ਫਰਜ | faraz

ਤਖ਼ਤ ਸ੍ਰੀ ਹੁਜ਼ੂਰ ਸਾਬ..ਅਗਾਂਹ ਤੋਂ ਬੋਰਡ ਦੇ ਸਤਾਰਾਂ ਮੈਂਬਰਾਂ ਵਿਚੋਂ ਬਾਰਾਂ ਸਿਧੇ ਸਰਕਾਰ ਵੱਲੋਂ ਥੋਪੇ ਜਾਣਗੇ..!
ਨਜਾਇਜ ਕਬਜਾ ਦੱਸ ਮਸੀਤਾਂ ਤੇ ਸਿੱਧੀਆਂ ਹੀ ਢਾਹੀ ਜਾ ਰਹੇ ਨੇ ਪਰ ਏਧਰ ਹਾਲ ਦੀ ਘੜੀ ਇੰਝ ਦਾ ਕੁਝ ਨਹੀਂ ਕਰਨਗੇ..ਅਜੇ ਬਾਡਰਾਂ ਤੇ ਬੜੀ ਲੋੜ ਏ..ਸਿਰ ਤੇ ਆਣ ਪਈ ਤੇ ਕਿਸੇ ਹੋਰ ਕੋਲੋਂ ਝਾਲ ਜੂ ਨੀ ਝੱਲ ਹੋਣੀ..!
ਏਧਰ ਨੱਕ ਸਿੱਧਾ ਨਹੀਂ ਸਗੋਂ ਘੁਮਾ ਕੇ ਫੜਨਗੇ..ਜਿੰਨ ਦੀ ਜਾਨ ਤੋਤੇ ਅੰਦਰ..ਸਿੱਧਾ ਤੋਤਾ ਹੀ ਕਬਜੇ ਵਿਚ ਲੈਣਗੇ..ਰਫੂਗਿਰੀ ਲਈ ਪੋਚੇ ਮਾਰਾਂ ਅਤੇ ਝੋਲੀ ਚੁੱਕਾਂ ਦੀ ਫੌਜ ਪਹਿਲੋਂ ਹੀ ਤਿਆਰ ਕਰ ਰੱਖੀ ਏ..ਹਰ ਗੱਲ ਤੇ ਵਾਹ-ਵਾਹ..!
ਇੱਕ ਝੋਲੀਚੁੱਕ ਦੇ ਕਸੂਤੀ ਜਿਹੀ ਥਾਂ ਧਰੇਕ ਉੱਗ ਆਈ..ਲੋਕ ਅਫਸੋਸ ਕਰਨ ਜਾਵਣ..ਅੱਗਿਓਂ ਆਖੀ ਜਾਵੇ..ਅਫਸੋਸ ਕਾਹਦਾ ਸਗੋਂ ਮੌਜ ਲੱਗ ਗਈ..ਚੁਮਾਸੇ ਵੇਲੇ ਛਾਵੇਂ ਬੈਠਿਆ ਕਰਾਂਗੇ..!
ਝੋਲੀ ਚੁੱਕਾਂ ਨੇ ਸਪਸ਼ਟੀਕਰਨ ਤੱਕ ਵੀ ਤਿਆਰ ਰੱਖੇ ਹੋਣੇ..ਰੱਖ-ਰਖਾਵ ਪ੍ਰਬੰਦਾ ਵਿਚ ਗਿਰਾਵਟ ਆ ਗਈ ਸੀ..ਇਸੇ ਲਈ ਪੁਨਰਨਿਰਮਾਣ ਕੀਤਾ ਗਿਆ..ਕੌਂਮ ਨੂੰ ਸਗੋਂ ਧੰਨਵਾਦੀ ਹੋਣਾ ਚਾਹੀਦਾ..ਠੀਕ ਓਸੇ ਤਰਾਂ ਜਿੱਦਾਂ ਸਿਰਸੇ ਸਾਧ ਨੂੰ ਮੁਆਫੀ ਮਗਰੋਂ ਚੰਦੂਮਾਜਰਾ ਆਖਦਾ ਸੀ..ਆਪਸੀ ਤਲਖੀ ਘਟਾਉਣ ਲਈ ਅਕਾਲ ਤਖ਼ਤ ਵਲੋਂ ਲਿਆ ਗਿਆ ਇੱਕ ਦੂਰ-ਅੰਦੇਸ਼ ਫੈਸਲਾ!
ਦੋਸਤੋ ਇਹ ਚੇਹਰੇ ਨਵੇਂ ਨਹੀਂ ਹਨ..ਤੀਹ ਪੈਂਤੀ ਸਾਲ ਮਗਰ ਚਲੇ ਜਾਓ..ਓਦੋਂ ਦੇ ਸਮਕਾਲੀਨ ਬੇਸ਼ੱਕ ਹੋਰ ਪਰ ਸੋਚ ਤਰੀਕਾ ਇਛਾਵਾਂ ਲੋਭ ਲਾਲਚ ਇੰਨ ਬਿੰਨ ਇਹੋ ਜਿਹੇ..ਕਿੰਨੇ ਸਾਰੇ ਬਰਨਾਲੇ..ਬਲਵੰਤ..ਲੌਂਗੋਵਾਲ ਬੂਟੇ ਜੈਲ ਸਿੰਘ..ਦਿੱਲੀ ਕਮਜ਼ੋਰੀਆਂ ਭਲੀਭਾਂਤ ਜਾਣਦੀ ਏ..ਸਿਧੀ ਉਂਗਲ ਨਾਲ ਨਾ ਨਿੱਕਲੇ ਤਾਂ ਟੇਢੀ ਕਰਨ ਵਿਚ ਕੋਈ ਗੁਰੇਜ ਨਹੀਂ!
ਐੱਨ.ਆਈ.ਏ ਦੀਆਂ ਦੋ ਤਿੰਨ ਵੇਰ ਪੇਸ਼ੀਆਂ ਭੁਗਤ ਚੁਕੇ ਇੱਕ ਸਿੰਘ ਨੇ ਦੱਸਿਆ ਕੇ ਓਥੇ ਅਫਸਰ ਖੁੱਲੇਆਮ ਦੱਸਦੇ ਕੇ ਸਾਨੂੰ ਤੁਹਾਡੇ ਬੰਦੇ ਖਰੀਦਣ ਦੀ ਲੋੜ ਹੀ ਨਹੀਂ ਪੈਂਦੀ..ਉਹ ਪੰਥ ਵਿਚ ਵਿਸ਼ਵਾਸ਼ ਬਣਾ ਕੇ ਖੁਦ ਹੀ ਸਾਡੇ ਕੋਲ ਆਉਂਦੇ ਤੇ ਆਖਦੇ ਹੁਣ ਪਾਓ ਸਾਡਾ ਮੁੱਲ..ਸਾਡੀ ਮਾਰ ਇਥੋਂ ਤੀਕਰ ਏ..ਜਿਸਦੀ ਜਿੰਨੀ ਲੰਮੀ ਮਾਰ ਓਨੀਂ ਜਿਆਦਾ ਕੀਮਤ..!
ਟਾਂਡਿਆਂ ਵਾਲੀ ਤੇ ਭਾਂਡਿਆਂ ਵਾਲੀ ਵਿਚੋਂ ਇੱਕ ਨੂੰ ਚੁਣਨਾ ਪੈਣਾ..ਇਹ ਨਦੀਨ ਹਮੇਸ਼ਾਂ ਰਹਿਣਾ ਹੀ ਰਹਿਣਾ..ਕਦੇ ਸਦੀਵੀਂ ਮਰ ਨਹੀਂ ਸਕਦਾ..ਸੋ ਜੋ ਜਿਥੇ ਵੀ ਹੈ ਆਪਣੇ ਹਿਸਾਬ ਨਾਲ ਆਲੇ ਦਵਾਲੇ ਨੂੰ ਅੰਦਰੂਨੀ ਹਾਲਾਤਾਂ ਬਾਰੇ ਜਾਣੂੰ ਕਰਵਾਉਦਾ ਰਹੇ..!
ਅਗਲਾ ਤੇ ਸਪਸ਼ਟ ਆਖ ਹੀ ਰਿਹਾ..ਸਾਡੀ ਤੀਜੀ ਵਾਰੀ ਸਖਤ ਫੈਸਲਿਆਂ ਵਾਲੀ ਹੋਵੇਗੀ..ਜੇ ਅਗਲਿਆਂ ਸਾਡੇ ਤੋਤੇ ਵਾਲੇ ਜਿੰਨ ਵੱਸ ਵਿੱਚ ਕੀਤੇ ਹੋਏ ਤਾਂ ਸਾਨੂੰ ਵੀ ਓਹਨਾ ਦੇ ਕਮਜ਼ੋਰ ਪੱਖ ਜਾਨਣੇ ਪੈਣੇ ਫੇਰ ਐਨ ਮੌਕੇ ਗਰਮ ਲੋਹੇ ਤੇ ਸੱਟ ਮਾਰਨ ਦਾ ਵੱਲ ਵੀ ਸਿੱਖਣਾ ਪੈਣਾ..!
ਅੱਜ ਮੌਕਾ ਏ ਅਗਲਾ ਇੱਕ ਮਾਰੇ ਤੇ ਦੁਨੀਆਂ ਨੂੰ ਆਖੋ ਦਸ ਮਾਰੀਆਂ..ਦੁਹਾਈ ਦਿੱਤੇ ਬਗੈਰ ਤੇ ਮਾਂ ਵੀ ਦੁੱਧ ਮੂੰਹ ਨੂੰ ਨਹੀਂ ਲਾਉਂਦੀ..ਬਕੌਲ ਭਾਈ ਜਸਵੰਤ ਸਿੰਘ ਖਾਲੜਾ..ਦੁਨੀਆ ਤੁਹਾਡਾ ਨੁਕਤਾ-ਏ-ਨਜਰ ਪੂਰੀ ਤਰਾਂ ਤਾਂ ਮੰਨਦੀ ਜੇ ਦਸਤਾਵੇਜ਼ੀ ਸਬੂਤ ਸਾਮਣੇ ਰੱਖੇ ਜਾਵਣ..!
ਸੋ ਮਜਬੂਤ ਲੌਬੀਆਂ..ਸੁਹਿਰਦ ਕੌਕਸ..ਸਿਆਣੇ ਕੁਆਲੀਫਾਈਡ ਸਿੰਡੀਕੇਟ ਗਰੁੱਪ ਅਤੇ ਵਕੀਲਾਂ ਦੇ ਪੈਨਲ ਬਣਾਉਣੇ ਸਮੇਂ ਦੀ ਲੋੜ ਏ..ਵਰਨਾ ਓਹੀ ਹਾਲ ਹੋਵੇਗਾ ਜੋ ਅੱਜ ਮਿਡਲ-ਈਸਟ ਵਿਚ ਹੋ ਰਿਹਾ..ਖੁੱਲੇ ਆਸਮਾਨ ਹੇਠ ਘਰੋਂ ਬੇਘਰ ਹੋਏ ਭੁੱਖੇ ਮਰ ਰਹੇ..ਮਾਰਾਂ ਵੀ ਪੈ ਰਹੀਆ..ਬਾਹਰੀ ਸੁਪੋਰਟ ਵੀ ਨਾ ਮਾਤਰ ਤੇ ਗਵਾਂਢ ਬੈਠੇ ਆਪਣੇ ਵੀ ਬੇਗਾਨੇ ਬਣੇ ਹੋਏ ਨੇ..!
ਇਸਦਾ ਇਹ ਮਤਲਬ ਨਹੀਂ ਕੇ ਅਜੋਕੇ ਹਾਲਾਤਾਂ ਵਿਚ ਘਸੁੰਨ ਨੇੜੇ ਹੈ ਤੇ ਰੱਬ ਦੂਰ..ਪਰ ਦਸਮ ਪਿਤਾ ਦੇ ਸਿਧਾਂਤ ਮੁਤਾਬਿਕ ਹਰ ਵੇਲੇ ਤਿਆਰ ਬਰ ਤਿਆਰ ਰਹਿਣਾ ਹਰੇਕ ਸਿੱਖ ਦਾ ਫਰਜ ਏ!
ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *