ਬਹੁਤ ਹੀ ਧਾਰਮਿਕ ਵਿਚਾਰਾਂ ਵਾਲਾ ਬਾਬਾ ਹਰਦੇਵ ਸਿੰਘ ਹਰਵੇਲੇ ਨਿਹੰਘ ਸਿੰਘਾਂ ਵਾਲਾ ਬਾਣਾ ਪਾ ਕੇ ਰਖਦਾ ਅਤੇ ਧਾਰਮਿਕ ਵਿਚਾਰਾਂ ਵਾਲੀਆਂ ਗੱਲਾਂ ਕਰਦਾ ਰੋਜ ਸ਼ਾਮ ਨੂੰਗੁਰਦੁਆਰੇ ਮੱਥਾ ਟੇਕ ਕੇ ਵਾਪਿਸ ਆਉਂਦਾ ਤਾਂ ਗੁਰੂਦੁਆਰੇ ਦੇ ਬਾਹਰ ਬਣੀ ਪਾਰਕ ਵਿਚ ਸਾਨੂੰ ਸੈਰ ਕਰਦੇ ਵੇਖ ਕੇ ਸਾਡੇ ਕੋਲ ਆ ਜਾਂਦਾ ਅਤੇ ਸਾਡੇ ਨਾਲ ਸੈਰ ਕਰਨ ਲੱਗ ਜਾਂਦਾ ।ਇਹ ਗੱਲ ਸਰਦੀਆਂ ਦੀ ਇਕ ਢਲਦੀ ਸ਼ਾਮ ਦੀ ਹੈ ਅਸੀਂ ਸੈਰ ਕਰਕੇ ਹਾਲੀ ਬੈਂਚ ਤੇ ਬੈਠ ਕੇ ਗੱਲਾਂ ਕਰ ਰਹੇ ਸੀ ਕੀ ਬਾਬਾ ਹਰਦੇਵ ਸਿੰਘ ਸਾਡੇ ਕੋਲ ਆ ਗਿਆ ਤੇ ਬੈਂਚ ਤੇ ਬੈਠ ਗਿਆ । ਪਹਿਲਾਂ ਤੋਂ ਚੱਲ ਰਹੀਆਂ ਸਾਡੀਆਂ ਗੱਲਾਂ ਦਾ ਹਿੱਸਾ ਬਣ ਗਿਆ । ਸਾਡੇ ਲਾਗੇ ਹੀ ਬਣੇ ਥੜ੍ਹੇ ਤੇ ਲੋਕਾਂ ਵਲੋਂ ਪਾਏ ਹੋਏ ਦਾਣਿਆਂ ਨੂੰ ਕੁਝ ਕਬੂਤਰ ਚੁਗ ਰਹੇ ਸਨ। ਅਚਾਨਕ ਹੀ ਏਕ ਮਰੀਅਲ ਜਿਹਾ ਕੁੱਤਾ ਆਈਆ ਤੇ ਆਉਂਦਿਆਂ ਹੀ ਇਕ ਕਬੂਤਰ ਤੇ ਚਪਟ ਪਿਆ । ਅਚਾਨਕ ਹੋਈ ਇਸ ਘਟਨਾ ਤੇ ਸਾਡਾ ਸਾਰਿਆ ਦਾ ਧਿਆਨ ਉਸ ਕੁੱਤੇ ਵਲ ਚਲਾ ਗਿਆ ।ਕੁੱਤਾ ਇਕ ਕਬੂਤਰ ਨੂੰ ਮੂੰਹ ਵਿਚ ਫੜਕੇ ਇਕ ਖ਼ਾਲੀ ਪਾਸੇ ਨੂੰ ਦੌੜ ਪਿਆ । ਬੱੜੀ ਫੁਰਤੀ ਨਾਲ ਬਾਬਾ ਹਰਦੇਵ ਸਿੰਘ ਨੇ ਇਕ ਪੱਕੀ ਇਟ ਦਾ ਰੋੜਾ ਜੋ ਕੁਦਰਤੀ ਹੀ ਲਾਗੇ ਪਿਆ ਸੀ ਫੜ੍ਹ ਕੇ ਕੁੱਤੇ ਤੇ ਦੇ ਮਾਰਿਆ ।ਰੋੜਾ ਵਜਣ ਕਰਕੇ ਕੁੱਤਾ ਚਊਂ ਚਊਂ ਕਰਦਾ ਕਬੂਤਰ ਨੂੰ ਛੱਡ ਕੇ ਭੱਜ ਗਿਆ ।ਬਾਬਾ ਉਸਨੂੰ ਗਾਲਾਂ ਕਢਦਾ ਹੋਇਆ ਕਬੂਤਰ ਕੋਲ ਜਾ ਕੇ ਉਸਨੂੰ ਫੜ੍ਹ ਲਿਆਇਆ ਅਤੇ ਉਸਦੇ ਖੰਭਾਂ ਹਿਲਾ ਜੁਲਾ ਕੇ ਅਤੇ ਜ਼ਖ਼ਮਾਂ ਨੂੰ ਸਹਿਲਾਉਂਦਾ ਹੋਇਆ ਸਾਡੇ ਕੋਲ ਆ ਗਿਆ । ਅਸਾਂ ਨੇ ਵੇਖਿਆ ਕੀ ਕਬੂਤਰ ਦਾ ਇਕ ਖੰਬ ਬਿਲਕੁਲ ਨਕਾਰਾ ਹੋ ਗਿਆ ਸੀ ਅਤੇ ਦੂਜੇ ਖੰਬ ਤੋਂ ਵੀ ਖ਼ੂਨ ਵਗ ਰਿਹਾ ਸੀ । ਉਹ ਉਡਣ ਤੋਂ ਅਸਮਰਥ ਹੋ ਚੁੱਕਾ ਸੀ ।ਬਾਬਾ ਉਸਨੂੰ ਫੜ੍ਹ ਕੇ ਆਪਣੇ ਘਰ ਵੱਲ ਨੂੰ ਹੋ ਤੁਰਿਆ ਅਸੀਂ ਬਾਬੇ ਨੂੰ ਬਹੁਤ ਸਮਝਾਇਆ ਕੀ ਹੁਣ ਇਸਨੇ ਨਹੀਂ ਬਚਣਾ ਤੇ ਇਸਨੂ ਛੱਡ ਦੇ । ਪਰ ਉਸਨੇ ਸਾਡੀ ਇਕ ਨਾ ਸੁਣੀ ਤੇ ਕਬੂਤਰ ਨੂੰ ਲੈ ਕੇ ਆਪਣੇ ਘਰ ਚਲਾ ਗਿਆ । ਦੋ ਦਿਨ ਬਾਅਦ ਬਾਬਾ ਪਾਰਕ ਵਿਚ ਆਇਆ । ਅਸੀਂ ਜਾਣਨ ਦੀ ਤਾਂਘ ਨਾਲ ਬਾਬੇ ਨੂੰ ਕਬੂਤਰ ਬਾਰੇ ਪੁਛਿਆ ਤੇ ਉਸਨੇ ਬੜੀ ਉਦਾਸੀ ਜਿਹੀ ਚ ਹੌਕਾ ਲੈਂਦੇ ਹੋਏ ਕਿਹਾ ;
ਮੈਂ ਤਾਂ ਬੜਾ ਜਤਨ ਕੀਤਾ ਕੀ ਬਚ ਜਾਵੇ ਉਸਦੇ ਜ਼ਖ਼ਮਾਂ ਤੇ ਡਾਕਟਰ ਕੋਲੋਂ ਲੈ ਕੇ ਦਵਾਈ ਵੀ ਲਗਾਈ ਪਰ ਉਹ ਬੱਚਿਆ ਨਹੀਂ ਸਵੇਰੇ ਵੇਖਿਆ ਤਾਂ ਉਹ ਮਰਿਆ ਪਿਆ ਸੀ “;
ਮੈ ਬਾਬੇ ਦੇ ਇਸ ਗੈਰ ਕੁਦਰਤੀ ਵਰਤਾਰੇ ਤੇ ਸੋਚ ਰਿਹਾ ਸੀ ਕਿ ਇਸ ਦੇ ਨਾਲੋਂ ਤਾਂ ਚੰਗਾ ਸੀ ਕਿ ਉਹ ਕੁੱਤਾ ਹੀ ਉਸ ਕਬੂਤਰ ਨੂੰ ਖਾ ਲੈਂਦਾ । ਮੇਨੂ ਹੁਣ ਕਬੂਤਰ ਨਾਲੋ ਜਿਆਦਾ ਤਰਸ ਉਸ ਸੱਟ ਖਾਧੀ ਉਸ ਕੁੱਤੇ ਤੇ ਆ ਰਿਹਾ ਸੀ