ਗਰਮੀਆਂ ਦੀਆਂ ਛੁੱਟੀਆਂ – ਭਾਗ ਪਹਿਲਾ | garmiya diya chuttiyan

ਗਰਮੀਆਂ ਦੀਆਂ ਛੁੱਟੀਆਂ….ਭਾਗ ਪਹਿਲਾ
ਸੁੱਖੇ ਨੂੰ ਗਰਮੀਆਂ ਦੀਆਂ ਛੁੱਟੀਆਂ ਹੋ ਗਈਆਂ ਸਨ,ਘਰ ਵੜਦਿਆਂ ਹੀ ਉਸ ਨੇ ਬਸਤਾ ਵਗਾਹ ਮਾਰਿਆ ਅਤੇ ਸਿੱਧਾ ਨਲਕੇ ਕੋਲ ਭਾਂਡੇ ਧੋਂਦੀ ਆਪਣੀ ਮਾਂ ਕੋਲ ਜਾ ਕੇ ਬੋਲਿਆ …”
“ਮਾਂ,ਸਕੂਲ ਤੋਂ ਛੁੱਟੀਆਂ ਹੋ ਚੁੱਕੀਆਂ ਹਨ,ਸਾਰੇ ਹੀ ਬੱਚੇ ਆਪਣੇ ਨਾਨਕੇ ਜਾਂ ਭੂਆ ਕੋਲ ਜਾਣਗੇ,ਸਾਡੀ ਭੂਆ ਤਾਂ ਕੋਈ ਹੈ ਨਹੀਂ ਪਰ ਪਿੰਡ ਦੇ ਲੋਕੀਂ ਦੱਸਦੇ ਆ ਕਿ ਮੇਰੇ ਨਾਨਕੇ ਵੀ ਹੈਗੇ,ਬੇਬੇ ਮੈਂ ਵੀ ਨਾਨਕੇ ਜਾਣਾ…..”
“ਪੁੱਤ ਤੇਰੇ ਨਾਨਕੇ,ਉਹ ਨਈਂ ਸਾਨੂੰ ਮਿਲਦੇ…ਕਦੇ ਆਪਣੇ ਕੋਲ ਆਏ ਵੇਖੇ ਈ,ਪਤਾ ਨਹੀਂ ਹੈਗੇ ਵੀ ਆ ਕਿ ਕਿਤੇ ਮਰ ਖੱਪ ਗਏ,ਪੁੱਤ ਨਾਲੇ ਉਹ ਇੱਥੋਂ ਬਹੁਤ ਦੂਰ ਆ,ਅੱਧੀਆਂ ਛੁੱਟੀਆਂ ਤੇਰੀਆਂ ਸਫਰ ਵਿੱਚ ਨਿਕਲ ਜਾਣਗੀਆਂ,ਜਿੱਦ ਨਹੀਂ ਕਰਦੇ ਮੇਰੇ ਬੱਚੇ…….”
“ਮਾਂ,ਮਾਮੇ ਸਾਨੂੰ ਕਿਉਂ ਨਹੀਂ ਮਿਲਦੇ…..?ਕੀ ਸਾਡੇ ਕੋਲੋਂ ਕੋਈ ਗਲਤੀ ਹੋ ਗਈ ਸੀ…? ਮੈਂ ਮਾਫੀ ਮੰਗ ਲਵਾਂਗਾ ਮਾਂ ਪਰ ਇਸ ਵਾਰ ਮੈਂ ਨਾਨਕਿਆਂ ਦੇ ਪਿੰਡ ਜਰੂਰ ਜਾਣਾ……”
ਅਚਾਨਕ ਇੱਕ ਤਾੜ ਕਰਦਾ ਥੱਪੜ ਸੁੱਖੇ ਦੀ ਗਲ ਉੱਤੇ ਵੱਜਿਆ ਤਾਂ ਉਸ ਦੀਆਂ ਡਾਡਾਂ ਨਿਕਲ ਗਈਆਂ।ਉਸ ਦਾ ਬਾਪੂ ਅੱਗ ਬਗੂਲਾ ਹੋਇਆ ਬੋਲਣ ਲੱਗਾ,
“ਕੀ ਮਾਮੇ ਮਾਮੇ ਲਾਈ ਆ,ਤੇਰੇ ਬਗੈਰ ਬਾਵਾਂ ਆਕੜੀਆਂ ਨੇ ਉਹਨਾਂ ਦੀਆਂ,ਮੇਰੇ ਸਾਲਿਆਂ ਕਦੇ ਦਿਨ ਦਿਹਾਰ ਵੀ ਆਪਣੀ ਭੈਣ ਵੱਲ ਮੂੰਹ ਨਹੀਂ ਕੀਤਾ…..”
ਸੁੱਖਾ ਹਟਕੋਰੇ ਲੈਂਦਾ ਆਪਣੀ ਮਾਂ ਨੂੰ ਚੰਬੜ ਗਿਆ,
“ਭੋਰਾ ਭਰ ਜਵਾਕ ਨੇ ਤੇਰਾ ਕੀ ਵਿਗਾੜਿਆ,ਉਨ੍ਹੇ ਕੀ ਕਾਰੂ ਦਾ ਖਜ਼ਾਨਾ ਮੰਗ ਲਿਆ ਤੇਰੇ ਤੋਂ ,ਨਾਲੇ ਤੂੰ ਕਿਹੜਾ ਸਹੁਰੇ ਜਾ ਜਾ ਕੇ ਉਹਨਾਂ ਦੀਆਂ ਗਲੀਆਂ ਪੋਲੀਆਂ ਕਰ ਦਿੱਤੀਆਂ,ਪਿਆਰ ਨਾਲ ਨਹੀਂ ਸਮਝਾ ਹੁੰਦਾ….”
“ਜਬਾਨ ਚਲਾਉਂਦੀ ਆ ਮੇਰੇ ਸਾਲੇ ਦੀ,ਦੋਹਾਂ ਮਾਂ ਪੁੱਤਾਂ ਦੇ ਹੱਡ ਸੇਕ ਦਿਉਂ,ਜੇ ਉਹਨਾਂ ਕੁਛ ਲੱਗਦਿਆਂ ਨੂੰ ਯਾਦ ਕੀਤਾ ਤੇ,ਮੇਰੇ ਤੋਂ ਬੁਰਾ ਕੋਈ ਨਹੀਂ…..”
“ਉਹ ਤੇ ਸਾਰਿਆਂ ਨੂੰ ਪਤਾ ਵਾ ਕਿ ਤੇਰੇ ਤੋਂ ਬੁਰਾ ਕੋਈ ਹੋ ਹੀ ਨਹੀਂ ਸਕਦਾ,ਨਿਆਣੇ ਨਾ ਜੇ ਪਿਆਰ ਨਾਲ ਪੇਸ਼ ਆਵੇਂ ਖਵਰੇ ਉਹ ਸਮਝ ਜਾਵੇ ਪਰ ਤੇਰੀ ਗਰਾਰੀ ਅੜ ਗਈ ਤੇ ਅੜ ਗਈ,ਚੱਲ ਪੁੱਤ ਤੂੰ ਰੋਟੀ ਖਾ,ਮੈਂ ਤੈਨੂੰ ਹਰਮੰਦਰ ਸਾਹਿਬ ਲੈ ਕੇ ਜਾਊ….”
ਸੁੱਖੇ ਦੀ ਮਾਂ ਉਸ ਨੂੰ ਬੁੱਕਲ ਵਿੱਚ ਲੈ ਚੌਂਕੇ ਵਿੱਚ ਲੈ ਗਈ ਅਤੇ ਉਸ ਦਾ ਬਾਪੂ ਭਰਿਆ ਪੀਤਾ ਬਾਹਰ ਨੂੰ ਨਿਕਲ ਗਿਆ।ਘਰੋਂ ਤੁਰਿਆ ਉਹ ਸਿੱਧਾ ਆਪਣੇ ਖੇਤ ਪਹੁੰਚ ਗਿਆ।ਬੰਬੀ ਵਾਲੇ ਕੋਠੇ ਵਿੱਚੋਂ ਸਟੀਲ ਦਾ ਗਲਾਸ ਕੱਢ ਲਿਆਇਆ ਅਤੇ ਪਾਣੀ ਵਾਲੇ ਖਾਲ ਕੋਲੋਂ ਘਰ ਦੀ ਕੱਢੀ ਰੂੜੀ ਮਾਰਕਾ ਪੁੱਟ ਲਈ,ਅੱਧਾ ਗਲਾਸ ਕਰਕੇ ਉਸ ਨੇ ਅੰਦਰ ਛੁੱਟਿਆ ਤਾਂ ਉਸ ਨੂੰ ਹੱਥੂ ਆ ਗਿਆ,ਉਸ ਨੇ ਦਵਾਦਵ ਇੱਕ ਗਲਾਸ ਪਾਣੀ ਦਾ ਪੀਤਾ ਤੇ ਮੰਜੇ ਉੱਤੇ ਬੈਠ ਗਿਆ।ਜਦੋਂ ਥੋੜ੍ਹਾ ਸਰੂਰ ਜਿਹਾ ਆਇਆ ਤਾਂ ਉਹ ਮੂੰਹ ਵਿੱਚ ਕੁਝ ਗੁਨਗਨਾਉਣ ਲੱਗ ਪਿਆ,
“ਤੁਹਾਡਾ ਆ ਗਿਆ ਜੇ ਛੁੱਟ ਕੇ ਜਵਾਈ
ਨੀ ਸਹੁਰਿਆਂ ਨੂੰ ਫੋਨ ਕਰਦੇ”
ਫਿਰ ਆਪ ਹੀ ਬੋਲਦਾ..ਕਿਹੜੇ ਸਹੁਰੇ ਤੇ ਕਿਹੜਾ ਜਵਾਈ,ਭੈਣ ਦੇ ਯਾਰਾਂ ਕਦੇ ਪਿੱਛੇ ਭੋਂ ਕੇ ਨਹੀਂ ਵੇਖਿਆ।ਸੋਚਦਾ ਸੋਚਦਾ ਉਹ ਅਤੀਤ ਵਿੱਚ ਚਲਾ ਗਿਆ।
ਘੱਟ ਪੜ੍ਹਿਆ ਲਿਖਿਆ ਅਤੇ ਥੋੜ੍ਹੀ ਜਮੀਨ ਹੋਣ ਕਾਰਨ ਉਹ ਗੁਆਂਢੀਆਂ ਦੇ ਮੁੰਡੇ ਨਾਲ ਡਰਾਈਵਰੀ ਸਿੱਖਣ ਲਈ ਟਰੱਕ ਉੱਤੇ ਜਾ ਚੜ੍ਹਿਆ ।ਛੜਾ ਛਾਂਟ ਹੋਣ ਕਰਕੇ ਘਰ ਵੱਧ ਘੱਟ ਹੀ ਵੜਦਾ।ਜਿਆਦਾ ਉਹ ਟਰੱਕ ਵਿੱਚ ਹੀ ਸੌਂਦਾ ਜਾਂ ਫਿਰ ਕਦੇ ਕਦਾਈਂ ਯੂਨੀਅਨ ਦੇ ਦਫਤਰ ਵਿੱਚ ।ਉਸ ਦੇ ਜਿਆਦਾ ਚੱਕਰ ਗਵਾਲੀਅਰ,ਰਾਏਪੁਰ ਅਤੇ ਭੋਪਾਲ ਦੇ ਲੱਗਦੇ।ਜਦੋਂ ਵੀ ਉਹ ਰਾਏਪੁਰ ਜਾਂਦਾ ਤਾਂ ਆਉਣ ਜਾਣ ਵੇਲੇ “ਜਿਮੀਦਾਰ”ਢਾਬੇ ਉੱਤੇ ਜਰੂਰ ਰੁੱਕਦਾ।ਢਾਬੇ ਵਾਲੇ ਇੱਕ ਤਾਂ ਪੰਜਾਬੀ ਸਨ ਤੇ ਉੱਤੋਂ ਸੁੱਧ ਵੈਸ਼ਣੋ।ਪੰਜਾਬ ਤੋਂ ਬਾਹਰ ਉਹ ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਜਰੂਰ ਖਾਂਦਾ,ਇੱਕ ਦੋ ਹਾੜੇ ਉਹ ਸਾਰਿਆਂ ਤੋਂ ਚੋਰੀ ਟਰੱਕ ਵਿੱਚ ਹੀ ਲਾ ਲੈਂਦਾ ।ਢਾਬੇ ਵਾਲੇ ਵੀ ਉਸ ਦਾ ਬਹੁਤ ਮਾਣ ਕਰਦੇ,ਉਸ ਨੂੰ ਨੌਣ ਧੌਣ ਦੀ ਪੂਰੀ ਖੁੱਲ੍ਹ ਸੀ,ਢਾਬੇ ਵਾਲੇ ਜੋ ਆਪਣੇ ਲਈ ਬਣਾਉਂਦੇ ਸਨ,ਉਹੀ ਉਸ ਨੂੰ ਵੀ ਪਰੋਸ ਦਿੰਦੇ ਸਨ।
“ਅਨੋਖਿਆ,ਵਿਆਹ ਨਹੀਂ ਹੋਇਆ ਤੇਰਾ ਅਜੇ ਤੱਕ,ਕੀ ਗੱਲ ਕਿਸੇ ਨਾਲ ਦਿਲ ਨਹੀਂ ਮਿਲਿਆ ਕਿ ਤੇਰੇ ਤਿਲਾਂ ਵਿੱਚ ਤੇਲ ਨਹੀਂ ।” ਢਾਬੇ ਦੇ ਮਾਲਕ ਨੇ ਉਸ ਨੂੰ ਟਕੋਰ ਲਾਈ।
“ਥੋੜ੍ਹੀ ਪੈਲੀ ਵਾਲਾ ਜੱਟ,ਅਨਪੜ੍ਹ ਦੇ ਬਰਾਬਰ ਅਤੇ ਉੱਤੋਂ ਟਰੱਕ ਡਰਾਈਵਰ,ਕਿਹੜਾ ਭੜੂਆ ਮੈਨੂੰ ਕੁੜੀ ਦੇਦੂ,ਹੁਣ ਤੇ”ਵਾਜਪਾਈ” ਦੇ ਸਾਂਢੂ ਬਣ ਜਾਣਾ ਲੱਗਦਾ।”ਅਨੋਖੇ ਨੇ ਲੰਮਾ ਹਉਕਾ ਭਰਦੇ ਨੇ ਕਿਹਾ।
“ਲਾਈਏ ਫਿਰ ਕੋਈ ਜਗਾੜ,ਭਰੀਏ ਤੇਰਾ ਵੀ ਤੋਪਾ,ਤੂੰ ਕੀ ਯਾਦ ਕਰੇਂਗਾ ਕਿ ਪੰਜਾਬੀ ਭਰਾ ਸਨ ਪਰ ਮੇਰਾ ਸੋਚਿਆ ਨਹੀਂ।”
“ਕਿਉਂ ਮਖੌਲ ਕਰਦੇ ਜੇ ਮਾਤੜ ਨੂੰ,ਇੱਥੇ ਕੋਈ ਵੱਟ ਬੰਨੇ ਨਹੀਂ ਪੁੱਛਦਾ,ਮੈਨੂੰ ਫੜਾਊ ਕੋਈ ਸਿਆਲਾਂ ਵਾਲੀ ਹੀਰ ਦਾ ਗੁੱਟ,ਮੈਂ ਵੱਡਾ ਰਾਂਝਾ।”
“ਇਹ ਤੂੰ ਸਾਡੇ ਉੱਤੇ ਛੱਡ ਦੇ,ਤੂੰ ਦੱਸ ਕਿਸੇ ਹੋਰ ਧਰਮ ਜਾਤ ਬਰਾਦਰੀ ਦੀ ਚੱਲੂ….”
“ਚੱਲੂ,ਮੈਂ ਕਿਹਾ ਦੌੜੂ,ਇੱਥੇ ਕਿਹੜਾ ਵਿਚੋਲਿਆਂ ਫੇਰੇ ਪਾ ਪਾ ਕੇ ਮੇਰੇ ਘਰ ਦਾ ਰਾਹ ਪੋਲਾ ਕੀਤਾ ਵਾ,ਜੇ ਗੱਲ ਬਣਦੀ ਏ ਤਾਂ ਤੋਰ ਫਿਰ ਗੱਲ,ਕਦੇ ਅਸੀਂ ਵੀਂ ਧਰਮਰਾਜ ਨੂੰ ਦੱਸਾਂਗੇ ਕਿ ਅਸੀਂ ਵੀਂ ਦੁਨੀਆਂ ਉੱਤੇ ਆਏ ਸੀ।”
“ਉਹ ਜਿਹੜੀ ਕੁੜੀ ਭਾਂਡੇ ਧੋਣ ਡਈ ਆ,ਉਸ ਨਾਲ ਤੇਰਾ ਕਾਂਟਾ ਫਿੱਟ ਕਰ ਦੇਈਏ…..”
“ਉਸ ਦੇ ਘਰ ਦੇ ਮੰਨ ਜਾਣਗੇ,ਮੇਰਾ ਮਤਲਬ ਕਿ ਉਹ ਤਾਂ ਅਜੇ ਵੀਹ ਬਾਈ ਸਾਲ ਦੀ ਲੱਗਦੀ ਆ ਤੇ ਮੈਂ ਪੈਂਤੀ ਸਾਲ ਦਾ ਛੜਾ ਛਾਂਟ…”
“ਤੂੰ ਫਿਕਰ ਨਾ ਕਰ,ਮੈਂ ਚਲਾਉਣਾ ਇਸ ਦੇ ਘਰਦਿਆਂ ਨਾਲ ਗੱਲ…..”
ਅਨੋਖਾ ਹੁਣ ਮਸਤੀ ਵਿੱਚ ਟਰੱਕ ਚਲਾ ਰਿਹਾ ਸੀ ਅਤੇ ਗਾਣਾ ਗਾ ਰਿਹਾ ਸੀ,
“ਓ ਮੈਂ ਨਿਕਲਾ,ਗਾੜੀ ਲੈ ਕੇ
ਰਸਤੇ ਵਿੱਚ ਇੱਕ ਮੋੜ ਆਇਆ
ਮੈਂ ਉੱਥੇ ਦਿਲ ਛੋੜ ਆਇਆਂ”
ਉਸ ਦਾ ਦਿਲ ਚਾਹੁੰਦਾ ਸੀ ਕਿ ਉਹ ਉੱਡ ਕੇ ਪੰਜਾਬ ਤੋਂ ਛੱਤੀਸਗੜ੍ਹ ਚਲਾ ਜਾਵੇ,ਜਿੱਥੇ ਉਸ ਦੇ ਸੁਪਨਿਆਂ ਦੇ ਰਾਜ ਕੁਮਾਰੀ ਰਹਿੰਦੀ ਏ,ਉਹ ਆਪਣੀ ਯੂਨੀਅਨ ਵਿੱਚ ਵੀ ਛੇਤੀ ਤੋਂ ਛੇਤੀ ਟਰੱਕ ਲੋਡ ਕਰਨ ਲਈ ਕਹਿੰਦਾ।ਕਰਦੇ ਕਰਾਉਂਦਿਆਂ ਉਸ ਨੂੰ ਆਪਣੇ ਸੁਪਨਿਆਂ ਵਿੱਚ ਸਜਾਏ ਸਹੁਰੇ ਘਰ ਦਾ ਗੇੜਾ ਮਿਲ ਹੀ ਗਿਆ।
ਚਲਦਾ….
ਬਲਕਾਰ ਸਿੰਘ ਜੋਸਨ 9779010544

Leave a Reply

Your email address will not be published. Required fields are marked *