ਸ਼ਰਾਬੀ ਦਾ ਦੁੱਖ | shrabi da dukh

ਮੀਂਹ ਵਰ੍ਹ ਕੇ ਹਟਿਆ ਸੀ ਸ਼ਾਮ ਦੇ ਚਾਰ ਵੱਜੇ ਸਨ ਓਹ ਚਰਖਾ ਕੱਤਦੀ ਉੱਠੀ ਚੁੱਲ੍ਹੇ ਵਿੱਚ ਸੁੱਕੇ ਗਿੱਲੇ ਗੋਹੇ ਲਾ ਓਹਨੇ ਝਲਾਨੀ(ਰਸੋਈ ) ਵਿੱਚ ਦਾਲ ਧਰ ਦਿੱਤੀ ਆਟਾ ਗੁੰਨ੍ਹ ਕੇ ਮੱਝ ਵੱਲ ਗਈ ਜੋ ਓਹਨੂੰ ਈ ਓਡੀਕ ਰਹੀ ਸੀ
ਓਹਨੇ ਗਾਰੇ ਨਾਲ ਲਿੱਬੜੀ ਮੱਝ ਦੇ ਸਿਰ ਤੇ ਹੱਥ ਫੇਰਿਆ ਤੇ ਸੋਚਣ ਲੱਗੀ ਜਿੰਨਾ ਕੁ ਦਾਣਾ ਪਿਆ ਸੀ ਤੈਨੂੰ ਸੁੱਕੀ ਤੂੜੀ ਤੇ ਪਾਤਾ ਜਿਓਣ ਜੋਗੀਏ ਮੇਰੇ ਬੱਚਿਆਂ ਜੋਗਾ ਦੁੱਧ ਦੇ ਦੇਵੀਂ ਪਾਣੀ ਦੀ ਬਾਲਟੀ ਭਰ ਓਹਨੇ ਮੱਝ ਮੂਹਰੇ ਧਰ ਦਿੱਤੀ
ਮੱਝ ਪਾਣੀ ਪੀ ਕੇ ਓਸ ਵੱਲ ਵੇਖਣ ਲੱਗੀ ਜਿਵੇਂ ਸੋਚ ਰਹੀ ਹੋਵੇ ਕੋਈ ਨਾ ਚੰਗਾ ਮਾੜਾ ਟਾਇਮ ਰਲ ਕੇ ਕੱਢ ਲਵਾਂਗੇ
ਫਿਰ ਓਹ ਝਲਾਨੀ ਵਿੱਚ ਗਈ ਦਾਲ ਵਿੱਚ ਕੜਛੀ ਮਾਰ ਧਾਰ ਚੋਣ ਵਾਲੀ ਬਾਲਟੀ ਵਿੱਚ ਪਾਣੀ ਪਾ ਕੇ ਲੈ ਆਈ
ਮੱਝ ਨੂੰ ਥਾਪੀ ਦਿੰਦੇ ਹੋਏ ਬੈਠ ਗਈ ਥਣ ਧੋ ਕੇ ਓਸਨੇ ਬਚਿਆ ਪਾਣੀ ਡੋਲ੍ਹ ਦਿੱਤਾ ਤੇ ਧਾਰ ਕੱਢ ਲਈ ਮੱਝ ਨੇ ਵੀ ਪੈਰ ਨਾ ਚੁਕਿਆ ਚੁੱਪ ਚਾਪ ਧਾਰ ਕਢਾਉਂਦੀ ਰਹੀ
ਧਾਰ ਚੋ ਕੇ ਲਿਆਈ ਤਾਂ ਬੱਚੇ ਰੋਟੀ ਮੰਗਣ ਲੱਗੇ ਓਸ ਨੇ ਦੁੱਧ ਵਾਲੀ ਬਾਲਟੀ ਢੱਕ ਕੇ ਰੱਖ ਦਿੱਤੀ
ਦਾਲ ਵਾਲਾ ਪਤੀਲਾ ਲਾਹ ਕੇ ਤਵਾ ਧਰ ਲਿਆ ਬੱਚਿਆਂ ਨੂੰ ਰੋਟੀ ਖਵਾ ਕੇ ਓਹ ਸੋਚਦੀ ਕਿ ਕੁੱਖ ਵਿੱਚ ਪਲਦੇ ਨੂੰ ਵੀ ਤਾਂ ਭੁੱਖ ਲੱਗੀ ਹੋਣੀ ਐ ਮੈ ਵੀ ਖਾ ਲਵਾਂ ਫੇਰ ਸੋਚਦੀ ਨਹੀਂ ਨਹੀਂ
ਦਾਲ ਤਾਂ ਪਹਿਲਾਂ ਈ ਥੋੜੀ ਐ ਜਵਾਕਾਂ ਦੇ ਪਿਓ ਨੂੰ ਖਾਣ ਨੂੰ ਕੀ ਦੇਊਂ ਓਸਨੇ ਕੁੱਝ ਸੋਚਿਆ ਤੇ ਦੋ ਰੋਟੀਆਂ ਉੱਤੇ ਲੂਣ ਘਸਾ ਕੇ ਖਾ ਲਈਆਂ
ਭਾਂਡੇ ਕੱਠੇ ਕਰ ਓਹ ਚੁੱਲ੍ਹੇ ਕੋਲੋਂ ਦੀਵਾ ਚੁੱਕ ਲਿਆਈ
ਤੇ ਕਧੋਲੀ ਉੱਤੇ ਦੀਵਾ ਰੱਖ ਭਾਂਡੇ ਮਾਜਣ ਲੱਗੀ
ਓਹਨੇ ਦੇਖਿਆ ਕਿ ਨਿਆਣੇ ਖੇਡਦੇ ਖੇਡਦੇ ਮੰਜਿਆਂ ਤੇ ਸੌਂ ਗਏ ਜੋ ਓਹਨੇ ਧਾਰ ਕੱਢਣ ਤੋਂ ਪਹਿਲਾਂ ਡਾਹ ਕੇ ਰੱਖੇ ਸਨ
ਫਿਰ ਓਹ ਨੇੜੇ ਪਏ ਭਰੂੰਗੜੇ ਤੇ ਹੱਥ ਵਾਲੀ ਪੱਖੀ ਹਿਲਾਓਦਿਆਂ ਢੂਈ ਸਿੱਧੀ ਕਰਦਿਆਂ ਸੋਚਣ ਲੱਗੀ ਕਿਤੇ
ਟੇਢੀ ਹੋਈ ਦੀ ਅੱਖ ਈ ਨਾ ਲੱਗਜੇ ਓਹਨੂੰ ਆਏ ਨੂੰ ਬਾਰ ਕੌਣ ਖੋਲ੍ਹੂ
ਸੋਚਾਂ ਚ ਪਈ ਨੂੰ ਦੱਸ ਵੱਜ ਗਏ ਬੂਹਾ ਖੜਕਿਆ ਓਸਨੇ
ਕੁੰਡਾ ਖੋਲ੍ਹਦਿਆਂ ਸੋਚਿਆ ਅੱਜ ਤਾਂ ਕੋਈ ਸਬਜੀ ਭਾਜੀ ਲੈ ਕੇ ਆਇਆ ਈ ਹੋਣੇ ਪਰ ਓਹ ਤਾਂ ਦਾਰੂ ਨਾਲ ਰੱਜਿਆ ਝੂਲ ਰਿਹਾ ਸੀ
ਓਹ ਪੌੜੀਆਂ ਚੜ੍ਹਦਾ ਬੋਲਿਆ ਰੋਟੀ ਕੋਠੇ ਤੇ ਲਿਆਦੇ
ਓਹ ਕੁੰਡਾ ਲਾ ਝਲਾਨੀ ਵੱਲ ਨੂੰ ਵਧੀ ਤੇ ਤਵੇ ਉੱਤੇ ਰੱਖੀ ਦਾਲ ਵਾਲੀ ਬਾਟੀ ਨੂੰ ਥਾਲ ਵਿੱਚ ਰੱਖਦਿਆਂ ਸੋਚਣ ਲੱਗੀ ਕਿ ਤੁਰਿਆ ਤਾਂ ਜਾਂਦਾ ਨੀਂ ਪੌੜੀਆਂ ਕਿਵੇਂ ਚੜ੍ਹਾਂ
ਫਿਰ ਵੀ ਓਹਨੇ ਓਸ ਦੀ ਕੁੱਟ ਤੋਂ ਬਚਣ ਲਈ ਬੈਠ ਬੈਠ ਕੇ ਪੌੜੀਆਂ ਚੜ੍ਹ ਕੇ ਓਹਨੂੰ ਰੋਟੀ ਫੜਾਈ
k.k.k.k✍️✍️

Leave a Reply

Your email address will not be published. Required fields are marked *