ਦਰਵਾਜਾ-ਏ-ਦੌਲਤ | darwaza-e-daulat

ਫੁਕਰੇ ਨੇ ਗੱਡੀ ਨਾਲ ਦੌੜ ਲਾ ਲਈ..ਜਿੰਨੀ ਦੇਰ ਅੱਗੇ ਰਿਹਾ ਲਲਕਾਰੇ ਮਾਰੀ ਗਿਆ..ਜਦੋਂ ਗੱਡੀ ਸਪੀਡ ਫੜ ਅੱਗੇ ਨਿੱਕਲਣ ਲੱਗੀ ਤਾਂ ਪਟੜੀ ਤੋਂ ਪਾਸਾ ਵੱਟ ਖੁੱਲੇ ਵਾਹਣ ਵੱਲ ਨੂੰ ਹੋ ਗਿਆ..ਆਖਣ ਲੱਗਾ ਪਿਓ ਦੀ ਏਂ ਤਾਂ ਏਧਰ ਨੂੰ ਨੱਸ ਕੇ ਵਿਖਾ!
ਬਿਨਾ ਵਜਾ ਕਿਸੇ ਨੂੰ ਭੰਡਣਾ ਗਲਤ ਹੈ ਪਰ ਜਿਸ ਤਰਕ ਦੀ ਬੁਨਿਆਦ ਹੀ ਝੂਠ ਤੇ ਹੋਵੇ..ਉਸਦਾ ਜੁਆਬ ਦੇਣਾ ਤੇ ਬਣਦਾ ਹੀ ਹੈ..ਇਨਫੋਰਮੇਸ਼ਨ ਯੁੱਗ ਵਿਚ ਇੱਕ ਝੂਠ ਸੌ ਵੇਰ ਬੋਲ ਕੇ ਸੱਚ ਬਣਾਉਣ ਦੀ ਕਵਾਇਦ ਬੜੀ ਹੀ ਪ੍ਰਚੱਲਿਤ ਏ..!
ਕੈਲੀਫੋਰਨੀਆਂ ਮੰਦਰ ਦੀ ਕੰਧ ਤੇ ਭਿੰਡਰਾਂਵਾਲਾ ਜਿੰਦਾਬਾਦ ਲਿਖਿਆ ਮੁੜਕੇ ਅੰਗਰੇਜ਼ੀ ਵਿਚ ਟਰਾਂਸਲੇਸ਼ਨ ਵੀ ਕਰ ਦਿੱਤੀ “ਮਾਰਟਾਇਰ”..!
ਕਮਲਾ ਸ਼ਾਇਦ ਨਹੀਂ ਸੀ ਜਾਣਦਾ ਕੇ ਇਹ ਫੋਰਮੁੱਲਾ ਆਸਟ੍ਰੇਲੀਆ ਸਰਕਾਰ ਨੇ ਬੁਰੀ ਤਰਾਂ ਨੰਗਾ ਕਰ ਦਿੱਤਾ..ਆਪੇ ਰੋਗ ਲੌਣੇ ਆਪੇ ਦੇਣੀਆਂ ਦੁਆਵਾਂ..ਜਾ ਵੇ ਅਸਾਂ ਵੇਖ ਲਈਆਂ ਤੇਰੀਆਂ ਅਦਾਵਾਂ..!
ਹਿੰਦੀ ਵਿਚ ਆਖਦੇ..ਵਿਪਰੀਤ ਕਾਲਹਿ ਬੁੱਧੀ ਵਿਲੀਨ..ਮਾੜੇ ਟਾਈਮ ਊਂਠ ਤੇ ਬੈਠੇ ਨੂੰ ਵੀ ਕੁੱਤਾ ਵੱਢ ਖਾਂਦਾ..ਬਿੱਪਰ ਦੀ ਪੱਗ ਨੂੰ ਬਦਨਾਮ ਕਰਨ ਦੀ ਹਰ ਖੇਡ ਪੁੱਠੀ ਪੈ ਰਹੀ..!
ਬੰਬਈ ਤੋਂ ਗੁਆਟੇਮਾਲਾ ਜਾਂਦਾ ਹਵਾਈ ਜਹਾਜ ਫਰਾਂਸੀਸੀਆਂ ਰੋਕ ਲਿਆ..ਤਲਾਸ਼ੀ ਲਈ..ਨੱਬੇ ਗੁਜਰਾਤੀ..ਅਖ਼ੇ ਵਾਪਿਸ ਮੁਲਖ ਵਿਚ ਹੀ ਨਹੀਂ ਪਰਤਣਾ ਚਾਹੁੰਦੇ..ਵਿਸ਼ਵ ਗੁਰੂ ਦਾ ਸੂਬਾ..!
ਅਮਰੀਕਨ ਸਿਟੀਜਨ ਦੇ ਕਤਲ ਦੀ ਸਾਜਿਸ਼..ਅਖ਼ੇ ਅਸਾਂ ਕਮੇਟੀ ਬਿਠਾ ਦਿੱਤੀ..ਹੁਣ ਪੰਜ ਸੱਤ ਸਾਲ ਬੰਨੇ..ਮਗਰੋਂ ਗੱਲ ਠੰਡੀ ਪੈ ਜਾਵੇਗੀ..ਪਰ ਅਗਲੇ ਹਰ ਹਫਤੇ ਅੱਪਡੇਟ ਮੰਗਦੇ..ਦੱਸੋ ਜਾਂਚ ਕਿਥੇ ਤੀਕਰ ਅੱਪੜੀ..ਜੇ ਨਹੀਂ ਤਾਂ ਕਰੋ ਸਾਡੇ ਹਵਾਲੇ ਅਸੀਂ ਆਪੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਲਵਾਂਗੇ!
ਦੀਪ ਸਿੱਧੂ ਵੀਰੇ..ਜਿਥੇ ਵੀ ਹੈਂ..ਕਲਾ ਵਰਤਦੀ ਆਪੇ ਵੇਖ ਲੈ..ਨਿਥਾਂਵੀਂ ਕੌਂਮ ਦਾ ਨੈਰੇਟਿਵ ਦੁਨੀਆਂ ਨੂੰ ਸਮਝ ਆ ਰਿਹਾ..ਕੰਗਾਰੂ ਆਖਦੇ ਇਹ ਤਾਂ ਬੇਗਾਨੇ ਮੁਲਖ ਵਿਚ ਵੀ ਸਿਖਾਂ ਦੇ ਲਹੂ ਦੇ ਤਿਰਹਾਏ ਬਣੇ ਹੋਏ ਨੇ..ਆਪਣੇ ਮੁਲਖ ਵਿਚ ਕੀ ਹਾਲ ਕਰਦੇ ਹੋਣੇ..ਲੁਕ ਲੁਕ ਲਾਈਆਂ ਪ੍ਰਕਟ ਹੋਈਆਂ..ਵੱਜ ਗਏ ਢੋਲ ਨਗਾਰੇ ਨੀ..!
ਨਗਾਰੇ ਤੋਂ ਯਾਦ ਆਇਆ..ਪਹਾੜੀ ਰਾਜੇ ਔਰੰਗੇ ਕੋਲ ਗਏ..ਅਖ਼ੇ ਅਨੰਦਪੁਰ ਵੱਜਦੇ ਨਗਾਰੇ ਸਾਨੂੰ ਸੌਣ ਨਹੀਂ ਦਿੰਦੇ..ਕੋਈ ਹੱਲ ਕਰੋ..ਇੱਕ ਵਫਦ ਜੂਨ ਚੁਰਾਸੀ ਤੋਂ ਪਹਿਲੋਂ ਵੀ ਕਈ ਵੇਰ ਦਿੱਲੀ ਗਿਆ..ਅਖ਼ੇ ਸਾਡੀ ਦੁਕਾਨ ਬੰਦ ਹੋਈ ਜਾਂਦੀ..ਕੋਈ ਹੱਲ ਕਰੋ..!
ਮੇਜਰ ਗੌਰਵ ਆਰੀਆ..ਆਖਦਾ ਸੀ..ਨਿਊਯੌਰਕ..ਲੋਸ ਏਂਜਲਸ ਦਾ ਮਾਫੀਆ ਹਾਇਰ ਕਰੋ..ਕੱਲੇ ਕੱਲੇ ਨੂੰ ਕੱਢ ਕੱਢ ਮਾਰੋ..ਪੈਸੇ ਦੀ ਫਿਕਰ ਨਾ ਕਰੋ..ਬਹੁਤ ਏ ਸਾਡੇ ਕੋਲ..ਹੁਣ ਗੁਪਤੇ ਹੁਰੀਂ ਕੱਚੀ ਨੀਂਦਰੇ ਫੜੇ ਗਏ ਤਾਂ ਸਿੱਧਾ ਯੂ ਟਰਨ..ਅਖ਼ੇ ਬੇਗਾਨੇ ਮੁਲਖ ਵਿਚ ਜਾ ਕੇ ਇੰਝ ਦੇ ਕੰਮ ਕਰਨੇ ਤਾਂ ਸਾਡਾ ਏਜੰਡਾ ਹੀ ਨਹੀਂ..!
ਪਹਿਲੋਂ ਅਖ਼ੇ ਜੀ ਅਸੀਂ ਸਾਨ ਹੁੰਨੇ..ਅੱਗੋਂ ਤਕੜਾ ਟੱਕਰ ਗਿਆ ਤਾਂ ਜਾਣ ਦਿਓ ਅਸੀਂ ਤਾਂ ਗਊ ਜਾਏ ਹਾਂ..!
ਵਿਸ਼ਵ ਗੁਰੂ ਮੰਨ ਚੁਕਾ ਸੀ ਕੇ ਸੰਯੁਕਤ ਰਾਸ਼ਟਰ ਵਿਚ ਮੇਰੀ ਸਥਾਈ ਸੀਟ ਪੱਕੀ ਏ..ਪਰ ਅਗਲਿਆਂ ਮੱਖਣ ਵਿਚੋਂ ਵਾਲ ਵਾਂਙ ਕੱਢ ਮਾਰਿਆ..ਅਜੇ ਦਿੱਲੀ ਤੁਹਾਥੋਂ ਦੂਰ ਏ..ਅੱਗੋਂ ਅਰਜੀ ਲਾਉਣ ਤੋਂ ਵੀ ਵਰਜਿਆ..ਪਹਿਲੋਂ ਕਾਬਲ ਬਣੋ!
ਕਾਬਲ ਤੋਂ ਯਾਦ ਆਇਆ..ਤਾਲੀਬਾਨ ਸੱਤਾ ਵਿੱਚ ਆਏ ਤਾਂ ਤੌਖਲਾ ਪ੍ਰਕਟ ਕੀਤਾ..ਹੁਣ ਰਹਿੰਦਾ ਖ਼ੂੰਹਦਾ ਅਫਗਾਨਿਸਤਾਨ ਵੀ ਮਿੱਟੀ ਹੋਇਆ ਸਮਝੋ..ਪਰ ਕੁੜਤੇ ਸਲਵਾਰਾਂ ਪਾਈ ਚੁੱਪਚਾਪ ਆਪਣੇ ਰਾਹ ਤੁਰੇ ਗਏ..ਅਤੀਤ ਦੀਆਂ ਗਲਤੀਆਂ ਤੋਂ ਵੀ ਬਹੁਤ ਕੁਝ ਸਿੱਖਿਆ..ਅੱਜ ਡਾਲਰ ਮੁਕਾਬਲੇ ਕਰੰਸੀ ਵਿਸ਼ਵ ਗੁਰੂ ਮੁਕਾਬਲੇ ਲਿਆ ਖੜੀ ਕੀਤੀ..!
ਕੁੰਦੂਸ਼ ਸ਼ਹਿਰ ਪੰਜਾਬੀ ਬਲੋਗਰ ਜੋੜੇ ਦਾ ਫੋਨ ਗਵਾਚ ਗਿਆ..ਅਫਗਾਨ ਪੁਲਸ ਨੇ ਮੁਆਫੀ ਮੰਗੀ ਅਖ਼ੇ ਸੰਪਰਕ ਵਿਚ ਰਿਹੋ ਲੱਭ ਕੇ ਜਿਥੇ ਹੋਏ ਓਥੇ ਪਹੁੰਚਦਾ ਕਰਾਂਗੇ..!
ਮੁਆਫੀਆਂ ਦਾ ਦੌਰ ਏਧਰ ਵੀ ਗਰਮ ਏ..ਸੱਪ ਵੀ ਮਰ ਜਾਵੇ ਸੋਟੀ ਵੀ ਨਾ ਟੁੱਟੇ..ਪੁਰਾਣਾਂ ਇਸ਼ਕ ਅੱਧੀ ਰਾਤ ਉਠਾਲ ਦਿੰਦਾ ਫੇਰ ਨੀਂਦਰ ਨਹੀਂ ਪੈਂਦੀ..ਬੇਦਰਦੀਆਂ ਸਭ ਕੁਝ ਲੁੱਟ ਲਿਆ ਹੁਣ ਮੂੰਹ ਨਹੀਂ ਕਰਦੇ..ਟਾਂਡਿਆਂ ਵਾਲੀ ਵੀ ਨਰਾਜ ਕੀਤੀ ਤੇ ਭਾਂਡਿਆਂ ਵਾਲੀ ਵੀ..ਖੈਰ ਆਪਣੀ ਕੌਮ ਦੀ ਪਿੱਠ ਵਿਚ ਛੁਰੀ ਮਾਰਨ ਵਾਲਾ ਅੱਜ ਵੀ ਹੈਨੀ ਤੇ ਕਲ ਵੀ..ਜੇ ਰਹਿ ਵੀ ਗਿਆ ਤਾਂ ਇਤਿਹਾਸ ਲਿਹਾਜ ਨਾ ਕਰੂ..!
ਇਤਿਹਾਸ ਤੋਂ ਯਾਦ ਆਇਆ..ਇਹ ਸਾਂਭਣ ਦੀ ਤਕਨੀਕ ਨਹੀਂ ਆਈ ਅਜੇ ਤੱਕ..ਇੱਕ ਤੁਰਕਿਸ਼ ਕਹਾਵਤ ਏ ਜੋ ਵੇਲੇ ਸਿਰ ਆਪਣੇ ਰਾਹ ਖੁਦ ਨਹੀਂ ਬਣਾਉਂਦੇ ਓਹਨਾ ਨੂੰ ਫੇਰ ਬੇਗਾਨੀਆਂ ਪੱਗਡੰਡੀਆਂ ਤੇ ਨੰਗੇ ਪੈਰੀ ਤੁਰਨਾ ਪੈਂਦਾ..ਅਗਲਾ ਰਾਹ ਵਿਚ ਕੰਡੇ ਵਿਛਾਵੇਂ ਤੇ ਭਾਵੇਂ ਬਰੂਦ..ਅੱਗੇ ਤੇਰੇ ਭਾਗ ਲੱਛੀਏ..!
ਇੰਝ ਕੜੀ ਨਾਲ ਕੜੀ ਰਲਦੀ ਗਈ ਤਾਂ ਗੱਲ ਹੋਰ ਲੰਮੀ ਹੋ ਜਾਣੀ..ਅਖੀਰ ਵਿਚ ਸਿਰਫ ਏਨਾ ਹੀ ਕੇ ਜਿਸ ਕੋਲ ਗਵਾਉਣ ਲਈ ਕੁਝ ਨਹੀਂ ਹੁੰਦਾ ਉਹ ਅਕਸਰ ਦਲੇਰ ਹੋ ਜਾਂਦਾ..ਤੇ ਜਿਸ ਨੇ ਥਾਂ ਥਾਂ ਖਿਲਾਰੇ ਪਾਏ ਹੁੰਦੇ ਉਹ ਦਿਨੇ ਰਾਤ ਬੱਸ ਫ਼ਿਕਰਮੰਦ ਕੇ ਕਿਧਰੇ ਕੋਈ ਦੱਬ ਹੀ ਨਾ ਲਵੇ!
ਮੇਰਾ ਬਾਦਸ਼ਾਹ ਦਰਵੇਸ਼..ਦਸਮ ਪਿਤਾ ਗੁਰੂ ਗੋਬਿੰਦ ਸਿੰਘ..ਕੌਂਮ ਖਾਤਿਰ ਪਰਿਵਾਰ..ਅਨੰਦਪੁਰੀ..ਸੰਗਤ..ਫੌਜਾਂ ਖਜਾਨੇ ਤੋਪਾਂ ਘੋੜੇ ਪੁਸਤਕ ਭੰਡਾਰ ਅਤੇ ਹੋਰ ਬੇਅੰਤ ਬਖਸ਼ਿਸ਼ਾਂ ਪਲਾਂ ਵਿਚ ਹੀ ਕੁਰਬਾਨ ਕਰ ਦਿੱਤੀਆਂ..ਤਾਂ ਵੀ ਚੜ੍ਹਦੀ ਕਲਾ ਵਿੱਚ..!
ਈਰਾਨ ਵਿੱਚ ਲਾਇਬ੍ਰੇਰੀ ਦੇ ਮੁਖ ਦਵਾਰ ਦਾ ਨਾਮ ਸਿਖਾਂ ਦੇ ਗੁਰੂ ਦੇ ਨਾਮ ਤੇ ਰੱਖਣਾ ਸੀ..ਆਖਣ ਲੱਗੇ ਦੱਸੋ ਕੀ ਰੱਖੀਏ?
ਦਸਮ ਪਿਤਾ ਦੀ ਸਾਖੀ ਸੁਣੀ ਤਾਂ ਆਖਣ ਲੱਗੇ ਸਾਨੂੰ ਨਾਮ ਮਿਲ ਗਿਆ..ਜਿਸ ਨੇ ਕੌਂਮ ਧਰਮ ਦੀ ਖਾਤਿਰ ਸਭ ਕੁਝ ਨਿਛਾਵਰ ਕਰ ਦਿੱਤਾ..ਰੱਤੀ ਭਰ ਦੌਲਤ ਵੀ ਕੋਲ ਨਹੀਂ ਰੱਖੀ..ਇਹ ਦਵਾਰ ਹੁਣ..”ਦਰਵਾਜਾ-ਏ-ਦੌਲਤ” ਦੇ ਨਾਮ ਨਾਲ ਜਾਣਿਆਂ ਜਾਵੇਗਾ!
ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *