ਨਵਾਂ ਅਧਿਆਏ | nva adhiyae

ਬਾਪ ਵਿਹੂਣੀ ਸੀਰਤ ਮਾਪਿਆਂ ਦੀ ਇਕਲੌਤੀ ਔਲਾਦ ਸੀ,ਉਸ ਦੀ ਮਾਂ ਨੇ ਉਸ ਨੂੰ ਬੜੀਆਂ ਰੀਝਾਂ ਅਤੇ ਚਾਵਾਂ ਨਾਲ ਪੜ੍ਹਾਇਆ ਤੇ ਪੁੱਤਾਂ ਵਾਂਗ ਪਾਲਿਆ ਸੀ।ਸੀਰਤ ਵੀ ਪੜ੍ਹਾਈ ਵਿੱਚ ਅੱਵਲ ਸੀ ਅਤੇ ਆਪਣੀ ਮਾਂ ਦੀ ਹਰ ਖੁਸ਼ੀ ਦਾ ਪੂਰਾ ਖਿਆਲ ਰੱਖਦੀ ਸੀ।ਜਵਾਨ ਹੁੰਦੀ ਸੀਰਤ ਨੂੰ ਵੇਖ ਮਾਂ ਉਸ ਦੇ ਵਿਆਹ ਦਾ ਫਿਕਰ ਕਰਨ ਲੱਗੀ ਅਤੇ ਇੱਕ ਦਿਨ ਸੀਰਤ ਨੂੰ ਪੁੱਛਣ ਲੱਗੀ,
“ਪੁੱਤ ਵਿਆਹ ਬਾਰੇ ਤੇਰੇ ਕੀ ਵਿਚਾਰ ਨੇ,ਦੇਖ ਮੈਂ ਤੇਰੇ ਉੱਤੇ ਕੋਈ ਫੈਸਲਾ ਨਹੀਂ ਥੋਪਣਾ ਚਾਹੁੰਦੀ,ਜੇ ਕੋਈ ਤੇਰੇ ਦਿਲ ਵਿੱਚ ਹੈ ਤਾਂ ਦੱਸ ਦੇ।”
ਵਿਆਹ ਤੇ ਮੈਂ ਕਰਵਾ ਲਵਾਂਗੀ,ਜਿੱਥੇ ਤੁਸੀਂ ਕਹੋਗੇ ਪਰ ਮੈਂ ਵਿਆਹ ਕਰਵਾ ਕੇ ਕਿਤੇ ਨਹੀਂ ਜਾਣਾ ਸਗੋਂ ਤੁਹਾਡੇ ਜਵਾਈ ਨੂੰ ਵਿਆਹ ਕੇ ਲਿਆਉਣਾ ਹੈ ਅਤੇ ਮੈਂ ਚਾਹੁੰਦੀ ਹਾਂ ਕਿ ਤੁਸੀਂ ਧੀ-ਜਵਾਈ ਤੋਂ ਪਾਣੀ ਵਾਰ ਕੇ ਪੀਵੋ ਤੇ ਉਹ ਜਵਾਈ ਪੁੱਤਰ ਬਣ ਕੇ ਤੁਹਾਡੇ ਬੁੱਢਾਪੇ ਦਾ ਸਹਾਰਾ ਬਣੇ।ਇਹਨਾਂ ਕਹਿੰਦਿਆਂ ਸੀਰਤ ਆਪਣੀ ਮਾਂ ਦਾ ਚਿਹਰਾ ਪੜ੍ਹਨ ਲੱਗੀ।
ਪਰ ਪੁੱਤ ਲੋਕ ਕੀ ਕਹਿਣਗੇ ?
ਲੋਕਾਂ ਦਾ ਕੀ ਏ ਮਾਂ,ਨਵੇਂ ਰਾਹਾਂ ਤੇ ਚੱਲਦਿਆਂ ਕਈ ਕੁਝ ਸੁਣਨਾ ਪੈਂਦਾ ਹੈ ਪਰ ਤੂੰ ਕਾਇਮ ਰਹੀਂ,ਮੈਂ ਤੇਰੀ ਧੀ ਨਹੀਂ ਪੁੱਤ ਬਣਨਾ ਏ ਪੁੱਤ।
ਧੀ ਦੇ ਹਿੰਮਤੀ ਬੋਲਾਂ ਨੇ ਉਸ ਦੀ ਮਾਂ ਵਿੱਚ ਐਸੀ ਦਲੇਰੀ ਭਰ ਦਿੱਤੀ ਕਿ ਉਹ ਇਸ ਤਰਾਂ ਉੱਠ ਖੜੀ ਜਿਵੇਂ ਨਵਾਂ ਅਧਿਆਏ ਲਿਖਣ ਲਈ ਤਿਆਰ ਬਰ ਤਿਆਰ ਹੋਵੇ।
ਬਲਕਾਰ ਸਿੰਘ ਜੋਸਨ
mob 9779010544

Leave a Reply

Your email address will not be published. Required fields are marked *