ਜੇਠ ਹਾੜ ਦੀਆਂ ਧੁੱਪਾਂ ਤੋਂ ਬਾਅਦ ਜਦੋਂ ਬਾਰਸ਼ਾਂ ਹੋਈਆਂ ਤਾਂ ਜੰਗਲ ਵਿੱਚ ਹਰ ਪਾਸੇ ਹਰੇ ਹਰੇ ਘਾਹ ਨੇ ਹਰਿਆਲੀ ਦੀ ਚਾਦਰ ਵਿਛਾ ਦਿੱਤੀ।ਇੱਕ ਹਿਰਨ ਜੰਗਲ ਵਿੱਚ ਹਰਾ ਹਰਾ ਘਾਹ ਦੇਖ ਕੇ ਬਹੁਤ ਖੁਸ਼ ਸੀ। ਘਾਹ ਨੂੰ ਦੇਖ ਕੇ ਉਹਦੀ ਤੇ ਉਹਦੇ ਸਾਥੀਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਅੱਜ ਉਹ ਜੰਗਲ ਵਿੱਚ ਘਾਹ ਚਰਦਾ ਚਰਦਾ ਖੁਸ਼ੀ ਨਾਲ ਚੁੰਗੀਆਂ ਭਰਦਾ ਕਦੇ ਇਧਰ ਦੌੜ ਜਾਂਦਾ ਕਦੇ ਉਧਰ ਦੌੜ ਜਾਂਦਾ। ਉਹਨੂੰ ਲੱਗ ਰਿਹਾ ਸੀ ਜਿਵੇਂ ਉਹਦੀ ਰੋਜ਼ ਰੋਜ਼ ਦੀ ਭਟਕਣਾ ਖਤਮ ਹੋ ਗਈ ਹੋਵੇ।ਉਹ ਪੇਟ ਭਰਕੇ ਘਾਹ ਖਾਣਾ ਚਾਹੁੰਦਾ ਸੀ, ਉਹ ਖੁਸ਼ੀ ਖੁਸ਼ੀ ਘਾਹ ਚਰਦਾ ਤੇ ਮੂੰਹ ਉੱਪਰ ਕਰਕੇ ਰੱਬ ਦਾ ਸ਼ੁਕਰ ਅਦਾ ਕਰਦਾ।ਪਰ ਉਹਦੀ ਖੁਸ਼ੀ ਦੀ ਉਮਰ ਜ਼ਿਆਦਾ ਲੰਮੀ ਨਹੀਂ ਸੀ।
ਉਹਨੇ ਦੇਖਿਆ ਦੂਰੋਂ ਇੱਕ ਸ਼ੇਰ ਉਹਦੇ ਵੱਲ ਤੇਜ਼ੀ ਨਾਲ ਆ ਰਿਹਾ ਸੀ।ਸਹੀ ਸਮੇਂ ਤੇ ਹਿਰਨ ਨੇ ਪੂਰੇ ਜ਼ੋਰਾਂ ਨਾਲ ਭਜਣਾ ਸ਼ੁਰੂ ਕੀਤਾ ਤਾਂ ਕਿ ਉਹ ਸ਼ੇਰ ਤੋਂ ਦੂਰ ਜਾ ਸਕੇ। ਸ਼ੇਰ ਆਪਣੀ ਭੁੱਖ ਮਿਟਾਉਣ ਲਈ ਉਹਦੇ ਪਿੱਛੇ ਭੱਜ ਰਿਹਾ ਸੀ। ਨਾਲੇ ਰੱਬ ਨੂੰ ਯਾਦ ਕਰ ਰਿਹਾ ਸੀ ਕਿ ‘ਹੇ, ਰੱਬਾ ਬੜੇ ਦਿਨਾਂ ਤੋਂ ਭੁੱਖਾ ਇਧਰ ਉਧਰ ਭਟਕ ਰਿਹਾ ਹਾਂ। ਅੱਜ ਹਿਰਨ ਮੇਰੇ ਹੱਥ ਆ ਜਾਵੇ ਤਾਂ ਇਸਨੂੰ ਖਾ ਕੇ ਮੈਂ ਵੀ ਆਪਣਾ ਢਿੱਡ ਭਰ ਲਵਾਂ।ਮੇਰੀ ਭਟਕਣਾ ਵੀ ਦੋ ਚਾਰ ਦਿਨਾਂ ਲਈ ਖਤਮ ਹੋ ਜਾਵੇ। ਉਧਰ ਹਿਰਨ ਵੀ ਰੱਬ ਅੱਗੇ ਅਰਦਾਸਾਂ ਕਰ ਰਿਹਾ ਸੀ ਕਿ ਹੇ ਰੱਬਾ ਬੜੇ ਦਿਨਾਂ ਦੀ ਭਟਕਣਾ ਤੋਂ ਬਾਅਦ ਅੱਜ ਕਿਤੇ ਵਧੀਆ ਘਾਹ ਖਾਣ ਨੂੰ ਮਿਲਿਆ ਸੀ।ਪਰ ਅੱਜ ਇਹ ਸ਼ੇਰ ਪਿੱਛੇ ਪੈ ਗਿਆ ਹੈ। ਮੈਨੂੰ ਲੱਗਦਾ ਐ ਕਿ ਮੈਂ ਆਪਣੀ ਜਾਨ ਵੀ ਗਵਾ ਲੈਣੀ ਐ।ਏਨੇ ਚਿਰ ਨੂੰ ਸ਼ੇਰ ਨੇ ਇੱਕ ਲੰਮੀ ਛਲਾਂਗ ਮਾਰੀ ਤਾਂ ਕਿ ਹਿਰਨ ਨੂੰ ਫ਼ੜ ਸਕੇ।ਪਰ ਐਨ ਵਕਤ ਤੇ ਹਿਰਨ ਨੇ ਦੂਸਰੀ ਦਿਸ਼ਾ ਵੱਲ ਛਾਲ ਮਾਰੀ ਤੇ ਸ਼ੇਰ ਦੇ ਵਾਰ ਤੋਂ ਬਚਕੇ ਜੰਗਲ ਵਿੱਚ ਅਲੋਪ ਹੋ ਗਿਆ। ਇਧਰ ਸ਼ੇਰ ਨੇ ਜਦੋਂ ਦੇਖਿਆ ਕਿ ਹਿਰਨ ਉਹਦੇ ਹੱਥੋਂ ਨਿਕਲ ਗਿਆ ਹੈ, ਤਾਂ ਸ਼ੇਰ ਬਹੁਤ ਨਿਰਾਸ਼ ਹੋਇਆ ਤੇ ਢਿੱਲਾ ਜਿਹਾ ਹੋ ਕੇ ਖੜ ਗਿਆ।ਪਰ ਹੁਣ ਕੁਝ ਨਹੀਂ ਸੀ ਹੋ ਸਕਦਾ।ਹੁਣ ਸ਼ੇਰ ਨੂੰ ਪਤਾ ਲੱਗ ਗਿਆ ਸੀ ਕਿ ਢਿੱਡ ਭਰਨ ਲਈ ਮੈਨੂੰ ਅਜੇ ਹੋਰ ਭਟਕਣਾ ਪਵੇਗਾ। ਕਿਉਂਕਿ ਜਦੋਂ ਢਿੱਡ ਭਰ ਜਾਵੇਗਾ। ਫਿਰ ਖ਼ਾਲੀ ਹੋ ਜਾਵੇਗਾ। ਇਸਨੂੰ ਬਾਰ ਬਾਰ ਭਰਨ ਵਾਸਤੇ ਮੈਨੂੰ ਰੋਜ਼ ਰੋਜ਼ ਭਟਕਣਾ ਪਵੇਗਾ।ਇਹ ਸੋਚਦਾ ਸੋਚਦਾ ਸ਼ੇਰ ਜੰਗਲ਼ ਵਿੱਚ ਕਿਧਰੇ ਗੁੰਮ ਹੋ ਗਿਆ। ਉਧਰ ਹਿਰਨ ਵੀ ਜਾਨ ਬਚਾ ਕੇ ਖੁਸ਼ ਸੀ।ਪਰ ਉਹ ਵੀ ਸੋਚ ਰਿਹਾ ਸੀ ਕਿ ਜਦੋਂ ਤੱਕ ਜ਼ਿੰਦਗੀ ਐ ਉਦੋਂ ਤੱਕ ਇਹ ਭਟਕਣਾ ਖਤਮ ਨਹੀਂ ਹੋਵੇਗੀ।
ਸੋ ਇਨਸਾਨ ਵੀ ਕਈ ਵਾਰੀ ਆਪਣੀ ਭਟਕਣਾ ਖਤਮ ਕਰਨ ਲਈ ਪਾਪ ਵੀ ਕਰ ਜਾਂਦੇ।ਪਰ ਇਨਸਾਨ ਨੂੰ ਭਟਕਣਾ ਨਹੀਂ ਚਾਹੀਦਾ ਸਗੋਂ ਸੰਘਰਸ਼ ਕਰਨਾ ਚਾਹੀਦਾ ਹੈ।
ਧੰਨਵਾਦ ਸਹਿਤ।✍️✍️✍️✍️
ਲਖਵਿੰਦਰ ਸਿੰਘ,
ਪਿੰਡ ਪੰਜਗਰਾਈਆਂ,
ਤਹਿਸੀਲ ਬਟਾਲਾ,
ਜ਼ਿਲਾ ਗੁਰਦਾਸਪੁਰ।