ਉਡੀਕ | udeek

” ਸਰ ਇਹ ਸ਼ਰਮਾ ਜੀ ਨੇ ਹੁਣ ਇਹ ਤੁਹਾਡੇ ਨਾਲ ਇਸੇ ਕਮਰੇ ਵਿੱਚ ਬੈਠਣਗੇ” ਮੇਰੇ ਸਾਹਮਣੇ ਮੇਰੇ ਦਫ਼ਤਰ ਦਾ ਚਪੜਾਸੀ ਇੱਕ ਸ਼ਖ਼ਸ ਨਾਲ ਖੜ੍ਹਾ ਸੀ। ਮੈ ਪੂਰੇ ਅਦਬ ਸਤਿਕਾਰ ਨਾਲ ਵੈੱਲਕਮ ਕੀਤਾ । ਸ਼ਰਮਾ ਜੀ ਬੜੇ ਉਦਾਸ ਜਿਹੇ ਲੱਗੇ ਮੈਨੂੰ ।
“ਤੁਸੀਂ ਅੱਜ ਹੀ ਜੁਆਇਨ ਕੀਤਾ ਆਡਰ ਤਾਂ ਤੁਹਾਡੇ ਕਲ ਆ ਗਏ ਸੀ ” 
” ਜੀ ਮੈ ਕਲ ਥੋੜ੍ਹਾ ਲੇਟ ਹੋ ਗਿਆ ਸੀ ਸਾਹਬ ਨਾਲ ਫ਼ੋਨ ਤੇ ਗਲ਼ ਹੋ ਗਈ ਸੀ ਉਨ੍ਹਾਂ ਕਿਹਾ ਕਲ ਆ ਜਾਇਓ”  
” ਜੀ ਸ਼ਰਮਾ ਜੀ ਵੈੱਲਕਮ ਇਹ ਤੁਹਾਡੀ ਸੀਟ ਹੈ ” ਮੈ ਖ਼ਾਲੀ ਕੁਰਸੀ ਮੇਜ਼ ਵੱਲ ਇਸ਼ਾਰਾ ਕੀਤਾ
ਸ਼ਰਮਾ ਜੀ ਨੇ ਆਪਣੀ ਸੀਟ ਲੈ ਲਈ ਪਰ ਮੈਨੂੰ ਸ਼ਰਮਾ ਜੀ ਦਾ ਸੁਭਾਅ ਅਜੀਬ ਲੱਗਾ ਜਮਾ ਹੀ ਚੁੱਪ ਸਾਰੇ ਦਿਨ ਵਿੱਚ ਇੱਕ ਵੀ ਗੱਲ ਨਹੀਂ ਸੀ ਕਰਦੇ ਉਦਾਸ ਚਿਹਰਾ ਮੈ ਕਈ ਵਾਰੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋ ਸਕਿਆ। ਵੇਖਦੇ ਵੇਖਦੇ ਦੋ ਦਿਨ ਲੰਘ ਗਏ । ਤੀਸਰੇ ਦਿਨ ਸਵੇਰੇ ਹੀ ਮੈਨੂੰ ਮੇਰੀ ਰਿਹਾਇਸ਼ ਬਾਰੇ ਪੁੱਛਿਆ ਕੇ ਕਿੱਥੇ ਰਹਿੰਦੇ ਹੋ ਦਰਅਸਲ ਉਨ੍ਹਾਂ ਨੂੰ ਕਿਰਾਏ ਤੇ ਇੱਕ ਘਰ ਚਾਹੀਦਾ ਸੀ ਮੈ ਕਿਹਾ ਹਾਂ ਮੇਰੇ ਘਰ ਦੇ ਪਿਛਲੇ ਬਲਾਕ ਵਿੱਚ ਇੱਕ ਫਲੈਟ ਖ਼ਾਲੀ ਹੈ ਉਹ ਕਿਰਾਏ ਤੇ ਮਿੱਲ ਸਕਦਾ ਸਬੰਧਿਤ ਆਦਮੀ ਦਾ ਫ਼ੋਨ ਨੰਬਰ ਮੈ ਉਨ੍ਹਾਂ ਨੂੰ ਦੇ ਦਿੱਤਾ। ਕਈ ਦਿਨ ਮੇਰੀ ਵੀ ਇਸ ਟੌਪਕ ਤੇ ਉਨ੍ਹਾਂ ਨਾਲ ਕੋਈ ਗਲ਼ ਨਾ ਹੋਈ ਦਰਅਸਲ ਕੰਮ ਹੀ ਬਹੁਤ ਸੀ ਗਲ਼ ਕਰਨ ਦਾ ਟਾਈਮ ਨਹੀਂ ਮਿਲੀਆਂ । ਦੁਪਹਿਰ ਨੂੰ ਅਸੀਂ ਸਾਰੇ ਕੁਲੀਗਜ਼਼ ਇਕੱਠੇ ਲੰਚ ਕਰਦੇ ਸੀ ਪਰ ਸ਼ਰਮਾ ਜੀ ਘਰ ਜਾਂਦੇ ਸੀ ਲੰਚ ਲਈ ਇਸ ਲਈ ਗਲ਼ ਨਾ ਹੋਈ। ਕਾਫ਼ੀ ਦਿਨਾਂ ਬਾਅਦ ਗਲ਼ ਹੋਈ ਕੇ ਉਨ੍ਹਾਂ ਉਹ ਫਲੈਟ ਕਿਰਾਏ ਤੇ ਲੈ ਲਿਆ ਤੇ ਸ਼ੀਫ਼ਟ ਵੀ ਹੋ ਗਏ। ਮੈ ਕਈ ਵਾਰ ਉਨ੍ਹਾਂ ਨੂੰ ਆਪਣੇ ਘਰ ਆਉਣ ਲਈ ਕਿਹਾ ਪਰ ਉਨ੍ਹਾਂ ਟਾਲ ਮਟੋਲ ਕਰ ਦਿੱਤੀ । ਮੇਰਾ ਕੰਮ ਜ਼ਿਆਦਾ ਤੋਰੇ ਫੇਰੇ ਵਾਲਾ ਸੀ ਇਸ ਲਈ ਮੈ ਬਹੁਤਾ ਸਮਾਂ ਆਪਣੀ ਸੀਟ ਤੇ ਨਹੀਂ ਸੀ ਬੈਠਦ੍ਹਾ  ਸ਼ਰਮਾ ਜੀ ਨੇ ਮੇਰੀ ਡਾਕ ਵੇਖ ਲੈਣੀ ਤੇ ਕਈ ਵਾਰ ਫਾਈਲ ਤੇ ਟਿੱਪਣੀ ਵੀ ਲਿਖ ਕੇ ਮੇਰੇ ਟੇਬਲ ਤੇ ਰੱਖ ਦੇਣੀ ਮੈ ਤਾਂ ਬੱਸ ਸਾਈਨ ਕਰ ਕੇ ਹੀ ਭੇਜਣੀ ਹੁੰਦੀ ਸੀ। ਪਰ ਮੈਨੂੰ ਸ਼ਰਮਾ ਜੀ ਦੀ ਚੁੱਪ ਤੇ ਉਦਾਸ ਚਿਹਰਾ ਚੰਗਾ ਨਹੀਂ ਸੀ ਲੱਗਦਾ ਮੈ ਬਹੁਤ ਯਤਨ ਕੀਤੇ ਕੇ ਸ਼ਰਮਾ ਜੀ ਵੀ ਸਾਡੇ ਨਾਲ ਗੱਲਬਾਤ ਕਰਨ ਪਰ ਸਿਵਾਏ ਹਾਂ ਜੀ ਤੇ ਨਾਂ ਜੀ ਤੋ ਉਹ ਅੱਗੇ ਨਹੀਂ ਵਧੇ ਹੋਲੀ ਹੋਲੀ ਮੈ ਵੀ ਯਤਨ ਕਰਨੇ ਛੱੜ ਦਿੱਤੇ।ਅਸੀਂ ਕੰਮ ਦੀ ਗਲ਼ ਹੀ ਕਰਨੀ ਇਸ ਤੋ ਬਿਨਾਂ ਹੋਰ ਕੋਈ ਗਲ਼ ਨਾ ਕਰਨੀ
      ਇੱਕ ਦਿਨ ਅਚਾਨਕ ਸਵੇਰੇ ਸਵੇਰੇ ਰਿਸ਼ਤੇਦਾਰੀ ਚੋ ਮਰਗ ਦਾ ਫ਼ੋਨ ਆ ਗਿਆ ਸਸਕਾਰ ਤੇ ਜਾਣਾ ਜ਼ਰੂਰੀ ਸੀ ।ਮੇਰੇ ਕੋਲ ਦਫ਼ਤਰ ਦੀਆਂ ਬਹੁਤ ਜ਼ਰੂਰੀ ਫ਼ਾਇਲਾਂ ਸਨ ਜੋ ਅੱਜ ਹਰ ਹਾਲਤ ਵਿੱਚ ਦਫ਼ਤਰ ਦੇਣੀਆਂ ਸਨ ਪਰ ਦਫ਼ਤਰ ਤਾਂ ਦਸ ਵਜੇ ਖੁੱਲਣਾ ਸੀ ਔਰ ਅਸੀਂ ਜਲਦੀ ਨਿਕਲਣਾ ਸੀ ਅਚਾਨਕ ਮੈਨੂੰ ਸ਼ਰਮਾ ਜੀ ਦੀ ਯਾਦ ਆਈ ਮੈ ਫ਼ਾਇਲਾ ਲੈ ਸ਼ਰਮਾ ਜੀ ਦੇ ਫਲੈਟ ਦੀ ਘੰਟੀ ਜਾ ਮਾਰੀ । ਦਰਵਾਜ਼ਾ ਸ਼ਰਮਾ ਜੀ ਨੇ ਹੀ ਖੋਲੀਆਂ ਤੇ ਮੈਨੂੰ ਅਚਾਨਕ ਦਰਵਾਜ਼ੇ ਵਿੱਚ ਖੜਾਂ ਦੇਖ ਉਹ ਥੋੜ੍ਹਾ ਘਬਰਾ ਗਏ ਮੈ ਉਨ੍ਹਾਂ ਨੂੰ ਆਪਣੇ ਆਉਣ ਦਾ ਕਾਰਨ ਦੱਸ ਕੇ ਧੱਕੇ ਨਾਲ ਹੀ ਅੰਦਰ ਆ ਗਿਆ ਦਰਅਸਲ ਮੈ ਸ਼ਰਮਾ ਜੀ ਦਾ ਘਰ ਤੇ ਪਰਿਵਾਰ ਵੇਖਣਾ ਚਾਹੁੰਦਾ ਸੀ ਮੇਰਾ ਇਸ ਤਰ੍ਹਾਂ ਅੰਦਰ ਆਉਣਾ ਸ਼ਾਇਦ ਉਨ੍ਹਾਂ ਨੂੰ ਚੰਗਾ ਨਹੀਂ ਲੱਗਾ ਪਰ ਮਜਬੂਰੀ ਵੱਸ ਉਹ ਵੀ ਮੇਰੇ ਪਿੱਛੇ ਡਰਾਇੰਗ ਰੂਮ ਵਿੱਚ ਆ ਗਏ।ਘਰ ਬੜੇ ਸੋਹਣੇ ਸਲੀਕੇ ਨਾਲ ਸਜਾਇਆ ਹੋਇਆ ਸੀ।ਸਾਹਮਣੇ ਦੀਵਾਨ ਤੇ ਇੱਕ ਔਰਤ ਬੈਠੀ ਨੀਲੇ ਰੰਗ ਦਾ ਸਵੈਟਰ ਬੁਣ ਰਹੀ ਸੀ ਸ਼ਰਮਾ ਜੀ ਨੇ ਜਾਣ ਪਹਿਚਾਣ ਕਰਾਈ ਇਹ ਮੇਰੀ ਪਤਨੀ ਤੇ ਇਹ ਸਰਦਾਰ ਜੀ ਮੇਰੇ ਕਲੀਗ ਮੈ ਨਮਸਤੇ ਕਰ ਕੇ ਸੋਫ਼ੇ ਤੇ ਬੈਠ ਗਿਆ।ਸ਼ਰਮਾ ਜੀ ਨੇ ਉਤਲੇ ਮਨ ਨਾਲ ਚਾਹ ਪੁੱਛੀ ਤੇ ਮੈ ਨੇ ਝੱਟ ਹਾਂ ਕਰ ਦਿੱਤੀ ।ਸ਼ਰਮਾ ਜੀ ਖ਼ੁਦ ਹੀ ਰਸੋਈ ਵਿੱਚ ਚਲੇ ਗਏ ਤੇ ਮੈ ਬੈਠਾ ਇੱਧਰ ਉੱਧਰ ਦੇਖਣ ਲੱਗਾ ਦੀਵਾਨ ਦੇ ਬਿਲਕੁਲ ਉੱਪਰ ਦੀਵਾਰ ਤੇ ਇੱਕ 24 25 ਸਾਲ ਦੇ ਸੋਹਣੇ ਫ਼ੌਜੀ ਅਫ਼ਸਰ ਦੀ ਫ਼ੋਟੋ ਲੱਗੀ ਸੀ ਮੈ ਉਸ ਨੂੰ ਬੜੇ ਧਿਆਨ ਨਾਲ ਵੇਖਣ ਲੱਗਾ ਇਸ ਤੋ ਪਹਿਲਾ ਕੇ ਮੈ ਕੁੱਝ ਪੁੱਛਦਾ ਸ਼ਰਮਾ ਜੀ ਦੀ ਵਾਈਫ਼ ਬੋਲੀ ਇਹ ਸਾਡਾ ਇਕਲੌਤਾ ਪੁੱਤਰ ਆਕਾਸ਼ ਹੈ ਆਰਮੀ ਵਿੱਚ ਕੈਪਟਨ ਹੈ ਜੀ ਸ਼੍ਰੀ ਨਗਰ ਪੋਸਟਿੰਗ ਹੈ ਦੇਖੋ ਡੇਢ ਸਾਲ ਪਹਿਲਾ ਛੁੱਟੀ ਆਇਆ ਸੀ ਸ਼ਰਮਾ ਜੀ ਨੇ ਪਤਾ ਨਹੀਂ ਕੀ ਕਹਿ ਦਿੱਤਾ ਫੇਰ ਉਹ ਛੁੱਟੀ ਨਹੀਂ ਆਇਆ ਪਰ ਮੇਰੇ ਨਾਲ ਹਰ ਰੋਜ਼ ਟੈਲੀਫ਼ੋਨ ਤੇ ਗੱਲ ਕਰ ਲੈਂਦਾ ਹੈ ਆਹ ਸਵੈਟਰ ਮੈ ਉਸ ਲਈ ਬੁਣ ਰਹੀ ਹਾਂ ਪਰ ਮੈਨੂੰ ਪਤਾ ਹੈ ਸ਼ਰਮਾ ਜੀ ਨੇ ਇਹ ਉਸ ਨੂੰ ਭੇਜਣਾ ਨਹੀਂ ਤੁਸੀਂ ਭਰਾ ਜੀ ਭੇਜ ਦਿਉਗੇਂ ਉਸ ਨੂੰ ਕਸ਼ਮੀਰ ਵਿੱਚ ਠੰਢ ਹੈ। ਮੈ ਝੱਟ ਹਾਂ ਕਰ ਦਿੱਤੀ ਸ਼ਰਮਾ ਜੀ ਚਾਹ ਲੈ ਕੇ ਆ ਗਏ ਚਾਹ ਪੀ ਮੈ ਵਾਪਸੀ ਆਉਂਦਾ ਸ਼ਰਮਾ ਜੀ ਬਾਰੇ ਹੀ ਸੋਚਦਾ ਰਿਹਾ ਵੀ ਅਜੀਬ ਆਦਮੀ ਹੈ ਐਨਾ ਸੋਹਣਾ ਪਰਿਵਾਰ ਪਰ ਇਹ ਬੰਦਾ ਫੇਰ ਵੀ ਉਦਾਸ ਰਹਿੰਦਾ ਪਤਾ ਨਹੀਂ ਸ਼ਕਲ ਹੀ ਇਹੋ ਜਿਹੀ ਹੈ ਲੱਗਦਾ ਘਰ ਵਾਲੇ ਵੀ ਤੰਗ ਨੇ ਇਸ ਦੇ ਸੁਭਾ ਤੋ ਖ਼ੈਰ ਮੈ ਕਾਫ਼ੀ ਬੁਰਾ ਭਲਾ ਸੋਚਦਾ ਘਰ ਵਾਪਸੀ ਆ ਗਿਆ।
            ਮੈ ਦਫ਼ਤਰ ਵਿੱਚ ਕਈ ਵਾਰ ਉਨ੍ਹਾਂ ਦੇ ਬੇਟੇ ਦੀ ਗਲ਼ ਕੀਤੀ ਪਰ ਹਰ ਵਾਰ ਸ਼ਰਮਾ ਜੀ ਗਲ਼ ਬਦਲ ਦਿੰਦੇ ਫੇਰ ਮੈ ਵੀ ਚੁੱਪ ਹੀ ਰਹਿੰਦਾ ।ਇੱਕ ਦਿਨ ਸਵੇਰੇ ਜੱਦੋ ਸ਼ਰਮਾ ਜੀ ਦਫ਼ਤਰ ਆਏ ਤਾਂ ਉਹ ਨਾ ਦੇ ਹੱਥ ਵਿੱਚ ਇੱਕ ਲਿਫ਼ਾਫ਼ਾ ਸੀ ਜਿਸ ਵਿੱਚ ਉਹੀ ਨੀਲੇ ਰੰਗ ਦਾ ਸਵੈਟਰ ਸੀ।
“ਸ਼ਰਮਾ ਜੀ ਇਸ ਨੂੰ ਕੋਰੀਅਰ ਕਰਵਾ ਦਿਓ ਭਾਬੀ ਜੀ ਤਾਂ ਕਹਿੰਦੇ ਸੀ ਤੁਸੀਂ ਇਸ ਨੂੰ ਭੇਜੋ ਗੇ ਨਹੀਂ ”
” ਨਹੀਂ ਐਸੀ ਕੋਈ ਗਲ਼ ਨਹੀਂ ਮੈ ਸ਼ਾਮ ਨੂੰ ਕੋਰੀਅਰ ਕਰਵਾ ਦੇਵਾਂਗਾ” ਇਹ ਕਹਿੰਦੇ ਹੋਏ ਸ਼ਰਮਾ ਜੀ ਨੇ ਉਸ ਨੂੰ ਆਪਣੀ ਅਲਮਾਰੀ ਵਿੱਚ ਰੱਖ ਦਿੱਤਾ ਤੇ ਕੰਮ ਲੱਗ ਗਏ। ਸ਼ਰਮਾ ਜੀ ਦੀ ਉਹੀ ਰੁਟੀਨ ਰਹੀ ਦਫ਼ਤਰ ਆਉਣਾ ਚੁੱਪਚਾਪ ਆਪਣਾ ਕੰਮ ਕਰੀ ਜਾਣਾ ਤੇ ਸ਼ਾਮ ਨੂੰ ਚੱਲੇ ਜਾਣਾ। ਅਸੀਂ ਵੀ ਉਨ੍ਹਾਂ ਦੇ ਸੁਭਾ ਦੇ ਆਦੀ ਹੋ ਗਏ ਸੀ ਜ਼ਿਆਦਾ ਗਲ਼ ਨਹੀਂ ਸੀ ਕਰਦੇ ਉਨ੍ਹਾਂ ਨਾਲ ਵੇਖਦੇ ਵੇਖਦੇ ਦੋ ਮਹੀਨੇ ਬੀਤ ਗਏ ਤਾਂ ਇੱਕ ਦਿਨ ਅਚਾਨਕ ਮੈਨੂੰ ਸ਼ਰਮਾ ਜੀ ਦੀ ਅਲਮਾਰੀ ਖੌਲਣ ਦਾ ਮੌਕਾ ਮਿਲੀਆਂ ਮੇਰੀ ਹੈਰਾਨਗੀ ਦੀ ਹੱਦ ਨਾ ਰਹੀ ਜਦੋਂ ਮੈ ਉਹ ਸਵੈਟਰ ਵਾਲਾ ਲਿਫ਼ਾਫ਼ਾ ਉੱਥੇ ਹੀ ਪਿਆ ਵੇਖੀਆਂ ਮੈਨੂੰ ਬਹੁਤ ਗ਼ੁੱਸਾ ਆਇਆ।
“ਸ਼ਰਮਾ ਜੀ ਤੁਸੀਂ ਇਹ ਸਵੈਟਰ ਬੇਟੇ ਨੂੰ ਭੇਜੀਆਂ ਨਹੀਂ ਕਮਾਲ ਹੈ ਯਾਰ ਭਾਬੀ ਜੀ ਠੀਕ ਹੀ ਕਹਿੰਦੇ ਸੀ” ਗ਼ੁੱਸੇ ਵਿੱਚ ਮੈ ਸ਼ਰਮਾ ਜੀ ਨੂੰ ਕਾਫ਼ੀ ਕੁੱਝ ਬੋਲ ਤਾ । ਭਾਵੇਂ ਇਹ ਉਨ੍ਹਾਂ ਦਾ ਨਿੱਜੀ ਮਾਮਲਾ ਸੀ ਪਰ ਮੈ ਰਹਿ ਨਾ ਸਕਿਆ ਸ਼ਰਮਾ ਜੀ ਉਦਾਸ ਹੋ ਕੇ ਕੁਰਸੀ ਤੇ ਬੈਠ ਗਏ।
“ਐਸੀ ਕੀ ਗਲ਼ ਹੈ ਸ਼ਰਮਾ ਜੀ ਜਵਾਨ ਬੇਟੇ ਨਾਲ ਗ਼ੁੱਸਾ ਨਹੀਂ ਕਰੀਦਾ ” ਮੈ ਕੁੱਝ ਢਰਮੇ ਨਾਲ ਕਿਹਾ ਪਰ ਉਹ ਕੁੱਝ ਨਾ ਬੋਲੇ ” ਮੈ ਸਮਝ ਸਕਦਾ ਹਾਂ ਮੁੰਡੇ ਨੇ ਜ਼ਰੂਰ ਕੁੱਝ ਕਹਿ ਦਿੱਤਾ ਹੋਊ ਪਰ ਬੱਚੇ ਨੇ ਆਪਾ ਨੂੰ ਹੀ ਸਿਆਣਪ ਕਰਨੀ ਪਊ ” ਮੈ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਫੇਰ ਵੀ ਕੁੱਝ ਨਾ ਬੋਲੇ।
” ਅੱਛਾ ਲਿਆਊ ਮੈਨੂੰ ਦਿਓ ਪਤਾ ਮੈ ਭੇਜਦਾ ਹਾਂ ਕੋਰੀਅਰ ਅੱਜ ਹੀ” ਮੈ ਸਵੈਟਰ ਵਾਲਾ ਲਿਫ਼ਾਫ਼ਾ ਫੜਦੇ ਹੋਏ ਕਿਹਾ ।
” ਕਿਸ ਦਾ ਪਤਾ ਦੱਸਾਂ ਸਰਦਾਰ ਜੀ ਤੁਹਾਨੂੰ”
“ਤੁਹਾਡੇ ਪੁੱਤਰ ਆਕਾਸ਼ ਦਾ ਹੋਰ ਕਿਸ ਦਾ ” ਮੈ ਗ਼ੁੱਸੇ ਵਿੱਚ ਕਿਹਾ ।
” ਸਰਦਾਰ ਸਾਹਿਬ ਪਤੇ ਜਿਊਦੀਆਂ ਦੇ ਹੁੰਦੇ ਨੇ ਮੋਇਆ ਦੇ ਕਿਹੜੇ ਪਤੇ ਮੇਰੇ ਪੁੱਤਰ ਨੂੰ ਸ਼ਹੀਦ ਹੋਇਆ ਡੇਢ ਸਾਲ ਹੋ ਗਿਆ ”
” ਕੀ ਕਹਿ ਰਹੇ ਹੋ ਸ਼ਰਮਾ ਜੀ” ਮੈ ਚੀਕੀਆਂ
” ਹਾਂ ਸਰਦਾਰ ਸਾਹਿਬ ਜੱਦੋ ਉਹ ਛੁੱਟੀ ਤੋ ਵਾਪਸੀ ਗਿਆ ਤਾਂ ਆਪਣੇ ਪੰਜ ਜਵਾਨਾ ਨਾਲ ਗਸ਼ਤ ਤੇ ਸੀ ਕੇ ਅਚਾਨਕ ਘਾਤ ਲਾਈ ਬੈਠੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਆਕਾਸ਼ ਦੇ ਤਿੰਨ ਗੋਲੀਆਂ ਲੱਗੀਆਂ ਹਸਪਤਾਲ ਪਹੁੰਚਣ ਤੋ ਪਹਿਲਾ ਹੀ ਸ਼ਹੀਦ ਹੋ ਗਿਆ”  ਸ਼ਰਮਾ ਜੀ ਰੋ ਰਹੇ ਸਨ
      “ਸਾਨੂੰ ਜੱਦੋ ਇਹ ਖ਼ਬਰ ਮਿਲੀ ਤਾਂ ਮੇਰੀ ਪਤਨੀ ਬੇਹੋਸ਼ ਹੋ ਗਈ ਫਿਰ ਕੌਮਾਂ ਵਿੱਚ ਰਹੀ ਦੋ ਮਹੀਨੇ। ਉਹ ਏਨੀ ਬਦਕਿਸਮਤ ਮਾਂ ਹੈ ਕੇ ਆਪਣੇ ਬੱਚੇ ਦੀਆ ਆਖ਼ਰੀ ਰਸਮਾਂ ਵਿੱਚ ਸ਼ਾਮਲ ਵੀ ਨਹੀਂ ਹੋ ਸਕੀ।ਹਸਪਤਾਲ ਤੋ ਛੁੱਟੀ ਮਿਲਣ ਤੋ ਬਾਅਦ ਉਹ ਇਹ ਸਮਝ ਰਹੀ ਹੈ ਕੇ ਆਕਾਸ਼ ਮੇਰੇ ਨਾਲ ਨਾਰਾਜ਼ ਹੋਣ ਕਰ ਕੇ ਘਰ ਨਹੀਂ ਆਉਂਦਾ ਉਹ ਉਸ ਨੂੰ ਜਿੰਦਾ ਸਮਝਦੀ ਹੈ ।”
” ਪਰ ਭਾਬੀ ਜੀ ਤਾਂ ਕਹਿੰਦੇ ਸੀ ਮੈ ਹਰ ਰੋਜ਼ ਉਸ ਨਾਲ ਫ਼ੋਨ ਤੇ ਗਲ਼ ਕਰਦੀ ਹਾਂ” ਮੈ ਹੋਲੀ ਜਿਹੇ ਕਿਹਾ।
“ਹਾਂ ਉਹ ਹਰ ਰੋਜ਼ ਸਵੇਰੇ ਸ਼ਾਮ ਉਸ ਨਾਲ ਗੱਲਾ ਕਰਦੀ ਉਸ ਦੇ ਵਿਆਹ ਦੀਆਂ ਉਸ ਨੂੰ ਖਾਣ ਪੀਣ ਦੀ ਹਦਾਇਤ ਕਰਦੀ ਤੇ ਮੇਰੀਆਂ ਸ਼ਕਾਇਤਾ ਲਾਉਂਦੀ ਹੈ ਹੋਰ ਕਿੰਨੀਆਂ ਗੱਲਾ ਕਰਦੀ ਹੈ ਉਸ ਨਾਲ ” ਸ਼ਰਮਾ ਜੀ ਨੇ ਹਾਮੀ ਭਰੀ।
“ਪਰ ਇਹ ਕਿਵੇਂ ਹੋ ਸਕਦਾ” ਮੈ ਹੈਰਾਨੀ ਨਾਲ ਕਿਹਾ।
“ਸਰਦਾਰ ਸਾਹਿਬ ਮੇਰਾ ਫ਼ੋਨ ਡੈਡ ਹੈ”
“ਤੁਸੀਂ ਮੇਰੀ ਹਾਲਤ ਵੇਖੋ ਮੈ ਉਸ ਨੂੰ ਯਾਦ ਕਰ ਕੇ ਰੋ ਵੀ ਨਹੀਂ ਸਕਦਾ ” ਇਹਨਾਂ ਕਹਿਕੇ ਸ਼ਰਮਾ ਜੀ ਮੇਰੇ ਗਲ ਲੱਗ ਕਿੰਨਾ ਚਿਰ ਰੋਏ ਤੇ ਮੈ ਵੀ ਭਾਵੁਕ ਹੋ ਗਿਆ। ਹੋਲੀ ਹੋਲੀ ਆਪਣਾ ਮਨ ਹਲਕਾ ਕਰ ਕੇ ਸ਼ਰਮਾ ਜੀ ਥੋੜ੍ਹਾ ਸੰਭਲੇ।
” ਤੁਸੀਂ ਭਾਬੀ ਜੀ ਦਾ ਇਲਾਜ ਕਿਉਂ ਨਹੀਂ ਕਰਵਾਉਂਦੇ ”
” ਨਹੀਂ ਸਰਦਾਰ ਸਾਹਿਬ ਜੱਦੋ ਉਸ ਨੂੰ ਇਹ ਪਤਾ ਲੱਗੇਗਾ ਤਾਂ ਉਹ ਇਹ ਸਦਮਾ ਬਰਦਾਸ਼ਤ ਨਹੀਂ ਕਰ ਪਾਏ ਗੀ ਵੈਸੇ ਵੀ ਉਹ ਆਪਣੇ ਪੁੱਤਰ ਦੇ ਵਾਪਸ ਆਉਣ ਦੀ ਉਡੀਕ ਕਰ ਰਹੀ ਹੈ ਮੈ ਨਹੀਂ ਚਾਹੁੰਦਾ ਉਸ ਦੀ ਇਹ ਉਡੀਕ ਮੁੱਕੇ”  ਸ਼ਰਮਾ ਜੀ ਕਹਿਕੇ ਫੇਰ ਰੋਣ ਲੱਗ ਗਏ।
ਲਖਵਿੰਦਰ ਸਿੰਘ ਸੰਧੂ
29/07/2016

Leave a Reply

Your email address will not be published. Required fields are marked *