ਜ਼ਿੰਦਗੀ ਦੀ ਪਰਿਭਾਸ਼ਾ | zindagi di paribhasha

ਜ਼ਿੰਦਗੀ ਨੂੰ ਹਰ ਕੋਈ ਆਪਣੇ ਢੰਗ ਨਾਲ ਜਿਊਂਦਾ ਹੈ। ਹਰੇਕ ਦੀ ਜ਼ਿੰਦਗੀ ਬਾਰੇ ਪਰਿਭਾਸ਼ਾ ਵੱਖਰੀ-ਵੱਖਰੀ ਹੁੰਦੀ ਹੈ। ਹਲਾਤਾਂ ਅਤੇ ਸਮੇਂ ਦੇ ਹਿਸਾਬ ਨਾਲ ਵਿਚਾਰਾਂ ਵਿੱਚ ਤਬਦੀਲੀ ਆਉਂਦੀ ਰਹਿੰਦੀ ਹੈ। ਅਸੀਂ ਨਿੱਤ ਦਿਨ ਕੁਝ ਨਾ ਕੁਝ ਸਿੱਖਦੇ ਹੀ ਰਹਿੰਦੇ ਹਾਂ। ਕਦੀ ਵੱਡਿਆਂ ਕੋਲੋਂ, ਕਦੀ ਹਲਾਤਾਂ ਕੋਲੋਂ, ਕਦੀ ਕੀਤੀਆ ਗ਼ਲਤੀਆਂ ਕੋਲੋਂ, ਕਦੀ ਰਿਸ਼ਤੇਦਾਰਾਂ ਕੋਲੋਂ, ਕਦੀ ਪ੍ਰਕਿਰਤੀ ਕੋਲੋਂ, ਕਦੀ ਕਿਤਾਬਾਂ ਕੋਲੋਂ ਅਤੇ ਕਦੀ ਆਪਣੇ ਆਪ ਕੋਲੋਂ।
ਜੇਕਰ ਜ਼ਿੰਦਗੀ ਸਾਵੀਂ-ਪੱਧਰੀ ਤੁਰੀ ਜਾਵੇ ਤਾਂ ਵੀ ਨੀਰਸ ਜਿਹੀ ਲੱਗਦੀ ਹੈ। ਉਤਰਾਅ-ਚੜ੍ਹਾਅ ਆ ਕੇ ਸਾਨੂੰ ਹਿੰਮਤੀ ਅਤੇ ਸਾਹਸੀ ਬਣਾਉਂਦੇ ਹਨ। ਹਲਾਤਾਂ ਦਾ ਡੱਟ ਕੇ ਮੁਕਾਬਲਾ ਕਰਨ ਨਾਲ਼ ਅੱਗੇ ਵੱਧਣ ਦੀ ਸਮਰੱਥਾ ਵੱਧਦੀ ਹੈ। ਆਪਣੇ ਵਿਚਾਰਾਂ ਨੂੰ ਨਰੋਏ ਰੱਖਣ ਲਈ ਚੰਗੇ ਲੋਕਾਂ ਦਾ ਅਤੇ ਚੰਗੀਆਂ ਕਿਤਾਬਾਂ ਦਾ ਸਾਥੀ ਹੋਣਾ ਜ਼ਰੂਰੀ ਹੈ। ਸਾਡੇ ਆਲੇ-ਦੁਆਲੇ ਦੇ ਲੋਕਾਂ ਦਾ ਸਾਡੇ ਉੱਤੇ ਬਹੁਤ ਪਰਭਾਵ ਪੈਂਦਾ ਹੈ। ਜੋ ਸ਼ਬਦ ਅਸੀਂ ਬੋਲਦੇ ਹਾਂ ਉਹ ਇਹ ਦਸਦੇ ਹਨ ਕਿ ਸਾਡੀ ਪਰਵਰਿਸ਼ ਕਿਹੋ ਜਿਹੇ ਹਲਾਤਾਂ ਵਿੱਚ ਹੋਈ ਹੈ। ਮਨ ਦੀ ਅਮੀਰੀ ਇਹ ਹੁੰਦੀ ਹੈ ਕਿ ਤੁਸੀਂ ਕਿਸੇ ਬਾਰੇ ਕਿਹੋ ਜਿਹੇ ਵਿਚਾਰ ਰੱਖਦੇ ਹੋ।
ਚੰਗਿਆਈਆਂ ਸਭ ਵਿੱਚ ਹੁੰਦੀਆਂ ਹਨ ਅਤੇ ਬੁਰਾਈਆਂ ਵੀ ਹੁੰਦੀਆਂ ਹਨ। ਅਸੀਂ ਕਿਹੜੀ ਚੀਜ਼ ਵੇਖ ਕੇ ਅੱਗੇ ਵੱਧਣਾ ਹੈ ਇਹ ਸਾਡੇ ‘ਤੇ ਨਿਰਭਰ ਕਰਦਾ ਹੈ। ਜਿਸ ਨੂੰ ਚਾਹੁੰਦੇ ਹਾਂ ਉਸ ਦੇ ਔਗੁਣ ਵੀ ਨਜ਼ਰ ਅੰਦਾਜ਼ ਕਰ ਦਿੰਦੇ ਹਾਂ। ਜਿਸ ਨਾਲ਼ ਨਫ਼ਰਤ ਕਰਦੇ ਹਾਂ ਉਸ ਦੇ ਗੁਣਾਂ ਵਿੱਚੋਂ ਵੀ ਔਗੁਣ ਭਾਲ ਲੈਂਦੇ ਹਾਂ।
ਜ਼ਿੰਦਗੀ ਉਦੋਂ ਤੱਕ ਉਲਝਣ ਲੱਗਦੀ ਹੈ, ਜਦੋਂ ਤੱਕ ਸੁਲਝੇ ਨਾ ਅਤੇ ਜੋ ਸੁਲਝਾਉਣ ਵਿੱਚ ਸਫ਼ਲ ਹੋ ਜਾਵੇ ਉਹੀ ਜ਼ਿੰਦਗੀ ਜੀਅ ਕੇ ਜਾਂਦਾ ਹੈ। ਬਾਕੀ ਤਾਂ ਜ਼ਿੰਦਗੀ ਕੱਟ ਕੇ ਹੀ ਜਾਂਦੇ ਹਨ, ਮਾਣ ਕੇ ਨਹੀਂ ਜਾਂਦੇ। ਹਮੇਸ਼ਾ ਹਾਏ-ਹਾਏ ਕਰਕੇ ਕੱਟੀ ਜ਼ਿੰਦਗੀ ਸਕੂਨ ਭਰੀ ਨਹੀਂ ਹੁੰਦੀ। ਅਜਿਹੇ ਲੋਕ ਨਾ ਆਪ ਖੁਸ਼ ਰਹਿੰਦੇ ਹਨ, ਨਾ ਹੀ ਕਿਸੇ ਨੂੰ ਖੁਸ਼ ਰਹਿਣ ਦਿੰਦੇ ਹਨ ਅਤੇ ਨਾ ਹੀ ਖੁਸ਼ੀਆਂ ਵੰਡ ਸਕਦੇ ਹਨ।
ਤਾਹਨੇ ਮਿਹਣਿਆਂ ਵਾਲੀ ਜ਼ਿੰਦਗੀ ਕਈ ਕੀਮਤੀ ਪਲ਼ ਗਵਾ ਦਿੰਦੀ ਹੈ। ਸਾਡਾ ਕੋਈ ਹੱਕ ਨਹੀਂ ਬਣਦਾ ਕਿ ਅਸੀਂ ਕਿਸੇ ਨੂੰ ਮਾਨਸਿਕ ਤੌਰ ‘ਤੇ ਤੰਗ ਕਰੀਏ। ਮਿਹਣੇ ਨੀਵੀਂ ਸੋਚ ਵਾਲੇ ਦੀ ਅਤੇ ਮਾਨਸਿਕ ਤੌਰ ‘ਤੇ ਕਮਜ਼ੋਰੀ ਦੀ ਨਿਸ਼ਾਨੀ ਹੈ। ਜ਼ਿੰਦਗੀ ਦੀ ਪਰਿਭਾਸ਼ਾ ਨੂੰ ਸਮਝਣਾ ਕੋਈ ਔਖਾ ਨਹੀਂ ਹੈ, ਪਰ ਇਸ ਪਹੇਲੀ ਨੂੰ ਸੁਲਝਾਉਣਾ ਹਰ ਕਿਸੇ ਦੇ ਵੱਸ ਵੀ ਨਹੀਂ ਹੈ।
ਜ਼ਿੰਦਗੀ ਵੰਨ-ਸੁਵੰਨੇ ਲੋਕਾਂ ਦੇ ਮੇਲ-ਮਿਲਾਪ ਨਾਲ ਭਰਪੂਰ ਹੁੰਦੀ ਹੈ। ਕਈ ਤੁਹਾਨੂੰ ਸਬਕ ਦੇ ਜਾਂਦੇ ਹਨ ਅਤੇ ਕਈਆਂ ਤੋਂ ਅਸੀਂ ਸਬਕ ਲੈ ਲੈਂਦੇ ਹਾਂ। ਕਈਆਂ ਕੋਲ਼ ਰਹਿ ਕੇ ਵੀ ਦੂਰੀਆਂ ਬਣੀਆਂ ਰਹਿੰਦੀਆਂ ਹਨ ਅਤੇ ਕਈ ਦੂਰ ਹੋ ਕੇ ਵੀ ਕੋਲ਼ ਰਹਿੰਦੇ ਹਨ। ਇਹ ਸਭ ਦਿਲ ਮਿਲੇ ਦੀਆਂ ਗੱਲਾਂ ਹੁੰਦੀਆਂ ਹਨ। ਕਈਆਂ ਕੋਲ਼ ਬੈਠਣ ਨੂੰ ਦਿਲ ਕਰਦਾ ਹੈ ਅਤੇ ਕਈਆਂ ਤੋਂ ਦੂਰ ਭੱਜਣ ਲਈ ਕਾਹਲੇ ਪਏ ਰਹਿੰਦੇ ਹਾਂ। ਕਈਆਂ ਦੀਆਂ ਗੱਲਾਂ ਉਤਸ਼ਾਹ ਭਰ ਦਿੰਦੀਆਂ ਹਨ ਅਤੇ ਕਈ ਬੱਝੇ ਹੌਂਸਲੇ ਤੋੜ ਜਾਂਦੇ ਹਨ।
ਕਈਆਂ ਦੀ ਮੈਂ-ਮੈਂ ਹੀ ਨਹੀਂ ਮੁਕਦੀ, ਕਈਆਂ ਨੇ ਆਪਣੇ ਕੀਤੇ ਉਪਕਾਰ ਅਤੇ ਅਹਿਸਾਨਾਂ ਦਾ ਕਦੀ ਨਾਂ ਹੀ ਨਹੀਂ ਲਿਆ ਹੁੰਦਾ। ਕਿਸੇ ਨੂੰ ਰੱਬ ਨੇ ਬਹੁਤ ਦੇ ਦਿੱਤਾ, ਪਰ ਰੂਹ ਦੀ ਭੁੱਖ ਨਹੀਂ ਮਿਟਦੀ। ਇੰਨਾ ਕੁਝ ਹੋਣ ਦੇ ਬਾਵਯੂਦ ਵੀ ਭੁੱਖੇ ਹੀ ਰਹਿੰਦੇ ਹਨ। ਹਮੇਸ਼ਾ ਮੇਰਾ ਹਿੱਸਾ, ਮੇਰਾ ਹੱਕ, ਮੈਂ ਮੇਰੀ ਹੀ ਪ੍ਰਧਾਨ ਰਹਿੰਦੀ ਹੈ। ਰੱਬ ਨੇ ਇੰਨੀਆਂ ਦਾਤਾਂ ਦਿੱਤੀਆਂ ਹਨ, ਉਸ ਦਾ ਸ਼ੁਕਰ ਕਰੀਏ। ਹੱਕਾਂ ਪ੍ਰਤੀ ਜਾਗਰੂਕ ਹੋਣਾ ਜ਼ਰੂਰੀ ਹੈ, ਪਰ ਰੋਣਾ ਰੋਂਦੇ ਰਹਿਣਾ ਨਹੀਂ ਚਾਹੀਦਾ। ਹਿੰਮਤੀ ਖੁਦ ਬਣਨਾ ਪੈਣਾ ਹੈ।
ਜ਼ਿੰਦਗੀ ਸਾਡੀ ਹੈ ਜੀਣਾ ਅਸੀਂ ਹੈ। ਕਿਵੇਂ ਅਤੇ ਕਿਦਾਂ ? ਇਹ ਆਪ ਸੋਚਣਾ ਅਤੇ ਸਮਝਣਾ ਪੈਣਾ ਹੈ। ਹਮੇਸ਼ਾ ਸਾਡੇ ਅੱਗੇ ਦੋ ਰਾਹ ਹੁੰਦੇ ਹਨ। ਜਾਣਾ ਕਿਸ ਪਾਸੇ ਹੈ, ਇਹ ਤੁਹਾਡੇ ਆਪਣੇ ਉੱਪਰ ਨਿਰਭਰ ਕਰਦਾ ਹੈ। ਰੂਹ ਨੂੰ ਰਜਾ ਕੇ ਰੱਖੋ। ਰੱਬ ਦੀਆਂ ਬਰਕਤਾਂ ਆਪੇ ਆ ਜਾਂਦੀਆ ਹਨ। ਹਾਂ, ਅੱਗਾ ਪਿੱਛਾ ਹੋ ਸਕਦਾ ਹੈ।
ਇਹ ਜ਼ਿੰਦਗੀ ਜੇ ਨਰੋਈ ਮਿਲੀ ਹੈ ਤਾਂ ਇਸ ਨੂੰ ਜੀਅ ਲਵੋ ਯਾਰ!! ਦਿਨ ਕੱਟੀ ਨਾ ਕਰੀਏ। ਦੂਜਿਆਂ ਵੱਲ ਦੇਖ ਕੇ ਨਾ ਸੜੀਏ! ਆਪਣੀ ਮਿਹਨਤ ਨੂੰ ਹੋਰ ਵਧਾ ਲਈਏ। ਕਿਸੇ ਵੱਲ ਵੇਖ ਕੇ ਖੁਸ਼ ਹੋਈਏ। ਸੋਹਣੇ ਨੂੰ ਸੋਹਣਾ, ਕੋਝੇ ਨੂੰ ਸੰਵਾਰਨ ਵਿੱਚ ਯੋਗਦਾਨ ਪਾਈਏ। ਮਿਹਨਤੀ ਨੂੰ ਹਿੰਮਤ ਦਈਏ। ਕਿਸੇ ਦਾ ਲਫ਼ਜਾਂ ਨਾਲ਼ ਧਰਾਸ ਬੰਨ੍ਹੀਏ। ਇਸ ਜੀਣ ਜੋਗੀ ਜ਼ਿੰਦਗੀ ਨੂੰ ਮਾਣ ਕੇ ਜਾਈਏ। ਕਿਸੇ ਦੇ ਦਿਲ ਵਿੱਚ ਘਰ ਬਣਾਈਏ। ਰੱਬ ਦੀ ਬਣਾਈ ਦੁਨੀਆਂ ਨੂੰ ਰੱਜ ਕੇ ਮਾਣੀਏ। ਪਿਆਰ, ਮੁਹੱਬਤ, ਸਲੂਕ, ਇਤਫ਼ਾਕ ਰਾਹੀਂ ਕਿਸੇ ਨੂੰ ਜ਼ਿੰਦਗੀ ਜੀਣ ਦੇ ਕਾਬਲ ਬਣਾਈਏ। ਸੋਹਣੇ ਲਫ਼ਜਾਂ ਦਾ ਇਸਤੇਮਾਲ ਕਰਕੇ ਮਰੀ ਹੋਈ ਰੂਹ ਵਿੱਚ ਵੀ ਜਾਨ ਫੂਕੀਏ। ਕਿਸੇ ਨੂੰ ਨਿਰਾਸ਼ ਨਾ ਕਰਕੇ ਉਸ ਅੰਦਰ ਉਤਸ਼ਾਹ ਭਰੀਏ। ਦੁਨੀਆਂ ਸੋਹਣੀ ਹੈ… ਆਉ! ਇਸ ਦਾ ਅਨੰਦ ਮਾਣੀਏ। ਹੱਸਦੇ-ਵੱਸਦੇ ਰਹੋ ਪਿਆਰਿਓ..!
ਪਰਵੀਨ ਕੌਰ ਸਿੱਧੂ
8146536200

One comment

Leave a Reply

Your email address will not be published. Required fields are marked *