ । ਪਰ ਅੱਜ ਕੱਲ ਦੇ ਮਾਮੇ ਤਾਂ ਬਸ ਆਪਣੀ ਔਲਾਦ ਬਾਰੇ ਹੀ ਸੋਚਦੇ ਹਨ ਭਾਣਜੇ ਭਾਣਜੀਆਂ ਬਾਰੇ ਕੋਈ ਵਿਰਲਾ ਹੀ ਸੋਚਦਾ ਹੋਵੇਗਾ। ਹੁਣ ਤਾਂ ਨਾਨਕੇ ਓਹ ਨਾਨਕੇ ਨਹੀ ਰਹੇ। ਜਿਥੇ ਮੋਜਾਂ ਹੁੰਦੀਆਂ ਸਨ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
9876627233