ਕਾਲਜ ਪੜ੍ਹਾਈ ਦੌਰਾਨ ਮੈਂ ਹਰ ਕਿਸਮ ਦੇ ਪੰਗੇ ਲਏ ਕਨੂੰਨੀ ਤੇ ਗੈਰ ਕਨੂੰਨੀ, ਸੱਭਿਅਕ ਤੇ ਅਸੱਭਿਅਕ, ਹਰ ਕਿਸਮ ਦੇ ਸ਼ੌਂਕ ਪੂਰੇ ਕੀਤੇ। ਪਰ ਖੇਡਾਂ ਵੱਲ ਮੇਰੀ ਦਿਲਚਸਪੀ ਜ਼ੀਰੋ ਸੀ। ਕ੍ਰਿਕੇਟ ਦਾ ਜਨੂੰਨ ਮੇਰੇ ਨੇੜੇ ਤੇੜੇ ਨਹੀਂ ਸੀ। ਉਸ ਸਮੇਂ ਰੇਹੜੀ ਵਾਲਾ ਤੇ ਝਾੜੂ ਵਾਲੇ ਤੋਂ ਲੈ ਕੇ ਵਿਦਿਆਰਥੀਆਂ ਪ੍ਰੋਫੈਸਰਾਂ ਤੇ ਅਫਸਰਾਂ ਦੁਕਾਨਦਾਰਾਂ ਨੂੰ ਕੁਮੈਂਟਰੀ ਸੁਣਨ ਦਾ ਚਸਕਾ ਸੀ। ਘਰਾਂ ਵਿਚ ਅਨਪੜ੍ਹ ਬੀਬੀਆਂ ਤੇ ਕੁੜੀਆਂ ਵੀ ਸਕੋਰ ਪੁੱਛਦੀਆਂ। ਲੋਕ ਕੁਮੈਂਟਰੀ ਸੁਣਨ ਲਈ ਟਰਾਂਜਿਸਟਰ ਆਪਣੇ ਕੋਲ ਰੱਖਦੇ। ਟੀ ਵੀ ਮੋਬਾਇਲ ਦਾ ਯੁੱਗ ਨਹੀਂ ਸੀ। ਬਹੁਤੇ ਸ਼ੋਕੀਨ ਆਪਣੇ ਕੋਲ ਤਾਸ਼ ਦੀ ਡਿੱਬੀ ਜਿੱਡਾ ਰੇਡੀਓ ਆਪਣੇ ਜੇਬ ਵਿਚ ਰੱਖਦੇ। ਸ਼ਾਇਦ ਪਕੇਟ ਟਰਾਂਜਿਸਟਰ ਆਖਦੇ ਸਨ ਉਸਨੂੰ। ਮੇਰਾ ਮੈਥ ਵਿਚ ਹੱਥ ਢਿੱਲਾ ਸੀ। ਪ੍ਰੋਫੈਸਰ ਕੇ ਬੀ ਸ਼ਰਮੇ ਦੀ ਕਲਾਸ ਸੀ। ਸ਼ਰਮਾ ਜੀ ਦੀ ਦਹਿਸ਼ਤ ਦੇ ਬਾਵਜੂਦ ਮੇਰੇ ਸਾਥੀ ਰਾਕੇਸ਼ ਰੇਲਵੇ, ਰਾਕੇਸ਼ ਹਵੇਲੀ ਰਾਮ, ਮਨੋਹਰ ਸੇਠੀ ਸਤੀਸ਼ ਤੇ ਪਰਵੇਸ਼ ਆਰਾਮ ਨਾਲ ਕੋਮੈਂਟਰੀ ਸੁਣ ਰਹੇ ਸਨ। ਪਰ ਮੌਸਮ ਦੀ ਖਰਾਬੀ ਨਾਲ ਆਉਂਦੀ ਕੜ ਕੜ ਦੀ ਆਵਾਜ਼ ਨੇ ਪ੍ਰੋਫ਼ੇਸਰ ਸ਼ਰਮਾ ਦਾ ਧਿਆਨ ਆਪਣੀ ਤਰਫ ਖਿੱਚ ਲਿਆ। ਕੌਣ ਸੁਣ ਰਿਹਾ ਹੈ ਕੋਮੈਂਟਰੀ? ਸ਼ਰਮਾ ਜੀ ਚੀਕੇ। ਕਲਾਸ ਵਿਚ ਸੰਨਾਟਾ। ਕੋਈ ਨਾ ਮੰਨਿਆ। ਰਕੇਸ਼ ਰੇਲਵੇ ਨੇ ਹੋਲੀ ਦਿਨੇ ਉਹ ਟਰਾਂਜਿਸਟਰ ਮੇਰੇ ਕੋਟ ਦੀ ਜੇਬ ਵਿਚ ਪਾ ਦਿੱਤਾ। ਸਾਰੀ ਕਲਾਸ ਦੀ ਤਲਾਸ਼ੀ ਲਈ ਗਈ ਮੇਰੇ ਤੋੰ ਬਿਨਾਂ। ਕਿਉਂਕਿ ਸ਼ਰਮਾ ਜੀ ਮੇਰੀ ਇਸ ਨਲਾਇਕੀ ਤੋੰ ਵਾਕਿਫ ਸਨ। ਘੰਟੀ ਵੱਜਦੇ ਹੀ ਅਸੀਂ ਕਲਾਸ ਵਿਚੋਂ ਬਾਹਰ ਆ ਗਏ। ਮੇਰਾ ਰੰਗ ਉੱਡਿਆ ਹੋਇਆ ਸੀ। ਪਰ ਓਹ ਸਾਰੇ ਮੈਥੋਂ ਅਜੇ ਵੀ ਸਕੋਰ ਪੁੱਛ ਰਹੇ ਸਨ। ਮੈਥੋਂ ਗੱਲ ਨਹੀਂ ਸੀ ਹੋ ਰਹੀ। ਸਕੋਰ ਤਾਂ ਮੈਨੂੰ ਚੰਗੇ ਭਲੇ ਨੂੰ ਨਹੀਂ ਸੀ ਹੁੰਦਾ। ਮੈਂ ਸਕੋਰ, ਵਿਕਟ, ਐਲ ਬੀ ਡਬਲ ਯੂ, ਆਊਟ ਨੋ ਬਾਲ ਦੇ ਗਿਆਨ ਤੋਂ ਵਾਂਝਾ ਸੀ। ਜਦੋਂ ਮੈਂ ਉਹਨਾਂ ਨੂੰ ਸਕੋਰ ਨਾ ਦੱਸ ਸਕਿਆ ਤੇ ਉਹਨਾਂ ਨੇ ਟਰਾਂਜਿਸਟਰ ਮੈਥੋਂ ਖੋ ਲਿਆ। “ਊਂਦਾ ਜਿਹਾ” ਕਹਿਕੇ ਭੱਜ ਗਏ।
#ਰਮੇਸ਼ਸੇਠੀਬਾਦਲ