ਮੈਨੂੰ ਯਾਦ ਹੈ ਕੇਰਾਂ ਮੈਂ ਸ਼ਾਮੀ ਮੱਝ ਲਈ ਆਪਣੇ ਖੇਤੋਂ ਪੱਠੇ ਲੈਣ ਚੱਲਿਆ ਸੀ ਆਪਣੇ ਸਾਈਕਲ ਤੇ ਤਾਂ ਦੇਖਿਆ ਬਾਬੇ ਜੱਸੇ ਕੇ ਨੋਹਰੇ ਵਿੱਚ ਕਾਫੀ ਭੀੜ ਸੀ। ਬਾਬਾ ਜੱਸਾ ਜਿਸ ਦਾ ਪੂਰਾ ਨਾਮ ਜਸਵੰਤ ਸਿੰਘ ਸੀ ਸ਼ਾਇਦ, ਪੰਚਾਇਤ ਮੇਂਬਰ ਵੀ ਸੀ। ਇਹ ਨੋਹਰਾ ਬਾਬੇ ਜੱਸੇ ਕੇ ਘਰ ਦੇ ਨਾਲ ਹੀ ਸੀ।ਪਤਾ ਲਗਿਆ ਕਿ ਬਾਬੇ ਜੱਸੇ ਕੇ ਡੰਗਰਾਂ ਲਈ ਵੱਡਾ ਸਾਰਾ ਛਤੜਾ ਪਾ ਰਹੇ ਸਨ। ਸਰਕੰਡਿਆ ਦੀ ਛੱਤ ਪਾਉਣੀ ਸੀ। ਤੇ ਉਪਰ ਮਿੱਟੀ ਪਾਉਣ ਲਈ ਗੁਆਂਢੀ ਮੁੰਡਿਆਂ ਨੂੰ ਵਗਾਰਿਆ ਸੀ। ਖੂਬ ਰੌਣਕ ਮੇਲਾ ਸੀ। ਲੋਕ ਵੀ ਚਾਅ ਨਾਲ ਕੰਮ ਕਰ ਰਹੇ ਸੀ।
ਪੋਤਰਿਆ ਜਾਂਦੀ ਵਾਰੀ ਚੌਲ ਖਾ ਕੇ ਜਾਈ। ਬਾਬੇ ਜੱਸੇ ਨੇ ਮੈਨੂੰ ਵੇਖ ਕੇ ਕਿਹਾ। ਚੰਗਾ ਬਾਬਾ ਕਹਿ ਕੇ ਮੈਂ ਖੇਤ ਪੱਠੇ ਲੈਣ ਚਲਾ ਗਿਆ। ਵਾਪਿਸੀ ਵੇਲੇ ਬਾਬਾ ਨੋਹਰੇ ਦੇ ਦਰਵਾਜ਼ੇ ਮੂਹਰੇ ਹੀ ਖੜਾ ਸੀ। ਵੱਡੇ ਸਾਰੇ ਕੜਾਹੇ ਵਿੱਚ ਗੁਡ਼ ਵਾਲੇ ਚੋਲ ਬਣਾਏ ਸਨ। ਸਾਰਿਆਂ ਨੂੰ ਥੱਲੇ ਬਿਠਾ ਕੇ ਪਿੱਪਲ ਦੇ ਪੱਤਿਆਂ ਤੇ ਰੱਖ ਕੇ ਰੱਜਵੇਂ ਚੌਲ ਵਰਤਾਏ ਜਾ ਰਹੇ ਸੀ। ਲਿਆਓ ਬਈ ਸੇਠ ਵਾਸਤੇ ਬਾਟੀ ਧੋ ਕੇ। ਪੋਤਰੇ ਨੂੰ ਚੋਲ ਖੁਆਓ। ਫਿਰ ਮੈਨੂੰ ਮੰਜੇ ਤੇ ਬਿਠਾ ਕੇ ਗੁਡ਼ ਆਲੇ ਚੌਲ ਖੁਆਏ।
ਸਰਕੰਡਿਆ ਵਾਲੀ ਛੱਤ ਪਾਉਣ ਦੀ ਹੀ ਇੰਨੀ ਖੁਸ਼ੀ ਸੀ। ਸਾਰੇ ਵੇਹੜੇ ਦੇ ਲੋਕਾਂ ਨੂੰ ਰੱਜਵੇਂ ਚੌਲ ਖਵਾਏ ਗਏ। ਅੱਜ ਕੱਲ ਅਗਲਾ ਪੰਜ ਸੌ ਗਜ ਦੀ ਕੋਠੀ ਦਾ ਲੈਂਟਰ ਪਾ ਕੇ ਮਜ਼ਦੂਰਾਂ ਨੂੰ ਚਾਰ ਚਾਰ ਲੱਡੂ ਦੇ ਕੇ ਆਪਣਾ ਫਰਜ਼ ਅਦਾ ਕਰ ਦਿੰਦਾ ਹੈ। ਪਹਿਲਾ ਨਵੀ ਛੱਤ ਤੇ ਧੀ ਧਿਆਣੀਆਂ ਚਿੜੀ ਬਣਨ ਆਉਂਦੀਆਂ ਤੇ ਅਗਲਾ ਵੀ ਧੀਆਂ ਦਾ ਮਾਣ ਸਨਮਾਨ ਕਰਦਾ।
ਆਹੀ ਫਰਕ ਹੈ ਨਵੇਂ ਜ਼ਮਾਨੇ ਦਾ।