ਹੱਲ ਵਾਹੁੰਦੇ ਬੋਲੇ ਨੂੰ ਕੋਲੋਂ ਲੰਘਦੇ ਥਾਣੇਦਾਰ ਨੇ ਰਾਹ ਪੁੱਛ ਲਿਆ..ਅੱਗੋਂ ਆਹਂਦਾ ਜੀ ਮੇਰਾ ਢੱਗਾ ਚੋਰੀ ਦਾ ਥੋੜੀ ਏ..ਥਾਣੇਦਾਰ ਨੇ ਘਸੁੰਨ ਕੱਢ ਮਾਰਿਆ ਤੇ ਚਲਾ ਗਿਆ..!
ਘੜੀ ਕੂ ਮਗਰੋਂ ਬੋਲੇ ਦੀ ਵਹੁਟੀ ਰੋਟੀ ਲੈ ਕੇ ਆਈ..ਉਹ ਵੀ ਬੋਲੀ..ਉਸਦੇ ਦਵਾਲੇ ਹੋ ਗਿਆ..ਆਖਣ ਲੱਗਾ ਜੇ ਆਹ ਢੱਗਾ ਚੋਰੀ ਦਾ ਸੀ ਤਾਂ ਤੇਰੇ ਪਿਓ ਨੇ ਆਪਣੇ ਜਵਾਈ ਨੂੰ ਹੀ ਦੇਣਾ ਸੀ..!
ਸੜੀ ਬਲੀ ਘਰ ਨੂੰ ਮੁੜ ਗਈ..ਗੋਹਾ ਫੇਰਦੀ ਆਪਣੀ ਬੋਲੀ ਸੱਸ ਦੇ ਗਲ਼ ਪੈ ਗਈ ਅਖ਼ੇ ਜੇ ਰੋਟੀ ਵੇਲੇ ਸਿਰ ਪਕਾ ਦਿੱਤੀ ਹੁੰਦੀ ਤਾਂ ਉਹ ਮੇਰੀ ਕੁੱਤੇ ਖਾਣੀ ਤੇ ਨਾ ਕਰਦਾ..!
ਸੱਸ ਨੂੰ ਵੀ ਕੁਦਰਤੀ ਉੱਚਾ ਸੁਣਦਾ ਸੀ..ਉਹ ਕੋਲ ਮੰਜਾ ਬੁਣਦੇ ਆਪਣੇ ਘਰ ਵਾਲੇ ਦੇ ਦਵਾਲੇ ਹੋ ਗਈ..ਅਖ਼ੇ ਆਹ ਹੂਰ ਪਰੀ ਦੀ ਕਰਤੂਤ ਵੇਖ ਲੈ..ਸੱਸ ਨਾਲ ਕਿੱਦਾਂ ਬੋਲਦੀ ਆ..!
ਅੱਗੋਂ ਉਹ ਵੀ ਬੋਲਾ..ਦਾਤਰੀ ਨਾਲ ਸਾਰਾ ਵਾਣ ਵੱਢ ਸੁੱਟਿਆ ਅਖ਼ੇ ਜੇ ਮੇਰੀ ਬੁਣੀ ਮੰਜੀ ਪਸੰਦ ਨੀ ਤਾਂ ਜਾ ਢੱਠੇ ਖੂਹ ਵਿਚ ਪੈ..ਅੱਗੇ ਤੋਂ ਕਿਸੇ ਹੋਰ ਤੋਂ ਉਣਵਾ ਲਵੀਂ..!
ਅਜੋਕੇ ਕਿਰਸਾਨੀ ਸੰਘਰਸ਼ ਤੇ ਵੀ ਸਭ ਆਪੋ ਆਪਣੇ ਟੁੱਲ ਜਿਹੇ ਲਾਈ ਜਾਂਦੇ..ਕੁਝ ਨੂੰ ਗਵਾਂਢੀ ਮੁਲਖ ਦੀ ਸਾਜਿਸ਼ ਜਾਪਦੀ..ਪੰਜਾਬ ਬਚਾਓ ਮਾਰਚ ਲੈ ਕੇ ਨਿੱਕਲੇ ਆਪਣਾ ਰੋਣਾ ਰੋਈ ਜਾਂਦੀ..ਬਦਲਾਓ ਵਾਲਿਆਂ ਨੂੰ ਇਹ ਡਰ ਕਿਧਰੇ ਰਾਸ਼ਟਰਪਤੀ ਰਾਜ ਹੀ ਨਾ ਲਾ ਦੇਣ..ਕਾਮਰੇਡ ਵੱਖਰੇ ਡਰੀ ਜਾਂਦੇ ਕਿਧਰੇ ਸਾਥੋਂ ਬਗੈਰ ਜਿੱਤ ਹੀ ਨਾ ਜਾਵਣ..ਕੋਈ ਇਹ ਸਮਝਣ ਲਈ ਤਿਆਰ ਹੀ ਨਹੀਂ ਕੇ ਪੁਵਾੜੇ ਦੀ ਅਸਲ ਵਜਾ ਹੈ ਕੀ..!
ਜੇ ਕਿਧਰੇ ਜਮੀਰ ਦੀ ਅਵਾਜ ਸੁਣ ਇਹ ਸਾਰੇ ਬੋਲੇ ਇੱਕ ਝੰਡੇ ਥੱਲੇ ਇਕੱਠੇ ਹੋ ਜਾਵਣ ਤਾਂ ਕੀ ਮਜਾਲ ਕੋਈ ਵਾਲ ਵੀ ਵਿੰਗਾ ਕਰ ਸਕੇ!
ਹਰਪ੍ਰੀਤ ਸਿੰਘ ਜਵੰਦਾ