ਫੈਸਲਾ | faisla

ਮਲਕੀਤ ਸਿਉਂ ਕੇ ਘਰ ਅੱਜ ਤੀਜੀ ਪੰਚਾਇਤ ਸੀ ,, ਕਲੇਸ਼ ਰਾਤ ਦਾ ਹੀ ਪਿਆ ਹੋਇਆ ਸੀ ,, ਫੋਨ ਖੜਕ ਰਹੇ ਸਨ ,,, ਇੱਕ ਦੂਜੇ ਤੋਂ ਦੂਰ ਹੋ ਫੋਨਾਂ ਤੇ ਕਾਨਾਫੂਸੀ ਹੋ ਰਹੀ ,,,, ਹਰਪ੍ਰੀਤ ਦੇ ਹੰਝੂ ਮੁੱਕ ਨਹੀਂ ਸੁੱਕ ਗਏ ਸਨ ,,,, ਅੱਖਾਂ ਥੱਲੇ ਕਾਲੇ ਹੋਏ ਘੇਰੇ ਅੰਦਰਲੀ ਡੂੰਘੀ ਮਾਨਸਿਕ ਪੀੜਾ ਨੂੰ ਗਵਾਹ ਬਣ ਦਰਸਾ ਰਹੇ ਸਨ ,,,, ਗੋਰੀਆਂ ਗੱਲ੍ਹਾਂ ਅੰਦਰ ਨੂੰ ਧਸ ਕੇ ਗੱਲ੍ਹਾਂ ਤੇ ਪੈਂਦੇ ਟੋਇਆਂ ਦੀ ਖੂਬਸੂਰਤੀ ਨੂੰ ਆਪਣੇ ਵਿੱਚ ਸਮਾ ਚੁੱਕੀਆਂ ਸਨ ,,,, ਅੱਖਾਂ ਦੀ ਚਮਕ ਹੰਝੂਆਂ ਦੇ ਨਾਲ ਹੀ ਵਹਿ ਗਈ ਸੀ ,,,,, ਲੱਤਾਂ ਬਾਹਾਂ ਚੋਂ ਜਾਨ ਜਿਵੇਂ ਹੈ ਹੀ ਨਹੀਂ ਸੀ ,,,,, ਜਿਹੜੀ ਹਰਪ੍ਰੀਤ ਊਰੀ ਵਾਂਗਰਾਂ ਘੁਕਦੀ ਸੀ , ਅੱਜ ਮੌਲੇ ਬਲਦ ਵਾਂਗ ਪੈਰ ਘਟੀਸ ਕੇ ਤੁਰਦੀ ਸੀ ,,,,
ਹਰਪ੍ਰੀਤ ਦਾ ਵਿਆਹ ਮਲਕੀਤ ਸਿਉਂ ਮੁੰਡੇ ਬਿੰਦਰ ਨਾਲ ਛੇ ਕੁ ਸਾਲ ਪਹਿਲਾਂ ਹੋਇਆ ਸੀ ,,,, ਤਿੰਨ ਸਾਲ ਤਾਂ ਬੱਚਾ ਨਾ ਹੋਇਆ ,,, ਦਵਾਈਆਂ ਬੂਟੀਆਂ ਕਰ ਕਰ ਥੱਕ ਹਾਰ ਤਿੰਨ ਸਾਲਾਂ ਬਾਅਦ ਕੁੜੀ ਹੋਈ ਸੀ ,,,,, ਤਿੰਨ ਸਾਲਾਂ ਦੇ ਬਾਂਝ ਹੋਣ ਦੇ ਮਿਹਣਿਆਂ ਦੀ ਥਾਂ ਹੁਣ ਕੁੜੀ ਹੋਣ ਦਾ ਮਿਹਣਾ ਹੋ ਗਿਆ ਸੀ ,,,, ਸੱਸ ਜੈਲੋ ਨੂੰ ਮੁੰਡਾ ਚਾਹੀਦਾ ਸੀ ,,,, ਹੁੰਦੀ ਹੁਵਾਉਂਦੀਂ ਗੱਲ ਸਮਾਨ ਚੁਕਾਉਣ ਤੇ ਜਾ ਪਹੁੰਚੀ ਸੀ ,,,,, ਜੈਲੋ ਹਰਪੀਤੀ ਦੇ ਕੰਮਾਂ ਤੋਂ ਨੁਕਸ ਕੱਢਦੀ ਕਢਦੀ ਗੁੱਤ ਪੱਟਣ ਤੇ ਪਹੁੰਚ ਗਈ ਸੀ ,,,, ਬੇਹੱਦ ਸ਼ਰੀਫ਼ ਹਰਪੀਤੀ ਨੂੰ ਘਰੋਂ ਕੱਢਣ ਲਈ ਜੈਲੋ ਨੇ ਆਪਣੀ ਧੀ ਸਿਮਰੋ ਤੇ ਵੱਡੀ ਨੂੰਹ ਦੀ ਸਰਪ੍ਰਸਤੀ ਹਾਸਲ ਕਰ ਲਈ ਸੀ ,, ਵੱਡੀ ਨੂੰਹ ਚੁਸਤ ਚਲਾਕ ਨੇ ਆਪਣੀ ਭੈਣ ਨੂੰ ਹਰਪੀਤੀ ਦੀ ਥਾਂ ਵਸਾਉਣ ਦਾ ਆਪਣਾ ਤਾਣਾ ਬਾਣਾ ਬੁਣ ਲਿਆ ਸੀ ,,,,, ਹਰਪ੍ਰੀਤ ਦੀ ਨਣਾਨ ਚੰਗੇ ਘਰ ਵਿਆਹੀ ਸੌਖੀ ਸੀ । ਮਾਂ ਦੇ ਹੁੰਦੇ ਤੜਕੇ ਆਥਣ ਦੇ ਫੋਨਾਂ ਨੇ ਸਿਮਰ ਦੀ ਮੱਤ ਮਾਰ ਦਿੱਤੀ ਸੀ ,,,ਉਸ ਨੇ ਵੀ ਮਾਂ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ ਸੀ ,,, ਯੋਜਨਾ ਵਿੱਚ ਸ਼ਾਮਲ ਹੋ ਗਈ ਸੀ ,,,,,,
ਚੁੜੇਲ ਵਰਗੀ ਸੱਸ ਜੈਲੋ ਨਾਲ ਹਰਪੀਤੀ ਨੇ ਹਰ ਤਰੀਕੇ ਸੁਲ੍ਹਾ ਦੀ ਕੋਸ਼ਿਸ਼ ਕੀਤੀ ,,,,, ਪਰ ਪੇਸ਼ ਨਾ ਗਈ ,,,, ਘਰ ਵਿੱਚ ਜੈਲੋ ਦਾ ਹੀ ਵਾਰਾ ਪਹਿਰਾ ਸੀ ,,,, ਬਿੰਦਰ , ਸਿੰਦਾ ਤੇ ਮਲਕੀਤ ਤਿੰਨੇ ਪਿਉ ਪੁੱਤ ਬੱਕਰੀਆਂ ਸਨ ਜੈਲੋ ਮੂਹਰੇ , ਕੀ ਮਜ਼ਾਲ ਜੇ ਸਾਹ ਵੀ ਉੱਚਾ ਲੈ ਲੈਣ ,,,, ਜੇ ਕਿਤੇ ਮਲਕੀਤ ਮਾੜੀ ਮੋਟੀ ਹੀਲ ਹੁੱਜਤ ਕਰਦਾ ਵੀ ਤਾਂ ਜੈਲੋ ਦਾ ਪਾਇਆ ਸਿਆਪਾ ਕਈ ਦਿਨ ਮਲਕੀਤ ਸਿਉਂ ਦੀ ਰੇਲ ਬਣਾਈ ਰਖਦਾ ,,,,,, ਰਹਿੰਦਾ ਖੂੰਹਦਾ ਬਲਦੀ ਤੇ ਤੇਲ ਵੱਡੀ ਨੂੰਹ ਗੁਰਮੇਲ ਕੁਰ ਪਾਉਂਦੀ ,,,,, ਅਸਲ ਵਿੱਚ ਪੇਕਿਆਂ ਤੋਂ ਮਿਲੀ ਦਸ ਕਿੱਲੇ ਜਮੀਨ ਨੇ ਜੈਲੋ ਵਿੱਚ ਹੰਕਾਰ ਨੱਕੋ ਨੱਕ ਭਰ ਦਿੱਤਾ ਸੀ ,,,, ਮਲਕੀਤ ਵੀ ਏਸੇ ਝੇਪ ਚ ਦਬਿਆ ਗਿਆ ਸੀ ,,,, ਵੱਡੀ ਨੂੰਹ ਫਫੇਕੁੱਟਣੀ ਨੇ ਸੱਸ ਨੂੰ ਹੱਥ ਵਿੱਚ ਕੀਤਾ ਹੋਇਆ ਸੀ ,,,,ਰਹਿ ਗਈ ਕੱਲੀ ਹਰਪੀਤੀ ਮਜ਼ਲੂਮ ਵਿਚਾਰੀ ,,,, ਇੱਕ ਤਾਂ ਪੇਕਿਆਂ ਤੋਂ ਕਮਜੋਰ ਤੇ ਦੂਜਾ ਸੁਭਾਅ ਤੋਂ ਨਰਮ ਹਰਪੀਤੀ ਕਸਾਈਆਂ ਦੇ ਵੱਸ ਪੈ ਗਈ ਸੀ ,, ਜਿਹੜੇ ਉਹਨੂੰ ਵੱਡਦੇ ਨਹੀਂ ਤਾਂ ਉਚੇੜਦੇ ਰੋਜ ਸਨ ,,,, ਹਰਪ੍ਰੀਤ ਦੇ ਦਿਮਾਗ ਤੇ ਬੋਝ ਪੈਣ ਦੀ ਕੋਈ ਕਸਰ ਨਹੀਂ ਸੀ ,,,, ਉਹਨੂੰ ਘਰੋਂ ਨਿੱਕਲਣ ਦਾ ਓਡਾ ਦੁੱਖ ਨਹੀਂ ਸੀ ਜਿੰਨਾਂ ਮਸੂਮ ਧੀ ਦਾ ,,,, ਧੀ ਦੇ ਭਵਿੱਖ ਦੀ ਚਿੰਤਾ ਉਹਨੂੰ ਵੱਢ ਵੱਢ ਖਾ ਰਹੀ ਸੀ ,,,, ਕਿਸੇ ਨਤੀਜ਼ੇ ਤੇ ਪਹੁੰਚ ਸਕਣ ਦੀ ਸਮਰੱਥਾ ਵੀ ਹੁਣ ਜਿਵੇਂ ਉਸ ਵਿੱਚ ਨਹੀਂ ਸੀ ,,,, ਉਸ ਨੂੰ ਕੁਝ ਵੀ ਸੁੱਝ ਨਹੀਂ ਰਿਹਾ ਸੀ ,,,, ਕਿ ਕੌਣ ਕੀ ਸਵਾਲ ਕਰੇਗਾ ਤੇ ਮੈਂ ਉਸ ਦਾ ਕੀ ਜਵਾਬ ਦੇਵਾਂਗੀ ,,,,, ਕੀ ਪੇਕੇ ਕਰਨਗੇ ਤੇ ਕੀ ਇਹ ਫੈਸਲਾ ਲੈਣਗੇ ,,,, ਹਰਪ੍ਰੀਤ ਏਸ ਕੰਜਰ ਕਲੇਸ਼ ਵਿੱਚ ਕਦੋਂ ਦੀ ਮਰ ਮੁੱਕ ਗਈ ਹੁੰਦੀ ,,, ਜੇਕਰ ਉਸਦੀ ਮਸੂਮ ਕੁੜੀ ਮਹਿਕ ਨਾ ਹੁੰਦੀ ,,,,
ਗਿਆਰਾਂ ਕੁ ਵਜੇ ਪੰਚਾਇਤ ਜੁੜਨੀ ਸ਼ੁਰੂ ਹੋ ਗਈ ,,,, ਪਿੰਡ ਦਾ ਸਰਪੰਚ ,,,, ਦੋ ਤਿੰਨ ਮੈਂਬਰ ,, ਜੈਲੋ ਦੀ ਕੁੜੀ ਸਿਮਰ ਤੇ ਉਸ ਦਾ ਘਰ ਵਾਲਾ ਜਗਸੀਰ ਸਿੰਘ ,,,, ਹੋਰ ਘਰਾਂ ਦੇ ਮੋਹਤਬਰ ਬੰਦੇ ਤੇ ਕੁਸ਼ ਤਮਾਸ਼ਬੀਨ ,,, ,,,
ਥੋੜੇ ਚਿਰ ਬਾਅਦ ਹੀ ਹਰਪੀਤੀ ਦੇ ਪੇਕੇ ਵੀ ਭਰੇ ਪੀਤੇ ਪਹੁੰਚ ਗਏ ,,,,, ਉਹਨਾਂ ਨਾਲ ਵੀ ਉਹਨਾਂ ਦਾ ਸਰਪੰਚ ਸੀ ,,,,,
ਇਕੱਲੀ ਜੈਲੋ ਤੋਂ ਬਿਨਾਂ ਸਾਰੇ ਚੁੱਪ ਬੈਠੇ ਸਨ ,,,, ਕਿਸੇ ਮੌਤ ਵਰਗੀ ਚੁੱਪ ,,,, ਕਿਸੇ ਸੱਥਰ ਵਰਗੀ ਚੁੱਪ , ਸ਼ਮਸ਼ਾਨ ਵਰਗੀ ਚੁੱਪ,,, ਪਰ ਜੈਲੋ ਆਪ ਮੁਹਾਰੇ ਹੀ ਬੁੜਬੁੜ ਕਰਦੀ ਫਿਰ ਰਹੀ ਸੀ ,,,, ਹਰਪ੍ਰੀਤ ਤੇ ਪਿਤਾ ਅਤੇ ਮੋਹਤਬਰਾਂ ਨੇ ਸਾਰਿਆਂ ਨੂੰ ਸਤਿ ਸ੍ਰੀ ਆਕਾਲ ਬੁਲਾਈ ,,,, ਜੀਹਦਾ ਜੁਆਬ ਸਰਪੰਚ ਤੋਂ ਬਿਨਾਂ ਹੋਰ ਕਿਸੇ ਨੇ ਨਹੀਂ ਦਿੱਤਾ ,,,,, ਜਿਵੇਂ ਸਾਰੇ ਹੀ ਹਰਪੀਤੀ ਨੂੰ ਘਰੋਂ ਕੱਢਣ ਲਈ ਕਾਹਲੇ ਸਨ ,, ਜੈਲੋ ਦੇ ਪੱਖੀ ਸਨ ,,, ਉਹਦੇ ਭਗਤ ਸਨ ,,, ਜਾਂ ਫਿਰ ਜੈਲੋ ਦੀ ਕਰਾਮਾਤ ਦਾ ਅਸਰ ਸੀ ,,, ਵੱਡੀ ਨੂੰਹ ਨੇ ਪਾਣੀ ਫੜਾਇਆ ,,,, ਚਾਹ ਧਰ ਲਈ ,,, ਪਰ ਕੰਨ ਉਹਦਾ ਏਧਰੇ ਹੀ ਸੀ ,,,,,
ਜੈਲੋ ਨੂੰ ਕੋਈ ਅਲੌਕਿਕ ਖੁਸ਼ੀ ਨੇ ਮਦਹੋਸ਼ ਕੀਤਾ ਹੋਇਆ ਸੀ ,,,, ਉਹ ਇਉਂ ਭੱਜ ਰਹੀ ਸੀ ਜਿਵੇਂ ਕੋਈ ਵਿਆਹ ਹੋਵੇ ,,,, ਜਿਵੇਂ ਜੰਨ ਬੂਹੇ ਆਣ ਖਲੋਤੀ ਹੋਵੇ , ਜਿਵੇਂ ਮੇਲੇ ਜਾਣਾ ਹੋਵੇ , ਜਿਵੇਂ ਹਥੇਲੀ ਚੋਂ ਕੰਡੇ ਨੇ ਨਿੱਕਲ ਜਾਣਾ ਸੀ ,,,, ਧੰਦਾ ਨਬੇੜ ਕੇ ਸੁਰਖੁਰੂ ਹੋ ਜਾਣਾ ਸੀ ,,,, ਘੋੜੇ ਵੇਚ ਕੇ ਸੌਂ ਜਾਣਾ ਸੀ ,,,, ਮਣਾਂ ਮੂੰਹੀਂ ਭਾਰ ਅੱਜ ਲਹਿ ਜਾਣਾ ਸੀ ,,,, ਜੈਲੋ ਖੁਸ਼ ਪਰ ਚੌਕੰਨੀ ਸੀ ,,,, ਸੱਤਾਂ ਪੱਤਣਾ ਦੀ ਤਾਰੂ ਸੀ ,,,, ,,
ਸਰਪੰਚ ਨੇ ਗੱਲ ਸ਼ੁਰੂ ਕੀਤੀ ,,,,, ਹਾਂ ਬਈ ਮਲਕੀਤ ਸਿਆਂ ਕੀ ਐਡਾ ਰੌਲਾ ਐ ? ਆਹ ਤੀਜੀ ਪੰਚਾਇਤ ਹੋਗੀ ,,,, ਯਰ ਚੰਗੇ ਲਗਦੇ ਆਂ ,,,,, ਆਪਾਂ ਧੀਆਂ ਭੈਣਾਂ ਆਲੇ ਟੱਬਰ ਆਂ ਯਰ ,,,,, ਨਬੇੜੋ ਯਰ ,,, ਮੈਨੂੰ ਤਾਂ ਅਜੇ ਤੱਕ ਤੁਹਾਡੇ ਰੌਲੇ ਦੀ ਸਮਝ ਨੀ ਆਈ !!! ਰੌਲਾ ਕੀ ਅਸਲ ਵਿੱਚ ?
ਰੌਲਾ ਤਾਂ ਕੋਈ ਨੀ ਸਰਪੰ,,,,,,,,,,,,,,,,,।
ਮਲਕੀਅਤ ਦੇ ਹਾਲੇ ਗੱਲ ਮੂੰਹ ਚ ਹੀ ਸੀ ਕਿ ਜੈਲੋ ਚੱਲ ਪਈ ,,,,
ਸਰਪੰਚਾ ਤੂੰ ਪੁੱਛ ਰੌਲਾ ਹੈ ਕੀ ਨੀ ,,,,, ??
ਬੱਸ ਸੌ ਦੀ ਇੱਕ ਅਸੀਂ ਏਹਨੂੰ ਬੈਤਲ ਨੂੰ ਘਰੇ ਨੀ ਰੱਖਣਾ ,,, ਬੱਸ ,,,
ਬਹੁਤ ਹੋਗੀ ,,,, ਨਿਪੁਤਿਆਂ ਦੇ ਸਾਡੇ ਈ ਕਰਮ ਮਾੜੇ ਸੀ ,,, ਜਿਹੜੀ ਇਹ ਗਏ ਘਰ ਦੀ ਸਾਡੀ ਦੇਹਲੀ ਟੱਪ ਆਈ ,,,, ਨਾ ਮੂੰਹ ਨਾ ਮੱਥਾ ,,,, ਕੰਜਰਾਂ ਦੀ ਖੁਸਰਾ ਜਿਆ ਸਾਡੇ ਮੱਥੇ ਆਣ ਵੱਜਿਆ ,,,,, ਨਾ ਚੱਜ ਦੀ ਨਾ ਹਾਲ ਦੀ ,,,,, ਔਤਰੀ ਨੂੰ ਰੋਟੀ ਨੀ ਸਿੱਧੀ ਪਕਾਉਣੀ ਆਉਂਦੀ,,, ਲੰਮੀਆਂ ਪੁਲਾਂਘਾਂ ਵਾਲੀ ਕੰਜਰੀ ,,,,,, ਮੈਥੋਂ ਹੁਣ ਹੋਰ ਨਾ ਮੂੰਹੋਂ ਕਢਾ ,,,,,, ਸਰਪੰਚਾ ,,,, ਬੱਸ ਅਸੀਂ ਤਾਂ ਸਮਾਨ ਚੁਕਾਉਣਾ ,,,,,, ਜੇ ਸਰਕਾਰੇ ਦਰਬਾਰੇ ਚੜ੍ਹਨਾ ,,,, ਓਵੇਂ ਆ ਜਾਣ ,,,,, ਇਹਨਾਂ ਦੀਆਂ ਸੱਤ ਪੁਸ਼ਤਾਂ ਯਾਦ ਨਾ ਕਰਨ ਤਾਂ ਮੈਨੂੰ ਜੈਲੋ ਕਿਹੜਾ ਆਖੂ ,,,,,, ਜੈਲੋ ਨੇ ਨਾਸਾਂ ਫੁੰਕਾਰੀਆਂ ,,,,, ਕੁੜੀ ਨਾਲ ਲਿਜਾਣੀ ਨਾਲ ਲੈਜੇ ,,,, ਨਹੀਂ ਅਸੀਂ ਆਪੇ ਸਿਆਪਾ ਕਰ ਦਿਆਂਗੇ ਏਥੇ ,,,,, ਸੁਣਗਿਆ ,,,,, ਜੈਲੋ ਨੇ ਸੁਣਵਾਈ, ਦਲੀਲ ਤੇ ਖੁਦ ਹੀ ਫੈਸਲਾ ਦਿੰਦਿਆਂ ਕਿਹਾ ,,,, ਜੈਲੋ ਮਾਮਲੇ ਨੂੰ ਭਖਾਉਣਾ ਚਹੁੰਦੀ ਸੀ ,,, ਲੋਹੇ ਨੂੰ ਗਰਮ ਕਰ ਢੰਗਾ ਮੋੜਨਾ ਚਹੁੰਦੀ ਸੀ ,,, ਆਪਣੀ ਮਰਜੀ ਨਾਲ ਮੋੜਨਾ ਚਹੁੰਦੀ ਸੀ ਜੋ ਠੰਡੇ ਤੇ ਸੱਟ ਮਾਰਿਆਂ ਬਿਲਕੁਲ ਵੀ ਨਾਮੁਮਕਿਨ ਸੀ ,,,,,,ਜੈਲੋ ਲੁਹਾਰ ਆਲੀ ਇੱਕ ਈ ਮਾਰਨਾ ਚਹੁੰਦੀ ਸੀ,,,,,,,
ਹਰਪ੍ਰੀਤ ਦੀ ਡੁਸਕਦੀ ਦੀ ਮੱਲੋ ਮੱਲੀ ਅਵਾਜ਼ ਉੱਚੀ ਹੋ ਗਈ,,,, ਵੀਰ ਜੀ ਮੈਂ ਨੀ ਜਾਣਾ ਕਿਤੇ ,,,,, ਮੈਨੂੰ ਦੋ ਸੁੱਕੀਆਂ ਰੋਟੀਆਂ ਦੇ ਦੇਣ ,,,,, ਮੈਂ ਆਵਦੀ ਧੀ ਪਾਲ ਲੂੰ , ਔਹ ਵਾੜੇ ਚ ਛੱਪਰ ਚ ਰਹਿ ਲਵਾਂਗੀ ,,,, ਹਰਪੀਤੀ ਦਾ ਜਿਵੇਂ ਬੱਸ ਪਹਿਲਾ ਤੇ ਆਖਰੀ ਹੱਲਾ ਏਨਾਂ ਕੁ ਹੀ ਸੀ ,,,,, ਹੌਕਿਆਂ ਨੇ ਉਹਨੂੰ ਅੱਗੇ ਬੋਲਣ ਨਾ ਦਿੱਤਾ ,,,, ਸ਼ਾਇਦ ਏਨੇ ਕੁ ਸ਼ਬਦ ਵੀ ਉਸਨੇ ਮਸਾਂ ਹੀ ਇਕੱਠੇ ਕੀਤੇ ਸਨ ,,,,, ਬੋਲੇ ਸਨ ,,,,, ਉਹਦਾ ਸਾਹ ਸਤ ਖਤਮ ਸੀ ,,,, ਉਹ ਜਿਵੇਂ ਬਿਨ ਸਾਹਾਂ ਤੋਂ ਪਿੰਜਰ ਸੀ ,,,, ਜਿਹੜਾ ਜੈਲੋ ਦੀ ਰਹਿਮਦਿਲੀ ਤੇ ਨਿਰਭਰ ਸੀ ਜੋ ਕਿ ਉਸਦਾ ਵਹਿਮ ਸੀ ,,,,, ਓਸੇ ਜੈਲੋ ਵੱਲ ਤਿਹਾਈਆਂ ਨਜ਼ਰਾਂ ਨਾਲ ਵੇਖ ਰਹੀ ਸੀ ਜਿਹੜੀ ਉਹਦਾ ਬਿਸਤਰਾ ਗੋਲ ਕਰਨ ਲਈ ਪੱਬਾਂ ਭਾਰ ਸੀ ,,,,ਜਿਹੜੀ ਅਜੇ ਵੀ ਝੋਟਿਆਂ ਆਲੇ ਘਰੋਂ ਲੱਸੀ ਦੀ ਆਸ ਲਾਈ ਬੈਠੀ ਸੀ,,,,,,
ਤੂੰ ਖੜ੍ਹ ਜਾ ਕੇਰਾਂ ਖੇਖਣਹਾਰੀਏ ,,,,, ਚਗਲੇ ਅਸੀਂ ਤੈਥੋਂ ਧਾਰਾਂ ਕਰਾਉਣੀਆਂ , ਰਹਿਲੂਗੀ ਇਹ ਛੱਪਰ ਚ ,,,, ਓਥੇ ਲਾਊ ਇਹ ਢੇਰ ਮੁੰਡਿਆਂ ਦਾ ਜੰਮ ਕੇ ,,,, ਤੇਰੇ ਨਾਲੋਂ ਤਾਂ ਕੁੱਤੀਆਂ ਚੰਗੀਆਂ ਜਿਹੜੀਆਂ ਕਤੂਰੇ ਤਾਂ ਜੰਮ ਲੈਂਦੀਆਂ ,,,, ਜੈਲੋ ਹਰਪੀਤੀ ਦੇ ਮਾਰਨ ਨੂੰ ਉਲਰੀ ਤਾਂ ਪੇਕਿਉਂ ਆਏ ਦੋ ਮੁੰਡੇ ਉੱਠ ਖੜ੍ਹੇ ਹੋਏ ,,,,,, ਮਾਸੀ ਹੱਥ ਨਾ ਲਾ ਬੈਂਠੀਂ ,,,, ਲਾਸਾਂ ਵਿਸ਼ ਜਾਣਗੀਆਂ ,,,,,, ਤੂੰ ਤਾਂ ਸਾਡੇ ਸਾਹਮਣੇ ਨੀ ਹਟਦੀ ,,,,, ਮਗਰੋਂ ਕੀ ਕੁਸ਼ ਕਰਦੀ ਹੋਵੇਗੀ !!!! ਹੈਂਅ ,।।। ,,, ਸਰਪੰਚ ਸਾਹਬ ਨਿਬੇੜੋ ਕੰਮ ,,,, ਅਸੀਂ ਨੀ ਛੱਡਣੀ ਆਪਣੀ ਭੈਣ ਏਥੇ ,,,, ਤੂੰ ਬੱਕਰੀ ਬਣਿਆ ਬੈਠਾਂ ਐਂ ਸਾਲਿਆ ,,,,, ਓਦੋਂ ਸਿਹਰੇ ਬੰਨ੍ਹ ਕੇ ਜਾ ਖੜਾ ਸੀ !!! ਇੱਕ ਭਰਾ ਨੇ ਬਿੰਦਰ ਵੱਲ ਇਸ਼ਾਰਾ ਕੀਤਾ ,,,, ਪਰ ਬਿੰਦਰ ਨੇ ਨੀਵੀਂ ਪਾ ਲਈ ,,,
ਚਲੋ ਭਾਈ ਦੱਸੋ ਫਿਰ ਕਿਵੇਂ ਕਰਨੀ ਆ ,,,, ਸਰਪੰਚ ਨੇ ਹਰਪੀਤੀ ਦੇ ਬਾਪ ਵੱਲ ਨਿਗ੍ਹਾ ਘੁਮਾਈ ,,,, ਸਰਪੰਚ ਜਿਵੇਂ ਮਾਮਲਾ ਜਾਣ ਚੁੱਕਿਆ ਸੀ ,,, ਜਾਂ ਫਿਰ ਉਹ ਜੈਲੋ ਦੇ ਸੁਭਾਅ ਤੋਂ ਜਾਣੂ ਸੀ ।
ਦੇਖਲੋ ਸਰਪੰਚ ਸਾਹਿਬ ,,, ਹਰਪੀਤੀ ਦਾ ਬਾਪੂ ਰੋਣਹਾਕਾ ਹੋਇਆ ਬੈਠਾ ਸੀ ,,,, , ਬਾਪ ਬਹੁਤਾ ਈ ਭਲਾ ਪੱਧਰ ਇਨਸਾਨ ਸੀ ,, ਕੋਈ ਵਲ ਫੇਰ ਨਹੀਂ ਸੀ ,,,, ਸਿੱਧ ਪੱਧਰਾ ਜੱਟ ,,,ਵਾਹੀਵਾਨ ,, ਮੌਲਾ ਜੱਟ ,,,,
ਕੋਈਨੀ ,,,,, ਕਰਦੇਂ ਆਂ ਕੋਈ ਗੱਲ ,,, ਟਿਕਾ ਕੇ ਵੇਖਦੇ ਆਂ ਜੇ ਗੱਲ ਟਿਕ ਜੇ ਤਾਂ ,,,,,, ਤੁਸੀਂ ਚਾਹ ਪੀਉ ,,,, ਪ੍ਰਾਹੁਣਾ ਜਗਸੀਰ ਸਿੰਘ ਬੋਲਿਆ ,,,, ਜਿਹੜਾ ਚੁੱਪਚਾਪ ਹੁਣ ਤੱਕ ਸਭ ਕੁਸ਼ ਸੁਣ ਰਿਹਾ ਸੀ ,,,,, ਹਰਪ੍ਰੀਤ ਦੀ ਨਣਾਨ ਤੇ ਵੱਡੀ ਜਠਾਣੀ ਰਸੋਈ ਵਿੱਚ ਹੌਲੀ ਹੌਲੀ ਘੁਸ-ਮੁਸ ਰਹੀਆਂ ਸਨ ,,,,, ਜੈਲੋ ਬਾਹਾਂ ਚੌੜੀਆਂ ਕਰੀ ,,, ਠਾਣੇਦਾਰ ਵਾਂਗ ਸਾਰਿਆਂ ਦੇ ਜਿਵੇਂ ਸਿਰ ਤੇ ਖੜ੍ਹੀ ਸੀ ,,,,,, ।
ਨੀ ਆਹ ਵੀਰ ਜੀ ਹੁਣ ਕੀ ਟਿਕਾਉਣੇ ਟਿਕਾਉਣੇ ਆ ਕਰੀ ਜਾਂਦੇ ਆ ,,,, ਗੱਲ ਨਿੱਬੜਦੀ ਆ ਸਗੋਂ ,,,,,, ਵੱਡੀ ਨੂੰਹ ਗੁਰਮੇਲ ਕੁਰ ਨੇ ਨਣਾਣ ਸਿਮਰ ਨੂੰ ਜਿਵੇਂ ਉਲਾਂਭਾ ਦਿੱਤਾ ,,,,,
ਨਾ ਉਹ ਤਾਂ ਬੱਸ ਐਵੇਂ ਈ ਕਹਿੰਦੇ ਹੋਣਗੇ ,,,,, ਉਹ ਤਾਂ ਘੱਟ ਦਖਲ ਦਿੰਦੇ ਹੁੰਦੇ ਆ , ਕਿਸੇ ਦੇ ਮਾਮਲੇ ਚ ,,,,,,, ਸਿਮਰ ਨੇ ਇੱਕ ਤਰਾਂ ਆਪਣੇ ਘਰਵਾਲੇ ਦੀ ਤਰਫਦਾਰੀ ਤੇ ਨਾਲ ਤਾਰੀਫ ਕੀਤੀ ,,,,,
ਚਾਹ ਪੀਤੀ ਗਈ ,,,,, ਬਹੁਤੀ ਬਹਿਸਬਾਜ਼ੀ ਤੋਂ ਬਿਨਾਂ ਹੀ ਦੋਨੇ ਧਿਰਾਂ ਤਲਾਕ ਤੇ ਸਹਿਮਤ ਹੋ ਗਈਆਂ ,,,, ਦਾਜ ਦੇ ਸਾਮਾਨ ਤੋਂ ਬਿਨਾਂ ਤਿੰਨ ਲੱਖ ਰੁਪਿਆ ਨਕਦ ਖਰਚੇ ਦਾ ਪੰਜ ਲੱਖ ਕੁੜੀ ਦੇ ਨਾਮ ਕਰਾਉਣ ਤੇ ਸਹਿਮਤੀ ਹੋਈ ,,,,,,,,
ਅਚਾਨਕ ਬਾਹਰੋਂ ਘਰ ਦਾ ਵੱਡਾ ਦਰਵਾਜਾ ਖੜਕਿਆ ,,,,,, ਇੱਕ ਵਾਰ ,, ਦੋ ਵਾਰ ,,,,, ਤਿੰਨ ਵਾਰ ,,,, ਠੱਕ ਠੱਕ ਠੱਕ ,,,,
ਸਾਰਿਆਂ ਦਾ ਧਿਆਨ ਓਧਰ ਗਿਆ ,,,,, ਕਿਉਂਕਿ ਸਾਰੇ ਬੰਦੇ ਬਾਹਰ ਵਿਹੜੇ ਵਿੱਚ ਈ ਬੈਠੇ ਸਨ ,,,,, ।
ਬਿੰਦਰ ਨੇ ਦਰਵਾਜ਼ਾ ਖੋਲ੍ਹਿਆ ,,,,,
ਖਾਕੀ ਕੱਪੜਿਆਂ ਵਿੱਚ ਕੋਈ ਅਦਾਲਤ ਦਾ ਪਿਆਦਾ ਸੀ ,,,,,
ਬਾਈ ਜੀ ਮਲਕੀਤ ਸਿੰਘ ਦਾ ਘਰ ਇਹੀ ਆ ,,?
ਹਾਂ ਜੀ ਹਾਂ ਜੀ ,,,,, ਆਜੋ ,,,, ਐਥੇ ਈ ਆਜੋ ਦੱਸੋ ਕੀ ਕੰਮ ਹੈ ? ਮਲਕੀਤ ਸਿਉਂ ਨੇ ਓਥੋਂ ਈ ਖ਼ੜੇ ਹੋ ਕੇ ਕਿਹਾ ,,,,, ਜੈਲੋ ਵਗ ਕੇ ਮੂਹਰੇ ਹੋਈ ,,,,, ਕੀ ਆ ਵੇ ਭਾਈ ? ਕੌਣ ਆ ਤੂੰ ? ਕੀ ਕੰਮ ਆ ?
ਬੀਬੀ ਜੀ ,,,, ਸਿਰਮਜੀਤ ਕੌਰ ਪੁਤਰੀ ਮਲਕੀਤ ਦੇ ਸੰਮਨ ਹਨ ,,,
ਸਿਮਰਜੀਤ ਜਾਂ ਮਲਕੀਤ ਸਿੰਘ ਨੂੰ ਬੁਲਾਉ ,,,,
ਸੰਮਨਾਂ ਦਾ ਨਾਮ ਸੁਣ ਕੇ ਜੈਲੋ ਦਾ ਗਲਾ ਖੁਸ਼ਕ ਹੋ ਗਿਆ ,,,, ਉਹ ਮਸਾਂ ਈ ਬੋਲੀ ,,,,,, ਸ ਸ ਸ ਸੰਮਨ !!!! ਵੇ ਕਾਹਦੇ ਸੰਮਨ ਭਾਈ ? ਕੀ ਕੀਤਾ ਐ ਮੇਰੀ ਧੀ ਨੇ ,,,,, ਜੈਲੋ ਨੂੰ ਜਿਵੇਂ ਕੁਝ ਸੁੱਝ ਨਹੀਂ ਰਿਹਾ ਸੀ,,,,,,
ਹਾਂ ਮਾਈ ਸੰਮਨ ,,,,,,, ਤਲਾਕ ਦਾ ਕੇਸ ਕੀਤਾ ਐ ,,,, ਥੋਡੇ ਜੁਆਈ ਨੇ ,,,,,, ਥੋਡੀ ਧੀ ਤੇ ,,,,, ਪਰਸੋਂ ਤਰੀਕ ਐ ,,,,, ਆਪਣਾ ਵਕੀਲ ਕਰੋ ਤੇ ਤਰੀਕ ਤੇ ਹਾਜਰ ਹੋਵੋ ,,,,,,,,
ਹੈਂਅ ਤਲਾਕ !!!! ਕਿਉਂ ? ਜੈਲੋ ਨੂੰ ਧਰਤੀ ਬਸਾਰ ਵਰਗੀ ਦਿਖਣ ਲੱਗੀ ,,,,,,, ਲੱਤਾਂ ਕੰਬਣ ਲੱਗੀਆਂ ,,,,, ਬਾਕੀ ਸਾਰੇ ਵੀ ਸੁਣ ਕੇ ਹੈਰਾਨ ਹੋ ਗਏ ,,,,,, ਕਿ ਇਹ ਕੀ ਨਵਾਂ ਈ ਟਟਵੈਰ ਖੜਾ ਹੋ ਗਿਆ ,,,, ਸਿਮਰ ਤੇ ਗੁਰਮੇਲ ਕੁਰ ਵੀ ਬਾਹਰ ਆ ਗਈਆਂ ,,,,,
ਵੇ ਪੁੱਤ ਜਗਸੀਰ ਸਿਆਂ ,,,,,, ਇਹ,,, ਇਹ ,,, ਕੀ ਆ ? ਵੇ ਭਾਈ ਤੂੰ ਗਲਤ ਘਰੇ ਤਾਂ ਨੀ ਆ ਗਿਆ ? ਕਿਸੇ ਹੋਰ ਪਿੰਡ ਤਾਂ ਨੀ ਜਾਣਾ ਸੀ ਤੂੰ ,,,,, ਜੈਲੋ ਦੇ ਮੂੰਹ ਦਾ ਰੰਗ ਪਲ ਪਲ ਬਦਲ ਰਿਹਾ ਸੀ ,,,,,, ਪੀਲਾ ਪੈ ਰਿਹਾ ਸੀ ,,,,, ਚਿੱਤ ਕੱਚਾ ਹੋਣ ਲੱਗਿਆ , ਚੱਕਰ ਆਉਣ ਲੱਗੇ ,,,, ਕੰਧ ਦਾ ਆਸਰਾ ਲੈ ਭੁੰਜੇ ਈ ਬੈਠ ਗਈ,,,,,,
ਨਹੀਂ ਮਾਈ ਇਹ ਝੂਠ ਨਹੀਂ ,,,, ਮੈਂ ਸੱਚ ਮੁੱਚ ਹੀ ਤਲਾਕ ਲੈ ਰਿਹਾਂ ਤੁਹਾਡੀ ਕੁੜੀ ਤੋਂ ,,,,, ਮੈਂ ਬਹੁਤ ਬਰਦਾਸ਼ਤ ਕਰ ਚੁੱਕਿਆਂ ,,,, ਮੈਨੂੰ ਇਹਦੇ ਚਾਲ ਚੱਲਣ ਤੇ ਸ਼ੱਕ ਹੈ ,,,, ਸਾਰਾ ਦਿਨ ਇਹ ਕਿਸੇ ਨਾਲ ਫੋਨ ਤੇ ਗੱਲਾਂ ਕਰਦੀ ਰਹਿੰਦੀ ਹੈ ,,,,,
ਵੇ ਪੁੱਤ ਉਹ ਤਾਂ ਮੇਰੇ ਨਾਲ ਈ ਗੱਲਾਂ ਕਰਦੀ ਆ ਵੇ ਪੁੱਤ ਮੇਰਿਆ ,,,, ਤੂੰ ਆਏਂ ਨਾ ਕਰ ਮੇਰਾ ਪੁੱਤ ,,,, ਆਵਦਾ ਘਰ ਨਾ ਪੱਟ ,,,, ਮੇਰੀ ਧੀ ਕਿਸੇ ਪਾਸੇ ਜੋਗੀ ਵੀ ਨੀ ਰਹਿਣੀ ,,,, ਬਹੁੜੀ ਵੇ ਪਿੰਡਾ ,,,, ਵੇ ਸਰਪੰਚਾ ,,, ਸਮਝਾ ਵੇ ਏਹਨੂੰ ,,,, ਵੇ ਲੋਕੋ ਵੇ ਮੈਂ ਪੱਟੀ ਗ ਈ ਵੇ ,,,,ਜੈਲੋ ਬੈਠੀ ਈ ਵੈਣ ਪਾਉਣ ਲੱਗੀ ,,,,, ਜੈਲੋ ਦੇ ਮੂੰਹ ਤੋਂ ਮੱਖੀ ਨਹੀਂ ਸੀ ਉੱਡ ਰਹੀ ਸੀ ,,,,,
ਮਾਈ ਹੁਣ ਤਾਂ ਸਰਕਾਰ ਈ ਨਿਬੇੜੂ ,,,, ਪਰਸੋਂ ਆ ਜਾਇਓ ,,, ਮੈਂ ਏਹਨੂੰ ਹੁਣ ਲੈ ਕੇ ਵੀ ਨੀ ਜਾਣਾ ,,,,, ਏਥੇ ਈ ਰਹੂ ,,,,, ਭਲਮਾਣਸੀ ਨਾਲ ਤਲਾਕ ਦੇ ਪੇਪਰਾਂ ਤੇ ਦਸਤਖ਼ਤ ਕਰੋ ,,,,,
ਵੇ ਪੁੱਤ ਵੇ ਮੈਂ ਵੇ ਮੈਂ ਤੇਰੇ ਪੈਨੀਂ ਆਂ ,,,, ਵੇ ਨਾ ਵੇ ਮੇਰੀ ਧੀ ਦਾ ਘਰ ਪੱਟ ,,,,, ਤੇ ਜੈਲੋ ਉੱਠ ਕੇ ਜਗਸੀਰ ਸਿੰਘ ਦੇ ਪੈਰਾਂ ਵਿੱਚ ਗੋਡਿਆਂ ਭਾਰ ਆਣ ਡਿੱਗੀ ,,,,, ਅਸਮਾਨੋਂ ਡਿੱਗੀ ਬਿਜਲੀ ਵਾਂਗ ਸਿਮਰ ਵੀ ਖੜੀ ਖੜੋਤੀ ਬੁੱਤ ਬਣ ਗਈ ,,,, ਮੂੰਹ ਤੋਂ ਹਵਾਈਆਂ ਉੱਡਣ ਲੱਗੀਆਂ ,,,,, ਰੰਗ ਕਾਲਾ ਪੈ ਗਿਆ ,,,, ਲਹੂ ਦਾ ਦਬਾਅ ਘਟਣ ਲੱਗਿਆ ,,,, ਅਚਾਣਕ ਆਈ ਆਫਤ ਨੇ ਸੁੱਧ ਬੁੱਧ ਗਵਾ ਦਿੱਤੀ ,,,, ਉਹਨੂੰ ਹੋਰ ਤਾਂ ਕੁਝ ਨਾ ਸੁੱਝਿਆ ,,,, ਭੱਜ ਕੇ ਗੱਡੀ ਵਿੱਚ ਜਾ ਬੈਠੀ ,,,, ਮੈਂ ਤਾਂ ਜਾਣਾ ,,,, ਮੈਂ ਤਾਂ ਜਾਣਾ ,,,, ਕਮਲ ਘੋਟਣ ਲੱਗੀ ,,,, ਸ਼ੁਦਾਈ ਹੋ ਗਈ,,,,,,,
ਦੇਖ ਮਾਈ ਏਹ ਖੇਖਣ ਨਹੀਂ ਚੱਲਣੇ ,,,, ਸਿੱਧੇ ਹੋ ਕੇ ਤਲਾਕ ਦਿਉ ਤੇ ਮੈਨੂੰ ਫਾਰਗ ਕਰੋ ,,,,,, ਜਗਸੀਰ ਸਿੰਘ ਇੱਕ ਲੱਤ ਤੇ ਸੀ ,,,
ਨਾ ਵੀ ਸ਼ੇਰਾ ਆਹ ਚਾਲ ਚੱਲਣ ਆਲੀ ਗੱਲ ਦੀ ਤਾਂ ਮੈਂ ਗਰੰਟੀ ਦਿੰਨਾਂ ,,,,, ਅਖੀਰ ਸਰਪੰਚ ਨੇ ਸਹਿਤੀ ਦਿੱਤੀ ,,,,,
ਨਹੀਂ ਚਾਚਾ ਜੀ ਜੇਹੜੇ ਨੰਬਰ ਤੇ ਇਹ ਗੱਲ ਕਰਦੀ ਹੈ , ਉਹ ਤੁਹਾਡੇ ਪਿੰਡ ਦੇ ਕਿਸੇ ਮੁੰਡੇ ਦੇ ਨਾਮ ਤੇ ਹੈ ,,,, ਤੇ ਆਹ ਦੇਖੋ ਡਿਟੇਲ ,,,,, ਜਗਸੀਰ ਨੇ ਜੇਬ ਚੋਂ ਤਿੰਨ ਵਰਕਿਆਂ ਦੀ ਫੋਨ ਕਾਲ ਡਿਟੇਲ ਦਿਖਾਈ ਜਿਸ ਤੇ ਨੱਬੇ ਪ੍ਰਤੀਸ਼ਤ ਇੱਕ ਹੀ ਨੰਬਰ ਤੋਂ ਫੋਨ ਆਏ ਗਏ ਸਨ ,,,,,,
ਸਰਪੰਚ ਨੇ ਡਿਟੇਲ ਪੜ੍ਹ ਕੇ ਸਿਰ ਮਾਰਿਆ ,,,,, ਤੇ ਖੜ੍ਹਾ ਹੋ ਗਿਆ ,,,,,
ਲ ਓ ਭਾਬੀ ਜੀ ,,, ਸਾਡੇ ਵੱਸੋਂ ਤਾਂ ਹੁਣ ਬਾਹਰ ਹੋ ਗਿਆ ਕੰਮ ,,,, ਤੁਹਾਡੇ ਘਰ ਦਾ ਮਸਲਾ ਹੈ ਇਹ ,,,, ਤੁਸੀਂ ਸੰਭਾਲੋ ,,,, ਅਸੀਂ ਹੁਣ ਚਲਦੇ ਹਾਂ ,,,,,
ਜੈਲੋ ਦੀ ਮਿਆਂਕ ਨਿੱਕਲ ਗਈ ,,,, ਸਰਪੰਚ ਨੂੰ ਬਾਂਹ ਤੋਂ ਫੜ ਕੇ ਬਿਠਾ ਲਿਆ ,,,, ਜਿਵੇਂ ਸਰਪੰਚ ਰੱਬ ਸੀ ,,, ਸਰਪੰਚ ਚਲਾ ਗਿਆ ਤਾਂ ਘਰ ਨੇ ਉੱਜੜ ਜਾਣਾ ਸੀ ,,,,, ਜਿਹੜੇ ਸਰਪੰਚ ਨੂੰ ਹਰਪ੍ਰੀਤ ਨੂੰ ਘਰੋਂ ਕੱਢਣ ਲਈ ਬੁਲਾਇਆ ਸੀ ,,, ਹੁਣ ਓਸੇ ਸਰਪੰਚ ਦੀਆਂ ਆਪਣੀ ਧੀ ਦਾ ਘਰ ਉਜੜਨੋ ਬਚਾਉਣ ਲ ਈ ਲੇਹਲੜੀਆਂ ਕੱਢ ਰਹੀ ਸੀ ਜੈਲੋ ,,,,,,
ਵੇ ਸਰਪੰਚਾ ਬਚਾ ਲੈ ਵੇ ,,,,,,,, ਵੇ ਅਸੀਂ ਤਾਂ ਪੱਟੇ ਗ ਏ ਵੇ ,,, ਉਜੜ ਗਏ ਵੇ ,,,,, ਵੇ ਮੈਂ ਕਿਸੇ ਨੂੰ ਮੂੰਹ ਦਿਖਾਉਣ ਜੋਗੀ ਨੀ ਰਹਿਣਾ ,,, ਵੇ
ਨਾ ਉਹ ਕਿਸੇ ਦੀ ਧੀ ਨੀ ??? ਜੀਹਨੂੰ ਬਿਨਾਂ ਗੱਲੋਂ ਘਰੋਂ ਕੱਢਣ ਲੱਗੀ ਐਂ ,,,,, ਹੁਣ ਤੇਰੀ ਧੀ ਦਾ ਘਰ ਉਜੜਦੈ ,,,,,, ਜਗਸੀਰ ਨੇ ਹੋਰ ਗਰਮ ਹੁੰਦਿਆਂ ਕਿਹਾ ,,,,,
ਇੱਕ ਸ਼ਰਤ ਤੇ ਰਾਜ਼ੀਨਾਮਾ ਹੋ ਸਕਦੈ ਮਾਈ ,,,,,, ਜਗਸੀਰ ਸਿੰਘ ਹੁਣ ਗੱਲ ਨੂੰ ਬਹੁਤੀ ਲੰਮਕਾਉਣਾ ਵੀ ਉਚਿੱਤ ਨਹੀਂ ਸਮਝਦਾ ਸੀ ,,,,,
ਵੇ ਮੈਂ ਸਾਰੀਆਂ ਮੰਨੂੰ ,,,,,, ਭਾਵੇਂ ਸੌ ਕਹਿ ,,,,, ਜੈਲੋ ਪਾਣੀ ਬਣ ਗਈ ਸੀ ,,,, ਜੈਲੋ ਮੋਮ ਸੀ ਜਿੱਧਰ ਮਰਜੀ ਢਾਲ ਲਵੋ ,,,,, ਜਾਂ ਫਿਰ ਜੈਲੋ ਗੁੰਨ੍ਹਿਆ ਆਟਾ ਸੀ ,,,, ਜਿਸ ਦੀ ਚਿੜੀ ਬਣਾਉ ਚਾਹੇ ਮੋਰ ,,,,,
ਸ਼ਰਤ ਇਹ ਐ ਕਿ ਹੁਣ ਮੈਂ ਚੱਲਿਆਂ ,,, ਪਰਸੋਂ ਤੱਕ ਦਾ ਟਾਈਮ ਹੈ ਤੁਹਾਡੇ ਕੋਲ ,,,,,,,
ਪਹਿਲੇ ਨੰਬਰ ਤੇ ਬਿੰਦਰ ਦੇ ਹਿੱਸੇ ਆਉਂਦੀ ਚੋਂ ਅੱਧੀ ਜਮੀਨ ,,,, ਯਾਨੀ ਸਾਰੀ ਜ਼ਮੀਨ ਦਾ ਚੌਥਾ ਹਿੱਸਾ ,,,,, ਹਰਪ੍ਰੀਤ ਦੇ ਨਾਮ ਕਰਾਉਂਗੇ ,,,,, ਦੋ ਨੰਬਰ ,,, ਇਹਨਾਂ ਲਈ ਕੱਲ੍ਹ ਤੋਂ ਹੀ ਅਲੱਗ ਵਾੜੇ ਵਿੱਚ ਘਰ ਪਾਉਣਾ ਸ਼ੁਰੂ ਕਰੋਂਗੇ ,,,,, ਨੰਬਰ ਤਿੰਨ ਤੁਸੀਂ ਸਾਰਾ ਟੱਬਰ ਹਰਪ੍ਰੀਤ ਦੇ ਮਾਪਿਆਂ ਦੇ ਪੈਰੀਂ ਹੱਥ ਲਾਉਂਗੇ ਤੇ ਮੁਆਫ਼ੀ ਮੰਗੋਂਗੇ ,,,
ਉਸ ਤੋਂ ਬਾਅਦ ਮੈਂ ਸਿਰਮ ਨੂੰ ਏਥੋਂ ਆ ਕੇ ਲੈ ਜਾਵਾਂਗਾ ,,,,,,
ਬੋਲੋ ਮਨਜ਼ੂਰ ਹੈ ਕਿ ਨਹੀਂ ?????? ਜਗਸੀਰ ਹੋਰ ਵੀ ਉੱਚੀ ਆਵਾਜ਼ ਵਿੱਚ ਬੋਲਿਆ ,,,,,,,
ਹਾਂ ਹਾਂ ਹਾਂ ਮਨਜ਼ੂਰ ਆ ਪੁੱਤ ,,,,, ਮਨਜ਼ੂਰ ਆ,,,,,, ਹਾਂ ਮਨਜ਼ੂਰ ਆ ,,,, ਮੈਨੂੰ ਸਭ ਕੁਝ ਮਨਜ਼ੂਰ ਆ ,,,,, ਬੱਸ ਮੇਰੀ ਧੀ ਨੂੰ ਤੱਤੀ ਵਾਅ ਨਾ ਲੱਗੇ ,,,,, ਤੇ ਜੈਲੋ ਹੱਥ ਬੰਨ੍ਹ ਓਨਾਂ ਚਿਰ ਖੜੋਤੀ ਰਹੀ ,,,, ਜਿੰਨਾਂ ਚਿਰ ਮਲਕੀਤ ਨੇ ਉਹਨੂੰ ਫੜ੍ਹ ਕੇ ਨਾ ਬਿਠਾਇਆ ,,,,,,
ਨੋਟ — ਪਾਤਰ ਘਟਨਾਵਾਂ ਕਾਲਪਨਿਕ ਹਨ ,,,, ਤਸਵੀਰ ਨੈੱਟ ਤੋਂ
ਰਾਜਿੰਦਰ ਸਿੰਘ ਢਿੱਲੋਂ ਬਾਜਾਖਾਨਾ

2 comments

Leave a Reply

Your email address will not be published. Required fields are marked *