ਨਵਾਂ ਜਨਮ – 3 | nava janam – 3

ਮਨਮੀਤ ਕਰੀਬ ਹੁਣ ਇੱਕ ਮਹੀਨਾ ਦਵਾਈ ਖਾ ਚੁੱਕੀ ਸੀ ਪਰ ਉਸਨੂੰ ਕੋਈ ਆਰਾਮ ਨਹੀਂ ਸੀ।ਫੇਰ ਉਸਨੇ ਆਪਣੇ ਇੱਕ ਪਰਿਵਾਰਿਕ ਡਾਕਟਰ ਤੋਂ ਸਲਾਹ ਲਈ ਤਾਂ ਉਸਨੇ ਮਨਮੀਤ ਨੂੰ ਇੱਕ ਗੋਲੀ(ਦਵਾਈ) ਦੱਸੀ ਜੋ ਸਿਰਫ ਛਿੱਕਾਂ ਨੂੰ ਕੁੱਝ ਸਮੇਂ ਲਈ ਰੋਕ ਲੈਂਦੀ ਸੀ।ਇੱਕ ਦਿਨ ਵਿੱਚ ਉਹ ਛੋਟੀ ਜਿਹੀ ਇੱਕ ਗੋਲੀ ਖਾ ਕੇ ਆਪਣਾ ਇੱਕ ਦਿਨ ਬਤੀਤ ਕਰ ਲੈਂਦੀ।ਪਰ ਸਾਰਾ ਪਰਿਵਾਰ ਗਹਿਰੀ ਚਿੰਤਾ ਵਿੱਚ ਸੀ ਕਿ ਇਹ ਗੋਲੀ ਜੇਕਰ ਜ਼ਿੰਦਗੀ ਭਰ ਲਈ ਹੀ ਪੱਕੀ ਲੱਗ ਗਈ ਤਾਂ ਪਤਾ ਨਹੀਂ ਕੀ ਹੋਵੇਗਾ ਕਿਓਂਕਿ ਮਨਮੀਤ ਨੂੰ ਉਹ ਗੋਲੀ ਖਾਣ ਨਾਲ ਨੀਂਦ ਵੀ ਬਹੁਤ ਆਉਂਦੀ ਸੀ।ਖ਼ੈਰ ਜਿਵੇਂ ਤਿਵੇਂ ਕਰ ਉਸਨੇ ਗੋਲੀ ਦੇ ਆਸਰੇ ਕੁੱਝ ਸਮਾਂ ਹੋਰ ਕੱਢ ਲਿਆ।
ਸਮਾਂ ਬੀਤਦਾ ਗਿਆ ਅਤੇ ਮਨਮੀਤ ਦਾ ਸਾਕ ਹੋ ਗਿਆ।ਉਸਨੇ ਆਪਣੇ ਹਮਸਫਰ ਨਾਲ ਵੀ ਆਪਣੀ ਇਹ ਸੱਮਸਿਆ ਸਾਂਝੀ ਕਰ ਲਈ ਸੀ।ਉਹਨਾਂ ਨੇ ਉਸਦਾ ਪੂਰਾ ਸਾਥ ਦਿੱਤਾ ਅਤੇ ਹੌਂਸਲਾ ਦਿੱਤਾ ।
ਮਨਮੀਤ ਦਾ ਵਿਆਹ ਹੋਣ ਮਗਰੋਂ ਉਹਨਾਂ ਦੇ ਕਿਸੇ ਰਿਸ਼ਤੇਦਾਰ ਨੇ ਨੱਕ ਦੀ ਦੇਸੀ ਦਵਾਈ ਦਾ ਡਾਕਟਰ ਦੱਸਿਆ ਜੋ ਉਹਨਾਂ ਦੇ ਘਰ ਤੋਂ ਕਰੀਬ ਸੱਠ ਕਿਲੋਮੀਟਰ ਦੀ ਦੂਰੀ ਤੇ ਪੈਂਦਾ ਸੀ।ਜਦੋਂ ਉਹ ਉੱਥੇ ਗਏ ਤਾਂ ਉਹਨਾਂ ਨੂੰ ਡਾਕਟਰ ਨਾਲ ਗੱਲਬਾਤ ਕਰ ਕੇ ਫੇਰ ਤੋਂ ਇੱਕ ਉਮੀਦ ਜਾਗ ਗਈ।ਡਾਕਟਰ ਨੇ ਮਨਮੀਤ ਦਾ ਦਹੀ,ਕਿੰਨੂੰ ਖਾਣਾ ਬਿਲਕੁੱਲ ਬੰਦ ਕਰ ਦਿੱਤਾ ਜੋ ਉਸਨੂੰ ਬੇਹੱਦ ਪਸੰਦ ਸੀ।ਪਰ ਆਪਣਾ ਆਪ ਠੀਕ ਕਰਨ ਲਈ ਪੂਰਾ ਪਰਹੇਜ਼ ਰੱਖਿਆ।ਇਸਦੇ ਨਾਲ ਹੀ ਡਾਕਟਰ ਉਸਨੂੰ ਦੇਸੀ ਦਵਾਈ ਵੀ ਦਿੰਦਾ ਸੀ।ਹਰ ਮਹੀਨੇ ਉਹ ਦਵਾਈ ਲੈਣ ਜਾਂਦੇ ਅਤੇ ਦਵਾਈ ਖਾਣ ਅਤੇ ਪਰਹੇਜ਼ ਰੱਖਣ ਨਾਲ ਮਨਮੀਤ ਦੀਆਂ ਛਿੱਕਾਂ ਠੀਕ ਹੋਣ ਲੱਗ ਗਈਆਂ ਸਨ।ਪਰ ਕਾਫੀ ਕੁੱਝ ਪਰਹੇਜ਼ ਰੱਖਣ ਨਾਲ ਉਹ ਕਮਜ਼ੋਰ ਵੀ ਹੋ ਗਈ ਸੀ।ਉਸਦੇ ਮੂੰਹ ਦਾ ਰੰਗ ਵੀ ਪੀਲਾ ਪੈ ਚੁੱਕਾ ਸੀ।ਫੇਰ ਵੀ ਜਿਵੇਂ ਤਿਵੇਂ ਕਰ ਉਹ ਦਵਾਈ ਖਾਂਦੀ ਰਹੀ।
ਅੱਠ ਮਹੀਨੇ ਬੀਤਣ ਮਗਰੋਂ ਉਸਨੇ ਦਵਾਈ ਛੱਡ ਦਿੱਤੀ।ਕਰੀਬ ਇੱਕ ਮਹੀਨਾ ਉਸਦੀਆਂ ਛਿੱਕਾਂ ਠੀਕ ਰਹੀਆਂ।ਮਗਰੋਂ ਫੇਰ ਉਹੀ ਹਾਲ।
ਕੁੱਝ ਵੀ ਵੱਸ ਨਾ ਹੁੰਦੇ ਦੇਖ ਉਸਨੇ ਉਹ ਦੇਸੀ ਦਵਾਈ ਬੰਦ ਕਰਕੇ ਫੇਰ ਤੋਂ ਉਹੀ ਇੱਕ ਗੋਲੀ ਖਾਣੀ ਸ਼ੁਰੂ ਕਰ ਦਿੱਤੀ।ਵਿਆਹ ਤੋਂ ਕਰੀਬ ਡੇਢ਼ ਕੁ ਸਾਲ ਬੀਤਣ ਮਗਰੋਂ ਮਨਮੀਤ ਨੇ ਗਰਭ ਧਾਰਨ ਕਰ ਲਿਆ।ਉਸਨੇ ਡਾਕਟਰ ਨੂੰ ਵੀ ਸਭ ਤੋਂ ਪਹਿਲਾਂ ਆਪਣੀ ਇਹੀ ਸੱਮਸਿਆ ਦਰਸਾਈ ਅਤੇ ਪੁੱਛਿਆ ਕਿ ਉਹ ਜਿਹੜੀ ਗੋਲੀ ਖਾਂਦੀ ਹੈ ਉਸ ਨਾਲ  ਬੱਚੇ ਉੱਤੇ ਤਾਂ ਕਿਤੇ ਕੋਈ ਗਲਤ ਅਸਰ ਨਹੀ ਪਵੇਗਾ ਤਾਂ ਡਾਕਟਰ ਨੇ ਵੀ ਕੋਈ ਘਬਰਾਉਣ ਵਾਲੀ ਗੱਲ ਨਹੀਂ ਕਹਿ ਕੇ ਉਸਨੂੰ ਹੌਂਸਲਾ ਦਿੱਤਾ ਅਤੇ ਭਰਪੂਰ ਮਾਤਰਾ ਵਿੱਚ ਭੋਜਨ ਲੈਣ ਦੀ ਸਲਾਹ ਦਿੱਤੀ।
ਉਹਨਾਂ ਮਹੀਨਿਆਂ ਦੌਰਾਨ ਮਨਮੀਤ ਦੀਆਂ ਛਿੱਕਾਂ ਕੁੱਝ ਘੱਟ ਤਾਂ ਹੋ ਗਈਆਂ ਸਨ ਪਰ ਪੂਰੀ ਤਰ੍ਹਾਂ ਠੀਕ ਨਹੀਂ ਹੋਈਆਂ ਸਨ।ਹੁਣ ਉਸਨੂੰ ਗੋਲੀ ਤੀਜੇ ਜਾਂ ਚੌਥੇ ਦਿਨ ਖਾਣੀ ਪੈਂਦੀ ਸੀ।ਮਨ ਹੀ ਮਨ ਉਸਨੇ ਰੱਬ ਦਾ ਬਹੁਤ ਸ਼ੁਕਰ ਮਨਾਇਆ।
ਸਮਾਂ ਬੀਤਦਾ ਗਿਆ ਅਤੇ ਮਨਮੀਤ ਦੀ ਕੁੱਖੋਂ ਇੱਕ ਧੀ ਦਾ ਜਨਮ ਹੋਇਆ।ਸਾਰੇ ਪਰਿਵਾਰ ਵਿੱਚ ਬਹੁਤ ਖੁਸ਼ੀਆਂ ਮਨਾਈਆਂ ਗਈਆਂ।ਮਨਮੀਤ ਦੇ ਘਰ ਵਾਲਿਆਂ ਦੇ ਭੋਇੰ ਪੱਬ ਨਹੀਂ ਲੱਗਦੇ ਸਨ।ਮਨਮੀਤ ਵੀ ਬਹੁਤ ਖੁਸ਼ ਸੀ।ਧੀ ਹੋਣ ਮਗਰੋਂ ਜਦੋਂ ਚਾਰ ਦਿਨ ਬੀਤ ਗਏ ਤਾਂ ਮਨਮੀਤ ਨੂੰ ਖਿਆਲ ਆਇਆ ਕਿ ਉਸਨੂੰ ਤਾਂ ਛਿੱਕਾਂ ਹੀ ਨਹੀਂ ਲੱਗੀਆਂ।ਉਸਦੀ ਖੁਸ਼ੀ ਹੋਰ ਵੀ ਦੁੱਗਣੀ ਹੋ ਗਈ ਸੀ,ਜਦੋਂ ਧੀ ਹੋਣ ਮਗਰੋਂ ਉਸਨੂੰ ਕਦੇ ਵੀ ਛਿੱਕਾਂ ਲਈ ਗੋਲੀ ਨਾ ਖਾਣੀ ਪਈ।ਇਸ ਪ੍ਰਕਾਰ ਮਨਮੀਤ ਦੇ ਘਰ ਜੰਮਣ ਵਾਲੀ ਧੀ ਦੇ ਨਵੇਂ ਜਨਮ ਦੇ ਨਾਲ ਨਾਲ ਉਸਦਾ ਨੱਕ ਦਾ ਰੋਗ ਕੱਟ ਗਿਆ ਤੇ ਸੱਚਮੁੱਚ ਉਸਦਾ ਵੀ ਨਵਾਂ ਜਨਮ ਹੋਇਆ।ਉਸਦੀ ਧੀ ਉਸ ਲਈ ਅਸਲੀ ਡਾਕਟਰ ਬਣ ਕੇ ਬਹੁੜੀ ਸੀ।ਮਨਮੀਤ ਦੀਆਂ ਖੁਸ਼ੀਆਂ ਦੂਹਰੀਆਂ ਹੋ ਗਈਆਂ ਸਨ।

ਸਮਾਪਤ।

Leave a Reply

Your email address will not be published. Required fields are marked *