ਮੇਰੀ ਸੰਸਥਾ ਜੋ ਇਲਾਕੇ ਦੀ ਨਾਮੀ ਸੰਸਥਾ ਹੈ। ਇਸ ਸੰਸਥਾ ਦੇ ਫਾਊਂਡਰ ਮੁਖੀ ਸਰਦਾਰ ਹਰਬੰਸ ਸਿੰਘ ਸੈਣੀ ਜੋ ਜਬਰਦਸਤ ਸਖਸ਼ੀਅਤ ਦੇ ਸਨ। ਉਹ ਬਹੁਤ ਵਧੀਆ ਪ੍ਰਬੰਧਕ ਸਨ। ਪੈਰਾਂ ਦੀ ਆਵਾਜ਼ ਕੀਤੇ ਬਿਨਾਂ ਉਹ ਅਚਾਨਕ ਹੀ ਰਾਊਂਡ ਤੇ ਜਾਂਦੇ। ਤੇ ਅਕਸ਼ਰ ਹੀ ਤਿੰਨ ਚਾਰ ਮੁਲਾਜਮਾਂ ਨੂੰ ਕਨੂੰਨ ਤੋੜਦੇ, ਅਨੁਸ਼ਾਸਨ ਭੰਗ ਕਰਦੇ ਤੇ ਡਿਊਟੀ ਤੋਂ ਕੁਤਾਹੀ ਕਰਦੇ ਰੰਗੇ ਹੱਥੀ ਫੜ੍ਹ ਲੈਂਦੇ। ਤੇ ਫਿਰ ਲਿਖਤੀ ਨੋਟਿਸ ਦਿੰਦੇ ਯ ਦਫਤਰ ਵਿਚ ਬੁਲਾਕੇ ਝਿੜਕ ਦਿੰਦੇ। ਮੌਕੇ ਤੇ ਕੁਝ ਵੀ ਨਹੀਂ ਬੋਲਦੇ ਸਨ। ਕਈ ਵਾਰੀ ਚੁਪ ਕਰ ਜਾਂਦੇ ਪਰ ਦੋਸ਼ੀ ਦੇ ਮਨ ਵਿਚ ਕਈ ਕਈ ਦਿਨ ਡਰ ਬੈਠਾ ਰਹਿੰਦਾ। ਇਹ ਓਹਨਾ ਦਾ ਆਪਣਾ ਢੰਗ ਸੀ। ਕਿਸੇ ਨੂੰ ਤੂੰ ਕਰਕੇ ਨਹੀਂ ਸੀ ਬੁਲਾਉਂਦੇ ਤੇ ਨਾ ਹੀ ਆਪਸ ਵਿੱਚ ਖੁੱਲੇ ਸ਼ਬਦ ਵਰਤਣ ਦਿੰਦੇ ਸਨ। ਮਿਸਟਰ ਫਲਾਣਾ ਮਿਸਟਰ ਧਿਗਾਣਾ ਮਿਸੇਜ ਸੋ ਤੇ ਮਿਸੇਜ ਸੋ ਨਾਲ ਸੰਬੋਧਿਤ ਕਰਦੇ। ਆਪਣਾ ਕਾਰਜਕਾਲ ਪੂਰਾ ਕਰਕੇ ਉਹ ਸੇਵਾ ਮੁਕਤ ਹੋ ਗਏ। ਫਿਰ ਆਏ ਮੁਖੀ ਜੋ ਕਾਫੀ ਸੀਨੀਅਰ ਸਨ। ਪਰ ਉਹਨਾਂ ਦੇ ਆਉਣ ਨਾਲ ਸਟਾਫ ਲਈ ਤੂੰ ਸ਼ਬਦ ਦੀ ਵਰਤੋਂ ਵਧੀ। ਹਰ ਇੱਕ ਨੂੰ ਤੂੰ ਕਹਿਣ ਦਾ ਚੱਲਣ ਹੋ ਗਿਆ। ਤੁਸੀਂ ਸ਼ਬਦ ਸੰਸਥਾ ਦੀ ਡਿਕਸ਼ਨਰੀ ਚੋ ਅਲੋਪ ਹੋ ਗਿਆ। ਜਿਹੜਾ ਦੋਸ਼ੀ ਮਿਲ ਜਾਂਦਾ ਮੌਕੇ ਤੇ ਹੀ ਦੇਗ ਵਰਤਾਈ ਜਾਂਦੀ। ਕਲਮ ਨਾਲੋਂ ਜ਼ੁਬਾਨ ਦਾ ਪ੍ਰਸ਼ਾਦ ਵਾਧੂ ਦਿੱਤਾ ਜਾਂਦਾ ਸੀ। ਪਰ ਕਈ ਕਈ ਹਫਤੇ ਰਾਊਂਡ ਹੀ ਨਾ ਲਗਦਾ। ਸਟਾਫ ਦੀ ਆਪਣੀ ਸੀਆਈਡੀ ਬਦੌਲਤ ਸਟਾਫ ਨੂੰ ਰੇਡ ਦੀ ਅਗੇਤੀ ਜਾਣਕਾਰੀ ਮਿਲ ਜਾਂਦੀ। ਤੇ ਰੇਡ ਫੇਲ ਹੋ ਜਾਂਦੀ। ਕਈ ਵਾਰੀ ਅਣਗਹਿਲੀ ਕਰਨ ਵਾਲੇ ਦੀ ਦੋਸਤੀ ਯ ਦੁਸ਼ਮਣੀ ਆੜੇ ਆ ਜਾਂਦੀ। ਫ਼ਿਰ ਵੀ ਬਹੁਤਾ ਨਹੀਂ ਤਾਂ ਥੋੜਾ ਅਨੁਸ਼ਾਸਨ ਕਾਇਮ ਰਿਹਾ। ਉਂਜ ਡਰ ਵੀ ਵਾਧੂ ਬਰਕਰਾਰ ਸੀ ਕਿਉਂਕਿ ਨਿਰਦੋਸ਼ ਤੇ ਦੋਸ਼ੀ ਇੱਕੋ ਚੱਕੀ ਵਿਚ ਪੀਸੇ ਜਾਂਦੇ ਸਨ। ਹਕੂਮਤ ਦਾ ਖੌਫ ਕਿਤੇ ਕਿਤੇ ਨਜ਼ਰੀਂ ਪੈਂਦਾ ਸੀ। ਸਮਾਂ ਗੁਜਰਦਾ ਗਿਆ ਹਕੂਮਤ ਬਦਲ ਗਈ। ਸਟਾਫ ਵਿਚੋਂ ਹੀ ਨਵਾਂ ਸੈਨਾਪਤੀ ਬਣਾ ਦਿੱਤਾ ਗਿਆ। ਸਟਾਫ ਦਾ ਮਨੋਬਲ ਵਧਿਆ। ਮੁਖੀ ਨੂੰ ਕੋਈ ਮੁਖੀ ਨਾ ਸਮਝਦਾ। ਅਕਸ਼ਰ ਹੀ ਸਟਾਫ ਦਾ ਕੁਝ ਹਿੱਸਾ ਹਕੂਮਤ ਨੂੰ ਜੱਫੀਆਂ ਪਾਉਣ ਤੇ ਹਾਹਾਹਾਹਾ ਕਰਨ ਲੱਗਿਆ। ਇਸ ਤਰਾਂ ਅਨੁਸ਼ਾਸਨ ਖੰਬ ਲਾਕੇ ਉੱਡ ਗਿਆ। ਯਾਰੀ ਹੈ ਯਾਰ ਮੇਰੀ ਜਿੰਦਗ਼ੀ ਜ਼ਿੰਦਾਬਾਦ ਹੁੰਦੀ। ਸਰਕਾਰਾਂ ਨੂੰ ਕੋਈ ਸਰਕਾਰ ਨਾ ਸਮਝਦਾ। ਕੁਝ ਕ਼ੁ ਜਨਤਾ ਸਰਕਾਰ ਦੀ ਸਲਾਹਕਾਰ ਬਣ ਗਈ। ਸਰਕਾਰਾਂ ਸਲਾਹਕਾਰਾਂ ਦੀ ਕੀਮਤੀ ਸਲਾਹ ਤੇ ਨਿਰਭਰ ਹੋ ਗਈਆਂ। ਸਲਾਹਕਾਰ ਆਪਣਾ ਹਿੱਸਾ ਮੰਗਣ ਲੱਗੇ। ਜਨਤਾ ਕਈ ਹਿੱਸਿਆਂ ਵਿੱਚ ਵੰਡੀ ਗਈ। ਡਰਨ ਵਾਲੇ , ਡਰਾਉਣ ਵਾਲੇ, ਡੰਡੇ ਵਾਲੇ ਤੇ ਨਿਊਟਲ। ਸਭ ਤੋਂ ਵੱਧ ਉਹ ਦੁਖੀ ਜੋ ਕੰਮ ਕਰਦੇ ਪਰ ਕੰਮ ਦੀ ਕਦਰ ਨਾ ਪੈਂਦੀ। ਨਿਊਟਲ ਜੋ ਹੋਏ। ਗੱਡੀ ਦੇ ਗੇਅਰ ਵਾਂਗੂ ਨਿਊਟਲ। ਸਰਕਾਰ ਕਈਆਂ ਲਈ ਹਿਟਲਰ ਤੇ ਕਈਆਂ ਲਈ ਮਨਮੋਹਨ ਸਿੰਘ। ਕਈ ਤਾਂ ਇਸਨੂੰ ਮੋਦੀਸ਼ਾਹੀ ਕਹਿੰਦੇ। ਮਤਲਬ ਵਿਰੋਧੀ ਧਿਰ ਮੀਡੀਆ ਨਿਆਂ ਪਾਲਿਕਾ ਸੰਵਿਧਾਨ ਸਭ ਮੁੱਠੀ ਮੇੰ।
ਚਲੋ ਆਪਾਂ ਕੀ ਲੈਣਾ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ
ਤੀਹ ਅਪ੍ਰੈਲ ਦੋ ਹਜ਼ਾਰ ਇੱਕੀ।