ਮਿੰਨੀ ਕਹਾਣੀ – ਸੋਨੀ (ਭਾਗ 1) | soni part 1

ਸੋਨੀ ਤੀਹ ਕੁ ਸਾਲਾਂ ਦੀ ਹਰਿਆਣਵੀ ਕੁੜੀ ਦਿੱਲੀ ਪੁਲੀਸ ਚ ਏ.ਐਸ.ਆਈ. ਦੇ ਆਹੁਦੇ ਤੇ  ਤਾਇਨਾਤ ਸੀ। ਉਹ ਪੁਲਸ ਕਲੋਨੀ ਚ ਇੱਕ ਸਰਕਾਰੀ ਕੁਆਟਰ ਚ, ਰਹਿੰਦੀ ਸੀ। ਕਾਲਜ ਵੇਲੇ ਪੜ੍ਹਦੇ ਸਮੇਂ ਨਵੀਨ ਨਾਲ ਪਿਆਰ ਹੋ ਗਿਆ ਸੀ। ਪਰ ਨਵੀਨ ਵਿਹਲਾ ਸੀ ਕੁੱਝ ਨਹੀਂ ਸੀ ਕਰਦਾ। ਸੋਨੀ ਨੂੰ ਇਸ ਗੱਲ ਦੀ ਤਕਲੀਫ਼ ਨਹੀਂ ਸੀ ਉਹ ਕੁੱਝ ਨਹੀਂ ਕਰਦਾ ਸੀ ,ਪਰ ਉਸ ਨੂੰ ਤਕਲੀਫ ਇਸ ਗੱਲ ਦੀ ਸੀ ਕੇ ਨਵੀਨ ਨੂੰ ਸੋਨੀ ਦੀ ਨੌਕਰੀ ਪਸੰਦ ਨਹੀ ਸੀ। ਉਹ ਸੋਨੀ ਦੇ ਦਬਾਅ ਪਾ ਰਿਹਾ ਸੀ ਉਹ ਨੌਕਰੀ ਛੱਡ ਦੇਵੇ ਤੇ ਉਸ ਨਾਲ ਵਿਆਹ ਕਰਵਾ ਲਵੇ। ਪਰ ਸੋਨੀ ਚਾਹੁੰਦੀ ਸੀ ਉਹ ਕੁੱਝ ਕਰਕੇ ਤਾਂ ਵਿਖਾਵੇ ਫੇਰ ਉਹ ਨੌਕਰੀ ਛੱਡ ਦੇਵੇਗੀ। ਇਸ ਲਈ ਉਹਨ੍ਹਾਂ ਦੀ ਆਪਸ ਚ ਲੜ੍ਹਾਈ ਚੱਲ ਰਹੀ ਸੀ ।

ਸੋਨੀ ਜਿਸ ਪੁਲਿਸ ਸਟੇਸ਼ਨ ਚ ਸੀ ਉਸ ਦੀ ਇੰਚਾਰਜ ਵੀ ਇੱਕ ਮਹਿਲਾ ਪੁਲਿਸ ਅਫ਼ਸਰ ਸੀ ,ਜਿਸਦਾ ਨਾਮ  ਸੀ ਕਲਪਨਾ । ਕਲਪਨਾ ਆਈ.ਪੀ.ਐਸ.ਪੁਲਸ ਅਧਿਕਾਰੀ ਸੀ। ਉਸ ਦੇ ਘਰਵਾਲਾ ਸੰਦੀਪ ਸਿੰਘ ਵੀ ਪੁਲਸ ਅਧਿਕਾਰੀ ਸੀ। ਉਹ ਕਲਪਨਾ ਨਾਲੋਂ ਦੱਸ ਸਾਲ ਵੱਡਾ ਸੀ। ਹੁਣੇ ਹੁਣੇ ਹੀ ਸੰਦੀਪ ਸਿੰਘ ਦੀ ਬਤੌਰ ਅਸਿਸਟੈਂਟ ਕਮਿਸ਼ਨਰ ਪ੍ਰੋਮੋਸ਼ਨ ਹੋਈ ਸੀ। ਕਲਪਨਾ ਦੇ ਵਿਆਹ ਨੂੰ ਦੋ ਸਾਲ ਹੋ ਗਏ ਸਨ। ਕਲਪਨਾ ਨੇ ਜਦੋੰ ਵੀ ਡਿਉਟੀ ਤੋਂ ਘਰ ਆਉਣਾ ਤਾਂ ਸੰਦੀਪ ਦੀ ਮਾਂ ਜਾਣੀ ਕਲਪਨਾ ਦੀ ਸੱਸ ਨੇ ਇੱਕੋ ਗੱਲ ਕਹਿਣੀ ਪੁੱਤਰ ਇਹ ਨੌਕਰੀ ਤਾ ਚਲਦੀ ਰਹੂ। ਤੂੰ ਮੈਨੂੰ ਸੰਦੀਪ ਦੇ ਬੱਚੇ ਦਾ ਮੂੰਹ ਵਿਖਾਦੇ ਪੁੱਤਰ। ਮੈਂ ਕਿੱਤੇ ਪੋਤੇ ਪੋਤੀ ਦਾ ਮੂੰਹ ਵੇਖੇ ਬਿਨਾਂ ਹੀ ਨਾ ਮਰ ਜਾਵਾਂ। ਉਹ ਭਾਵੁਕ ਹੋ ਜਾਂਦੀ।ਮਾਂ ਮੈਂ ਅਜੇ ਕੁੱਝ ਸਮਾਂ ਨੌਕਰੀ ਤੋਂ ਛੁੱਟੀ ਨਹੀਂ ਲੈ ਸਕਦੀ। ਮੇਰੀ ਨਵੀਂ ਨਵੀਂ ਨੌਕਰੀ ਹੈ। ਕੁੜੀਆਂ ਜੇ ਨੌਕਰੀ ਨਾ ਵੀ ਕਰਨ ਤਾਂ ਵੀ ਸਰ ਜਾਉ ਪਰ ਬੇਟਾ ਉਹ ਅਸਲੀ ਕੰਮ ਤਾਂ ਤੂੰ ਹੀ ਕਰ ਸਕਦੀ ਹੈ । ਮੈਨੂੰ ਦਾਦੀ ਬਣਾ ਦੇ ਪੁੱਤਰ। ਕਲਪਨਾ ਨੇ ਕੁੱਝ ਨਾ ਕਹਿਣਾ ਬਸ ਸੱਸ ਦੀ ਗੱਲ ਤੇ ਮੁਸਕਰਾ ਦੇਣਾ। ਕਲਪਨਾ ਸੋਚਦੀ ਮੈੰ ਐਨੀ ਮਿਹਨਤ ਕਰਕੇ ਆਈ.ਪੀ.ਐਸ. ਅਫ਼ਸਰ ਬਣੀ ਹਾਂ। ਪਰ ਮਾਂ ਜੀ ਨੂੰ ਇਹ ਨੌਕਰੀ ਠੀਕ ਹੀ ਨ੍ਹੀ ਲੱਗਦੀ। ਉਹ ਸੋਚਦੀ ਕੁੜੀਆਂ ਨੇ ਵੀ ਕੀ ਕਿਸਮਤ ਪਾਈ ਆ।

ਉੱਧਰ ਸੋਨੀ ਦੀ ਨਾਈਟ ਡਿਉਟੀ ਸੀ ਠੰਢ ਦਾ ਮਹੀਨਾ ਸੀ ਉਹ ਸਵੇਰੇ ਆਪਣੀ ਡਿਉਟੀ ਖਤਮ ਕਰਕੇ ਸਾਈਕਲ ਤੇ ਘਰ ਵਾਪਿਸ ਆ ਰਹੀ ਸੀ। ਇੱਕ ਸਾਈਕਲ ਸਵਾਰ ਉਸ ਨੂੰ ਸਧਾਰਨ ਕੁੜੀ ਸਮਝ ਕੇ ਛੇੜਛਾੜ  ਕਰਨ ਲੱਗ ਗਿਆ। ਸੋਨੀ ਨੇ ਇਗਨੋਰ ਕਰ ਦਿੱਤਾ। ਪਰ ਉਹ ਮਨਚਲਾ ਜਦੋਂ ਹਟਿਆ ਹੀ ਨਾ ਤਾਂ ਸੋਨੀ ਸਾਈਕਲ ਤੋੰ ਉੱਤਰ ਗਈ। ਉਸ ਸਾਈਕਲ ਸਵਾਰ ਬਦਮਾਸ਼ ਨੇ ਉਸ ਦੀ ਬਾਂਹ ਫੜ੍ਹ ਲਈ। ਬੱਸ ਫ਼ੇਰ ਕੀ ਸੀ। ਸੋਨੀ ਨੇ ਉਸ ਦੀ ਉਹ ਧੁਲਾਈ ਕੀਤੀ ਵੀ ਉਹ ਬੇਹੋਸ਼ ਹੋ ਗਿਆ। ਲੋਕਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ। ਸੋਨੀ ਦੀ ਸ਼ਿਕਾਇਤ ਹੋ ਗਈ। ਕਲਪਨਾ ਨੇ ਸੋਨੀ ਨੂੰ ਕਾਫ਼ੀ ਖਰੀ ਖੋਟੀ ਸੁਣਾਈ। ਉਸ ਨੇ ਸੋਨੀ ਨੂੰ ਕਿਹਾ।

” ਪੁਲੀਸ ਚ ਹੋਣ ਦਾ ਇਹ ਮਤਲਬ ਨਹੀਂ ਵੀ ਜਿਸ ਮਰਜ਼ੀ ਨੂੰ ਸੜਕ ਦੇ ਵਿਚਾਲੇ ਕੁੱਟਣਾ ਸ਼ੁਰੂ ਕਰ ਦਿਉ ”

” ਮੈਡਮ ਉਹ ਬਤਮੀਜੀ ਕਰ ਰਿਹਾ ਸੀ ”

” ਉਸ ਨੂੰ ਥਾਣੇ ਚ ਵੀ ਲਿਆਦਾ ਜਾ ਸਕਦਾ ਸੀ ”

” ਗਲਤੀ ਹੋਗੀ ਮੈਡਮ ਜੀ ” ਸੋਨੀ ਨੇ ਮੁਆਫ਼ੀ ਮੰਗ ਕੇ ਖਹਿੜਾ ਛੁਡਵਾਇਆ। ਸੋਨੀ ਇੱਕ ਵਧੀਆ ਮਹਿਲਾ ਪੁਲਸ ਅਫ਼ਸਰ ਸੀ।ਮੇਨ ਰੋਡ ਤੇ ਰਾਤ ਨੂੰ ਐਕਸੀਡੈਂਟ ਹੋ ਗਿਆ ਸੀ। ਕਾਰ ਵਾਲੇ ਨੇ ਸ਼ਰਾਬ ਪੀਤੀ ਹੋਈ ਸੀ। ਉਸ ਨੇ ਨਸ਼ੇ ਦੀ ਹਾਲਤ ਚ  ਬਾਈਕ ਸਵਾਰਾ ਨੂੰ ਟੱਕਰ ਮਾਰ ਦਿੱਤੀ ਦੋਨਾਂ ਬਾਈਕ ਸਵਾਰਾਂ ਦੀ ਮੌਕੇ ਤੇ ਮੌਤ ਹੋ ਗਈ। ਇਹ ਏਰੀਆ ਕਲਪਨਾ ਦੇ ਪੁਲਸ ਸਟੇਸ਼ਨ ਚ ਪੈਂਦਾ ਸੀ। ਅਗਲੇ ਦਿਨ ਅਖਬਾਰਾਂ ਤੇ ਟੀ.ਵੀ. ਚੈਨਲਾਂ ਤੇ ਪੁਲਸ ਨੂੰ ਕਾਫ਼ੀ ਨਿੰਦਿਆ ਗਿਆ। ਉਨ੍ਹਾਂ ਦਾ ਕਹਿਣਾ ਸੀ ਵੀ ਲੋਂਕ ਸ਼ਰੇਆਮ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਹਨ। ਪੁਲਸ ਕੀ ਕਰਦੀ ਹੈ । ਕਲਪਨਾ ਨੇ ਸੋਨੀ ਦੀ ਡਿਉਟੀ ਲਗਾਈ ਵੀ ਰਾਤ ਨੂੰ  ਚੈਕਿੰਗ ਕੀਤੀ ਜਾਵੇ। ਕਲਪਨਾ ਨੇ ਸੋਨੀ ਨੂੰ ਕਿਹਾ

“ਮੇਨ ਸੜਕ ਤੇ ਨਾਕਾ ਲਗਾਉ। ਸਭ ਤੋੰ ਫੂਕ ਮਰਵਾਕੇ ਚੈਕ ਕਰੋ ਜਿਸ ਨੇ ਵੀ ਸ਼ਰਾਬ ਪੀਤੀ ਹੋਵੇ ਉਸ ਨੂੰ ਗੱਡੀ ਸਮੇਤ ਅੰਦਰ ਕਰ ਦਿਉ ”

” ਜੀ ਮੈਡਮ”

” ਸਖਤੀ ਵਰਤੋਂ ਪੂਰੀ ਕੋਈ ਵੀ ਸ਼ਰਾਬੀ ਡਰਾਈਵਰ ਬੱਚ ਕੇ ਨਾ ਜਾਵੇ”

” ਨਹੀ ਜਾਏਗਾਂ ਮੈਡਮ ਜੀ ” ਸੋਨੀ ਨੇ ਵਿਸ਼ਵਾਸ ਦੁਆਇਆ।

ਸੋਨੀ ਨੇ ਗਾਰਦ ਲਈ ਤੇ ਮੇਨ ਸੜਕ ਤੇ ਨਾਕਾ ਲਾ ਲਿਆ। ਸਭ ਦੀ ਚੈਕਿੰਗ ਸ਼ੁਰੂ ਹੋ ਗਈ। ਸੋਨੀ ਆਪ ਨਿਗਰਾਨੀ ਕਰ ਰਹੀ ਸੀ। ਇੱਕ ਕਾਰ ਚਾਲਕ ਸੜਕ ਦੇ ਵਿਚਾਲੇ ਹੱਲਾ ਕਰ ਰਿਹਾ ਸੀ। ਸੋਨੀ ਨੇ ਪੁੱਛਿਆ ਤਾਂ ਸਿਪਾਹੀ ਨੇ ਦੱਸਿਆ ,,,ਜੀ ਇਸਨੇ ਸ਼ਰਾਬ ਪੀਤੀ ਹੋਈ ਹੈ। ਪੁਲਸ ਨਾਲ ਬਤਮੀਜੀ ਕਰ ਰਿਹਾ”” ਸੋਨੀ ਆਪ ਗਈ। ਉਹ ਦੋ ਜਣੇ ਸਨ ਕਾਰ ਚਾਲਕ ਆਪਣੇ ਆਪ ਨੂੰ ਆਰਮੀ ਅਫ਼ਸਰ ਕਹਿ ਰਿਹਾ ਸੀ। ਪਰ ਉਸ ਦੀ ਬਹੁਤ ਜਿਆਦਾ ਸ਼ਰਾਬ ਪੀਤੀ ਸੀ।

“ਤੁਸੀ ਆਰਮੀ ਅਫ਼ਸਰ ਹੋ ਫੇਰ ਐਨੀ ਸ਼ਰਾਬ ਕਿਉਂ ਪੀਤੀ ਉੱਪਰੋਂ ਗੱਡੀ ਚਲਾ ਰਹੇ ਸੀ।”

” ਉਹ ਮੈਡਮ ਕੱਲ ਨੂੰ ਮੇਰਾ ਵਿਆਹ ਹੈ ਇਸ ਲਈ ਅੱਜ ਮੇਰਾ ਬੈਚੂਲਰ ਦਾ ਆਖਰੀ ਦਿਨ ਹੈ ਇਸ ਲਈ ਸ਼ਰਾਬ ਪੀਤੀ ਮੈਂ। ਸ਼ਰਾਬ ਪੀਣਾ ਕੋਈ ਗੁਨਾਹ ਹੈ ???”

“ਸ਼ਰਾਬ ਪੀਣਾ ਗੁਨਾਹ ਨਹੀਂ ਪਰ ਸ਼ਰਾਬ ਪੀ ਕੇ ਕਾਰ ਚਲਾਉਣੀ ਗੁਨਾਹ ਹੈ। ਆਪਣੀ ਆਈ.ਡੀ. ਵਿਖਾਉ”

“ਤੈਨੂੰ ਪਤਾ ਮੈਂ ਕੈਪਟਨ ਹਾਂ ਆਰਮੀ ਚ, ਤੇਰੇ ਕੋਲ ਅਧਿਕਾਰ ਨਹੀ ਹੈ ਮੇਰੀ ਆਈ.ਡੀ. ਵੇਖਣ ਦਾ ਜਾਂ ਆਪਣੇ ਅਫ਼ਸਰ ਨੂੰ ਭੇਜ”

“ਸਰ ਮੈਂ ਇਸ ਨਾਕੇ ਦੀ ਇੰਚਾਰਜ ਹਾਂ ਮੇਰੇ ਕੋਲ ਅਧਿਕਾਰ ਹੈ ਤੁਸੀਂ ਆਪਣੀ ਆਈ.ਡੀ. ਵਿਖਾਉ ਤੇ ਕਾਰ ਤੋੰ ਬਾਹਰ ਆਉ ”

” ਉਹ ਤੂੰ ਕਿੰਨੀ ਸੋਹਣੀ ਕੁੜੀ ਹੈ। ਰਾਤ ਨੂੰ ਐਥੇ ਕੀ ਕਰਦੀ ਹੈ ਜਾਹ ਘਰਵਾਲੇ ਦਾ ਜਾਂ ਆਪਣੇ ਪ੍ਰੇਮੀ ਦਾ ਬਿਸਤਰ ਗਰਮ ਕਰ” ਫੌਜੀ ਅਫ਼ਸਰ ਨੇ ਸ਼ਰਾਬ ਦੇ ਨਸ਼ੇ ਚ ਇਹ ਗੱਲ ਕਹਿਕੇ ਸੋਨੀ ਦੇ ਮੂੰਹ ਨੂੰ ਹੱਥ ਲਾ ਦਿੱਤਾ। ਸੋਨੀ ਦੇ ਸਬਰ ਦਾ ਬੰਨ ਟੁੱਟ ਗਿਆ । ਉਸ ਨੇ ਉਸ ਫੌਜ਼ੀ ਅਫਸਰ ਨੂੰ ਘਸੀਟ ਕੇ ਕਾਰ ਚੋ ਬਾਹਰ ਕੱਢ ਲਿਆ ਤੇ ਸੜਕ ਤੇ ਲੰਮਾ ਪਾ ਕੇ ਕੁੱਟਿਆ। ਉਸ ਨੇ ਪ੍ਰਵਾਹ ਨਹੀਂ ਕੀਤੀ ਵੀ ਲੋਕ ਵੀਡੀਓ ਬਣਾ ਰਹੇ ਸਨ। ਇਸ ਗੱਲ ਦਾ ਫ਼ੇਰ ਅਖਬਾਰਾਂ ਤੇ ਮੀਡੀਏ ਚ ਰੌਲਾ ਪੈ ਗਿਆ। ਇੱਕ ਮਹਿਲਾ ਪੁਲਸ ਅਫ਼ਸਰ ਨੇ ਆਰਮੀ ਅਫ਼ਸਰ ਦੀ ਬੇਇੱਜ਼ਤੀ ਕੀਤੀ। ਸ਼ਰੇਆਮ ਸੜਕ ਤੇ ਕੁੱਟਿਆ। ਆਰਮੀ ਦੀ ਬੇਇੱਜ਼ਤੀ ਬਰਦਾਸ਼ਤ ਨਹੀ ਕੀਤੀ ਜਾ ਸਕਦੀ। ਇਹ ਇੱਕ ਵਿਵਾਦਕ ਮੁੱਦਾ ਬਣ ਗਿਆ। ਕਈ ਸੰਸਥਾਵਾਂ ਦੇ ਮੁੱਖੀ ਕਮਿਸ਼ਨਰ ਨੂੰ ਮਿਲੇ । ਸੋਨੀ ਨੂੰ ਬਰਖਾਸਤ ਕਰਨ ਦੀ ਮੰਗ ਹੋਣ ਲੱਗੀ। ਕਮਿਸ਼ਨਰ ਨੇ ਇਸ ਕੇਸ ਦੀ ਇੰਨਕੁਆਰੀ ਸੰਦੀਪ ਸਿੰਘ ਨੂੰ ਸੌਪ ਦਿੱਤੀ। ਕਲਪਨਾ ਨੇ ਸੰਦੀਪ ਸਿੰਘ ਨੂੰ ਦੱਸਿਆ ਕਿ ਸੋਨੀ ਬਹੁਤ ਹੀ ਮਿਹਨਤੀ ਅਫ਼ਸਰ ਹੈ। ਉਸ ਫੌਜੀ ਅਫ਼ਸਰ ਨੇ ਸੋਨੀ ਨਾਲ ਬਤਮੀਜ਼ੀ ਕੀਤੀ ਸੀ। ਤੁਸੀਂ ਉਸ ਦੀ ਰਿਆਇਤ ਕਰੋ। ਇਹ ਗੱਲ ਸੁਣਕੇ ਸੰਦੀਪ ਸਿੰਘ ਭੜਕ ਗਿਆ।

“ਤੂੰ ਇੱਕ ਆਈ.ਪੀ.ਐਸ. ਅਫ਼ਸਰ ਹੈ ਪਰ ਤੇਰੀ ਆਪਣੇ ਸਟਾਫ ਤੇ ਜਰਾ ਵੀ ਕਮਾਂਡ ਨਹੀਂ । ਹਰ ਵਾਰ ਉਸ ਨਾਲ ਹੀ ਬਤਮੀਜੀ ਹੁੰਦੀ ਆ ਕਿਉ?? ਉਹ ਹਰ ਵਾਰ ਕਾਨੂੰਨ ਹੱਥ ਚ, ਲੈ ਲੈਦੀ ਹੈ ਕਿਉ??”

” ਇਹ ਗੱਲ ਨਹੀ ਸੰਦੀਪ ਉਸ ਦੀ ਘਰੇ ਥੋਹੜੀ ਫੈਮਲੀ ਪ੍ਰਾਬਲਮ ਹੈ ”

” ਤੂੰ ਪੁਲੀਸ ਅਫ਼ਸਰ ਹੈ। ਅਫ਼ਸਰੀ ਕਰ । ਆਪਣੇ ਸਟਾਫ਼ ਨਾਲ ਨਿਮੋਸ਼ਨਲੀ ਨਾ ਜੁੜਿਆ ਕਰ। ਫ਼ੇਰ ਉਹ ਤੁਹਾਡੀ ਰਿਸਪੈਕਟ ਨਹੀਂ ਕਰਦੇ”

“ਮੈੰ ਉਸ ਨੂੰ ਸਮਝਾਵਾਂਗੀ। ਇਸ ਵਾਰ ਉਸ ਦੀ ਮੱਦਦ ਕਰ ਦਿਉ ਦੁਬਾਰਾ ਸ਼ਕਾਇਤ ਦਾ ਮੌਕਾ ਨਹੀਂ ਦੇਵੇਗੀ ”

” ਕਲਪਨਾ ਕਮਿਸ਼ਨਰ ਸਾਹਿਬ ਖੁਦ ਇਸ ਕੇਸ ਚ ਦਿਲਚਸਪੀ ਲੈ ਰਹੇ ਹਨ। ਉਸ ਤੇ ਥੋਹੜੀ ਕਾਰਵਾਈ ਤਾਂ ਮੈਨੂੰ  ਵੀ ਕਰਨੀ ਪਊ। ਸੰਸਪੈਨਸ਼ਨ  (ਬਰਖਾਸਤ)ਤੋਂ ਬਚਾ ਲਵਾਗਾਂ ਪਰ ਬਦਲੀ ਜ਼ਰੂਰ ਹੋਵੇਗੀ”

” ਸੰਦੀਪ ਪਲੀਜ਼ ਮੇਰੇ ਕੋਲ ਉਹੀ ਤਾਂ ਇੱਕ ਵਧੀਆ ਅਫਸਰ ਹੈ ਉਹ ਮੈਥੋ ਨਾ ਖੋਹਵੋ ਪਲੀਜ਼”

” ਆਈ ਐਮ ਸੌਰੀ ਕਲਪਨਾ। ਤੈਨੂੰ ਤਾਂ ਆਪਣੇ ਭਵਿੱਖ ਦੀ ਚਿੰਤਾ ਨਹੀ ਮੈਨੂੰ ਤਾਂ ਹੈ”

“ਮਤਲਬ” ਕਲਪਨਾ ਨੇ ਹੈਰਾਨ ਹੋ ਕੇ ਪੁੱਛਿਆ।

” ਮਾਂ ਦੀ ਗੱਲ ਸਮਝ ਨਹੀ ਆਈ ਤੈਨੂੰ। ਮਾਂ ਕੀ ਚਾਹੁੰਦੀ ਆ ”

” ਸੰਦੀਪ ਤੁਸੀ ਵੀ ਇਹੋ ਸੋਚ ਰਹੇ ਹੋ ਜੋ ਮਾਂ ਸੋਚ ਰਹੀ ਹੈ। ਤੁਹਾਨੂੰ ਤਾ ਪਤਾ ਮੇਰੇ ਇਹ ਦੋ ਸਾਲ ਪਰਵੇਸ਼ਨ ਪੀਰਡਤ ਹਨ। ਇਹ ਦੋ ਸਾਲ ਦੀ ਪ੍ਰਫਾਰਮੈੱਸ ਤੇ ਮੇਰੀ ਪ੍ਰਮੋਸ਼ਨ ਹੋਣੀ ਹੈ। ਕੀ ਤੁਹਾਨੂੰ ਇਹ ਸਭ ਨਹੀਂ ਪਤਾ ਕਿ ਮੈੰ ਦੋ ਸਾਲ ਛੁੱਟੀ ਨਹੀ ਲੈੰ ਸਕਦੀ”

” ਮੈਨੂੰ ਪਤਾ ਪਰ ਮਾਂ ਵੀ ਸੱਚੀ ਹੈ। ਮੇਰੀ ਪ੍ਰਮੋਸ਼ਨ ਹੋ ਤਾਂ ਗਈ ਜੇ ਤੇਰੀ ਤਰੱਕੀ ਦੋ ਸਾਲ ਠਹਿਰ ਕੇ ਵੀ ਹੋ ਜਾਊ ਤਾਂ ਕੀ ਫ਼ਰਕ ਪੈਂਦਾ। ਬੱਚਾ ਵੀ ਤਾਂ ਜਰੂਰੀ ਹੈ,,।

ਸੰਦੀਪ ਦੀ ਇਹ ਗੱਲ ਸੁਣਕੇ ਕਲਪਨਾ ਇੱਕ ਦਮ ਸੁੰਨ ਹੋ ਗਈ। ਉਹ ਵੀ ਸੰਦੀਪ ਦੇ ਬਰਾਬਰ ਦੀ ਅਫਸਰ ਸੀ। ਬਸ ਐਨਾ ਫ਼ਰਕ ਸੀ ਕੇ ਸੰਦੀਪ ਦੀ ਨੌਕਰੀ ਜ਼ਿਆਦਾ ਸੀ ਤੇ ਉਸ ਦੀ ਸ਼ੁਰੂਆਤ ਸੀ। ਕਲਪਨਾ ਨੂੰ ਲੱਗਿਆ ਅਜੇ ਉਸ ਨੇ ਜਿੰਦਗੀ ਦਾ ਇੱਕ ਹੋਰ ਇਮਤਿਹਾਨ ਪਾਸ ਕਰਨਾ ਹੈ ਤੇ ਸ਼ਾਇਦ ਸਭ ਤੋਂ ਵੱਡਾ ਤੇ ਮੁਸ਼ਕਲ।

ਅਗਲੇ ਦਿਨ ਕਲਪਨਾ ਨੂੰ ਕਮਿਸ਼ਨਰ ਸਾਹਿਬ ਨੇ ਸੋਨੀ ਨੂੰ ਲੈ ਕੇ ਝਾੜ ਪਾਈ।
“ਸੌਰੀ ਸਰ ਇੱਟ ਨੈਵਰ ਰਿਪੀਟ ਅਗੇਨ ਸਰ । ਆਈ ਐਮ ਰੀਅਲੀ ਵੈਰੀ ਸੌਰੀ “(Sorry Sir,,,,it never repeate again,I am really very sorry.) ਕਲਪਨਾ ਨੇ ਮੁਆਫੀ ਮੰਗੀ। ਸੋਨੀ ਵੀ ਉਸ ਵਕਤ ਕਲਪਨਾ ਦੇ ਕਮਰੇ ਚ, ਸੀ।

” ਸੌਰੀ ਮੈਡਮ ਜੀ ਤੁਹਾਨੂੰ ਮੇਰੀ ਗਲਤੀ ਲਈ ਗੱਲਾਂ ਸੁਨਣੀਆ ਪੈ ਰਹੀਆਂ ਹਨ ”

” ਨਹੀ ਸੋਨੀ ਤੇਰੀ ਗਲਤੀ ਨਹੀਂ ਸੀ। ਮੈੰ ਸਾਰੀ ਗੱਲ ਕੰਨਫਰਮ ਕਰ ਲਈ।  ਉਸ ਫੌਜੀ ਅਫਸਰ ਨੇ ਤੇਰੇ ਨਾਲ ਭੱਦਾ ਵਿਵਹਾਰ ਕੀਤਾ । ਪਰ ਮੈਨੂੰ ਅਫਸੋਸ ਹੈ ਕਿ ਮੈਂ ਤੇਰੀ ਕੋਈ ਮਦਦ ਨਹੀਂ ਕਰ ਸਕੀ ਤੇਰੀ ਬਦਲੀ ਪੁਲਸ ਲਾਈਨ ਚ ਹੋ ਗਈ ਹੈ ”

” ਕੋਈ ਨਹੀ ਮੈਡਮ ਜੀ ਮੈਨੂੰ ਕੋਈ ਫ਼ਰਕ ਨਹੀ ਪੈਂਦਾ”

” ਪਰ ਮੈਨੂੰ ਪੈਂਦਾ ਸੋਨੀ ” ਐਨਾ ਕਹਿਕੇ ਕਲਪਨਾ ਕਮਰੇ ਚੋਂ ਬਾਹਰ ਚੱਲੀ ਗਈ।

(ਅਗਲੀ ਕਹਾਣੀ ਅਗਲੇ ਭਾਗ ਚ)

Leave a Reply

Your email address will not be published. Required fields are marked *