ਕਸੂਰਵਾਰ | kasoorvaar

” ਹਾੜੇ ਹਾੜੇ ਮੰਮੀ ਬਣਕੇ ਇੱਕ ਵਾਰ ਫੋਨ ਚੱਕ ਲੈ।ਮੇਰੀ ਗੱਲ ਤਾਂ ਸੁਣ ਲੈ।ਜੇ ਤੈਨੂੰ ਮੇਰੇ ਵਿੱਚ ਫਿਰ ਵੀ ਕਸੂਰ ਲੱਗਿਆ ਤਾਂ ਜੋ ਮਰਜੀ ਸਜ਼ਾ ਦੇ ਦੇਵੀਂ।ਮੈਨੂੰ ਤੇਰੀ ਹਰ ਸਜ਼ਾ ਮਨਜ਼ੂਰ ਹੋਵੇਗੀ”।ਮੋਬਾਈਲ ਬੈੱਡ ‘ਤੇ ਸੁੱਟਦਿਆਂ ਰਾਜ ਖੁਦ ਵੀ ਬੈੱਡ ‘ਤੇ ਡਿੱਗ ਪਈ।
ਰਾਜ ਦੀ ਉਮਰ ਮਸਾਂ ਅੱਠ ਕੁ ਵਰਿਆਂ ਦੀ ਹੋਵੇਗੀ ਜਦੋਂ ਉਸ ਦੇ ਸਿਰ ਤੋਂ ਪਿਤਾ ਦਾ ਛਾਇਆ ਉੱਠ ਗਿਆ ਸੀ।ਉਸਦੇ ਪਿਤਾ ਦੀ ਅੰਤਿਮ ਅਰਦਾਸ ਹੋਈ ਤਾਂ ਉਸ ਦੀ ਦਾਦੀ ਨੇ ਉਸਦੇ ਮਾਮੇ ਨੂੰ ਸਪੱਸ਼ਟ ਕਹਿ ਦਿੱਤਾ ਸੀ “ਭਾਈ ਮੇਰੇ ਵਿੱਚ ਨੀ ਗੁੰਜਾਇਸ਼ ਇਹਨਾਂ ਦੋ ਜਾਨਾਂ ਨੂੰ ਪਾਲਣ ਪੋਸ਼ਣ ਦੀ।ਆਪ ਦੀਆਂ ਨੂੰ ਲੈ ਜਾਵੋ।ਘਰੇ ਬਿਠਾਓ ਜਾਂ ਕਿਤੇ ਹੋਰ ਤੋਰ ਦਿਓ ਮੈਨੂੰ ਕੋਈ ਇਤਰਾਜ਼ ਨੀ ਭਾਈ”।
ਰਾਜ ਦਾ ਮਾਮਾ ਰਾਜ ਅਤੇ ਉਸਦੀ ਮਾਂ ਨੂੰ ਆਪਣੇ ਘਰ ਲੈ ਆਇਆ।ਮਾਮਾ ਕਿਹੜਾ ਇਸ ਸਮਰੱਥ ਸੀ ਕਿ ਦੋਵਾਂ ਨੂੰ ਸੰਭਾਲ ਸਕਦਾ। ਉਹ ਤਾਂ ਆਪ ਵਿਚਾਰਾ ਦਿਹਾੜੀ ਦੱਪਾ ਕਰਕੇ ਮਸਾਂ ਗੁਜ਼ਾਰਾ ਕਰਦਾ ਸੀ।ਰਾਜ ਦੀ ਮੰੰਮੀ ਨੇ ਸਹੁਰੇ ਘਰ ਵਾਂਗ ਹੀ ਪੇਕੇ ਘਰ ਆ ਕੇ ਲੋਕਾਂ ਦੇ ਘਰਾਂ ਦਾ ਗੋਹੇ ਕੂੜੇ ਦਾ ਕੰੰਮ ਕਰਨਾ ਸ਼ੁਰੂ ਕਰ ਦਿੱਤਾ।ਰਾਜ ਬੇਸ਼ੱਕ ਨਿਆਣੀ ਸੀ ਪਰ ਸਮਝ ਸਿਆਣਿਆਂ ਜਿੰਨ੍ਹੀ ਰੱਖਦੀ ਸੀ।ਕਈ ਵਾਰ ਉਸ ਨੇ ਆਪਣੀ ਮਾਮੀ ਨੂੰ ਮਾਮੇ ਨਾਲ ਲੜਦਿਆਂ ਸੁਣ ਲਿਆ ਸੀ “ਏਥੇ ਦੱਸ ਟਰੈਕਟਰ ਚਲਦੇ ਨੇ ਵੀ ਇਹਨਾਂ ਨੂੰ ਵੀ ਰੱਖ ਲਈਏ।ਥੋਨੂੰ ਸ਼ਰਮ ਨਾ ਆਈ ਨਾਲ ਲਿਅਉਂਦਿਆਂ ਨੂੰ।ਆਪਦਾ ਗੁਜ਼ਾਰਾ ਤਾਂ ਮਸਾਂ ਤੁਰਦਾ ਉੱਤੋਂ ਆਹ ਰੋਡੀਆਂ ਲਾ ਦਿੱਤੀਆਂ ਮੈਨੂੰ”।
“ਓ ਕੋਈ ਨਾ ਕਾਹਨੂੰ ਕਲੇਸ਼ ਕਰਦੀਂ ਐਂ।ਦੁੱਖ ਸੁੱਖ ਤਾਂ ਜ਼ਿੰਦਗੀ ਦਾ ਹਿੱਸਾ ਨੇ ਪਤਾ ਨੀ ਕਦੋਂ ਕਿਸ ਨੂੰ ਘੇਰ ਲੈਣ।ਇਹ ਕਿਹੜਾਂ ਚਾਅ ਨੂੰ ਆਈਆਂ ਨੇ ਵਿਚਾਰੀਆਂ।ਸਹੁਰਿਆਂ ਨੇ ਤਾਂ ਮੂੰਹ ਪਾੜ ਕੇ ਕਹਿ ਤਾ ਵੀ ਸਾਥੋਂ ਨੀ ਰੱਖੀਆਂ ਜਾਂਦੀਆਂ।ਮੇਰੀ ਤਾਂ ਕੁੱਖੋਂ ਜਾਈ ਆ ਕਿਵੇਂ ਧੱਕਾ ਦੇ ਆਉਂਦਾ।ਨਾਲੇ ਰੱਬ ਆਪੇ ਦੇਊ ਇਹਨਾਂ ਦੇ ਹਿੱਸੇ ਦੀ ਰੋਟੀ”।ਰਾਜ ਦਾ ਮਾਮਾ ਘਰ ਵਾਲੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ।
“ਆਹ ਚਿਕਣੀਆਂ ਚੋਪੜੀਆਂ ਨਾਲ ਢਿੱਡ ਨੀ ਭਰਦਾ।ਇੱਕ ਪਾਸਾ ਕਰੋ ਇਹਨਾਂ ਦਾ ਮੇਰੇ ਕੋਲੋ ਨੀ ਰੱਖੀਆਂ ਜਾਦੀਆਂ ਇਹ।ਕਿਸੇ ਨੂੰ ਕਹਿਕੇ ਬੰਨ ਸੁੱਬ ਕਰੋ ਇਹਨਾਂ ਦਾ ਕੋਈ।ਕੋਈ ਦਹਾਜ਼ੂ ਦੂਹੂਜੂ ਲੱਭ ਕੇ ਇਹਨਾਂ ਮਾਵਾਂ ਧੀਆਂ ਨੂੰ ਤੁਰਦੀਆਂ ਕਰੋ।ਨਾਲੇ ਆਹ ਚੁੜੇਲ ਜਿਹੀ ਦੀ ਨਾਲ ਈ ਗੱਲ ਕਰਿਓ ਮੈਥੋਂ ਨੀ ਰੱਖੀ ਜਾਣੀ ਇਹ”।ਮਾਮੀ ਉਸ ਦੀ ਮਾਂ ਦਾ ਦੂਜਾ ਵਿਆਹ ਕਰਨ ਲਈ ਲਗਾਤਾਰ ਜੋਰ ਪਾ ਰਹੀ ਸੀ।
ਰਾਜ ਅਤੇ ਉਸਦੀ ਮੰਮੀ ਪਿੱਛੇ ਮਾਮੇ ਅਤੇ ਮਾਮੀ ਦੀ ਲੜਾਈ ਤਾਂ ਰੋਜ ਦਾ ਹੀ ਕੰਮ ਸੀ।ਭਰਾ ਭਰਜਾਈ ਦੇ ਕਲੇਸ਼ ਤੋਂ ਰਾਜ ਦੀ ਮਾਂ ਵੀ ਭਲੀਭਾਂਤ ਜਾਣੂ ਸੀ।ਉਹ ਵੀ ਆਪਣੇ ਮਾਂ ਬਾਪ ਨੂੰ ਉਸ ਨੂੰ ਕਿਤੇ ਹੋਰ ਤੋਰਨ ਲਈ ਅਕਸਰ ਕਹਿੰਦੀ ਰਹਿੰਦੀ ਸੀ।ਮਾਂ ਬਾਪ ਵੀ ਕਿਹੜਾ ਸੁਖਾਲੇ ਸਨ।ਜਿਹੜੇ ਮਾਪਿਆਂ ਦੀ ਧੀ ਅਤੇ ਦੋਹਤੀ ਘਰ ਬੈਠੀ ਹੋਵੇ ਉਹਨਾਂ ‘ਤੇ ਕੀ ਬੀਤਦੀ ਆ ਉਹੀ ਜਾਣ ਸਕਦੇ ਨੇ।ਉਹ ਧੀ ਨੂੰ ਧਰਵਾਸ ਦਿੰਦੇ ” ਪੁੱਤ ਸਾਨੂੰ ਵੀ ਪਤਾ ਕਿ ਤੂੰ ਸਾਰੀ ਉਮਰ ਤਾਂ ਏਥੇ ਬੈਠਣੋ ਨਾ ਰਹੀ।ਕੋਈ ਨਾ ਕੋਈ ਹੱਲ ਤਾਂ ਕਰਨਾ ਈ ਪਊ ਤੇਰਾ।ਪਰ ਅਸੀਂ ਤਾਂ ਡਰਦੇ ਆਂ ਵੀ ਕਿਤੇ ਪਹਿਲਾਂ ਵਰਗਾ ਅਮਲੀ ਖਮਲੀ ਨਾ ਟੱਕਰ ਜੇ”।
“ਚੱਲ ਮਾਂ ਤੁਸੀ ਕਿਹੜਾ ਜਾਣ ਕੇ ਅਮਲੀ ਦੇ ਲੜ ਲਾਇਆ ਸੀ ਮੈਨੂੰ।ਕਿਹੜਾ ਮਾਪਾ ਜਿਹੜਾ ਆਪਦੀ ਧੀ ਲਈ ਮਾੜਾ ਵਰ੍ਹ ਟੋਲਦੈ।ਇਹ ਤਾਂ ਮੇਰੇ ਮਾੜੇ ਨਸੀਬਾਂ ਦੀ ਗੱਲ ਆ ਡੁੱਬੜਾ ਏਨੀ ਛੇਤੀ ਸਾਥ ਛੱਡ ਗਿਆ।ਜਿਹੋ ਜਿਹਾ ਵੀ ਮਰਜੀ ਸੀ ਉਹ ਪਰ ਸੀ ਤਾਂ ਮੇਰਾ ਸਹਾਰਾ”।ਰਾਜ ਦੀ ਮਾਂ ਅਕਸਰ ਅੱਖਾਂ ਭਰ ਆਉਂਦੀ।
“ਨਾਂ ਮੇਰੀ ਧੀ ਰੋ ਨਾ ਸਾਡਾ ਮਨ੍ਹ ਹੋਰ ਦੁਖੀ ਹੁੰਦੈ ਜਦੋਂ ਤੁੂੰ ਇਉਂ ਡੁਸਕਦੀ ਐਂ”।ਉਸਦੀ ਮਾਂ ਗੋਦੀ ਵਿੱਚ ਲੈ ਲੈਂਦੀ ਅਤੇ ਬਾਪ ਸਿਰ ‘ਤੇ ਹੱਥ ਰੱਖ ਕੇ ਧਰਵਾਸ ਦਿੰਦਾ।
ਕਈ ਵਾਰ ਉਹਨਾਂ ਦੇ ਇਸ ਤਰ੍ਹਾਂ ਦੁੱਖ ਸੁੱਖ ਸਾਂਝਾ ਕਰਦਿਆਂ ‘ਤੇ ਰਾਜ ਦੀ ਮਾਮੀ ਆ ਜਾਂਦੀ ਤਾਂ ਉਹ ਮਨ੍ਹ ਹੀ ਮਨ੍ਹ ਕੌਂਸਦੀ “ਵੇਖ ਕਿਵੇਂ ਖੇਖਣ ਕਰਦੇ ਨੇ।ਐਂ ਨੀ ਵੀ ਕਿਸੇ ਨੂੰ ਕਹਿ ਕਹਾ ਕੇ ਇਹਨਾਂ ਦਾ ਫਾਹਾ ਵੱਢਣ।ਦੋਨਾਂ ਨੂੰ ਐਂ ਰੱਖੀ ਬੈਠੇ ਨੇ ਜਿਵੇਂ ਬੱਸਾਂ ਵਾਲੇ ਸਰਦਾਰ ਹੋਣ”।
ਭਰਜਾਈ ਦੀ ਕੌੜ ਅੱਖ ਨੂੰ ਰਾਜ ਦੀ ਮਾਂ ਵੀ ਭਾਂਪ ਲੈਂਦੀ।ਉਹ ਬਿਨਾਂ ਕੁਝ ਪਤਾ ਲੱਗੇ ਦੀ ਐਕਟਿੰਗ ਕਰਦੀ ਭਰਜਾਈ ਨਾਲ ਚੁੱਲ੍ਹੇ ਚੌਂਕੇ ਦੇ ਕੰਮ ਵਿਚ ਹੱਥ ਵਟਾਉਣ ਜਾ ਲਗਦੀ।ਉਹ ਮਨ੍ਹ ਹੀ ਮਨ੍ਹ ਸੋਚਦੀ ਕਿ ਭਰਜਾਈ ਕਿਹੜਾ ਗਲਤ ਆ।ਉਸ ਤੋਂ ਤਾਂ ਵਿਚਾਰੀ ਤੋਂ ਆਪਦੇ ਖਰਚੇ ਨੀ ਪੂਰੇ ਹੁੰਦੇ।ਉਤੋਂ ਉਹਨਾਂ ਦੋਵਾਂ ਮਾਵਾਂ ਧੀਆਂ ਦਾ ਖਰਚਾ ਵਧ ਗਿਆ।ਨਾਲੇ ਇਸ ਮਹਿੰਗਾਈ ਦੇ ਜਮਾਨੇ ‘ਚ ਤਾਂ ਕਹਿੰਦੇ ਕਹਾਉਂਦਿਆਂ ਦੀਆਂ ਚੀਕਾਂ ਨਿੱਕਲੀ ਜਾਂਦੀਆਂ ਨੇ ਖਰਚੇ ਨਾਲ।ਇੱਥੇ ਤਾਂ ਹੈ ਈ ਕੱਲੇ ਭਰਾ ਦੀ ਦਿਹਾੜੀ ਦੀ ਕਮਾਈ।
ਰਾਜ ਦੇ ਮਾਮੇ ਨੇ ਫਿਰ ਤੁਰ ਕੇ ਰਾਜ ਦੀ ਮਾਂ ਲਈ ਨਵਾਂ ਵਰ੍ਹ ਲੱਭ ਲਿਆ।ਮਾਮੇ ਨਾਲ ਦਿਹਾੜੀ ਕਰਨ ਵਾਲੇ ਮਿਸਤਰੀ ਦਾ ਵੱਡਾ ਭਰਾ ਮੰਗੂ ਸੀ।ਪਹਿਲਾਂ ਕਹਿੰਦੇ ਨਸ਼ੇ ਬਹੁਤੇ ਕਰਦਾ ਸੀ ਕਿਸੇ ਨੇ ਰਿਸ਼ਤਾ ਨਾ ਕੀਤਾ।ਪਰ ਹੁਣ ਕੁੱਝ ਸੁਧਰਿਆ ਦਸਦੇ ਸੀ।ਮੌਜ ਮਸਤੀ ਦੀ ਤਬੀਅਤ ਵਾਲਾ ਮੰਗੂ ਵਿਆਹਿਆ ਨਾ ਹੋਣ ਦੇ ਬਾਵਜੂਦ ਵੀ ਭਰਾਵਾਂ ਅਤੇ ਮਾਪਿਆਂ ਤੋਂ ਅੱਡ ਇਕੱਲਾ ਈ ਇੱਕ ਕਮਰੇ ਵਾਲੇ ਘਰ ਵਿੱਚ ਰਹਿੰਦਾ ਸੀ।ਘਰ ਵਸਦਾ ਵੇਖ ਮੰਗੂ ਦੇ ਬਾਪ ਨੇ ਉਸ ਇੱਕ ਕਮਰੇ ਵਾਲੇ ਘਰ ਵਿੱਚ ਹੀ ਇੱੱਕ ਛੋਟੀ ਜਿਹੀ ਰਸੋਈ ਅਤੇ ਨਹਾਉਣ ਲਈ ਗੁਸਲਖਾਨਾ ਬਣਾ ਦਿੱਤਾ।
ਰਾਜ ਦੀ ਮਾਂ ਨੇ ਝੱਟ ਹਾਂ ਕਰ ਦਿੱਤੀ।ਉਹ ਰਾਜ ਦੀ ਮਾਂ ਦੇ ਨਾਲ ਹੀ ਰਾਜ ਨੂੰ ਲਿਜਾਣ ਲਈ ਵੀ ਮੰਨ ਗਏ।ਰਾਜ ਨੂੰ ਮਾਂ ਦੇ ਵਿਆਹ ਤੋਂ ਹਫਤਾ ਕੁ ਬਾਅਦ ਨਵੇਂ ਡੈਡੀ ਨਾਲ ਤੋਰ ਦਿੱਤਾ।ਰਾਜ ਦੀ ਮਾਂ ਨੇ ਰਾਜ ਨੂੰ ਨਵੇਂ ਦਾਦਾ, ਦਾਦੀ ਸਮੇਤ ਨਵੇਂ ਡੈਡੀ, ਚਾਚੇ ,ਚਾਚੀਆਂ ਅਤੇ ਤਾਏ, ਤਾਈਆਂ ਨੂੰ ਸਤਿਕਾਰ ਨਾਲ ਬੁਲਾਉਣ ਲਈ ਸਿੱਖਿਆ ਦਿੱਤੀ।ਇਸ ਸਮੇਂ ਰਾਜ ਦੀ ਉਮਰ ਗਿਆਰਾਂ ਬਾਰਾਂ ਵਰਿਆਂ ਦੀ ਹੋ ਗਈ ਸੀ।ਉਸਨੂੰ ਨਵੇਂ ਘਰ ਵਿੱਚ ਰਹਿਣ ਦੀ ਤਹਿਜ਼ੀਬ ਸਿੱਖਦਿਆਂ ਦੇਰ ਨਾ ਲੱਗੀ।ਉਹ ਵੀ ਜਾਣਦੀ ਸੀ ਕਿ ਮਾਮੇ ਦੇ ਘਰ ਨਾਲੋਂ ਤਾਂ ਇੱਥੇ ਰਹਿਣਾ ਚੰਗਾ ਹੈ।ਆਪਣੀ ਮੰਮੀ ਵਾਂਗ ਹੀ ਰਾਜ ਵੀ ਨਵੇਂ ਘਰ ਵਿੱਚ ਕੋਈ ਉਲਾਂਭਾ ਨਹੀਂ ਸੀ ਖੱਟਣਾ ਚਾਹੁੰਦੀ।ਪਹਿਲੇ ਪਿਉ ਦਾ ਸਿਰ ਤੋਂ ਛਾਇਆ ਉੱਠਣ ਨਾਲ ਰਾਜ ਦੀ ਪੜ੍ਹਾਈ ਤਾਂ ਵਿੱਚੇ ਹੀ ਛੁੱਟ ਗਈ ਸੀ।ਨਵੇਂ ਘਰ ਵਿੱਚ ਵੀ ਉਸਨੇ ਪੜ੍ਹਨ ਦੀ ਕਦੇ ਇੱਛਾ ਜ਼ਾਹਿਰ ਨਾ ਕੀਤੀ।ਨਾਲੇ ਹੁਣ ਪੜ੍ਹਾਈ ਦੀ ਉਮਰ ਵੀ ਕਿੱਥੇ ਰਹਿ ਗਈ ਸੀ।
ਰਾਜ ਦੀ ਮਾਂ ਨੇ ਇੱਥੇ ਵੀ ਕਈ ਘਰਾਂ ਦਾ ਗੋਹਾ ਕੂੜਾ ਕਰਨਾ ਸੁਰੂ ਕਰ ਦਿੱਤਾ।ਮੌਜ ਮਸਤੀ ਦੀ ਤਬੀਅਤ ਦੇ ਮਾਲਕ ਮੰਗੂ ਦਾ ਜੀਅ ਕਰਦਾ ਤਾਂ ਦਿਹਾੜੀ ਲਾ ਆਉਂਦਾ ਨਹੀਂ ਤਾਂ ਫਿਰ ਘਰ ਦੇ ਨੇੜੇ ਬਣੀ ਸੱਥ ਵਿੱਚ ਤਾਸ਼ ਕੁੱਟ ਛਡਦਾ।ਰਾਜ ਦੀ ਮਾਂ ਵੱਲੋਂ ਲੋਕਾਂ ਦੇ ਘਰਾਂ ਵਿਚ ਕੰਮ ਕਰਕੇ ਆਉਂਦੇ ਚਾਰ ਪੈਸਿਆਂ ਨਾਲ ਘਰ ਦਾ ਗੁਜ਼ਾਰਾ ਚੱਲੀ ਜਾਂਦਾ ਸੀ।ਰਾਜ ਤੋਂ ਜਬਰਦਸਤੀ ਪੈਸੇ ਖੋਹ ਉਹ ਆਪਣੀ ਨਸ਼ੇ ਦੀ ਤਲਬ ਪੂਰੀ ਕਰ ਲੈਂਦਾ।ਰਾਜ ਦੀ ਮਾਂ ਵਿਚਾਰੀ ਸੌਖੀ ਤਾਂ ਏਥੇ ਵੀ ਕਿਹੜੀ ਸੀ ਪਰ ਏਨਾ ਸੀ ਵੀ ਪੇਕਿਆਂ ਦੇ ਘਰ ਬੈਠਣ ਤੋਂ ਬਚ ਗਈ ਸੀ।ਇੱਕ ਧੀ ਨੂੰ ਜ਼ਿੰਦਗੀ ਗੁਜ਼ਾਰਨ ਲਈ ਪੇਕਿਆਂ ਦੇ ਘਰ ਰਹਿਣ ਦੀ ਔਖ ਦਾ ਤਜ਼ਰਬਾ ਉਹ ਹੰਢਾਅ ਚੁੱਕੀ ਸੀ।ਪੇਕੀਂ ਤਾਂ ਹੁਣ ਉਹ ਕਦੇ ਕਦਾਈ ਹੀ ਜਾਂਦੀ ਸੀ।ਮੰਗੂ ਜਿਹੋ ਜਿਹਾ ਵੀ ਸੀ ਹੈ ਤਾਂ ਉਸ ਦੇ ਸਿਰ ਦਾ ਸਾਂਈ ਸੀ।ਬੰਦੇ ਬਿਨਾਂ ਤਾਂ ਔਰਤ ਦੀ ਜ਼ਿੰਦਗੀ ਬਿਨਾਂ ਚਾਰਦੀਵਾਰੀ ਵਾਲੇ ਘਰ ਵਾਂਗ ਹੁੰਦੀ ਆ ਜਿਸ ਵਿੱਚ ਕੋਈ ਵੀ ਆ ਵੜੇ।
ਰਾਜ ਬਾਲਪਨ ਤੋਂ ਜਵਾਨੀ ਵੱਲ੍ਹ ਵਧਣ ਲੱਗੀ ਸੀ।ਰਾਜ ਦੀ ਮਾਂ ਨੂੰ ਉਸਦੇ ਵਿਆਹ ਦਾ ਫਿਕਰ ਸਤਾਉਣ ਲੱਗਿਆ ਸੀ।ਕਈ ਵਾਰ ਨਸ਼ੇ ਦੀ ਹਾਲਤ ਵਿੱਚ ਮੰਗੂ ਨੂੰ ਰਾਜ ਦੀ ਮਾਂ ਦੀ ਢਲਦੀ ਜਵਾਨੀ ਦੀ ਬਜਾਏ ਰਾਜ ਦੀ ਜਵਾਨੀ ਆਕਰਸ਼ਿਤ ਕਰਨ ਲਗਦੀ।ਪਰ ਰਾਜ ਦੀ ਮਾਂ ਬੜੀ ਸਾਵਧਾਨੀ ਨਾਲ ਮੰਗੂ ਅੰਦਰਲੇ ਰਾਖਸ਼ ਨੂੰ ਸ਼ਾਂਤ ਕਰਦੀ।ਰਾਜ ਦੀ ਚੜ੍ਹਦੀ ਜਵਾਨੀ ਨੂੰ ਵੇਖ ਮੰਗੂ ਉਸ ਨੂੰ ਅੇਵੇਂ ਈ ਘੂਰ ਛਡਦਾ “ਟੁਕੜੇ ਟੁਕੜੇ ਕਰ ਦੇਊਂ ਮੈਂ ਤਾਂ ਜੇ ਕਿਸੇ ਵੱਲ ਝਾਕਦੀ ਵੀ ਵੇਖ ਲਈ”।
ਮੰਗੂ ਦੀ ਘੂਰ ਰਾਜ ਦੀ ਜਾਨ ਹੀ ਕੱਢ ਦਿੰਦੀ।ਉਹ ਡਰ ਨਾਲ ਕੰਬਣ ਲਗਦੀ।ਰਾਜ ਨੇ ਆਪਣੀ ਮਾਂ ਨਾਲ ਗੱਲ ਕਰ ਨੇੜੇ ਸ਼ਹਿਰ ਵਿੱਚ ਸਿਲਾਈ ਕਢਾਈ ਦੇ ਕੰੰਮ ਦੇ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ।ਹੌਲੀ ਹੌਲੀ ਕੰੰਮ ਸਿਖਾਉਣ ਵਾਲੀ ਆਂਟੀ ਨੇ ਉਸ ਨੂੰ ਥੋੜੀ ਜਿਹੀ ਤਨਖਾਹ ਵੀ ਦੇਣੀ ਸ਼ੁਰੂ ਕਰ ਦਿੱਤੀ ਅਤੇ ਰਾਜ ਉੱਥੇ ਹੀ ਕੰੰਮ ਕਰਨ ਲੱਗ ਪਈ।ਸਿਲਾਈ ਕਢਾਈ ਵਾਲੀ ਆਂਟੀ ਵੱਲੋਂ ਦਿੱਤੀ ਤਨਖਾਹ ਨਾਲ ਰਾਜ ਨੇ ਆਪਣਾ ਥੋੜਾ ਬਹੁਤਾ ਦਹੇਜ ਦਾ ਸਾਮਾਨ ਬਣਾਉਣਾ ਸ਼ੁਰੂ ਕਰ ਦਿੱਤਾ।
ਮੰਗੂ ਜਾਣਬੁੱਝ ਕੇ ਰਾਜ ਦੀ ਮਾਂ ਨੂੰ ਰਾਜ ਦੇ ਸਾਹਮਣੇ ਛੇੜਦਾ।ਰਾਜ ਨੀਵੀਂ ਪਾ ਜਾਂਦੀ ਜਾਂ ਬਾਹਰ ਚਲੀ ਜਾਂਦੀ।ਰਾਜ ਦਾ ਮਨ੍ਹ ਕਰਦਾ ਕਿ ਉਹ ਆਪਣਾ ਬਹੁਤਾ ਸਮਾਂ ਘਰ ਤੋਂ ਬਾਹਰ ਈ ਬਿਤਾਵੇ।ਰਾਜ ਦੀ ਮਾਂ ਵੀ ਮੰਗੂ ਦੀਆਂ ਇਹਨਾਂ ਹਰਕਤਾਂ ਨੂੰ ਭਲੀਭਾਂਤ ਸਮਝਦੀ ਸੀ ਪਰ ਕਰਦੀ ਤਾਂ ਕੀ ਕਰਦੀ।ਉਹ ਗੱਲਾਂ ਹੀ ਗੱਲਾਂ ਵਿੱਚ ਮੰਗੂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਕਿ ਰਾਜ ਤੇਰੀ ਵੀ ਧੀ ਆ ਬੇਸ਼ੱਕ ਖੂਨ ਦੇ ਰਿਸ਼ਤੇ ਵਿੱਚੋਂ ਨਾ ਸਹੀ ਪਰ ਲੋਕ ਲੱਜੋਂ ਤਾਂ ਹੈ ਈ ਆ।ਇਹ ਲੋਕ ਲੱਜਾਂ ਈ ਤਾਂ ਸਾਡੇ ਸਮਾਜ ਦੀ ਬੁਨਿਆਦ ਨੇ।ਜੇ ਲੋਕ ਲੱਜਾਂ ਈ ਖਤਮ ਹੋ ਜਾਣ ਤਾਂ ਇਨਸਾਨੀ ਸਮਾਜ ਤੇ ਜੰਗਲੀ ਸਮਾਜ ਵਿੱਚ ਫਰਕ ਈ ਕੀ ਰਹਿ ਜਾਵੇਗਾ।
ਰਾਜ ਵਿਆਹ ਦੀ ਉਮਰ ਨੂੰ ਢੁੱਕ ਚੁੱਕੀ ਸੀ ਪਰ ਮੰਗੂ ਨੂੰ ਉਸਦੇ ਵਿਆਹ ਦੀ ਕੋਈ ਫਿਕਰ ਨਹੀਂ ਸੀ। ਰਾਜ ਦੀ ਮਾਂ ਨੇ ਰਾਜ ਦੇ ਵਿਆਹ ਜੋਗੇ ਪੈਸੇ ਅਤੇ ਦਾਜ ਦਾ ਥੋੜਾ ਬਹੁਤਾ ਸਾਮਾਨ ਜੋੜ ਰੱਖਿਆ ਸੀ।ਜਿੰਨਾਂ ਘਰਾਂ ‘ਚ ਰਾਜ ਦੀ ਮਾਂ ਕੰਮ ਕਰਦੀ ਸੀ ਉਹਨਾਂ ਨੇ ਵੀ ਰਾਜ ਦੇ ਵਿਆਹ ‘ਤੇ ਪੈਸੇ ਲਗਾਉਣ ਦੀ ਹਾਮੀ ਭਰ ਰੱਖੀ ਸੀ।ਰਾਜ ਦੀ ਮਾਂ ਰਾਜ ਦੀ ਹਰ ਖੁਸ਼ੀ ਪੂਰੀ ਕਰਨ ਦੀ ਕੋਸ਼ਿਸ਼ ਕਰਦੀ।ਜਦੋਂ ਕਦੇ ਰਾਜ ਮਾਂ ਕੋਲ ਨਵੇਂ ਫੈਸ਼ਨ ਦੇ ਸੂਟ ਦੀ ਇੱਛਾ ਰਖਦੀ ਤਾਂ ਉਹ ਝੱਟ ਪੂਰੀ ਕਰਦੀ।ਕਢਾਈ ਸਿਲਾਈ ਵਾਲੀ ਆਂਟੀ ਕੋਲ ਹੋਰ ਵੀ ਕਈ ਕੁੜੀਆਂ ਕੰੰਮ ਕਰਦੀਆਂ ਸਨ।ਉਹਨਾਂ ਵਿੱਚੋ ਇੱਕ ਕੁੜੀ ਦਾ ਭਰਾ ਆਪਣੀ ਭੈਣ ਨੂੰ ਰੋਜ਼ਾਨਾ ਛੱਡਣ ‘ਤੇ ਲੈਣ ਆਉਂਦਾ।ਰਾਜ ਅਤੇ ਉਸ ਸਹੇਲੀ ਦੇ ਭਰਾ ਦੀਆਂ ਅੱਖਾਂ ਕਈ ਵਾਰ ਮਿਲੀਆਂ ਸਨ।ਇਸ ਗੱਲ ਦਾ ਰਾਜ ਦੀ ਉਸ ਸਹੇਲੀ ਨੂੰ ਵੀ ਪਤਾ ਸੀ।
ਆਮ ਤੌਰ ‘ਤੇ ਰਾਜ ਕਢਾਈ ਸਿਲਾਈ ਦੇ ਕੰੰਮ ਤੋਂ ਸ਼ਾਮ ਨੂੰ ਚਾਰ ਕੁ ਵਜੇ ਘਰ ਪਰਤ ਆਉਂਦੀ ਸੀ।ਪਰ ਅੱਜ ਤਾਂ ਸ਼ਾਮ ਦੇ ਛੇ ਵੱਜ ਚੁੱਕੇ ਸਨ ਰਾਜ ਆਈ ਈ ਨਹੀਂ ਸੀ।ਰਾਜ ਦੀ ਮਾਂ ਦੀ ਚਿੰਤਾ ਵਧਦੀ ਜਾ ਰਹੀ ਸੀ।ਉਸ ਨੇ ਰਾਜ ਦੇ ਬਾਪ,ਚਾਚੇ,ਤਾਏ ਅਤੇ ਮਾਮੇ ਨੂੰ ਰਾਜ ਦੇ ਘਰ ਨਾ ਆਉਣ ਦੀ ਸੂਚਨਾ ਦਿੱਤੀ।ਮੰਗੂ ਬੈਠਾ ਬੁੜ ਬੁੜ ਕਰਨ ਤੋਂ ਵੱਧ ਕੁੱਝ ਨਹੀਂ ਸੀ ਕਰ ਰਿਹਾ।
“ਮੈਨੂੰ ਤਾਂ ਲਗਦਾ ਪਾ ਗਈ ਸਵਾਹ ਖੇਹ ਸਿਰ ‘ਚ।ਤੇਰੀ ਹੀ ਚਮਲਾਈ ਹੋਈ ਸੀ”।ਮੰਗੂ ਰਾਜ ਦੀ ਮਾਂ ਵੱਲ ਹੀ ਵਧ ਵਧ ਪਈ ਜਾ ਰਿਹਾ ਸੀ।
ਜਵਾਨ ਧੀ ਦੀ ਗੁੰਮਸ਼ੁਦਗੀ ਨੂੰ ਹੰਢਾਉਣ ਵਾਲਾ ਹੀ ਜਾਣ ਸਕਦੈ।ਸਾਰਾ ਟੱਬਰ ਸੋਚੀਂ ਪਿਆ ਹੋਇਆ ਸੀ।ਕਰਿਆ ਜਾਵੇ ਤਾਂ ਕੀ ਕਰਿਆ ਜਾਵੇ।ਚੌਵੀ ਘੰਟਿਆਂ ਤੋਂ ਪਹਿਲਾਂ ਪੁਲਿਸ ਵੀ ਨੀ ਕੋਈ ਕਾਰਵਾਈ ਕਰਦੀ।ਵੈਸੇ ਵੀ ਚੋਰ ਦੀ ਮਾਂ ਕੋਠੀ ‘ਚ ਮੂੰਹ ਵਾਲੀ ਹਾਲਤ ਸੀ।ਕਿਵੇਂ ਦੱਸਣ ਕਿਸੇ ਨੂੰ ਵੀ ਜਵਾਨ ਧੀ ਰਾਤ ਪੈਣ ‘ਤੇ ਵੀ ਘਰ ਨਹੀਂ ਸੀ ਆਈ।ਲੋਕ ਤਾਂ ਚੰਗੀਆਂ ਭਲੀਆਂ ਕੁੜੀਆਂ ਦੀਆਂ ਗੱਲਾਂ ਬਣਾ ਛੱਡਦੇ ਨੇ ਇਹ ਤਾਂ ਰਾਤ ਪੈਣ ‘ਤੇ ਵੀ ਘਰੋਂ ਬਾਹਰ ਸੀ।
ਰਾਜ ਦਾ ਮੋਬਾਈਲ ਬੰਦ ਆ ਰਿਹਾ ਸੀ।ਉਸ ਦੇ ਚਾਚੇ,ਤਾਏ ਦੇ ਮੁੰਡੇ ਅਤੇ ਮਾਮੇ ਦਾ ਮੁੰਡਾ ਰਾਜ ਦੇ ਮੋਬਾਈਲ ਦੀ ਲੋਕੇਸ਼ਨ ਤਲਾਸ਼ਣ ਦੀ ਕੋਸ਼ਿਸ਼ ਕਰ ਰਹੇ ਸਨ।ਪਰ ਕੁੱਝ ਵੀ ਪੱਲੇ ਨਹੀਂ ਸੀ ਪੈ ਰਿਹਾ।ਰਾਜ ਦੀ ਮਾਂ ਦੀ ਹਾਲਤ ਸਭ ਤੋਂ ਤਰਸਯੋਗ ਸੀ।ਉਹ ਸੋਚਦੀ “ਇਹੋ ਜਿਹੀ ਤਾਂ ਹੈ ਨਹੀਂ ਸੀ ਮੇਰੀ ਰਾਜ ਵੀ ਘਰੋਂ ਭੱਜ ਜਾਵੇ।ਫਿਰ ਇਹ ਕੀ ਭਾਣਾ ਵਰਤ ਗਿਆ ਮੇਰੀ ਧੀ ਨਾਲ।ਉਸ ਨੂੰ ਅਗਲੇ ਹੀ ਪਲ ਖਿਆਲ ਆਉਂਦਾ ਕਿਤੇ ਕੋਈ ਜਬਰਦਸਤੀ ਅਗਵਾ ਕਰਕੇ ਤਾਂ ਨੀ ਲੈ ਗਿਆ ਮੇਰੀ ਧੀ ਨੂੰ।ਹਾਏ ਰੱਬਾ!ਹਾਲੇ ਮੈਨੂੰ ਦੁੱਖ ਦੇਣ ਦੀ ਕੋਈ ਕਸਰ ਰਹਿ ਗਈ ਸੀ ਜਿਹੜੀ ਤੂੰ ਆਹ ਦੁੱਖ ਦੇ ਕੇ ਪੂਰੀ ਕੀਤੀ ਆ।ਹਾਏ ਰੱਬਾ ਕਿਸ ਹਾਲਤ ਵਿੱਚ ਹੋਵੇਗੀ ਮੇਰੀ ਧੀ?”ਰਾਜ ਨੂੰ ਦੰਦਲ ਪੈ ਗਈ।ਡਾਕਟਰ ਨੇ ਆ ਕੇ ਦਵਾਈ ਦਿੱਤੀ ਤਾਂ ਕਿਤੇ ਜਾ ਕੇ ਰਾਜ ਦੀ ਮਾਂ ਨੂੰ ਹੋਸ਼ ਆਈ।
ਸਾਰੇ ਟੱਬਰ ਦੇ ਜਾਗਦਿਆਂ ਰਾਤ ਲੰਘ ਗਈ ਪਰ ਰਾਜ ਦੀ ਕਿਧਰੇ ਕੋਈ ਉੱਘ ਸੁੱਗ ਨਹੀਂ ਸੀ।ਅਗਲੇ ਦਿਨ ਰਾਜ ਦੇ ਮਾਮੇ ਦੇ ਇੱਕ ਜਾਣਕਾਰ ਪੁਲਸੀਏ ਨੇ ਬਿਨਾਂ ਕੋਈ ਅਰਜੀ ਦਾਖਲ ਕੀਤੇ ਕਹਿ ਕਹਾ ਕੇ ਰਾਜ ਦੇ ਮੋਬਾਈਲ ਦੀ ਲੋਕੇਸ਼ਨ ਕਢਾ ਲਈ।ਇਹ ਤਾਂ ਨੇੜਲੇ ਹੀ ਪਿੰਡ ਦੀ ਸੀ।ਪੁਲਸ ਵਾਲੇ ਨੇ ਰਾਜ ਦੀ ਉਮਰ ਜਾਣੀ ਤਾਂ ਉਸਨੇ ਕਾਨੂੰਨੀ ਨੁਕਤੇ ਤੋਂ ਸਾਰੀ ਗੱਲ ਰਾਜ ਦੇ ਮਾਮੇ,ਚਾਚੇ,ਤਾਏ ਅਤੇ ਰਾਜ ਦੀ ਮਾਂ ਨੂੰ ਸਮਝਾਈ ” ਮੈਨੂੰ ਲਗਦਾ ਰਾਜ ਦੀ ਕਿਸੇ ਮੁੰਡੇ ਨਾਲ ਦੋਸਤੀ ਵਗੈਰਾ……ਅੱਜਕੱਲ ਆਮ ਆ ਇਹ ਬੱਚਿਆਂ ‘ਚ।ਜਦੋਂ ਦੋਵੇਂ ਬੱਚੇ ਬਾਲਗ ਹੋਣ ਤਾਂ ਪੁਲਿਸ ਵੀ ਕੁੱਝ ਨਹੀਂ ਕਰ ਸਕਦੀ।ਇਹੋ ਜਿਹੇ ਕੇਸਾਂ ਵਿੱਚ ਅਦਾਲਤ ਵੱਲੋਂ ਤਾਂ ਬੱਚਿਆਂ ਨੂੰ ਸੁਰੱਖਿਆ ਦੇਣ ਦੀਆਂ ਹਦਾਇਤਾਂ ਨੇ ਸਗੋਂ”।
ਲੋਕੇਸ਼ਨ ਦੇ ਆਧਾਰ ‘ਤੇ ਪਿੰਡ ਪਹੁੰਚੇ ਤਾਂ ਇਹ ਗੱਲ ਤਾਂ ਪਤਾ ਲੱਗ ਗਈ ਕਿ ਰਾਜ ਸਹੇਲੀ ਦੇ ਭਰਾ ਨਾਲ ਹੀ ਆਈ ਸੀ।ਘਰ ਦੇ ਸਾਰੇ ਮੈਂਬਰਾਂ ਨੇ ਬੈਠ ਕੇ ਗੱਲ ਵਿੱਚੇ ਨਿਬੇੜਨ ਦੀ ਸੋਚੀ।ਰਾਜ ਜਿੱਥੇ ਚਾਹੁੰਦੀ ਆ ਨੰਦ ਦੇ ਦਿਓ।ਹੋਰ ਹੁਣ ਕੀਤਾ ਵੀ ਕੀ ਜਾ ਸਕਦੈ
ਦੋ ਸਿਆਣੇ ਬੰਦੇ ਮੁੰਡੇ ਵਾਲਿਆਂ ਦੇ ਘਰ ਭੇਜ ਆਨੰਦ ਕਾਰਜਾਂ ਦੀ ਰਸਮ ਨਿਭਾਉਣ ਦੀ ਸਹਿਮਤੀ ਬਣ ਗਈ।ਨੇੜਲੇ ਹੀ ਪਿੰਡ ਰਾਜ ਦੀ ਮਾਂ,ਮੰਗੂ ਅਤੇ ਮੁੰਡੇ ਵਾਲਿਆਂ ਵੱਲੋਂ ਤਿੰਨ ਕੁ ਮੈਂਬਰ ਆ ਗਏ।ਰਾਜ ਨੇ ਆਪਣੀ ਮਾਂ ਅਤੇ ਬਾਪ ਮੰਗੂ ਨਾਲ ਅੱਖ ਵੀ ਨਾ ਮਿਲਾਈ।ਰਾਜ ਦਾ ਇਸ ਤਰ੍ਹਾਂ ਨਿਰਮੋਹਿਆਂ ਵਾਲਾ ਵਿਵਹਾਰ ਰਾਜ ਦੀ ਮਾਂ ਨੂੰ ਹੈਰਾਨ ਕਰ ਰਿਹਾ ਸੀ।ਉਸ ਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਕੱਲ ਉਸ ਨੂੰ ਮੰਮੀ ਮੰਮੀ ਕਹਿਣ ਵਾਲੀ ਅੱਜ ਅੱਖ ਮਿਲਾਉਣ ਤੋਂ ਵੀ ਇਨਕਾਰੀ ਹੋਈ ਖੜੀ ਆ।
ਰਾਜ ਦੀ ਮਾਂ ਦਾ ਜੀਅ ਕਰੇ ਕਿ ਰਾਜ ਨੂੰ ਕੁੱਟ ਕੁੱਟ ਕੇ ਮਾਰ ਮੁਕਾਵੇ ” ਦੱਸ ਕੀ ਘਾਟ ਰਹਿ ਗਈ ਸੀ ਮੇਰੇ ਪਿਆਰ ‘ਚ ਜਿਹੜਾ ਤੂੰਂ ਮੈਨੂੰ ਮਿੰਟ ‘ਚ ਬੇਗਾਨੀ ਕਰ ਦਿੱਤਾ।ਹਾਏ ਨੀ ਅੰਮੜੀਏ ਮੈਂ ਇਸ ਕਲਜੋਗਣ ਨੂੰ ਜੰੰਮਦੀ ਨੂੰ ਕਿਉਂ ਨਾ ਮਾਰ ਦਿੱਤਾ?”
“ਕੋਈ ਨੀ ਭਾਈ ਕਲਯੁੱਗ ਆ।ਅੱਜਕੱਲ ਦੇ ਬੱਚੇ ਮਨਰਜੀਆਂ ਕਰਦੇ ਨੇ।ਮਾਪਿਆਂ ਦੀਆਂ ਖੁਸ਼ੀਆਂ ਦੀ ਇਹਨਾਂ ਅੱਜਕੱਲ ਦੇ ਬੱਚਿਆਂ ਨੂੰ ਕਿੱਥੇ ਪ੍ਰਵਾਹ ਆ”ਸਾਂਝੇ ਬੰਦਿਆਂ ਵਜੋਂ ਆਏ ਦੋ ਬੰਦਿਆਂ ਵਿੱਚੋਂ ਇੱਕ ਨੇ ਰਾਜ ਦੀ ਮਾਂ ਦੇ ਮੋਢੇ ‘ਤੇ ਹੱਥ ਰੱਖਿਆ।ਗੁਰੂ ਘਰ ਦੇ ਗ੍ਰੰਥੀ ਸਿੰਘ ਨੇ ਮਾਪਿਆਂ ਦੀ ਸਹਿਮਤੀ ਨਾਲ ਆਨੰਦ ਕਾਰਜਾਂ ਦੀ ਰਸਮ ਸੰਪੂਰਨ ਕਰ ਦਿੱਤੀ।
ਰਾਜ ਆਪਣੇ ਸਹੁਰੇ ਘਰ ਚਲੀ ਗਈ ਅਤੇ ਰਾਜ ਦੀ ਮਾਂ ਅਤੇ ਮੰਗੂ ਵਾਪਸ ਆਪਣੇ ਘਰ ਆ ਗਏ।ਆਂਢ ਗੁਆਂਢ ਦੀਆਂ ਔਰਤਾਂ ਬਿੜਕਾਂ ਲੈਣੋ ਨਾ ਹਟਣ “ਭੈਣ ਕਿਵੇ ਥੋਡੇ ਘਰੇ ਆਵਾਜਾਈ ਜੀ ਵਾਹਲੀ ਵਧੀ ਪਈ ਆ?ਨਾਲੇ ਕਈ ਦਿਨਾਂ ਦੀ ਰਾਜ ਨੀ ਵਿਖਾਈ ਦਿੰਦੀ?ਕਿਤੇ ਗਈ ਹੋਈ ਆ?”
ਕਈਆਂ ਨੂੰ ਤਾਂ ਸਾਰੀ ਗੱਲ ਦਾ ਪਤਾ ਵੀ ਸੀ ਪਰ ਸੁਆਦ ਲੈਣ ਦੀਆਂ ਮਾਰੀਆਂ ਮੁੜ ਮੁੜ ਰਾਜ ਦੀ ਮਾਂ ਨੂੰ ਪੁੱਛ ਰਹੀਆਂ ਸਨ।ਰਾਜ ਦੀ ਮਾਂ ਵਿਚਾਰੀ ਕਹਿ ਛੱਡਦੀ “ਰਾਜ ਦੇ ਮਾਮੇ ਨੇ ਤਾਂ ਵੇਖਣ ਆਇਆਂ ਨਾਲ ਈ ਉਸਦਾ ਚੁੰਨੀ ਚੜਾਵਾ ਕਰ ਦਿੱਤਾ”
ਰਾਜ ਦੀ ਮਾਂ ਕੁੱਝ ਦਿਨ ਦੇ ਰੋਣੇ ਧੋਣੇ ਤੋਂ ਬਾਅਦ ਮੁੜ ਜ਼ਿੰਦਗੀ ਨੂੰ ਰੋੜਨ ਲੱਗੀ।ਕਈ ਦਿਨਾਂ ਬਾਅਦ ਰਾਜ ਦੀ ਮਾਂ ਦੇ ਮੋਬਾਈਲ਼ ‘ਤੇ ਰਾਜ ਦਾ ਫੋਨ ਆਇਆ ਪਰ ਉਸਨੇ ਗੁੱਸੇ ਵਿੱਚ ਫੋਨ ਨਾ ਚੁੱਕਿਆ।ਅਗਲੇ ਦਿਨ ਫਿਰ ਫੋਨ ਵਾਰ ਵਾਰ ਵਜਦਾ ਰਿਹਾ ਪਰ ਰਾਜ ਦੀ ਮਾਂ ਨੇ ਫੋਨ ਨਾ ਚੁੱਕਿਆ।ਮਾਂ ਦੇ ਫੋਨ ‘ਤੇ ਰਾਜ ਦਾ ਫੋਨ ਆਉਣ ਦਾ ਸਿਲਸਿਲਾ ਨਿੱਤ ਦਾ ਹੀ ਹੋ ਗਿਆ ਸੀ ਪਰ ਰਾਜ ਦੀ ਮਾਂ ਗੁੱਸੇ ਵਿੱਚ ਫੋਨ ਨਾ ਚੁੱਕਦੀ।
ਜਿੰਨਾਂ ਘਰਾਂ ਵਿੱਚ ਰਾਜ ਦੀ ਮਾਂ ਕੰੰਮ ਕਰਦੀ ਸੀ ਰਾਜ ਨੇ ਉਸ ਘਰ ਵਾਲੀ ਆਂਟੀ ਦੇ ਫੋਨ ‘ਤੇ ਫੋਨ ਕਰਕੇ ਆਪਣੀ ਮਾਂ ਨਾਲ ਗੱਲ ਕਰਵਾਉਣ ਦੀ ਬੇਨਤੀ ਕੀਤੀ “ਆਂਟੀ ਮੇਰੀ ਮਾਂ ਨੂੰ ਕਹਿ ਦਿਓ ਬੱਸ ਇੱਕ ਵਾਰ ਮੇਰੇ ਨਾਲ ਗੱਲ ਕਰ ਲਵੇ।ਫਿਰ ਭਾਵੇਂ ਮੇਰੇ ਨਾਲ ਸਾਰੀ ਉਮਰ ਨਾ ਬੋਲੇ”।
“ਕੋਈ ਨਾ ਪੁੱਤ ਮੈਂ ਕਹੂੰਗੀ ਤੇਰੀ ਮਾਂ ਨੂੰ ਜਦੋਂ ਅੱਜ ਆਈ ਤੇਰੇ ਨਾਲ ਗੱਲ ਕਰ ਲਵੇ।ਤੂੰ ਇੱਕ ਡੇਢ ਵਜੇ ਫੋਨ ਕਰ ਲਵੀਂ ਮੈਨੂੰ ਮੈਂ ਇਸੇ ਫੋਨ ਤੋਂ ਹੀ ਕਰਵਾ ਦੇਵਾਂਗੀ ਤੇਰੀ ਮਾਂ ਨਾਲ ਤੇਰੀ ਗੱਲ”।
ਚੰਗਾ ਆਂਟੀ ਸਾਸਰੀਕਾਲ ਕਹਿ ਰਾਜ ਨੇ ਫੋਨ ਕੱਟ ਦਿੱਤਾ।
ਅਗਲੇ ਦਿਨ ਉਸ ਆਂਟੀ ਦੇ ਘਰ ਜਦੋਂ ਰਾਜ ਦੀ ਮਾਂ ਗਈ ਤਾਂ ਉਸ ਨੇ ਰਾਜ ਦਾ ਫੋਨ ਆਉਣ ਬਾਰੇ ਸਾਰੀ ਗੱਲ ਦੱਸਦਿਆਂ ਰਾਜ ਦੀ ਮਾਂ ਨੂੰ ਇੱਕ ਵਾਰ ਰਾਜ ਨਾਲ ਗੱਲ ਕਰਨ ਲਈ ਸਹਿਮਤ ਕਰ ਲਿਆ।
“ਹੈਲੋ ਆਂਟੀ ਜੀ ਸਾਸਰੀਕਾਲ।ਆਂਟੀ ਆਈ ਆ ਮੇਰੀ ਮੰਮੀ ਅੱਜ?ਜੇ ਆਈ ਤਾਂ ਕਰਵਾ ਦਿਓ ਮੇਰੀ ਗੱਲ”
“ਹਾਂ ਪੁੱਤ ਠਹਿਰ ਮੈਂ ਸੱਦਦੀ ਆ ਤੇਰੀ ਮਾਂ ਨੂੰ” ਘਰ ਦੀ ਮਾਲਕਣ ਨੇ ਰਾਜ ਦੀ ਮਾਂ ਨੂੰ ਆਵਾਜ਼ ਮਾਰੀ।
“ਮੰਮੀ ਜੀ ਸਾਸਰੀਕਾਲ”
“ਹਾਂ ਦੱਸ ਕਾਹਦੇ ਲਈ ਫੋਨ ਕਰਦੀ ਆਂ ਹੁਣ।ਕੋਈ ਕਸਰ ਰਹਿ ਗਈ ਜਿਹੜੀ ਉਹ ਕੱਢਣੀ ਆ ਹੁਣ”ਰਾਜ ਦੀ ਮਾਂ ਨੇ ਗੁੱਸਾ ਵਿਖਾਇਆ।
“ਮਾਂ ਤੇਰਾ ਗੁੱਸਾ ਜਾਇਜ ਆ ਤੇ ਮੈਂ ਇਹ ਵੀ ਮੰਨਦੀ ਕਿ ਜੋ ਮੈਂ ਕੀਤਾ ਉਹ ਗਲਤ ਵੀ ਆ ਅਤੇ ਇਸ ਨਾਲ ਆਪਣੇ ਸਾਰੇ ਪਰਿਵਾਰ ਦੀ ਇੱਜ਼ਤ ਖਰਾਬ ਹੋਈ ਆ।ਪਰ ਮੰਮੀ ਜੇਕਰ ਮੈਂ ਇਹ ਗਲਤੀ ਨਾ ਕਰਦੀ ਤਾਂ ਫਿਰ ਜੋ ਗਲਤੀ ਹੋਣੀ ਸੀ……………ਰਾਜ ਦਾ ਗੱਚ ਭਰ ਆਇਆ ਅਤੇ ਮੰਮੀ ਉਸ ਗਲਤੀ ਨਾਲ ਜਿਹੜੀ ਆਪਣੇ ਪਰਿਵਾਰ ਦੀ ਬੇਇਜ਼ੱਤੀ………….ਰਾਜ ਹੁਬਕੀਂ ਹੁਬਕੀਂ ਰੋਣ ਲੱਗੀ।”
“ਰਾਜ ਪੁੱਤ ਮੈਨੂੰ ਖੁੱਲ ਕੇ ਦੱਸ ਸਾਰੀ ਗੱਲ।ਮੈਂ ਮਾਂ ਆਂ ਤੇਰੀ”
“ਮੰਮੀ ਜਿਸ ਦਿਨ ਮੈਂ ਘਰੋਂ ਗਈ ਆਂ ਉਸ ਦਿਨ ਤੂੰਂ ਤਾਂ ਜਲਦੀ ਕੰੰਮ ‘ਤੇ ਚਲੀ ਗਈ ਪਰ ਮੰਗੂ ਡੈਡੀ ਘਰ ਹੀ ਸੀ।ਤੇਰੇ ਜਾਣ ਤੋਂ ਬਾਅਦ ਉਸ ਨੇ ਸ਼ਰਾਬ ਪੀਤੀ ਅਤੇ ਮੈਨੂੰ……………।ਪਰ ਮੈਂ ਉਸਨੂੰ ਧੱਕਾ ਮਾਰ ਆਪਣਾ ਆਪ ਬਚਾ ਕੇ ਇੱਥੇ ਪਹੁੰਚ ਗਈ ਜਿੱਥੇ ਹੁਣ ਆਂ।”
—–
*ਬਿੰਦਰ ਸਿੰਘ ਖੁੱਡੀ ਕਲਾਂ*
*ਮੋਬ:98786-05965*

Leave a Reply

Your email address will not be published. Required fields are marked *