ਦੂਰ ਦੇ ਵਿਛੋੜੇ | door de vichore

#ਕਰੋਨਾ_ਪ੍ਰਭਾਵਿਤ_ਜਿੰਦਗੀ
#ਦੂਰ_ਦੇ_ਵਿਛੋੜੇ

ਸੱਚੀ ਕਹਾਣੀ

ਕਰਨ ਅਤੇ ਅਮਨ ਦੋਨੋਂ ਭੈਣ ਭਰਾ ਸਨ ।ਜਦ ਅਮਨ ਦਾ ਵਿਆਹ ਨਹੀਂ ਹੋਇਆ ਸੀ ਤਾਂ ਦੋਨੋਂ ਭੈਣ ਭਰਾਵਾਂ ਵਿੱਚ  ਥੋੜ੍ਹੀ ਬਹੁਤ ਲੜਾਈ ਝਗੜਾ ਹੋਣ ਦੇ ਬਾਵਜੂਦ ਵੀ ਪਿਆਰ ਬਹੁਤ ਸੀ  ।ਪਰ ਤਿੰਨ ਕ ਸਾਲ ਪਹਿਲਾਂ ਅਮਨ ਦਾ ਵਿਆਹ ਹੋ ਗਿਆ  ।ਵਿਆਹ ਤੋਂ ਮਹੀਨੇ ਕ ਮਗਰੋਂ ਅਮਨ ਆਪਣੇ ਪਤੀ ਨਾਲ ਆਸਟ੍ਰੇਲੀਆ ਚਲੀ ਗਈ  ।ਹੁਣ ਕਰਨ ਨੂੰ ਅਮਨ ਦੀ ਕਮੀ ਦਾ ਅਹਿਸਾਸ ਹੋਣ ਲੱਗਾ ,ਕਹਿੰਦੇ ਆ ਨਾ ਕਿ ਕਿਸੇ ਖਾਸ ਦੇ  ਦੂਰ ਹੋਣ ਉੱਤੇ ਹੀ ਉਸਦੇ ਵਿਛੋੜੇ ਦੀ ਪੀੜ ਚ ਪਿਆਰ ਦਾ ਅਹਿਸਾਸ ਛੁਪਿਆ  ਹੁੰਦਾ ।

ਕਰਨ ਦੂਰ ਹੋਣ ਕਰਕੇ ਅਮਨ ਨਾਲ ਗੱਲ ਕਰਦੇ ਸਮੇਂ ਬਹੁਤ ਵਾਰ ਭਾਵੁਕ ਹੋ ਜਾਂਦਾ ।ਜਦ ਕਦੇ ਉਸਦੀਆਂ ਗੱਲਾਂ ਸੁਣ ਅਮਨ ਨੇ ਰੋਣਾ ਸ਼ੁਰੂ ਕਰ ਦੇਣਾ ਤਾਂ ਕਰਨ ਨੇ ਉਸਦਾ ਮਜ਼ਾਕ ਬਣਾਉਦੇ ਉਸਨੂੰ ਟਿੱਚਰਾਂ ਕਰਕੇ ਜਾਂ  ਅਮਨ ਦੀਆਂ ਰੀਸਾਂ ਲਗਾ ਕੇ ਉਸਨੂੰ ਹਸਾ  ਦੇਣਾ ।  ਅਮਨ ਨੇ ਜਦ ਵੀ ਸਮਾਂ ਮਿਲਣਾ ਥੋੜ੍ਹੇ ਥੋੜ੍ਹੇ  ਸਮੇਂ ਬਾਅਦ ਕਰਨ ਨੂੰ ਵੀਡਿਓ ਕਾਲ ਕਰਨੀ ਅਤੇ ਉਸ ਨਾਲ ਆਹਮੋ ਸਾਹਮਣੇ ਗੱਲ ਕਰਦੇ ਰਹਿਣਾ । ਅਮਨ ਨੂੰ ਸਾਹਮਣੇ ਦੇਖ ਕੇ ਕਰਨ ਨੇ ਖੁਸ਼ ਹੋ ਜਾਣਾ ਅਤੇ ਆਪ ਜਿਆਦਾ ਸਮਾਂ ਗੱਲ ਕਰਨੀ ਘਰਦਿਆਂ ਨੂੰ ਥੋੜ੍ਹਾ ਸਮਾਂ ਗੱਲ ਕਰਨ ਦਿਆਂ ਕਰਨੀ ।

ਵਿਆਹ ਤੋਂ ਦੋ ਸਾਲ ਬਾਅਦ ਜਦ ਅਮਨ ਦੇ ਘਰ ਬੇਬੀ ਗਰਲ ਦਾ ਜਨਮ ਹੋਇਆ ਤਾਂ ਕਰਨ ਸਭ ਤੋਂ ਜਿਆਦਾ ਖੁਸ਼ ਸੀ ।ਮਾਮਾ ਬਣਨ ਦੀ ਖੁਸ਼ੀ ਚ ਝੱਲੇ  ਹੋਏ ਕਰਨ ਨੇ ਗੁਰਦੁਆਰਾ ਸਾਹਿਬ ਮਠਿਆਈ ਚੜ੍ਹਾ ਕੇ ਆਸ਼ੀਰਵਾਦ ਲਿਆ ।ਕਰਨ ਦੇ ਪਾਪਾ ਲਗਾਤਾਰ ਚਾਰ ਸਾਲ ਤੋਂ  ਪਿੰਡ ਦੇ ਸਰਪੰਚ ਬਣਦੇ ਆ ਰਹੇ ਸੀ ।ਕਰਨ ਨੇ ਇਸ ਖੁਸ਼ੀ ਵਿਚ ਪਿੰਡ ਦੀ ਭਲਾਈ ਲਈ  ਕੰਮਾਂ ਤੋਂ ਬਿਨਾਂ ਗਰੀਬਾਂ ਦੀ ਮਦਦ ਕਰਨ ਦੀ ਸਲਾਹ ਦਿੱਤੀ ।ਕਰਨ ਦੇ ਪਿਤਾ ਜੀ ਨੇ ਕਰਨ ਦੀ ਹਰ ਇੱਛਾ ਪੂਰੀ ਕੀਤੀ ।ਕਰਨ ਨੇ ਗਰੀਬ ਪਰਿਵਾਰਾਂ  ਦੇ ਬੱਚਿਆਂ ਨੂੰ ਬੂਟ ਅਤੇ ਕੋਟੀਆਂ ਲੈ ਕੇ ਦਿਤੀਆਂ ।ਹੁਣ ਕਰਨ ਆਪਣੀ ਭੈਣ ਅਮਨ ਨੂੰ ਛੱਡ ਕੇ ਨਿੱਕੀ ਜਿਹੀ ਮਾਸੂਮ ਭਾਣਜੀ ਨੂੰ ਦੇਖਣ ਲਈ ਜਿਆਦਾ  ਉਤਾਵਲਾ ਹੋਇਆ ਰਹਿੰਦਾ ।ਕਰਨ ਹਰ ਸਮੇਂ ਵੀਡਿਓ ਕਾਲ ਉੱਪਰ ਭਾਣਜੀ ਨੂੰ ਬਿਨਾਂ ਅੱਖ ਝਪਕੇ ਦੇਖਦਾ ਰਹਿੰਦਾ ਅਤੇ ਅਮਨ ਨੂੰ ਜਲਦੀ ਪੰਜਾਬ ਆਉਣ ਲਈ ਤਰਲੇ ਕੱਢਦਾ ।

ਅਮਨ ਨੇ ਬਹਾਨੇ ਬਣਾ ਕੇ ਸਾਲ ਦਾ ਸਮਾਂ ਕੱਢ ਦਿੱਤਾ ।ਪਰ ਪਿਛਲੇ ਸਾਲ ਦਸੰਬਰ ਚ ਅਮਨ ਦੇ ਚਾਚੇ ਦੇ ਮੁੰਡੇ ਦਾ ਵਿਆਹ ਸੀ ।ਦੋਨੋਂ ਘਰਾਂ ਵਿੱਚ ਅਮਨ ਇਕੱਲੀ ਹੀ ਕੁੜੀ ਸੀ ਜਿਸ ਕਰਕੇ ਸਭ ਦੀ ਲਾਡਲੀ ਵੀ ਸੀ ।ਸਭ ਨੇ ਅਮਨ ਨੂੰ ਬਹਾਨੇ ਛੱਡ ਕੇ ਵਿਆਹ ਉੱਪਰ ਆਉਣ ਲਈ ਰਾਜੀ ਕਰ ਲਿਆ ।ਅਮਨ ਨੇ ਆਖੀਰ ਨਵੰਬਰ ਦੀਆਂ ਟਿਕਟਾਂ ਬੁੱਕ ਕਰਵਾ ਲਈਆ ਸੀ ।ਕਰਨ ਅਤੇ ਸਾਰੇ ਪਰਿਵਾਰ ਨੂੰ ਅਮਨ ਦੇ ਆਉਣ ਦਾ ਬੇਸਬਰੀ ਨਾਲ ਇੰਤਜਾਰ ਸੀ ।ਆਖਰ ਉਹ ਦਿਨ ਵੀ ਆ ਗਿਆ ਜਿਸ ਦਾ ਇੰਤਜ਼ਾਰ ਕਰਨ ਨੂੰ ਲੰਮੇ ਸਮੇਂ ਤੋਂ ਸੀ ।

ਅਮਨ ਪੰਜਾਬ ਪਹੁੰਚੀ ਤਾਂ ਉਸਨੂੰ ਲੈਣ ਕਰਨ ਅਤੇ ਮਾਮੇ ਦਾ ਮੁੰਡਾ ਗਏ ।ਕਰਨ ਨੇ ਮਿਲਦੇ ਹੀ ਅਮਨ ਤੋਂ ਭਾਣਜੀ ਨੂੰ ਫੜ ਕੇ ਘੁੱਟ ਸੀਨੇ ਨਾਲ ਲਾ ਲਿਆ ।ਅੰਮ੍ਰਿਤਸਰ ਤੋਂ ਪਿੰਡ ਤੱਕ ਦੇ  ਸਾਰੇ ਰਸਤੇ ਕਰਨ ਨੇ ਭਾਣਜੀ ਨੂੰ ਕਈ ਵਾਰ ਚੁੰਮਿਆ ਅਤੇ ਕਈ ਵਾਰ ਘੁੱਟ ਸੀਨੇ ਨਾਲ ਲਾਇਆ ।ਕਿਵੇਂ ਕਰਨ  ਖੁਦ ਇਕ ਬੱਚੇ ਦੀ ਤਰ੍ਹਾਂ ਜਿੱਦ ਫੜ੍ਹ ਕੇ ਬੈਠਾ ਸੀ ਕਿ ਮੇਰੇ ਬਿਨਾਂ ਗੁਡੀਆ ਨੂੰ ਕੋਈ ਹੱਥ ਵੀ ਨਹੀਂ ਲਾਵੇਗਾ ।

ਚਚੇਰੇ ਭਰਾ ਦੇ ਵਿਆਹ ਦੀ  ਜਾਗੋ ਉੱਤੇ ਕਰਨ ਨੇ ਖੂਬ ਰੌਣਕਾਂ ਲਗਾਈਆਂ ,ਹਰ ਕੋਈ ਕਰਨ ਦੇ ਖੁਸ਼ਮਿਜ਼ਾਜ਼ ਸੁਭਾਅ ਨੂੰ ਦੇਖ ਕੇ ਕੀਲਿਆ ਗਿਆ ਸੀ ।ਚਚੇਰੇ ਭਰਾ ਦੇ ਵਿਆਹ ਦੇ ਕੁਝ ਦਿਨ ਬਾਅਦ ਜਦ ਅਮਨ ਨੇ ਵਾਪਸ ਆਸਟ੍ਰੇਲੀਆ ਜਾਣਾ ਸੀ ਤਾਂ ਵਾਪਸੀ ਦਾ ਵੇਲਾ ਹੋ ਗਿਆ ।ਸਭ ਨੇ  ਅਮਨ ਨੂੰ ਆਸ਼ੀਰਵਾਦ ਦਿੱਤਾ  ਅਤੇ ਅਮਨ ਸਭ ਨੂੰ ਮਿਲ ਕੇ ਤੁਰਨ ਲੱਗੀ ਤਾਂ ਕਰਨ ਜੱਫੀ ਪਾ ਬਹੁਤ ਰੋਇਆ ।ਕਰਨ ਨੇ ਉਥੇ ਖੜੀ ਹਰ ਇਕ ਅੱਖ ਨਮ ਕਰ ਦਿੱਤੀ । ਵਾਪਸ ਆਸਟ੍ਰੇਲੀਆ ਪਹੁੰਚ ਅਮਨ ਆਪਣੇ ਕੰਮ ਲੱਗ ਗਈ ।ਇਸ ਤਰ੍ਹਾਂ ਕੰਮ ਵਿੱਚ ਵਿਅਸਥ ਹੀ  ਕੁਝ ਮਹੀਨੇ ਬੀਤੇ ।

ਕਰੋਨਾ ਨਾ ਦੀ ਮਹਾਂਮਾਰੀ ਕਰਕੇ ਲੌਕਡਾਊਨ ਹੋ ਗਿਆ ।ਸਾਰੀ ਦੁਨੀਆਂ ਦਾ ਕੰਮ ਕਾਰ ਰੁਕ ਗਿਆ ।ਹੁਣ ਵਿਹਲੇ ਹੋਣ ਕਰਕੇ ਕਰਨ ਅਤੇ ਅਮਨ ਫੇਰ ਪਹਿਲਾਂ ਵਾਂਗੂੰ ਲੰਮਾ ਸਮਾਂ ਗੱਲਬਾਤ ਕਰਦੇ ।ਸਭ ਕੁਝ ਵਧੀਆ ਚਲ ਰਿਹਾ ਸੀ ।ਇਕ ਦਿਨ ਅਮਨ ਸਵੇਰ ਤੋਂ ਕਰਨ ਨੂੰ ਫੋਨ ਕਰ ਰਹੀ ਸੀ ਪਰ  ਉਹ ਅਮਨ ਦਾ  ਫੋਨ ਨਹੀਂ ਚੁਕ ਰਿਹਾ ਸੀ ।ਅਮਨ ਪਰੇਸ਼ਾਨ ਸੀ ਕਿ ਅੱਜ ਤੱਕ ਇਦਾਂ ਕਦੇ  ਵੀ ਨਹੀ ਹੋਇਆ ਕਿ ਕਰਨ ਫੋਨ ਨਾ ਚੁੱਕੇ ।ਫੇਰ ਅਮਨ  ਘਰ ਫੋਨ ਲਗਾਵੇ ਤਾਂ ਕੋਈ ਵੀ ਫੋਨ ਰਸੀਵ ਨਾ ਕਰੇ ।ਪਰਦੇਸਾਂ ਚ ਬੈਠੀ ਅਮਨ ਦਾ ਦਿਲ ਘਬਰਾ ਰਿਹਾ ਸੀ ।ਪਤਾ ਨੀ ਕਿਉਂ ਰਹਿ ਰਹਿ ਕੇ ਅਮਨ ਨੂੰ ਅਜੀਬੋ ਗਰੀਬ ਖਿਆਲ ਆ ਰਹੇ ਸੀ  ।ਆਸਟ੍ਰੇਲੀਆ ਰਾਤ ਦੇ ਗਿਆਰਾਂ  ਵਜੇ  ਸੀ ਅਮਨ ਨੂੰ ਨੀਂਦ ਨਹੀਂ ਆ ਰਹੀ ਸੀ ।ਅਮਨ ਨੇ ਫੇਰ ਫੋਨ ਕੀਤਾ ਕਿਸੇ ਨੇ ਫੋਨ ਨਾ ਲਿਆ ਤਾਂ ਅਮਨ ਫੇਸਬੁੱਕ ਚਲਾਉਣ ਲੱਗੀ ।ਜਦ ਅਮਨ ਨੇ ਆਪਣੇ ਪਿੰਡ ਦੇ ਹੀ ਮੁੰਡੇ ਦੁਆਰਾ ਪਾਈ ਪੋਸਟ ਚ  ਪੜ੍ਹੀ ਜਿਸ ਵਿਚ ਲਿਖਿਆ ਸੀ ਕਿ  ਕਰਨ ਦੀ ਮੌਤ ਦੀ ਖਬਰ ਪੜ੍ਹੀ ਤਾਂ ਅਮਨ ਦੀਆਂ ਅੱਖਾਂ ਅੱਗੇ ਹਨੇਰਾ ਛਾਹ ਗਿਆ ।ਅਮਨ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ।ਅਮਨ ਨੇ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ  ਜਿਸਦੀ ਅਵਾਜ਼ ਸੁਣ ਅਮਨ ਦਾ ਪਤੀ ਉੱਠ ਗਿਆ ।ਉਸਨੇ ਅਮਨ ਨੂੰ ਪੁੱਛਿਆ ਕੀ ਹੋਇਆ ਅਮਨ ? ਪਰ ਅਮਨ ਲਗਾਤਾਰ ਰੋਈ ਜਾ ਰਹੀ। ਪਤੀ ਨੇ  ਪਾਣੀ ਲਿਆਂਦਾ ਅਤੇ ਅਮਨ ਨੂੰ ਪਾਣੀ ਪਿਆਇਆ ।

ਅਮਨ ਕੁਝ ਵੀ ਦੱਸਣ ਦੀ ਹਾਲਤ ਚ ਨਹੀਂ ਸੀ ।ਬਸ ਆਪਣੇ ਪਤੀ ਨੂੰ ਵਾਰ ਵਾਰ ਇਕੋ ਗੱਲ ਕਹੀ ਜਾਵੇ ,ਪਲੀਜ਼ ਮੈਨੂੰ ਘਰ ਲੈਜੋ ।ਮੈਂ ਆਖਰੀ ਵਾਰ ਕਰਨ ਨੂੰ ਅੱਖੀ ਦੇਖਣਾ । ਅਮਨ ਦੇ ਪਤੀ ਨੂੰ ਜਦ ਅਮਨ ਦੀਆਂ ਗੱਲਾਂ ਦੀ ਖਾਸ ਸਮਝ ਨਾ ਪਈ ਤਾਂ ਉਸਨੇ ਅਮਨ ਦਾ ਫੋਨ ਦੇਖਿਆ ਇਕ ਵਾਰ ਤਾਂ ਅਮਨ ਦੇ ਪਤੀ ਦਾ ਦਿਮਾਗ ਸੁੰਨ ਹੋ ਗਿਆ ।ਉਸਨੇ ਪੋਸਟ ਉੱਪਰ ਪਈਆ  ਤਸਵੀਰਾਂ ਨੂੰ ਅੱਗੇ ਪਿੱਛੇ ਕਰ ਧਿਆਨ ਨਾਲ ਦੇਖਿਆ ਤਾਂ ਪਤਾ ਲੱਗਾ ਕਿ ਖੇਤ ਝੋਨਾ ਦੇਖਣ ਗਏ  ਕਰਨ ਦੀ ਹਰਟ ਅਟੈਕ ਨਾਲ ਮੌਤ ਹੋ ਗਈ ਸੀ ।ਪਰ ਹੋਣੀ ਨੂੰ ਕੌਣ ਟਾਲ ਸਕਦਾ ।ਪਤੀ ਨੇ ਮਨ ਨੂੰ ਕਰੜਾ ਕਰਕੇ ਅਮਨ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ।ਪਰ  ਭਰਾ ਦੇ ਜਾਣ ਦਾ ਦਰਦ ਹੰਝੂ ਬਣ ਅੱਖਾਂ ਚੋ ਵਹਿ ਰਿਹਾ ਸੀ ।ਪੰਜਾਬ ਚ ਦਿਨ ਚੜ੍ਹਦੇ ਹੀ ਅਮਨ ਨੇ ਘਰ ਫੋਨ ਲਗਾਇਆ ਤਾਂ ਅਮਨ ਦੇ ਚਚੇਰੇ ਭਰਾ ਨੇ ਚੁਕਿਆ ।ਅਮਨ ਨੇ ਰੋਦੇ ਹੋਏ ਉਸਨੂੰ ਕਿਹਾ ਕਿ ਮੇਰਾ ਇੰਤਜ਼ਾਰ ਕਰੋ ,ਮੈਂ  ਜਾਂਦੀ ਵਾਰ ਕਰਨ ਦਾ ਮੂੰਹ ਦੇਖਣਾ ।ਚਚੇਰੇ ਭਰਾ ਨੇ ਠੀਕ ਹੈ ਕਹਿ ਕੇ ਫੋਨ ਰੱਖ ਦਿੱਤਾ ।ਅਮਨ ਆਪਣੇ ਪਤੀ ਨਾਲ ਇਕ ਤੋਂ ਬਾਅਦ ਇਕ ਦਫਤਰ ਜਾਂਦੀ ਰਹੀ ਤਾਂ ਕਿ ਉਹਨਾ ਨੂੰ ਪੰਜਾਬ ਆਉਣ ਦੀ ਮਨਜੂਰੀ ਮਿਲ ਸਕੇ ਪਰ ਕਰੋਨਾ ਵਾਇਰਸ ਦੀਆਂ ਸਖਤ ਹਦਾਇਤਾਂ ਕਰਕੇ ਆਸਟ੍ਰੇਲੀਆ ਸਰਕਾਰ ਨੇ ਅਮਨ ਅਤੇ ਉਸਦੇ ਪਤੀ ਨੂੰ ਪੰਜਾਬ ਆਉਣ ਦੀ ਮਨਜੂਰੀ ਨਹੀਂ ਦਿੱਤੀ ।

ਅਖੀਰ   ਮਨਜੂਰੀ ਨਾ ਮਿਲਦੀ ਦੇਖ ਪਰਿਵਾਰ ਵਲੋਂ  ਕਰਨ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ।ਪਰ ਕਰੋਨਾ ਵਰਗੀ ਭਿਆਨਕ ਬਿਮਾਰੀ ਦੀ ਮਾਰ ਕਰਕੇ ਇਕ ਭੈਣ ਨੂੰ ਦੁਨੀਆਂ ਛੱਡ ਕੇ ਜਾ ਚੁਕੇ ਭਰਾ ਦਾ ਚਿਹਰਾ ਦੇਖਣਾ ਵੀ ਨਸੀਬ ਨਹੀਂ ਹੋਇਆ ।ਇਸ ਵਿਛੋੜੇ ਦਾ ਦਰਦ ਦਿਲ ਚ ਲਈ ਬੈਠੀ ਅਮਨ ਇਸ ਇੰਤਜ਼ਾਰ ਚ ਹੈ ਕਿ ਕਦ ਉਹ ਪੰਜਾਬ ਜਾਵੇ ਅਤੇ ਆਪਣੇ ਮਾਂ ਬਾਪ ਦੇ ਗੱਲ ਲੱਗ ਦਿਲ ਖੋਲ ਕੇ ਰੋ ਲਵੇ।

Leave a Reply

Your email address will not be published. Required fields are marked *