ਇਸ਼ਕ ਭਾਗ 2 | ishq part 2

ਜੱਗਰ ਅੱਜ ਬਹੁਤ ਖੁਸ਼ ਸੀ , ” ਓਏ ਸੰਤ੍ਯਾ , ਨਿਰੀ ਪਨੀਰ ਦੀ ਟਿੱਕੀ ਏ ਪਨੀਰ ਦੀ , ਸੌਂਹ ਵੱਡੇ ਮਰਾਜ ਦੀ , ਪਹਿਲੀ ਜਨਾਨੀ ਏ ਜੀਹਨੇ ਜੱਗਰ ਦੇ ਕਾਲਜੇ ਅੱਗ ਲਾ ਤੀ , ਹੁਣ ਜਦੋਂ ਤੱਕ ਉਹ ਨੀ ਮਿਲਦੀ , ਮੇਰੇ ਕਾਲਜੇ ਠੰਢ ਨਈ ਪੈਣੀ “, ਜੱਗਰ ਨੇ ਸੰਤੂ ਦੇ ਸਾਹਮਣੇ ਆਪਣੇ ਕਲੇਜੇ ਚ ਹੱਥ ਫੇਰਦੇ ਹੋਏ ਕਿਹਾ।
” ਬਾਈ ਜੀ ਮੈਂ ਤਾਂ ਪੈਹਲਾਂ ਹੀ ਕਿਹੰਦਾ ਤੀ , ਤੁਸੀ ਹੀ ਨਹੀਂ ਜਕੀਨ ਕਰਦੇ ਤੀ “, ਸੰਤੂ ਬੀੜੀ ਨੂੰ ਚੀਚੀ ਉਂਗਲ ਚ ਦੱਬ ਕੇ ਸੁੱਟਾ ਲਾਉਂਦੇ ਹੋਏ ਬੋਲਿਆ।
” ਹੁਣ ਕਰ ਕੋਈ ਜੁਗਾੜ ਓਹਦੇ ਦੀਦਾਰ ਦਾ , ਹੁਣ ਤਾਂ ਸਾਲੀ ਅੱਖ ਖੋਲ ਕੇ  ਨ੍ਹੇਰਾ ,ਬੰਦ ਕਰ ਕੇ ਚਾਨਣ ਹੁੰਦਾ ਆ “,
” ਹੈਂ , ਬੰਦ ਕਰਕੇ ਚਾਨਣ , ਏਦਾਂ ਕਿਵੇਂ , “, ਸੰਤੂ ਆਪਣੀ ਦਾੜ੍ਹੀ ਨੂੰ ਖੁਰਕਦੇ ਹੋਏ ਬੋਲਿਆ।
” ਓਏ ਭੋਲੇ ਪੰਛੀਆ , ਤੂੰ ਨਹੀਂ ਸਮਝਣਾ , ਇਹ ਆਸ਼ਕਾਂ ਦੀਆਂ ਗੱਲਾਂ ਨੇ”,
ਇਧਰ ਬੰਸੀ ਵੀ ਅੱਜ ਓਹ ਓਹਨਾ ਦੋ ਅੱਖਾਂ ਵਿਚੋਂ ਬਾਹਰ ਨਹੀਂ ਨਿਕਲੀ ਸੀ , ਜਿੰਨਾ ਨੇ ਸਵੇਰੇ ਉਸਨੂੰ ਗਲੀ ਚ ਤੱਕਿਆ ਸੀ।
” ਖੌਰੇ ਪਤਾ ਨਹੀਂ ਕੌਣ ਸੀ , ਕਿੱਦਾਂ ਝਾਕਦਾ ਸੀ , ਏਦਾਂ ਥੋੜੀ ਹੁੰਦਾ?? , ਬੇਗਾਨੀ ਤੀਮੀ ਕੰਨੀ ਝਾਕਦਾ , ਚੰਗੀ ਗੱਲ ਏ ਕੋਈ , ਜਮਾ ਸ਼ਰਮ ਨਹੀਂ ਲੋਕਾਂ ਨੂੰ “, ਆਪਣੇ ਆਪ ਨਾਲ ਗੱਲ ਕਰਦੀ ਬੰਸੀ ਬੋਲ ਉਠੀ।
” ਸੱਤ ਆਖਦੀਂ ਏ ਕੁੜੇ ਬੰਸੀ , ਅੱਜ ਕਲ ਤਾਂ ਸੱਚੀ ਲੋਕਾਂ ਨੂੰ ਭੋਰਾ ਸ਼ਰਮ ਨਹੀਂ , ਦੇਖਦੇ ਨਹੀਂ ਮੱਘਰ ਕੀ ਬਹੁ ਕਿੱਦਾਂ ਬਿਨਾ ਸਿਰ ਤੇ ਚੁੰਨੀ ਲਏ ਪੂਰੇ ਪਿੰਡ ਚ ਹੜ ਹੜ ਕਰਦੀ ਫਿਰਦੀ ਏ , ਨਾਲ ਮੱਘਰ ਦਾ ਮੁੰਡਾ ਵੀ ਉਸਨੂੰ ਸੇਂਕਲ ਤੇ ਬਹਾ ਕੇ ਸਾਰੇ ਪਿੰਡ ਚ ਗੇੜੇ ਦਿੰਦਾ ਫਿਰਦਾ , ਕੰਜ਼ਰ “, ਗਵਾਂਡਣ ਤਾਈ ਉਸ ਵੱਲ ਮੂੰਹ ਕਰਕੇ ਬੋਲੀ , ਕਿਉਂਕਿ ਰੁਲਦੂ ਅੱਜ ਆਇਆ ਨਹੀਂ ਸੀ , ਤੇ ਉਸ ਨੇ ਤਾਈ ਨੂੰ ਹੀ ਆਪਣੇ ਨਾਲ ਪੈਣ ਲਈ ਬੁਲਾ ਲਿਆ ਸੀ।
“ਹਮੱਮ , ਸਹੀ ਗੱਲ ਏ “, ਬੰਸੀ ਦੰਦੀ ਨੀਚੇ ਚੁੰਨੀ ਦਿੰਦੇ ਹੋਏ ਹੱਸਦੇ ਹੋਏ ਬੋਲੀ।
” ਲੇ ਤੈਨੂੰ ਹੱਸੀ ਆਉਂਦੀ ਏ , ਮੱਘਰ ਦਾ ਮਰਨ ਹੋ ਰਿਹਾ , ਪਰ ਭਾਈ ਹੁਣ ਪੜ੍ਹਿਆ ਲਿਖਿਆ ਦਾ ਜ਼ਮਾਨਾ ਏ ,ਸਾਡੀ ਕੌਣ ਪੁੱਛਦਾ , ਲੈ ਧਰਮ ਨਾਲ , ਮੈਨੂੰ ਬੰਤ ਦੇ ਜੰਮਣ ਤੱਕ ਤੇਰੇ ਤਾਏ ਦਾ ਮੂੰਹ ਵੀ ਨਹੀਂ ਯਾਦ  ਸੀ , ਸਾਰਾ ਦਿਨ ਘੁੰਡ ਕੱਢ ਕੇ ਰੱਖਣਾ , ਤੇ ਸ਼ਾਮਾ ਨੂੰ ਸਬਾਤ ਚ ਆਕੇ ਦੀਵੇ ਨੂੰ ਫੂਕ ਮਾਰ ਕੇ ਸੋ ਜਾਂਦੇ , ਸੌਂਹ ਵੱਡੇ ਮਾਰਾਜ ਦੀ , ਤੇਰੇ ਤਾਏ ਨੂੰ ਮੈਂ ਬੋਲ ਤੋਂ ਹੀ ਪਛਾਣ ਦੀ ਸੀ , ਮੂੰਹ ਤੋਂ ਨੀ”, ਤਾਈ ਗੱਲ ਸੁਣ ਬੰਸੀ ਹੱਸ ਹੱਸ ਦੂਹਰੀ ਹੋਈ ਜਾਵੇ ਹੱਸਦੇ ਹਸਦੇ ਓਹਦੇ ਢਿੱਡ ਪੀੜ ਹੋਣ ਲੱਗੀ।
” ਲੇ , ਤੈਨੂੰ ਜਕੀਨ ਨੀ ਆਉਂਦੀ , ਸਹੀ ਆਹਨੀ ਹੈਂ “,ਤਾਈ ਵੀ ਹੱਸਦੀ ਹੋਈ ਬੋਲੀ ।
ਗੱਲਾ ਕਰਦੇ ਕਰਦੇ ਓਹਨਾ ਨੇ ਆਪਣੇ ਮੰਜੇ ਲਗਾ ਲਏ , ਸਹੀ ਤਰੀਕੇ ਨਾਲ ਤਾ ਅੱਜ ਬੰਸੀ ਨੂੰ ਰੁਲਦੂ ਦਾ ਚੇਤਾ ਆਉਣਾ ਚਾਹੀਦਾ ਸੀ , ਪਰ ਓਹਦੇ ਦਿਮਾਗ ਚ ਓਹੀ ਦੋ ਅੱਖਾਂ ਆ ਰਹੀਆਂ ਸਨ , ਜੋ ਉਸਦੇ ਅੰਦਰ ਝਾਕ ਰਹੀ ਸੀ ।
ਰੁਲਦੂ ਅੱਜ ਮੰਡੀ ਚ ਰਾਤ ਬਿਤਾ ਰਿਹਾ ਸੀ , ਤਾਰਿਆਂ ਵੱਲ ਵੇਖਦਾ ਹੋਏ ਓਹ ਬੰਸੀ ਨੂੰ ਯਾਦ ਕਰ ਰਿਹਾ ਸੀ ਤੇ ਹਵਾ ਚ ਚੂਮ ਕੇ ਹੱਥ ਉਤਾਹ ਕੀਤਾ ਜਿਵੇਂ ਹਵਾ ਉਸਦੇ ਪਿਆਰ ਨੂੰ ਬੰਸੀ ਦੇ ਬੁੱਲ੍ਹਾਂ ਤੱਕ ਪਹੁੰਚਾ ਦੇਵੇ , ਬੰਸੀ ਆਪਣੇ ਆਪ ਨੂੰ ਅੰਦਰੋ ਅੰਦਰ ਇੱਕਠਾ ਕਰ ਰਹੀ ਸੀ , ਓਹਨਾ ਦੋ ਅੱਖਾਂ  ਤੋਂ ਸੰਗ ਕੇ ,ਤੇ ਜੱਗਰ ਅੱਖਾਂ ਬੰਦ ਕਰ ਕੇ ਉਸ ਹੁਸਨ ਦੀ ਰਾਣੀ ਦਾ ਦੀਦਾਰ ਕਰ ਰਿਹਾ ਸੀ , ਜਿਸਦੀ ਤਸਵੀਰ ਉਸਦੇ ਜਿਹਣ ਚ ਸਮੋ ਗਈ ਸੀ।

ਦੋਸਤੋਂ ਮੇਰੀ ਕਹਾਣੀ ਨੂੰ ਪੜ੍ਹ ਕੇ ਦੱਸਣਾ ਜਰੂਰ ਕਿ ਇਹ ਤੁਹਾਨੂੰ ਕਿੱਦਾਂ ਲੱਗੀ , ਤੇ ਮੇਰੀਆਂ ਦੂਜੀਆਂ ਕਹਾਣੀਆ ਨੂੰ ਵੀ ਆਪਣਾ ਪਿਆਰ ਦੇਵੋ , ਜੋ ਹਿੰਦੀ ਚ ਨੇ … ਆਪਣਾ ਪਿਆਰ ਆਪਣੇ ਇਸ ਨਿਮਾਣੇ ਵੀਰ ਨੂੰ ਜਰੂਰ ਦਿਓ….
ਫੋਲੋ ਕਰੋ , ਸਬਸਕ੍ਰਾਈਬ ਕਰੋ , ਤੇ ਮੇਰੀ ਕਹਾਣੀ ਦੀ ਸਮੀਖਿਆ ਕਰੋ ਚੰਗ਼ਾ ਲਗਦਾ ਏ …..

Leave a Reply

Your email address will not be published. Required fields are marked *