ਬਦਸ਼ਗਨੀ ਨਹੀਂ ਕਤਲ | badshagni nahi katal

ਬਰਾਤ ਦੋ ਦਿਨਾਂ ਨੂੰ ਚੜ੍ਹਨੀ ਸੀ..ਜਾਗੋ ਕੱਢਦਿਆਂ ਅੱਧੀ ਰਾਤ ਹੋ ਗਈ..ਘਰੇ ਮੁੜੀਆਂ ਤਾਂ ਆਖਣ ਲੱਗੀਆਂ ਹੁਣ ਭੰਗੜਾ ਗਿੱਧਾ ਵੀ ਪਾਉਣਾ..ਢੋਲੀ ਨਾ ਲੱਭੇ..ਕਿਧਰੋਂ ਇੱਕ ਬਾਬੇ ਜੀ ਨੂੰ ਲ਼ੱਭ ਕੇ ਆਂਦਾ..!
ਸੱਠ ਕੂ ਸਾਲ..ਨੀਂਦਰ ਵਿਚੋਂ ਉੱਠ ਕੇ ਆਇਆ ਸੀ..ਢੋਲ ਵਜਾਉਂਦਿਆਂ ਉਂਘਲਾਈ ਜਾਵੇ..ਤੜਕੇ ਦੇ ਤਿੰਨ ਵੱਜ ਗਏ..ਤਾਂ ਵੀ ਲਗਾਤਾਰ ਵਜਾਈ ਗਿਆ..ਮੁੜਕੇ ਪਾਣੀ ਦਾ ਗਲਾਸ ਮੰਗਿਆ..!
ਚਾਰ ਵਜੇ ਥੱਕੇ ਟੁੱਟੇ ਸੌਣ ਨੂੰ ਤੁਰ ਪਏ..ਢੋਲੀ ਬਾਬਾ ਬਣਦੇ ਦੋ ਸੌ ਰੁਪਈਆਂ ਖਾਤਿਰ ਹਰੇਕ ਨੂੰ ਆਖੀ ਜਾਵੇ..ਅੱਗਿਓਂ ਦੰਦ ਕੱਢੀ ਜਾਣ..ਕਦੇ ਫੁੱਫੜ ਵੱਲ ਘੱਲ ਦੇਣ ਤੇ ਕਦੇ ਮਾਸੜ ਵੱਲ..ਓਹਨਾ ਅੱਗਿਓਂ ਮੁੰਡੇ ਦੀ ਮਾਂ ਵੱਲ ਤੋਰ ਦਿੱਤਾ..ਮਾਂ ਗਲ਼ ਪੈ ਗਈ..ਅਖੇ ਮੈਨੂੰ ਪੰਜਾਹ ਕੰਮ..ਭਲਕੇ ਆਵੀਂ..ਬਥੇਰੀਆਂ ਵੇਲਾਂ ਹੋ ਗਈਆਂ!
ਹਾਰ ਕੇ ਓਥੇ ਨੁੱਕਰ ਵਿਚ ਇੱਕ ਥੰਮਲੇ ਦੀ ਢੋ ਲਾ ਕੇ ਪੈ ਗਿਆ..ਸੁਵੇਰੇ ਵੇਖਿਆ ਤਾਂ ਮਰਿਆ ਪਿਆ ਸੀ..ਢੋਲ ਓਸੇ ਤਰਾਂ ਹੀ ਗਲ਼ ਵਿੱਚ..ਸਾਰੇ ਆਖਣ ਬਦਸ਼ਗਨੀ ਹੋ ਗਈ..ਪਰ ਇੱਕ ਜਾਗਦੀ ਜਮੀਰ ਵਾਲਾ ਆਖਣ ਲੱਗਾ ਬਦਸ਼ਗਨੀ ਨਹੀਂ ਤੁਹਾਥੋਂ ਕਤਲ ਹੋ ਗਿਆ..!
ਸੋ ਦੋਸਤੋ ਕੁਝ ਕਤਲ ਸ਼ਰੇਆਮ ਹੁੰਦੇ..ਕਾਤਲ ਵੀ ਤੇ ਗਵਾਹ ਵੀ ਓਥੇ ਹੀ ਮੌਜੂਦ ਹੁੰਦੇ..ਵਰਤਿਆ ਸੰਦ ਵੀ ਕੋਲ ਹੀ ਪਿਆ ਹੁੰਦਾ ਪਰ ਕਿਸੇ ਠਾਣੇ ਰਿਪੋਰਟ ਦਰਜ ਨਹੀਂ ਹੁੰਦੀ..ਕਿਓੰਕੇ ਚਿੜੀਆਂ ਦੀ ਮੌਤ ਗੰਵਾਰਾ ਦਾ ਹਾਸਾ ਹੁੰਦਾ..ਉਹ ਚਿੜੀਆਂ ਜਿੰਨਾ ਨੂੰ ਅਖੀਰ ਤੀਕਰ ਗਲ਼ ਪਿਆ ਢੋਲ ਵਜਾਉਣਾ ਹੀ ਪੈਂਦਾ!
ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *