ਲਾਹੌਰ ਨੇੜੇ ਦਿੱਲੀ ਦੂਰ | lahore nerhe delhi door

ਬੜੀ ਚਰਚਾ..”ਸਾਨੂੰ ਲਾਹੌਰ ਨੇੜੇ ਦਿੱਲੀ ਦੂਰ”..ਸੌ ਸੌ ਮੀਟਰ ਚੋੜੇ ਪੱਕੇ ਬੇਰੀਕੇਡ..ਦਿਲੀ ਤਾਂ ਆਪੇ ਦੂਰ ਹੋਣੀ..ਪਤਾ ਨੀ ਲਾਹੌਰ ਤੋਂ ਏਨੀ ਚਿੜ ਕਿਓਂ?
ਅੰਮ੍ਰਿਤਸਰੋਂ ਬਵੰਜਾ ਕਿਲੋਮੀਟਰ ਦੂਰ..ਉੱਚੜੇ ਬੁਰਜ ਲਾਹੌਰ ਦੇ..ਪੁਰਖਿਆਂ ਦੀ ਧਰਤੀ..ਇਥੇ ਜੰਮੇ ਪਲੇ ਵਿਆਹ ਮੰਗਣੇ ਜੰਝਾਂ ਜਨਾਜੇ..!
ਲੰਮੇ ਵਾਲਾਂ ਵਾਲਾ ਬਲੋਗਰ..ਸਿਆਲਕੋਟ ਵਾਲੇ ਫੈਜ ਅਹਮਦ ਫੈਜ ਵਰਗਾ..ਦਿੱਲੀ ਦੇ ਨੱਬੇ ਸਾਲ ਦੇ ਅਜੀਤ ਕੁਮਾਰ ਜੀ..ਪੁੱਤਰ ਲਾਹੌਰ ਸ਼ਹਿਰ ਵਿਖਾ ਰਿਹਾ..ਆਪ ਤੁਰਨ ਤੋਂ ਅਵਾਜ਼ਾਰ..ਆ ਨਹੀਂ ਸਕਦਾ..!
ਵੰਡ ਤੋਂ ਪਹਿਲਾ ਨਿਸਬਤ ਰੋਡ ਤੇ ਸ੍ਰ ਦਿਆਲ ਸਿੰਘ ਕਾਲਜ ਕੋਲ ਸੇਵਕ ਰਾਮ ਬਿਲਡਿੰਗ ਅੰਦਰ ਰਹਿੰਦੇ ਸਨ..ਅਮ੍ਰਿਤਸਰ ਖਾਲਸਾ ਕਾਲਜ ਕੋਲ ਗੰਗਾ ਬਿਲਡਿੰਗ ਵਰਗੀ..ਵੀਡੀਓ ਕਾਲ ਤੇ ਰੈਣ ਬਸੇਰਾ ਪਛਾਣ ਲਿਆ..ਇਥੇ ਗੁੰਬਦ ਕੋਲ ਹੀ ਮੇਰੇ ਕਮਰਾ ਸੀ..!
ਸ਼ੁੱਧ ਲਾਹੌਰੀ ਪੰਜਾਬੀ..ਬਲੋਗਰ ਵੀ ਹੈਰਾਨ ਤੇ ਪੁੱਤ ਵੀ..ਫਿੱਸ ਪੈਣ ਦੇ ਐਨ ਕੰਢੇ..ਪਤਾ ਨੀ ਕੀ ਬੀਤਦੀ ਹੋਣੀ ਦਿਲ ਤੇ..ਜਰੂਰ ਆਖਦਾ ਹੋਣਾ ਹੁਣ ਜਦੋਂ ਮਰਜੀ ਮੁੱਕ ਜਾਵਾਂ..ਕੋਈ ਪ੍ਰਵਾਹ ਨਹੀਂ..!
ਨਨਕਾਣੇ ਸਾਬ ਦਾ ਅੱਸੀ ਸਾਲ ਦਾ ਬਾਬਾ..ਗਏ ਜਥੇ ਵਿਚੋਂ ਜੀਰੇ ਲਾਗੋਂ ਦਾ ਬੰਦਾ ਲੱਭੇ..ਮਿਲਿਆ ਤਾਂ ਜੱਫੀ ਹੀ ਨਾ ਛੱਡੇ..ਬੱਸ ਰੋਈ ਜਾਵੇ..ਇੱਕ ਪੁੱਛਦਾ ਬਾਬਾ ਕਿਰਾਇਆ ਭਾੜਾ ਤੇ ਹੈ ਨਹੀਂ..ਹੁਣ ਵਾਪਿਸ ਨਾਰੋਵਾਲ ਕਿੱਦਾਂ ਪਰਤੇਂਗਾ?
ਆਖਦਾ ਤੁਰ ਕੇ ਹੋਰ ਕਿੱਦਾਂ..!
ਹੈ ਕਮਲਾ..ਪੌਣੇ ਦੋ ਸੋ ਕਿਲੋਮੀਟਰ ਦੂਰ ਤੁਰ ਕੇ ਜਾਵੇਂਗਾ..ਅੱਗੋਂ ਕਹਿੰਦਾ ਦਿਲ ਹੌਲਾ ਹੋ ਗਿਆ..ਬੇਸ਼ੱਕ ਹੁਣੇ ਮਰ ਜਾਵਾਂ..!
ਅਕਸਰ ਸੋਚਦਾ ਜਿਹੜੇ ਜ਼ਿਦ ਪੁਗਾਏ ਬਗੈਰ ਮਰ ਜਾਂਦੇ..ਰੂਹਾਂ ਤੇ ਓਹਨਾ ਦੀਆਂ ਵੀ ਭਟਕਦੀਆਂ ਹੋਣੀਆਂ!
ਅਜੀਤ ਕੁਮਾਰ..ਵੰਡ ਵੇਲੇ ਚਾਚਾ ਵਿੱਫਰ ਗਿਆ..ਮੈਂ ਲਾਹੌਰ ਨਹੀਂ ਛੱਡਣਾ..ਭਾਵੇਂ ਜੋ ਮਰਜੀ ਹੋ ਜਾਵੇ..ਫੇਰ ਓਥੇ ਹੀ ਮੁਕਾ ਦਿੱਤਾ ਗਿਆ..ਜਨੂੰਨੀ ਭੀੜ ਨੇ!
ਅੰਦਰੋਂ ਹੂਕ ਉੱਠਦੀ..ਤੜਪ ਜਾਂਦੀ..ਪੰਛੀ ਹੋਵਾਂ ਉੱਡ ਕੇ ਅੱਪੜ ਜਾਵਾਂ..ਓਹਨਾ ਨੂੰ ਕਿਹੜੇ ਵੀਜੇ ਲਵਾਉਣੇ ਪੈਂਦੇ..ਕੰਡਿਆਲੀਆਂ ਤਾਰਾਂ ਦਾ ਮਖੌਲ ਉਡਾਉਂਦੇ ਆਰ ਪਾਰ ਹੋ ਜਾਂਦੇ!
ਗੱਲਾਂ ਕਰਦਾ ਕੰਵਰ ਨੌਨਿਹਾਲ ਸਿੰਘ ਦੇ ਹਵੇਲੀ ਅੱਗੇ ਜਾ ਖਲੋਤਾ..ਬੜੀ ਖੂਬਸੂਰਤ ਪਰ ਬੜੀ ਹੀ ਬਦਕਿਸਮਤ..ਧਿਆਨ ਸਿੰਘ ਡੋਗਰੇ ਨੇ ਇਸੇ ਅੰਦਰ ਹੀ ਪੁੱਤ ਕੋਲੋਂ ਪਿਓ ਖੜਕ ਸਿੰਘ ਨੂੰ ਜਹਿਰ ਦਿਵਾਇਆ..ਜਦੋਂ ਮੁੱਕ ਗਿਆ ਤਾਂ ਸੰਸਕਾਰ ਤੋਂ ਮੁੜਦੇ ਹੋਏ ਨੌਨਿਹਾਲ ਦੇ ਸਿਰ ਤੇ ਵੀ ਡਿਓਢੀ ਦਾ ਛੱਜਾ ਡੇਗ ਦਿੱਤਾ..ਸ਼ੇਰ-ਏ-ਪੰਜਾਬ ਦਾ ਸਭ ਤੋਂ ਹੋਸ਼ਿਆਰ ਰੋਸ਼ਨ ਦਿਮਾਗ ਪੋਤਰਾ..ਇਥੇ ਹੀ ਬੱਸ ਨਹੀਂ..ਇਸੇ ਹਵੇਲੀ ਅੰਦਰ ਹੀ ਨੌਨਿਹਾਲ ਸਿੰਘ ਦੀ ਮਾਤਾ ਨੂੰ ਵੀ ਨੌਕਰਾਣੀਆਂ ਹੱਥੋਂ ਇੱਟਾਂ ਮਾਰ ਮਾਰ ਮੁਕਾ ਦਿੱਤਾ..ਮੁੜਕੇ ਉਹ ਚਾਰ ਨੌਕਰਾਣੀਆਂ ਵੀ ਨੱਕ ਕੰਨ ਵੱਢ ਜਿਉਂਦੀਆਂ ਕੋਲੋਂ ਵਗਦੀ ਰਾਵੀ ਵਿਚ ਰੋੜ ਦਿੱਤੀਆਂ..ਹਾਏ ਨਿੱਕਲੀ..ਬੁਰਕੀ ਫਸ ਗਈ..ਸਾਹ ਘੁੱਟਣ ਲੱਗਾ..ਸਾਜਿਸ਼ਾਂ ਘੁਣ ਵਾਂਙ ਖਾ ਜਾਂਦੀਆਂ..!
ਖ਼ਾਨਦਾਨ ਦਾ ਇਕ ਹੋਰ ਚਿਰਾਗ..ਓਦੋਂ ਬਾਰਾਂ ਸਾਲ..ਅਖੀਰ ਤੱਕ ਆਖਦਾ ਰਿਹਾ “ਚਾਚਾ ਮੈਨੂੰ ਨਾ ਮਾਰ” ਪਰ ਜਦੋਂ ਲਾਲਚ ਖੂਨ ਬਣ ਸਿਰ ਤੇ ਸਵਾਰ ਹੋ ਜਾਵੇ..ਚੰਗੇ ਭਲੇ ਐਨੀ ਹੋ ਜਾਂਦੇ..ਪੈਰ ਪੈਰ ਤੇ ਧੋਖੇ ਫਰੇਬ ਖੰਜਰ..!
ਅਬਾਦੀਆਂ ਵੀ ਵੇਖੀਆਂ..ਬਰਬਾਦੀਆਂ ਵੀ ਵੇਖੀਆਂ..ਰਣਜੀਤ ਸਿੰਘ ਦੀ ਮੜੀ ਪਈ ਸੀ ਆਖਦੀ..ਇਹਨਾਂ ਗੁਲਾਮਾਂ ਨੇ ਕਦੇ ਆਜ਼ਾਦੀਆਂ ਵੀ ਵੇਖੀਆਂ!
ਰਣਜੀਤ ਸਿੰਘ ਦੀ ਪੋਤਰੀ ਬੰਬਾਂ ਸੁਦਰਲੈਂਡ..ਬਾਪ ਦਲੀਪ ਸਿੰਘ ਦੀ ਮੌਤ ਮਗਰੋਂ ਪੱਕੀ ਲਾਹੌਰ ਹੀ ਆ ਗਈ..ਮਾਡਲ ਟਾਊਨ..ਫੁੱਲਾਂ ਦੀ ਸ਼ੋਕੀਨ..ਮੁਸਲਮਾਨ ਨੌਕਰ..ਸਾਰਾ ਦਿਨ ਗੋਡੀ ਕਰਦਾ ਰਹਿੰਦਾ..ਆਪ ਸਾਰਾ ਦਿਨ ਲਾਹੌਰ ਦੀਆਂ ਗਲੀਆਂ ਸੜਕਾਂ ਕੱਛਦੀ ਫਿਰਦੀ..ਲੋਕ ਆਖਦੇ ਕਮਲੀ ਗੋਰੀ ਏ..ਐਵੇਂ ਤੁਰੀ ਫਿਰਦੀ..!
ਪਰ ਉਹ ਤੇ ਲੱਭਦੀ ਫਿਰਦੀ ਸੀ..ਗਵਾਚੀ ਵਿਰਾਸਤ..ਰੁਲ ਗਈ ਸ਼ਾਨ..ਸਿਜਦੇ ਦੰਡਾਓਟਾਂ ਕਰਦੀ ਦਰਬਾਰ-ਏ-ਖਾਲਸਾ ਦੀ ਸਿੱਖ ਫੌਜ..ਦਾਦੇ ਰਣਜੀਤ ਸਿੰਘ ਦੀਆਂ ਕੰਸੋਵਾਂ..!
ਕੇਰਾਂ ਸੁਫਨਾ ਆਇਆ..ਜਿੰਦਾ ਆਖ ਰਹੀ ਸੀ..ਮੈਨੂੰ ਆਪਣੇ ਦਾਦੇ ਕੋਲ ਲੈ ਚੱਲ..ਇਥੇ ਜੀ ਨੀ ਲੱਗਦਾ..ਫੇਰ ਨਾਸਿਕ ਤੋਂ ਮੜੀ ਦੀ ਮਿੱਟੀ ਲਿਆ ਰਣਜੀਤ ਸਿੰਘ ਦੀ ਸਮਾਧ ਕੋਲ ਲਿਆ ਦੱਬੀ..ਸਦੀਵੀਂ ਵਿਛੋੜੇ ਸੁਮੇਲ ਵਿਚ ਬਦਲ ਗਏ..ਲੋਕ ਦੱਸਦੇ..ਅੱਧੀ ਰਾਤ ਘੋੜਿਆਂ ਦੀਆਂ ਟਾਪਾਂ ਸੁਣਦੀਆਂ..ਦੋਖੀ ਮਜਾਕ ਉਡਾਉਂਦੇ..ਜੈਕਾਰਿਆਂ ਦੀ ਗੂੰਝ..ਵਹਿਮ ਏ ਤੁਹਾਡਾ..ਫੇਰ ਬੰਬਾ ਦੋਹਾ ਕਬਰਾਂ ਦੇ ਵਿਚ ਬੈਠੀ ਰਿਹਾ ਕਰੇ..!
ਕਦੇ ਦੀਵਾਨ-ਏ-ਖਾਸ ਤੇ ਕਦੇ ਦੀਵਾਨ-ਏ-ਆਮ..ਜਿਥੇ ਦਾਦਾ ਫੈਸਲੇ ਕਰਿਆ ਕਰਦਾ..ਪੰਜਾਬ ਦੇ ਭਵਿੱਖ ਦੇ..ਵਿਦੇਸ਼ ਮੰਤਰੀ ਫਕੀਰ ਅਜੀਜ-ਉੱਦ-ਦੀਨ ਦੀ ਹਵੇਲੀ..ਪੰਜਵੀਂ ਪੀੜੀ ਕਿੰਨਾ ਕੁਝ ਸਾਂਭੀ ਬੈਠੀ..ਅਲਮਾਰੀ ਅੰਦਰ ਕਿੰਨੇ ਸ਼ਾਹੀ ਕੀਮਤੀ ਤੋਹਫ਼ੇ..ਹੱਥ ਲਿਖਤਾਂ..ਹੁਕਮਨਾਮੇ..ਕੱਪ ਪਲੇਟਾਂ..ਮਹਾਰਾਣੀ ਜਿੰਦਾ ਦਾ ਪਸ਼ਮੀਨੇ ਦਾ ਨਵਾਂ ਨਕੋਰ ਸ਼ੌਲ..ਦਿੱਲ ਨੂੰ ਧੂਹ ਪੈ ਗਈ..ਹਾਏ ਰੱਬਾ..ਜਦੋਂ ਅੰਗਰੇਜਾਂ ਵੱਸ ਪਈ ਤਾਂ ਪੂਰੀ ਤਰਾਂ ਨਿਰਵਸਤਰ ਕਰਕੇ ਤਲਾਸ਼ੀ ਲਈ..ਕਬਰ ਕਿਓਂ ਨਾ ਪਾਟ ਗਈ..ਸ਼ੇਰ-ਏ-ਪੰਜਾਬ ਦੀ..!
ਕਬਰਾਂ ਲੰਮਾ ਸਲੰਮੀਆਂ..ਉੱਤੇ ਪਏ ਕੱਖ..ਓਧਰੋਂ ਕੋਈ ਨਾ ਪਰਤਿਆ..ਏਧਰੋਂ ਤੁਰ ਗਏ ਲੱਖ..!
ਏਨੇ ਨੂੰ ਵਾਜ ਪੈ ਗਈ..ਜੀਦਾ ਲੱਸੀ ਵਾਲਾ..ਸਾਰੀ ਭੀੜ ਲਾਂਭੇ ਕਰ ਉਚੇਚਾ ਗਿਲਾਸ ਦੇਣ ਆਇਆ..ਕੜੇ ਵਾਲੇ..ਮਸੀਂ ਇੱਕੋ ਪੀਤਾ ਗਿਆ..ਲਾਗੇ ਲਾਹੌਰ ਸ਼ਹਿਰ ਦੇ ਕੂਕਰ..ਜੂਠੇ ਗਿਲਾਸ ਚੱਟਦੇ..!
ਇੱਕ ਹੋਰ ਢਠੀ ਹੋਈ ਇਮਾਰਤ..ਗੁੰਬਦ..ਕਦੀ ਮੇਲੇ ਰੌਣਕਾਂ ਲੱਗਦੀਆਂ..ਬੜਾ ਰੰਜ ਆਉਂਦਾ..ਕੀ ਖੱਟਿਆ ਵੰਡ ਕਰਕੇ..ਭੋਲੇ ਭਾਲੇ ਲੋਕ ਸਿਆਸਤਾਂ ਤੋਂ ਕੋਹਾਂ ਦੂਰ..ਰਾਤੋ ਰਾਤ ਲਹੂ ਦੇ ਤਿਰਹਾਏ ਬਣਾ ਦਿੱਤੇ..ਅਸੀਂ ਨਹੀਂ ਖੰਡਰ ਇਮਾਰਤਾਂ ਆਖਦੀਆਂ..ਲਾਗੋਂ ਲੋਕ ਦੱਸਦੇ ਇਥੇ ਰੂਹਾਂ ਭਟਕਦੀਆਂ..ਅਸੀਂ ਅੰਦਰ ਵੜੇ..ਸਾਮਣੇ ਵਾਲਾ ਇੱਕ ਘਰ..ਓਦਾ ਤਰਾਹ ਨਿੱਕਲ ਗਿਆ..ਪਤਾ ਨੀ ਕੌਣ ਨੇ ਓਪਰੀਆਂ ਛੈਵਾਂ..ਚਿੱਟੇ ਦਿਨ..ਫੇਰ ਆਖਿਆ ਅਸੀਂ ਬਲੋਗਰ ਹਾਂ ਭਾਈ..ਤਾਂ ਕਿਤੇ ਕਾਇਮ ਹੋਇਆ..!
ਏਨੀ ਵੱਡੀ ਹਵੇਲੀ..ਅਣਗਿਣਤ ਪੌੜੀਆਂ..ਤਹਿਖਾਨੇ..ਆਲੇ..ਗੋਲ ਛੱਤਾਂ..ਮੀਨਾਕਾਰੀ..ਆਪਣੇ ਅੰਦਰ ਕਿੰਨਾ ਕੁਝ ਸਮੋਈ..ਉਹ ਦੱਸਣ ਲੱਗਾ..ਏਧਰ ਤੇ ਦਿਨੇ ਵੀ ਕੋਈ ਨਹੀਂ ਵੜਦਾ..ਵਾਜਾਂ ਆਉਂਦੀਆਂ..ਮੈਂ ਆਖਿਆ..ਹੋਣਾ ਕੋਈ ਕਮਲਾ ਆਪਣਾ ਅਤੀਤ ਲੱਭਦਾ..ਨੁਸ਼ਹਿਰੇ ਵਾਲੇ ਜੱਸੀ ਭਲਵਾਨ ਵਾਂਙ..ਨਿੱਕੇ ਹੁੰਦਿਆਂ ਪਿੰਡ ਦੇ ਐਨ ਵਿਚਕਾਰ ਬੋਹੜ ਦੇ ਥੜੇ ਤੇ ਨੰਗ ਧੜੰਗਾ ਬੈਠਾ ਅਖਬਾਰ ਦੇ ਟੋਟੇ ਪੜਦਾ ਰਹਿੰਦਾ..ਅਸੀਂ ਡਰਦੇ ਪਰ ਸਾਨੂੰ ਕੁਝ ਨਾ ਆਖਦਾ..!
ਏਨੇ ਨੂੰ ਵਾਜ ਮਾਰੀ..ਆਓ ਤੁਹਾਨੂੰ ਡੇਹਰਾ ਸਾਬ ਦਾ ਗੁੰਬਦ ਵਿਖਾਵਾਂ..ਕੋਲ ਹੀ ਸ਼ਾਲੀਮਾਰ ਬਾਗ..ਸ਼ੀਸ਼ ਮਹੱਲ..ਕੰਧਾਂ ਤੇ ਨੱਕਾਸ਼ੀ ਕ੍ਰਿਸ਼ਨ ਰਾਧਾ ਦੀਆਂ ਕਲਾ ਕਿਰਤਾਂ..ਇੱਕ ਆਖਦਾ ਪੁਰਾਣੇ ਮੁਗਲ ਏਨੇ ਕੱਟੜ ਨਹੀਂ ਸਨ ਹੋਇਆ ਕਰਦੇ ਜਿੰਨੇ ਅੱਜ ਦੇ..ਕਿੰਨਾ ਕੁਝ ਉਂਝ ਦਾ ਉਂਝ ਹੀ..!
ਲਾਹੌਰ ਦੇ ਬਾਰਾਂ ਦਰਵਾਜੇ..ਇੱਕ ਮੋਰੀ ਵੇਲੇ ਕੁਵੇਲੇ ਲੰਘਣ ਆਉਣ ਲਈ..ਅੱਜ ਮੋਰੀ ਗੇਟ ਅਖਵਾਉਂਦੀ..ਅੰਦਰ ਇੱਕ ਦੁਨੀਆ ਵੱਸਦੀ..ਇਕ ਮੰਗਣ ਵਾਲੀ ਮਗਰ ਹੋ ਤੁਰੀ..ਬੁਰਕਾ ਪਾਈ..ਇੱਕ ਦੋ ਕੂਕਰ..ਥੋੜਾ ਜਿਹਾ ਪੁਚਕਾਰਿਆ..ਮਗਰ ਨੂੰ ਹੋ ਤੁਰੇ..ਰੱਬ ਦੇ ਦੂਤ..ਪਿਆਰ ਲੱਭਦੇ ਵੰਡਦੇ..!
ਫੇਰ ਜੈਨਰਲ ਐਲਾਰਡ ਦਾ ਮਕਬਰਾ..ਜ਼ਮਜ਼ਮਾ ਤੋਪ..ਲਾਹੌਰ ਮਿਊਜ਼ੀਅਮ ਦੇ ਸਾਮਣੇ..ਕਬੂਤਰਾਂ ਵਿੱਠਾਂ ਕਰ ਕਰ ਗੰਦੀ ਕੀਤੀ ਹੋਈ..ਜੀ ਕੀਤਾ ਆਖਾਂ ਸਾਫ ਸਫਾਈ ਕਰ ਦਿਆ ਕਰੋ..ਓਹੀ ਜ਼ਮਜ਼ਮਾ ਜਦੋਂ ਰਣ ਤੱਤੇ ਮੁਲਤਾਨ ਦੇ ਕਿਲੇ ਸਾਮਣੇ ਪਹੀਆ ਟੁੱਟ ਗਿਆ..ਮੋਢਾ ਦੇਣਾ ਪਿਆ..ਇੱਕ ਮੋਢੇ ਨਾਲ ਇੱਕ ਸ਼ਹੀਦੀ..ਦਿੱਲੀ ਤੋਂ ਆਇਆ ਸੂਹੀਆ..ਮੇਰਾ ਵੀ ਜੀ ਕੀਤਾ ਮੋਢਾ ਭੇਂਟ ਕਰ ਦਿਆ..ਪਰ ਡਰ ਗਿਆ ਇਹ ਅਦੂਤੀ ਦਾਸਤਾਨ ਦੁਨੀਆ ਤੱਕ ਕਿੱਦਾਂ ਅਪੜੇਗੀ..!
ਖਿਮਾ ਦਾ ਜਾਚਕ..ਵਹਿਣ ਵਿਚ ਪਿਆ ਕਿੱਧਰ ਨੂੰ ਨਿੱਕਲ ਗਿਆ..ਬਰਫ ਤੋਂ ਵੀ ਤਿਲਕਣ ਲੱਗਣ ਸਾਂ..ਚਲੋ ਗੱਲ ਮੁਕਾਉਂਦੇ ਹਾਂ..”ਸੂਏ ਕੱਸੀਆਂ ਟੱਪਦੇ..ਗਏ ਸਮੁੰਦਰ ਟੱਪ..ਜਿੰਨੀ ਵੱਡੀ ਛਾਲ ਸੀ..ਓਨੀ ਵੱਡੀ ਸੱਟ”
ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *