ਮੇਰੀ ਮਾਂ ਦੱਸਦੀ ਹੁੰਦੀ ਸੀ ਕਿ ਪਹਿਲਾਂ ਜੰਞਾਂ ਕਈ ਕਈ ਦਿਨ ਰੁਕਦੀਆਂ। ਖੁਲ੍ਹੇ ਵੇਹੜੇ ਵਿੱਚ ਦੋਹਰ ਖੇਸ ਜਾਂ ਪੱਲੀਆਂ ਵਿਛਾਕੇ ਉਹਨਾਂ ਨੂੰ ਖਾਣਾ ਖਵਾਇਆ ਜਾਂਦਾ। ਆਂਢੀ ਗੁਆਂਢੀ ਅਤੇ ਰਿਸ਼ਤੇਦਾਰ ਖਾਣਾ ਵਰਤਾਉਂਦੇ। ਭੋਜਨ ਵਿੱਚ ਲੱਡੂ ਜਲੇਬੀਆਂ ਖੁਰਮੇ ਵੀ ਹੁੰਦੇ। ਕਈ ਵਾਰੀ ਕੜਾਹ ਵੀ ਵਰਤਾਉਂਦੇ। ਕਦੇ ਕਦੇ ਸਰੀਕਾ ਜੰਞ ਬਰਾਤ ਦੀ ਰੋਟੀ ਕਰਦਾ। ਇੱਕ ਬੰਦੇ ਤੇ ਬੋਝ ਨਹੀਂ ਸੀ ਪੈਂਦਾ। ਵਿਆਹ ਵਿੱਚ ਪੂਰਾ ਪਿੰਡ ਸ਼ਾਮਿਲ ਹੁੰਦਾ। ਨਿਉਂਦੇ ਦੇ ਪੈਸਿਆਂ ਨਾਲ ਕਾਰਜ ਨਿਪਟਾਏ ਜਾਂਦੇ। ਪਰ ਇਹ ਯੁੱਗ ਮੈਂ ਨਹੀਂ ਵੇਖਿਆ ਸਿਰਫ ਸੁਣਿਆ ਹੀ ਹੈ।
ਮੇਰੀ ਸੁਰਤ ਵਿੱਚ ਬਰਾਤ ਇੱਕ ਰਾਤ ਰਹਿੰਦੀ। ਜਿਸ ਨੂੰ ਜਾਣਸਾਰ ਟੈਂਟ ਵਿੱਚ ਲਗਾਈਆਂ ਮੇਜ਼ ਕੁਰਸੀਆਂ ਤੇ ਚਾਹ ਪਿਲਾਈ ਜਾਂਦੀ। ਲੱਕੜ ਦੀਆਂ ਫੋਲਡਿੰਗ ਕੁਰਸੀਆਂ ਹੁੰਦੀਆਂ ਸਨ ਤੇ ਮੇਜ਼ ਵੀ ਫੋਲਡਿੰਗ ਹੀ। ਬਰਾਤ ਨੂੰ ਉਤਾਰੇ ਵਾਲੀ ਜਗ੍ਹਾਂ ਤੋਂ ਚਾਹ ਲਈ ਸੱਦਾ ਦਿੱਤਾ ਜਾਂਦਾ ਤੇ ਫਿਰ ਬਰਾਤ ਬੈੰਡ ਵਾਜੇ ਜਾਂ ਢੋਲ ਤੇ ਨੱਚਦੀ ਆਉਂਦੀ। ਇਸੇ ਤਰਾਂ ਹੀ ਫਿਰ ਰਾਤ ਨੂੰ ਰੋਟੀ ਲਈ ਬੁਲਾਇਆ ਜਾਂਦਾ। ਚਾਹ ਵੇਲੇ ਸਟੈਂਡ ਵਿੱਚ ਚਾਰ ਫੁੱਲ ਪਲੇਟਾਂ ਰੱਖੀਆਂ ਹੁੰਦੀਆਂ ਸਨ ਜਿੰਨਾ ਵਿੱਚ ਰਸਗੁੱਲੇ ਗੁਲਾਬ ਜਾਮੁਣ ਬਰਫੀ ਅਤੇ ਇੱਕ ਹੋਰ ਮਿਠਾਈ ਹੁੰਦੀ ਸੀ। ਚਾਹ ਨਾਲ ਆਲੂ ਪਾਲਕ ਦੇ ਪਕੌੜੇ ਹੁੰਦੇ ਸਨ ਜੋ ਕੇਲਿਆਂ ਵਾਲੀ ਚੱਟਣੀ ਨਾਲ ਸਰਵ ਕੀਤੇ ਜਾਂਦੇ ਸਨ। ਗੋਭੀ ਤੇ ਪਨੀਰ ਦੇ ਪਕੌੜਿਆਂ ਦਾ ਚਲਣ ਨਹੀਂ ਸੀ ਆਇਆ। ਰੋਟੀ ਵਿੱਚ ਰੋਟੀ ਦੇ ਨਾਲ ਇੱਕ ਸੁੱਕੀ ਸਬਜ਼ੀ, ਇੱਕ ਰਸੇਵਾਲੀ ਸਬਜ਼ੀ ਤੇ ਨਾਲ ਬੂੰਦੀ ਦਾ ਰਾਇਤਾ ਹੁੰਦਾ ਸੀ। ਸਬਜ਼ੀਆਂ ਵਰਤਾਉਣ ਲਈ ਤਿੰਨ ਜਾਂ ਚਾਰ ਕੋਲਿਆਂ ਵਾਲਾ ਚੁਮਖਾ ਜਿਹਾ ਹੁੰਦਾ। ਰੋਟੀ ਵਾਲੇ ਪੰਡਾਲ ਦੇ ਗੇਟ ਕੋਲੇ ਫ਼ਲਾਂ ਦਾ ਸਟਾਲ ਲਗਾਇਆ ਹੁੰਦਾ ਸੀ ਜਿਸ ਵਿੱਚ ਹਰ ਬਰਾਤੀ ਨੂੰ ਇੱਕ ਕੇਲਾ ਤੇ ਇੱਕ ਸੰਤਰਾ ਦਿੱਤਾ ਜਾਂਦਾ ਸੀ। ਕਈ ਸ਼ਰਾਰਤੀ ਵੱਧ ਨੂੰ ਵੀ ਹੱਥ ਮਾਰ ਲੈਂਦੇ। ਅਗਲੇ ਦਿਨ ਛੋਲੇ ਪੂਰੀਆਂ ਦੇ ਨਾਸ਼ਤੇ ਤੋਂ ਬਾਅਦ ਡੋਲੀ ਵਿਦਾ ਕੀਤੀ ਜਾਂਦੀ ਸੀ। ਰਿਵਾਜਾਂ ਵਿੱਚ ਤਿੰਨ ਚਾਰ ਮਿਲਣੀਆਂ ਹੁੰਦੀਆਂ ਸਨ ਘਰ ਦੀ ਮਿਲਣੀ ਤੋਂ ਇਲਾਵਾ ਦਾਦਕਾ ਤੇ ਨਾਨਕਾ ਮਿਲਣੀ। ਦਾਜ ਵਿਚ ਗਰਮ ਸਰਦ ਬਿਸਤਰੇ, ਸਾਈਕਲ, ਸਿਲਾਈ ਮਸ਼ੀਨ ਤੇ ਇੱਕ ਗੁੱਟ ਘੜੀ ਹੀ ਹੁੰਦੀ ਸੀ। ਬਾਕੀ ਪਹੁੰਚ ਅਨੁਸਾਰ ਵਿਚੋਲ਼ੇ ਜੀਜੇ ਫੁਫੜ ਮਾਮੇ ਦਾਦੇ ਨੂੰ ਕੋਈਂ ਛਾਪ ਪਾਈ ਜਾਂਦੀ ਸੀ। ਕੁਝ ਲੋਕ ਦੋ ਕੁਰਸੀਆਂ ਨਾਲ ਮੇਜ਼ ਪੇਟੀ ਵੀ ਦਿੰਦੇ ਸਨ। ਜਮਾਨਾਂ ਬਦਲ ਗਿਆ ਤਿੰਨ ਦਿਨਾਂ ਵਾਲਾ ਵਿਆਹ ਤਿੰਨ ਘੰਟਿਆਂ ਵਿੱਚ ਸਿਮਟ ਗਿਆ। ਖਾਣ ਪੀਣ ਦੀਆਂ ਆਈਟਮਾਂ ਦੀ ਗਿਣਤੀ ਸੌ ਦੋ ਸੌ ਨੂੰ ਟੱਪ ਗਈ। ਮਹਿਮਾਨਾਂ ਦੀ ਗਿਣਤੀ ਚਾਲੀ ਪੰਜਾਹ ਤੋਂ ਹਜ਼ਾਰਾਂ ਵਿੱਚ ਹੋ ਗਈ। ਬਰਾਤੀਆਂ ਦੀ ਟੋਹਰ ਅਲੋਪ ਹੋ ਗਈ। ਇੱਕ ਦਿਨ ਦਾ ਵਿਆਹ ਮਾਪਿਆਂ ਦੀ ਤੀਹ ਸਾਲ ਦੀ ਕਮਾਈ ਖਾਣ ਲੱਗ ਪਿਆ। ਪੁਰਾਣੀਆਂ ਰਸਮਾਂ ਛੱਡਕੇ ਮਹਿੰਦੀ ਫ਼ੰਕਸ਼ਨ ਅਤੇ ਹਲਦੀ ਫ਼ੰਕਸ਼ਨ ਸ਼ੁਰੂ ਹੋ ਗਏ। ਵਿਆਹ ਵਿੱਚ ਸ਼ਾਮਿਲ ਹੋਣ ਵਾਲੇ ਮਹਿਮਾਨਾਂ ਲੈ ਡ੍ਰੇਸ ਕੋਡ ਪ੍ਰੀ ਵੈਡਿੰਗ ਸ਼ੂਟਿੰਗ ਵਾੰਗੂ ਲਾਜ਼ਮੀ ਹੋ ਗਿਆ। ਬੇਚੂਲਰ ਪਾਰਟੀਆਂ ਨੇ ਸਕੇ ਸਬੰਧੀਆਂ ਨਾਲੋਂ ਯਾਰ ਦੋਸਤ, ਸਹਿਕਰਮੀ ਨੇੜੇ ਕਰ ਦਿੱਤੇ। ਲੋਕ ਧੀਆਂ ਭੈਣਾਂ ਨੂੰ ਸੰਭਾਲਣ ਤੋਂ ਪਾਸਾ ਵੱਟਦੇ ਹੋਏ ਫਜ਼ੂਲ ਦੀਆਂ ਸ਼ੋਸ਼ੇਬਾਜ਼ੀਆਂ ਤੇ ਪੈਸੇ ਖਰਚਣ ਲੱਗੇ। ਕਿਲੋਆਂ ਵਿੱਚ ਦਿੱਤੀ ਜਾਣ ਵਾਲੀ ਮਿਠਾਈ ਗ੍ਰਾਮਾਂ ਵਿੱਚ ਬਦਲ ਗਈ। ਮਿਠਾਈ ਨਾਲੋਂ ਖਾਲੀ ਡਿੱਬੇ ਦੀ ਕੀਮਤ ਜਿਆਦਾ ਹੋ ਗਈ। ਕਾਰਡ ਨਾਲ ਆਇਆ ਮਿਠਾਈ ਦਾ ਡਿੱਬਾ ਸ਼ਗਨ ਦੇ ਲਿਫਾਫੇ ਵਿੱਚ ਜੁੜਨ ਲੱਗਿਆ। ਲਿਫ਼ਾਫ਼ਾ ਕਲਚਰ ਨੇ ਨਿਉਂਦੇ ਦੇ ਮਕਸਦ ਨੂੰ ਬਦਲ ਦਿੱਤਾ। ਘਰ ਕਈ ਜਗ੍ਹਾ ਤਾਂ ਲੜਕੀ ਵਾਲਿਆਂ ਨਾਲ ਮੁਕਾਤਾ ਹੋਣ ਲੱਗ ਲਿਆ। ਕਿਉਂਕਿ ਛੋਟੇ ਪਰਿਵਾਰ ਹੋਣ ਕਰਕੇ ਪਹਿਲਾਂ ਹੀ ਸਮਾਨ ਨਾਲ ਘਰ ਭਰਿਆ ਹੁੰਦਾ ਹੈ। ਧੁੱਸਿਆਂ ਨਾਲ ਹੋਣ ਵਾਲੀਆਂ ਸੀਮਤ ਮਿਲਣੀਆਂ ਦੀ ਗਿਣਤੀ ਪੰਜਾਹ ਨੂੰ ਟੱਪਣ ਲੱਗੀ। ਡੇਸਟੀਨੇਸ਼ਨ ਮੈਰਿਜ ਵਿੱਚ ਆਪਣੇ ਦੂਰ ਹੋ ਗਏ। ਅੱਜਕਲ੍ਹ ਦੇ ਵਿਆਹਾਂ ਨੇ ਰਿਸ਼ਤੇ ਖਤਮ ਕਰ ਦਿੱਤੇ। ਸਮੇਂ ਨਾਲ ਮੁੰਡਿਆਂ ਦੀ ਉਮਰ ਤੇ ਕੁੜੀ ਵਾਲਿਆਂ ਦੇ ਨਖਰੇ ਵਧਣ ਲੱਗ ਪਏ ਹਨ। ਲੜਕੇ ਮੈਟ੍ਰਿਕ ਤੇ ਲੜਕੀਆਂ ਐਮ ਏ ਹੋ ਗਈਆਂ। ਪੇਕਿਆਂ ਤੋਂ ਮੰਗਕੇ ਸਾਕ ਲਿਜਾਣ ਦਾ ਅਧਿਕਾਰ ਰੱਖਣ ਵਾਲੀਆਂ ਭੂਆ ਦਾ ਰੁਤਬਾ ਬੇਲੋੜੀ ਦਖ਼ਲਅੰਦਾਜ਼ੀ ਦਾ ਹੋ ਗਿਆ। ਰਿਸ਼ਤੇਦਾਰ ਵਿਚੋਲਾ ਬਣਨ ਤੋਂ ਕਿਨਾਰਾ ਕਰਨ ਲੱਗੇ ਤੇ ਮੈਰਿਜ ਬਿਊਰੋ ਦਾ ਧੰਦਾ ਚਮਕਣ ਲੱਗਿਆ। ਜਿਸ ਦੀ ਬਦੌਲਤ ਤਲਾਕਾਂ ਦੀ ਗਿਣਤੀ ਵਿੱਚ ਇਜ਼ਾਫਾ ਹੋ ਰਿਹਾ ਹੈ। ਵਿਆਹ ਆਪਣਾ ਮਹੱਤਵ ਗੰਵਾ ਚੁੱਕੇ ਹਨ। ਪਤਾ ਨਹੀਂ ਮੰਜੇ ਬਿਸਤਰੇ ਇਕੱਠੇ ਕਰਨ ਵਾਲੇ ਸਾਂਝੇ ਵਿਆਹ ਕਦੋਂ ਆਉਣਗੇ। ਕਿ ਅਸੀਂ ਹੱਥ ਨਾਲ ਲਿਖੀ ਸਾਹਾਚਿੱਠੀ ਦੀ ਬਜਾਇ ਅਸੀਂ ਮਹਿੰਗੇ ਵੈਡਿੰਗ ਕਾਰਡ ਹੀ ਵੇਖਦੇ ਰਹਾਂਗੇ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ