ਵਕਤ | waqt

ਵਕਤ ਦੇ ਬਹੁਤ ਰੂਪ ਹੁੰਦੇ ਨੇ। ਵਕਤ ਜਾਂ ਤਾਂ ਇਨਸਾਨ ਨੂੰ ਤੋੜਦਾ ਹੈ ਜਾਂ ਕੁੱਝ ਸਿਖਾਉਂਦਾ ਹੈ ਜਾਂ ਕੁੱਝ ਦੇ ਦਿੰਦਾ ਹੈ ਜਾਂ ਫ਼ਿਰ ਇਨਸਾਨ ਕੋਲੋਂ ਬਹੁਤ ਕੁੱਝ ਖੋਹ ਲੈਂਦਾ ਹੈ। ਇਸਦਾ ਭੇਤ ਕੋਈ ਨਹੀਂ ਪਾ ਸਕਿਆ।
ਉਸਦੇ ਪਿਤਾ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਈ ਤਾਂ ਲੋਕਾਂ ਨੇ ਤੇ ਉਸਦੇ ਆਪਣਿਆਂ ਨੇ ਇਹ ਅਫ਼ਵਾਹ ਉਡਾਈ ਕਿ ਇਸਨੇ ਆਪ ਹੀ ਆਪਣੇ ਬਾਪ ਨੂੰ ਜ਼ਹਿਰ ਦਾ ਟੀਕਾ ਲਾਇਆ ਹੈ। ਜੋ ਇਨਸਾਨ ਆਪਣੇ ਪਿਤਾ ਦੇ ਲਈ ਪੁੱਤਰ ਨਾਲੋਂ ਵੱਧ ਇੱਕ ਦੋਸਤ ਵਾਂਗ ਸੀ, ਉਸਦੇ ਹੱਥੋਂ ਇੱਕ ਦੋਸਤ, ਇੱਕ ਸ਼ਾਇਰ, ਇੱਕ ਅਧਿਆਪਕ ਅਤੇ ਇੱਕ ਸਹਿਕਰਮੀ ਰਹੇ ਪਿਤਾ ਨੂੰ ਆਪਣੇ ਹੀ ਹੱਥੀਂ ਮਾਰਨਾ ਗੁਨਾਹ ਵਾਂਗ ਸੀ, ਜਿਸਦਾ ਕਦੀ ਉਸਨੇ ਤਸੱਵੁਰ ਵੀ ਨਹੀਂ ਸੀ ਕੀਤਾ। ਪਿਤਾ ਨੇ ਕਈ ਵਾਰੀ ਗੁੱਸੇ ਵਿੱਚ ਆ ਕੇ ਕਹਿ ਦੇਣਾ…. ਇਹਨੇ ਮੇਰੀਆਂ ਕਿਤਾਬਾਂ ਰੱਦੀ ਭਾਅ ਵੇਚਣੀਆਂ ਨੇ। ਮੇਰਾ ਨਾਮ, ਮੇਰੀ ਸ਼ੁਹਰਤ ਇਹਨੇ ਆਪਣੇ ਫ਼ਾਇਦੇ ਲਈ ਮਿੱਟੀ ਵਿੱਚ ਮਿਲਾ ਦੇਣੇ ਨੇ। ਉਹ ਚੁੱਪ ਚਾਪ ਸੁਣਦਾ ਰਿਹਾ। ਕਈ ਵਾਰੀ ਕਿਸੇ ਇਨਸਾਨ ਉੱਤੇ ਕੋਈ ਤੁਹਮਤ ਲਾਈ ਜਾਵੇ ਤਾਂ ਉਹ ਉਸੇ ਰਸਤੇ ਉੱਤੇ ਤੁਰ ਪੈਂਦਾ ਹੈ ਪਰ ਉਸਨੇ ਸਬਰ ਨਾਲ ਆਪਣਾ ਰਸਤਾ ਫੜ੍ਹੀ ਰੱਖਿਆ।
ਵਕਤ ਬੀਤਦਾ ਗਿਆ…. ਉਸਨੇ ਆਪਣੇ ਪਿਤਾ ਦੀਆਂ ਤਿੰਨ ਕਿਤਾਬਾਂ ਛਪਵਾਈਆਂ, ਪਿਤਾ ਦੇ ਨਾਮ ਨੂੰ ਖ਼ਤਮ ਕਰਨ ਦੀ ਬਜਾਇ ਹੋਰ ਅੱਗੇ ਤੋਰਿਆ। ਉਸਦੇ ਪਰਿਵਾਰ ਨੇ ਵੀ ਪੂਰੀ ਸ਼ਿੱਦਤ ਨਾਲ ਉਸ ਨਾਮ ਨੂੰ ਬਰਕਰਾਰ ਰੱਖਿਆ। ਆਪਣੇ ਅੰਦਰ ਉਹੀ ਹੁਨਰ ਪੈਦਾ ਕਰਨ ਦੀ ਛੋਟੀ ਜਿਹੀ ਕੋਸ਼ਿਸ਼ ਕੀਤੀ ਜੋ ਉਸਦੇ ਪਿਤਾ ਅੰਦਰ ਸੀ। ਪੰਦਰਾਂ ਸਾਲ ਬੀਤ ਜਾਣ ਦੇ ਬਾਵਜੂਦ ਵੀ ਉਸਦੀ ਹਰ ਕੋਸ਼ਿਸ਼ ਰਹੀ ਕਿ ਆਪਣੇ ਬਾਪ ਦੇ ਨਾਮ ਨੂੰ ਉਸੇ ਤਰ੍ਹਾਂ ਹੀ ਜ਼ਿੰਦਾ ਰੱਖ ਸਕੇ।
ਇੱਕ ਦਿਨ ਉਹ ਸੁਪਨੇ ਵਿੱਚ ਆਪਣੇ ਪਿਤਾ ਨਾਲ ਲੜਿਆ… “ਕਿੱਥੇ ਨੇ ਤੁਹਾਡੇ ਦਾਅਵੇ ਜਿਸ ਵਿੱਚ ਤੁਸੀਂ ਕਿਹਾ ਸੀ ਮੇਰੀਆਂ ਕਿਤਾਬਾਂ ਰੱਦੀ ਭਾਅ ਵੇਚਣੀਆਂ ਨੇ ਤੂੰ। ਕਿੱਥੇ ਨੇ ਤੁਹਾਡੇ ਉਹ ਕਿਆਫ਼ੇ ਜਿਹਨਾਂ ਵਿੱਚ ਤੁਸੀਂ ਆਖਿਆ ਸੀ ਇਸਨੇ ਮੇਰਾ ਨਾਮ ਮਿੱਟੀ ਵਿੱਚ ਰੋਲ ਦੇਣਾ ਹੈ ਸਿਰਫ਼ ਆਪਣੇ ਫ਼ਾਇਦੇ ਲਈ।”
ਅੱਜ ਜਦੋਂ ਲੋਕ ਉਸਨੂੰ ਆਖਦੇ ਨੇ ਤੇਰੀ ਆਵਾਜ਼, ਤੇਰੀ ਸ਼ਕਲ, ਤੇਰੇ ਬੋਲਣ ਦਾ ਅੰਦਾਜ਼ ਬਿਲਕੁਲ ਤੇਰੇ ਪਿਤਾ ਵਾਂਗ ਹੋ ਗਿਆ ਹੈ ਤਾਂ ਉਹ ਅੰਦਰੋਂ ਅੰਦਰੀਂ ਖ਼ੁਸ਼ੀ ਅਤੇ ਮਾਣ ਨਾਲ ਬਹੁਤ ਰੋਂਦਾ ਹੈ। ਉਸਨੂੰ ਇੰਞ ਲੱਗਦਾ ਹੈ ਉਸਦੇ ਉੱਤੇ ਬਾਪ ਦੇ ਕਤਲ ਤੇ ਉਸਦਾ ਨਾਮ ਰੋਲਣ ਦਾ ਦਾਗ਼ ਧੋਤਾ ਗਿਆ ਹੈ। ਇੱਕ ਸਕੂਨ ਮਹਿਸੂਸ ਹੁੰਦਾ ਹੈ ਉਸਨੂੰ। ਉਸਦੇ ਵਾਲਾਂ ਦੀ ਸਫ਼ੈਦੀ, ਉਸਦੀ ਆਵਾਜ਼ ਵਿਚਲਾ ਭਾਰੀਪਨ ਅਤੇ ਬੋਲਣ ਲੱਗਿਆਂ ਉਸਦੇ ਲਫ਼ਜ਼ ਉਸਦੇ ਪਿਤਾ ਦੇ ਦੋਸਤਾਂ ਨੂੰ ਉਸਨੂੰ ਗਲਵਕੜੀ ਵਿੱਚ ਲੈਣ ਲਈ ਮਜਬੂਰ ਕਰ ਦਿੰਦੇ ਨੇ।
ਵਕਤ ਕਿਹੋ ਜਿਹਾ ਵੀ ਹੋਵੇ ਇਨਸਾਨ ਨੂੰ ਬੁਰੇ ਹਾਲਾਤ ਵਿੱਚੋਂ ਬਾਹਰ ਕੱਢਦਾ ਹੈ। ਵਕਤ ਸਾਨੂੰ ਮੌਕਾ ਦਿੰਦਾ ਹੈ ਆਪਣੇ ਆਪ ਨੂੰ ਸਾਬਿਤ ਕਰਨ ਦਾ। ਜੜ੍ਹ ਫੜ੍ਹਨ ਲਈ ਜ਼ਰੂਰੀ ਨਹੀਂ ਕਿ ਕੱਚੀ ਜ਼ਮੀਨ ਹੀ ਮਿਲੇ, ਕਈ ਵਾਰੀ ਪੱਥਰ ਦੀ ਇੱਕ ਤਰੇੜ ਵਿੱਚ ਵੀ ਬੀਜ ਫੁੱਟ ਪੈਂਦਾ ਹੈ। ਵਕਤ ਸਾਡੇ ਇਰਦ ਗਿਰਦ ਘੁੰਮਦਾ ਹੈ ਇੱਕ ਮੌਕੇ ਦੇ ਰੂਪ ਵਿੱਚ ਬੱਸ ਅਸੀਂ ਉਸਨੂੰ ਪਛਾਨਣਾ ਹੁੰਦਾ ਹੈ। ਜੇਕਰ ਤੁਹਾਡੇ ਮਨ ਵਿੱਚ ਕਿਸੇ ਰਵਾਇਤ ਨੂੰ ਅੱਗੇ ਤੋਰਨ ਦਾ ਜਜ਼ਬਾ ਹੈ, ਜੇਕਰ ਤੁਹਾਡੇ ਅੰਦਰ ਕਿਸੇ ਗੱਲ ਨੂੰ ਸਾਬਿਤ ਕਰਨ ਦੀ ਨੀਅਤ ਹੈ ਤਾਂ ਉਹ ਖ਼ੁਦਾ ਵੀ ਤੁਹਾਡਾ ਸਾਥ ਦਿੰਦਾ ਹੈ। ਜੇਕਰ ਦਿਲ ਵਿੱਚ ਉੱਗਣ ਦੀ ਚਾਹਤ ਹੈ ਤਾਂ ਉਹ ਰੱਬ ਬੁਰੇ ਹਾਲਾਤ ਵਿੱਚ ਵੀ ਤੁਹਾਨੂੰ ਜ਼ਮੀਨ ਦਾ ਇੱਕ ਟੋਟਾ ਤੇ ਪਾਣੀ ਦੀ ਇੱਕ ਬੂੰਦ ਦੇ ਦਿੰਦਾ ਹੈ ਪੁੰਗਰਨ ਲਈ।
ਅੱਲਾਮਾ ਇਕਬਾਲ ਜੀ ਨੇ ਲਿਖਿਆ ਹੈ…
ਤੂੰ ਸ਼ਾਹੀਂ ਹੈ ਪਰਵਾਜ਼ ਹੈ ਕਾਮ ਤੇਰਾ
ਤੇਰੇ ਸਾਮਨੇ ਆਸਮਾਂ ਔਰ ਭੀ ਹੈਂ।
ਸ਼ਹਿਬਾਜ਼ ਖ਼ਾਨ
(27 ਅਪ੍ਰੈਲ 2023)

Leave a Reply

Your email address will not be published. Required fields are marked *