ਜਦ ਤੱਕ ਤੁਸੀ ਕਿਸੇ ਨੂੰ ਮਿਲਦੇ ਨਹੀ | jad tak tusi kise nu milde nahi

ਮੈਂ ਪਹਿਲੀ ਵਾਰ ਉਸਨੂੰ ਆਪਣੇ ਵਿਆਹ ਤੇ ਹੀ ਮਿਲਿਆ ਸੀ। ਮੇਰੀ ਪਤਨੀ ਦੀ ਭਾਬੀ ਸੀ। ਰਿਸ਼ਤਾ ਕਰਨ ਵੇਲੇ ਸਾਨੂੰ ਦੱਸਿਆ ਗਿਆ ਸੀ। ਕ ਉਹ ਚੰਗੀ ਨਹੀਂ ਆਉਂਦੀ ਹੀ ਸਾਡੇ ਮੁੰਡੇ ਨੂੰ ਲੈ ਕੇ ਵੱਖਰੀ ਹੋ ਗਈ। ਸਾਡੀ ਕੋਈ ਬੋਲ ਚਾਲ ਨਹੀਂ ਉਸ ਨਾਲ। ਮੇਰੇ ਪਰਿਵਾਰ ਨੇ ਵੀ ਸੋਚਿਆ ਚਲੋ ਹੁੰਦੀਆ ਹੀ ਨੇ ਕੁਛ ਜਨਾਨੀਆਂ ਇਹੋ ਜਿਹੀਆਂ ਅੜਬ ਕਿਸਮ ਦੀਆਂ ਓਹੋ ਜਿਹੀ ਹੋਵੇਗੀ। ਨਾਲੇ ਹਰ ਚੌਥੇ ਘਰ ਦੀ ਕਹਾਣੀ ਹੈ। ਅਸੀ ਇਸ ਗੱਲ ਨੂੰ ਬਹੁਤਾ ਨਾ ਗੌਲਿਆ ਤੇ ਰਿਸ਼ਤਾ ਕਰ ਦਿੱਤਾ। ਪਰ ਮੇਰੇ ਤੇ ਮੇਰੇ ਪਰਿਵਾਰ ਦੇ ਮਨ ਵਿਚ ਭਾਬੀ ਦੀ ਗਲਤ ਛਵੀ ਬਣ ਚੁੱਕੀ ਸੀ।
ਜਦ ਵਿਆਹ ਵਾਲੇ ਦਿਨ ਮੈਨੂੰ ਪਤਾ ਲੱਗਾ ਕਿ ਉਹ ਮੇਰੀ ਪਤਨੀ ਦੀ ਭਾਬੀ ਹੈ ਤਾਂ ਮੈਂ ਪਤਨੀ ਨੂੰ ਪੁੱਛਿਆ
“ਤੁਸੀ ਤਾਂ ਕਹਿੰਦੇ ਸੀ ਸਾਡੀ ਬੋਲ ਚਾਲ ਨਹੀਂ,ਫਿਰ ਇਹ ਇਥੇ ਕਿਵੇ?
“ਕੁਛ ਰਿਸ਼ਤੇਦਾਰ ਮਨਾ ਕੇ ਲੈ ਆਏ ਨੇ ਕ ਭੈਣ ਦਾ ਵਿਆਹ ਭਰਾ ਜਰੂਰ ਹੋਣਾ ਚਾਹੀਦਾ। ਇਹ ਵੀ ਹੁਣ ਆਪਣੇ ਨੰਬਰ ਬਣਾਉਣ ਨੂੰ ਮੂੰਹ ਚੱਕ ਕੇ ਆ ਗਈ ਹੈ।” ਪਤਨੀ ਨੇ ਇਹੋ ਜਿਹਾ ਜਵਾਬ ਦਿੱਤਾ
ਮੈਂ ਸਿਰ ਹਿਲਾ ਕੇ ਕਿਹਾ ਠੀਕ ਹੈ। ਪਰ ਮੇਰਾ ਧਿਆਨ ਵਾਰ ਵਾਰ ਉਸ ਵੱਲ ਜਾ ਰਿਹਾ ਸੀ। ਕੁਛ ਤਾਂ ਗੱਲ ਸੀ ਉਸ ਵਿੱਚ… ਹਰ ਕਿਸੇ ਨਾਲ ਹੱਸ ਕੇ ਗੱਲ ਕਰ ਰਹੀ ਸੀ। ਦੋ ਬੱਚੇ ਸਨ ਨਾਲ ਬਹੁਤ ਸੋਹਣੇ ਤਿਆਰ ਕੀਤੇ ਹੋਏ ਸਨ। ਖੁਦ ਵੀ ਸਲੀਕੇ ਨਾਲ ਤਿਆਰ ਹੋਈ ਸੀ। ਜੋ ਮਨ ਵਿਚ ਛਵੀ ਸੀ…. ਉਸਦੇ ਮੁਤਾਬਕ ਉਸ ਦਾ ਵਿਵਹਾਰ ਬਿਲਕੁਲ ਅਲਗ ਸੀ। ਮੈਂ ਸਮਝ ਨਹੀਂ ਸਕਿਆ ਕ ਕੌਣ ਗਲਤ ਹੈ।
ਵਿਆਹ ਹੋ ਗਿਆ। ਸਭ ਸਹੀ ਚਲ ਰਿਹਾ ਸੀ। ਦੋ ਤਿੰਨ ਵਾਰ ਸਹੁਰੇ ਵੀ ਜਾ ਆਇਆ ਸੀ। ਘੁੱਟਿਆ ਜਿਹਾ ਮਾਹੌਲ ਸੀ ਘਰ ਦਾ। ਹਰ ਕੰਮ ਵਕਤ ਤੇ ਹੁੰਦਾ ਸੀ। ਖੁੱਲ ਕੇ ਕੋਈ ਹੱਸਦਾ ਜਿਹਾ ਵੀ ਨਹੀਂ ਸੀ। ਜਦ ਵੀ ਸਹੁਰੇ ਗਿਆ ਹਰ ਵਾਰ ਮੇਰਾ ਦਿਲ ਕੀਤਾ ਇਕ ਵਾਰ ਭਾਬੀ ਦੇ ਘਰ ਵੀ ਜਾਵਾਂ। ਪਰ ਇੰਝ ਮੈਂ ਆਪਣੀ ਮਰਜੀ ਨਾਲ ਨਹੀਂ ਜਾ ਸਕਦਾ ਸੀ। ਖ਼ੈਰ ਵਕਤ ਗੁਜਰ ਰਿਹਾ ਸੀ। ਇਕ ਵਾਰ ਮੈਨੂੰ ਕੋਈ ਕੰਮ ਸੀ ਮੈਂ ਇੱਕਲਾ ਹੀ ਸਹੁਰੇ ਗਿਆ। ਸ਼ਾਮ ਨੂੰ ਇਕੱਲੇ ਨੇ ਕੀ ਕਰਨਾ ਸੀ। ਬਾਜ਼ਾਰ ਵੱਲ ਨਿਕਲ ਗਿਆ। ਅਚਾਨਕ ਕਿਸੇ ਨੇ ਆਵਾਜ਼ ਦਿੱਤੀ
“ਅੰਕਲ?
ਮੈਂ ਪਿੱਛੇ ਮੁੜਿਆ, ਭਾਬੀ ਆਪਣੇ ਬੇਟੇ ਨਾਲ ਖੜੀ ਸੀ। ਪਤਾ ਨਹੀਂ ਬੱਚੇ ਨੇ ਪਹਿਚਾਣਿਆ ਜਾਂ ਭਾਬੀ ਨੇ ਬੱਚੇ ਨੂੰ ਦੱਸਿਆ।
ਉਹਨਾਂ ਦੋਨਾਂ ਨੇ ਮੈਨੂੰ ਸਤ ਸ੍ਰੀ ਅਕਾਲ ਬੁਲਾਈ, ਮੈਂ ਵੀ ਅੱਗੋ ਜਵਾਬ ਦਿੱਤਾ।
“ਆਜੋ ਘਰ ਆਜੋ, ਲਾਗੇ ਹੀ ਹੈ।” ਭਾਬੀ ਬੋਲੇ
ਮੇਰਾ ਮਨ ਤਾਂ ਸ਼ੁਰੂ ਤੋਂ ਹੀ ਸੀ। ਇਸ ਲਈ ਤੁਰ ਪਿਆ। ਬਹੁਤ ਸੋਹਣੇ ਤਰੀਕੇ ਨਾਲ ਸਜਾਇਆ ਛੋਟਾ ਜਿਹਾ ਘਰ ਸੀ। ਦੋਨੋ ਬੱਚੇ ਮੇਰੇ ਦੁਆਲੇ ਹੋ ਗਏ। ਮੈਂ ਨਿੱਕੇ ਸਵਾਲ ਉਹਨਾਂ ਨੂੰ ਕਰਦਾ ਰਿਹਾ। ਉਹ ਬਹੁਤ ਸਲੀਕੇ ਨਾਲ ਜਵਾਬ ਦਿੰਦੇ ਰਹੇ। ਬੱਚਿਆ ਦੇ ਸਮਝਦਾਰੀ ਭਰੇ ਜਵਾਬ ਸੁਣ ਕੇ ਮੈ ਭਾਬੀ ਦੀ ਪਰਵਰਿਸ਼ ਦਾ ਕਾਇਲ ਹੋ ਗਿਆ। ਏਨੇ ਨੂੰ ਭਾਬੀ ਚਾਰ ਗਿਲਾਸਾਂ ਵਿਚ ਸ਼ਰਬਤ ਲੈ ਆਈ। ਮੈਂ ਹੈਰਾਨ ਸੀ ਚਾਰ ਗਿਲਾਸ?
ਭਾਬੀ ਪਹਿਲਾਂ ਮੈਨੂੰ ਦਿੱਤਾ,ਫਿਰ ਦੋਨਾਂ ਬੱਚਿਆ ਨੂੰ ਆਖਰੀ ਗਿਲਾਸ ਖੁਦ ਲੈ ਲਿਆ।
“ਮੈਂ ਹਮੇਸ਼ਾ ਕੋਈ ਵੀ ਆਵੇ ਬੱਚਿਆ ਨੂੰ ਬਰਾਬਰ ਨਾਲ ਦਿੰਦੀ ਹਾਂ….ਇਸ ਨਾਲ ਬੱਚੇ ਦੇ ਅੰਦਰ ਨੀਤ ਨਹੀਂ ਪੈਂਦੀ..ਦੂਜੀ ਗੱਲ ਬੱਚੇ ਅੰਦਰ ਹੀਣ ਭਾਵਨਾ ਨਹੀਂ ਹੁੰਦੀ ਕ ਮੈ ਮਹਿਮਾਨ ਤੋਂ ਘੱਟ ਹਾਂ।” ਭਾਬੀ ਨੇ ਮੇਰੀ ਹੈਰਾਨੀ ਨੂੰ ਭਾਪਦੇ ਹੋਏ ਜਵਾਬ ਦਿੱਤਾ
“ਬਹੁਤ ਵਧੀਆ ਵਿਚਾਰ ਨੇ ਤੁਹਾਡੇ।”
“ਸ਼ੁਕਰੀਆ,ਹੋਰ ਸੁਣਾਓ ਘਰ ਪਰਿਵਾਰ ਠੀਕ ਹੈ।”
“ਹਾਂਜੀ ਸਭ ਵਧੀਆ। ਭਾਜੀ ਕਦੋਂ ਤੱਕ ਆਉਂਦੇ ਨੇ?
“ਬਸ ਆਉਣ ਵਾਲੇ ਹੀ ਹੋਣੇ।” ਭਾਬੀ ਨੇ ਘੜੀ ਦੇਖਦੇ ਹੋਏ ਕਿਹਾ
“ਚਲੋ ਫਿਰ ਉਹਨਾਂ ਨਾਲ ਵੀ ਮੁਲਾਕਾਤ ਕਰ ਕੇ ਹੀ ਜਾਵਾਂਗਾ।”
“ਹਾਂਜੀ ਜਰੂਰ।”
ਫਿਰ ਸਾਡੇ ਵਿਚ ਇਕ ਚੁੱਪੀ ਆ ਗਈ। ਸਵਾਲ ਕਿੰਨੇ ਸੀ ਪਰ ਪੁੱਛਣ ਦੀ ਹਿੰਮਤ ਨਹੀਂ ਸੀ।
ਏਨੇ ਨੂੰ ਭਾਜੀ ਆ ਗਏ। ਉਹਨਾਂ ਨੂੰ ਮਿਲ ਵੀ ਬਹੁਤ ਚੰਗਾ ਲੱਗਾ। ਦੋਨਾਂ ਦੀ ਜੋੜੀ ਦੇਖ ਕੇ ਲੱਗਾ ਇਕ ਦੂਜੇ ਲਈ ਬਣੇ ਨੇ। ਭਾਬੀ ਨੇ ਬੱਚਿਆ ਨੂੰ ਪੜ੍ਹਨ ਲਈ ਕਿਹਾ। ਉਹ ਬਿਨਾਂ ਕੋਈ ਜ਼ਿੱਦ ਕੀਤੇ ਪੜ੍ਹਨ ਚਲੇ ਗਏ।
ਭਾਬੀ ਨੇ ਚਾਹ ਬਣਾਈ, ਨਾਲ ਖਾਣ ਨੂੰ ਵੀ ਕਿੰਨਾ ਕੁਛ ਰੱਖ ਦਿੱਤਾ। ਚਾਹ ਪੀ ਕੇ ਮੈਂ ਵਿਦਾ ਲਈ। ਦੋ ਘੰਟੇ ਉਹਨਾਂ ਦੇ ਘਰ ਰਿਹਾ, ਏਨਾ ਮਾਣ ਸਤਕਾਰ ਤੇ ਉਹਨਾਂ ਦੀ ਸੋਚ ਕੈਸੀ ਹੈ, ਰਹਿਣ ਸਹਿਣ ਕੈਸਾ ਹੈ,ਬੱਚਿਆ ਨੂੰ ਕੀ ਤੇ ਕਿਨਾ ਸਿਖਾਇਆ ਹੈ,ਸਭ ਜਾਣ ਗਿਆ ਸੀ। ਮੇਰੇ ਮਨ ਵਿਚ ਭਾਬੀ ਦੀ ਪੁਰਾਣੀ ਛਵੀ ਮਿੱਟੀ ਵਿੱਚ ਮਿਲ ਗਈ। ਮਨ ਵਿੱਚੋ ਆਵਾਜ਼ ਆਈ ਕ ਇਹ ਗਲਤ ਹੋ ਹੀ ਨਹੀਂ ਸਕਦੀ। ਤੇ ਵਾਕਿਆ ਹੀ ਵਕਤ ਦੇ ਨਾਲ ਨਾਲ ਮੈਂ ਸਮਝ ਗਿਆ। ਗਲਤੀ ਭਾਬੀ ਦੀ ਨਹੀਂ ਸੀ। ਅੱਜ ਤੱਕ ਹਮੇਸ਼ਾ ਨੂੰਹ ਨੂੰ ਹੀ ਦੋਸ਼ ਮਿਲਦਾ ਆਇਆ ਹੈ। ਜਰੂਰੀ ਨਹੀਂ ਹੈ ਹਮੇਸ਼ਾ ਉਹ ਹੀ ਗਲਤ ਹੋਵੇ। ਕਦੇ ਹਾਲਾਤ ਤੇ ਕਦੇ ਸਹੁਰਾ ਪਰਿਵਾਰ ਵੀ ਗਲਤ ਹੋ ਸਕਦਾ ਹੈ। ਉਸ ਤੋਂ ਬਾਅਦ ਕੋਈ ਐਸਾ ਸਮਾ ਨਹੀਂ ਆਇਆ। ਜਦ ਮੈਂ ਸਹੁਰੇ ਗਿਆ ਹੋਵਾਂ ਤੇ ਭਾਬੀ ਦੇ ਘਰ ਜਾਣ ਤੋਂ ਬਿਨਾਂ ਮੁੜ ਆਵਾਂ। ਤੇ ਜਿੰਨੀ ਵਾਰ ਵੀ ਗਿਆ…. ਹਰ ਵਾਰ ਪਹਿਲਾਂ ਨਾਲੋ ਦੁੱਗਣੀ ਇੱਜਤ ਮਿਲੀ ਹੈ।
ਸਿਆਣੇ ਸੱਚ ਕਹਿੰਦੇ ਹਨ,ਜਦ ਤਕ ਤੁਸੀ ਕਿਸੇ ਨੂੰ ਮਿਲਦੇ ਨਹੀ…. ਉਹਦੇ ਬਾਰੇ ਬਣੀ ਰਾਏ ਗਲਤ ਵੀ ਹੋ ਸਕਦੀ ਹੈ। ਜਿਵੇ ਇਥੇ ਮੈਂ ਪੂਰੀ ਤਰਾਂ ਗਲਤ ਸਾਬਿਤ ਹੋਇਆ।
ਰਜਿੰਦਰ ਕੌਰ

Leave a Reply

Your email address will not be published. Required fields are marked *