ਮਿੰਨੀ ਕਹਾਣੀ – ਬਾਪੂ | baapu

“ਆਹ ਕੰਮ ਵਾਲੀ ਤੋ ਸਾਰਾ ਕੰਮ ਕਰਵਾ ਲਿਉ ਕਿੱਧਰੇ ਟੀ.ਵੀ ਤੇ ਹੀ ਖਬਰਾਂ ਨਾ ਸੁਣਦੇਂ ਰਿਹੋ” ਗੁਰਨਾਮ ਦੀ ਘਰਵਾਲੀ ਨੇ ਐਕਟਿਵਾ ਸਟਾਰਟ ਕਰਦੇ ਹੋਏ ਕਿਹਾ।
” ਦੁਪਿਹਰ ਨੂੰ ਬੱਚਿਆਂ ਨੂੰ ਲਿਆਉਣਾ ਨਾ ਭੁੱਲ ਜਾਇਉ ਆਪਣੀਆਂ ਮੀਟਿੰਗਾ ਦੇ ਚੱਕਰ ਚ ”
” ਠੀਕ ਹੈ ਤੂੰ ਜਾਹ ਵੀ ਹੁਣ ਲੇਟ ਹੋ ਰਹੀ ਐਂ ਧਿਆਨ ਨਾਲ ਜਾਈਂ”  ਗੁਰਨਾਮ ਨੇ ਘਰਵਾਲੀ ਨੂੰ ਤਸੱਲੀ ਦਿੰਦੇ ਹੋਏ ਕਿਹਾ। ਗੁਰਨਾਮ ਦੀ ਘਰਵਾਲੀ ਸ਼ਹਿਰ ਤੋ ਪੰਦਰਾਂ ਕਿਲੋਮੀਟਰ ਦੂਰ ਇੱਕ ਪਿੰਡ ਚ ਸਰਕਾਰੀ ਸਕੂਲ ਵਿੱਚ ਅਧਿਆਪਕਾ ਸੀ। ਗੁਰਨਾਮ ਦੇ ਦੋ ਬੱਚੇ ਸਨ । ਉਹ ਸ਼ਹਿਰ ਦੇ ਕੌਨਵੈੰਟ ਸਕੂਲ ਚ ਪੜ੍ਹਦੇ ਸਨ।ਗੁਰਨਾਮ ਆਪ ਵੀ ਸਰਕਾਰੀ ਨੌਕਰੀ ਕਰਦਾ ਸੀ। ਸਵੇਰੇ ਬੱਚੇ ਸਕੂਲ ਬੱਸ ਤੇ ਸਕੂਲ ਜਾਂਦੇ ਸਨ ਪਰ ਦੁਪਿਹਰ ਨੂੰ ਗੁਰਨਾਮ ਉਨ੍ਹਾਂ ਨੂੰ ਆਪ ਸਕੂਲ ਤੋਂ ਘਰ ਛੱਡ ਜਾਂਦਾ ਕਿੱਉਕਿ ਸਕੂਲ ਬੱਸ ਕਾਫ਼ੀ ਲੇਟ ਹੋ ਜਾਂਦੀ ਸੀ ਦੁਪਿਹਰ ਨੂੰ। ਗੁਰਨਾਮ ਦੀ ਘਰਵਾਲੀ ਸਵੇਰੇ ਜਲਦੀ ਉੱਠਦੀ। ਉਹ ਪਹਿਲਾਂ ਨਾਸ਼ਤਾ ਬਣਾਉਦੀ ਫੇਰ ਦੁਪਿਹਰ ਦੀ ਰੋਟੀ। ਸਭ ਲਈ ਖਾਣਾ ਡੱਬਿਆਂ ਵਿੱਚ ਪੈਕ ਕਰਦੀ। ਬੱਚਿਆ ਦਾ ਦੁਪਿਹਰ ਦਾ ਖਾਣਾ ਡੱਬੇ ਵਿੱਚ ਬੰਦ ਕਰ ਦਿੰਦੀ। ਦੁਪਿਹਰ ਨੂੰ ਸਕੂਲ ਤੋਂ ਵਾਪਿਸ ਆ ਕੇ ਬੱਚੇ ਉਵਨ ਵਿੱਚ ਖਾਣਾ ਗਰਮ ਕਰਕੇ ਖਾ ਲੈਂਦੇ। ਉਸ ਤੋਂ ਬਾਅਦ ਉਹ ਬੱਚਿਆਂ ਨੂੰ ਸਕੂਲ ਲਈ ਤਿਆਰ ਕਰਦੀ। ਗੁਰਨਾਮ ਘਰਵਾਲੀ ਦਾ ਰੋਟੀ ਦਾ ਡੱਬਾ ਤੇ ਪਾਣੀ ਦੀ ਬੋਤਲ ਐਕਟਿਵਾ ਵਿੱਚ ਰੱਖ ਦਿੰਦਾ ਤੇ ਫੇਰ ਬੱਚਿਆਂ ਨੂੰ ਸਕੂਲ ਬੱਸ ਵਿੱਚ ਚੜਾ ਆਉਂਦਾ।ਵਾਪਿਸ ਆਉਣ ਤੱਕ ਘਰਵਾਲੀ ਸਕੂਲ ਲਈ ਤਿਆਰ ਹੁੰਦੀ ਸੀ। ਉਸ ਦੇ ਜਾਣ ਤੋਂ ਬਾਅਦ ਗੁਰਨਾਮ ਕੰਮ ਵਾਲੀ ਤੋਂ ਰਸੋਈ ਤੇ ਘਰ ਦੀ ਸਫ਼ਾਈ ਕਰਵਾਉਂਦਾ ਤੇ ਫੇਰ ਤਿਆਰ ਹੋ ਕੇ ਦਫ਼ਤਰ ਜਾਂਦਾ। ਉਸ ਦਾ ਦਫ਼ਤਰ ਨੋਂ ਵੱਜੇ ਲੱਗਦਾ ਸੀ। ਫਿਰ ਦੁਪਿਹਰ ਨੂੰ ਉਹ ਬੱਚਿਆਂ ਨੂੰ ਸਕੂਲ ਤੋਂ ਘਰ ਛੱਡ ਜਾਂਦਾ। ਬੱਚੇ ਆਪਣੀ ਸਕੂਲ ਦੀ ਵਰਦੀ ਬਦਲ ਕੇ ਰੋਟੀ ਗਰਮ ਕਰਕੇ ਖਾ ਲੈਂਦੇ। ਗੁਰਨਾਮ ਦੀ ਪਤਨੀ ਤਿੰਨ ਵਜੇ ਸਕੂਲ ਤੋਂ ਵਾਪਿਸ ਆਉਦੀ। ਥੋੜਾ ਅਰਾਮ ਕਰਦੀ ਤਾਂ ਗੁਰਨਾਮ ਦੇ ਆਉਣ ਦਾ ਟਾਈਮ ਹੋ ਜਾਂਦਾ ਸੀ। ਗੁਰਨਾਮ ਪੰਜ ਵੱਜੇ ਘਰ ਆਉਦਾ। ਗੁਰਨਾਮ ਦੀ ਘਰਵਾਲੀ ਬੱਚਿਆਂ ਨੂੰ ਹੋਮ ਵਰਕ ਕਰਵਾਉਦੀ ਨਾਲੇ ਰਾਤ ਦੀ ਰੋਟੀ ਦੀ ਤਿਆਰੀ ਕਰਦੀ। ਇਹ ਉਨ੍ਹਾਂ ਦੀ ਹਰ ਰੋਜ਼ ਦੀ ਰੁਟੀਨ ਸੀ। ਜਿੰਦਗੀ ਬਹੁਤ ਵਿਅਸਥ ਸੀ। ਸਵੇਰ ਤੋਂ ਸ਼ਾਮ ਤੱਕ ਮਸ਼ੀਨ ਵਾਂਗੂ ਕੰਮ ਕਰਨਾ। ਦਰਅਸਲ ਗੁਰਨਾਮ ਦੇ ਬਾਪੂ ਕੋਲ ਜਮੀਨ ਘੱਟ ਹੀ ਸੀ । ਪਰ ਉਹ ਬਹੁਤ ਮਿਹਨਤੀ ਸੀ । ਉਹ ਸਾਰਾ ਦਿਨ ਖੇਤ ਵਿੱਚ ਕੰਮ ਕਰਦਾ ਗੁਰਨਾਮ ਦੀ ਮਾਂ ਵੀ ਉਸਦੇ ਬਾਪੂ ਨਾਲ ਹੱਥ ਵਟਾਉਦੀ। ਭਾਵੇ ਗੁਰਨਾਮ ਦਾ ਬਾਪੂ ਗਰੀਬ ਕਿਸਾਨ ਹੀ ਸੀ ਫਿਰ ਵੀ ਉਸਨੇ ਗੁਰਨਾਮ ਨੂੰ ਪੜ੍ਹਾਇਆ। ਗੁਰਨਾਮ ਵੀ ਪੜ੍ਹਨ ਲਿੱਖਣ ਵਿੱਚ ਬਹੁਤ ਹੁਸ਼ਿਆਰ ਸੀ। ਚੰਗੇ ਨੰਬਰਾਂ ਵਿੱਚ ਡਿਗਰੀ ਕਰ ਲਈ ਤੇ ਸਰਕਾਰੀ ਨੌਕਰੀ ਤੇ ਲੱਗ ਗਿਆ। ਵਿਆਹ ਵੀ ਨੌਕਰੀ ਕਰਦੀ ਕੁੜੀ ਨਾਲ ਕਰਵਾਇਆ ਤਾ ਜੋ ਜਿੰਦਗੀ ਸੌਖੀ ਹੋ ਜਾਵੇ। ਪਰ ਜਦੋਂ ਦੋਵੇਂ ਜਣੇ ਨੌਕਰੀ ਕਰਦੇ ਹਨ ਤਾ ਘਰ ਦਾ ਕੰਮ ਵੀ ਦੋਨਾਂ ਨੂੰ ਮਿੱਲਕੇ ਕਰਨਾ ਪੈਂਦਾ ਹੈ। ਦੋਨਾਂ ਜਣਿਆ ਦੀ ਨੌਕਰੀ ਚ ਬੱਚੇ ਵੀ ਬਹੁਤ ਸਫ਼ਰ ਕਰਦੇ ਹਨ। ਗੁਰਨਾਮ ਨਾਲ ਵੀ ਇਹੋ ਹੋ ਰਹੀ ਸੀ। ਗੁਰਨਾਮ ਸਿੰਘ ਨੇ ਬੈਂਕ ਤੋਂ ਕਰਜ਼ਾ ਲੈ ਕੇ ਆਪਣਾ ਮਕਾਨ ਲੈ ਲਿਆ। ਮਕਾਨ ਆਪਣਾ ਹੋਣ ਕਰਕੇ ਉਸ ਨੂੰ ਸਜਾਉਣਾ ਵੀ ਜਰੂਰੀ ਸੀ। ਫਰਿੱਜ਼ , ਟੀ.ਵੀ, ਬੈਡ, ਕੰਮਪਿਊਟਰ ,ਸੋਫਾ , ਡਾਈਨਿੰਗ ਟੇਬਲ ਸਾਰਾ ਸਮਾਨ ਵੀ ਰੱਖਣਾ ਜਰੂਰੀ ਸੀ। ਸੋ ਇਹ ਸਮਾਨ ਵੀ ਕਿਸ਼ਤਾ ਤੇ ਲਿਆ ਸੀ। ਅੱਧੀ ਤੋਂ ਵੱਧ ਤਨਖਾਹ ਕਿਸ਼ਤਾ ਵਿੱਚ ਨਿਕਲ ਜਾਂਦੀ ਸੀ। ਬੱਚਿਆਂ ਦੀ ਵੀ ਚੰਗੇ ਸਕੂਲ ਵਿੱਚ ਪੜ੍ਹਨ ਕਰਕੇ ਕਾਫ਼ੀ ਫੀਸ ਸੀ। ਉੱਪਰੋ ਹੋਰ ਵੀ ਖਰਚੇ ਬਹੁਤ ਸਨ ਬੱਚਿਆ ਦੇ ਕਿਤਾਬਾ ਕਾਪੀਆ ਵਰਦੀ ਤੇ ਹੋਰ ਨਿੱਕ ਸੁੱਕ। ਗੁਰਨਾਮ ਤੇ ਉਸਦੀ ਘਰਵਾਲੀ ਨੂੰ ਨੌਕਰੀ ਪੇਸ਼ਾ ਹੋਣ ਕਰਕੇ ਕਪੜੇ ਵੀ ਜਿਆਦਾ ਚਾਹੀਦੇ ਸਨ। ਉਨ੍ਹਾਂ ਤੇ ਵੀ ਕਾਫ਼ੀ ਖਰਚ ਹੋ ਜਾਂਦਾ ਸੀ। ਅਜੇ ਗੁਰਨਾਮ ਕੋਲ ਕਾਰ ਨਹੀ ਸੀ। ਉਹ ਸਕੂਟਰ ਨਾਲ ਹੀ ਕੰਮ ਚਲਾ ਰਿਹਾ ਸੀ। ਭਾਵੇ ਉਹ ਦੋਨੋਂ ਜਣੇ ਕਮਾਉਦੇ ਸਨ ਫੇਰ ਵੀ ਮਹੀਨਾ ਬੜੀ ਮੁਸ਼ਕਿਲ ਨਾਲ ਲੰਘਦਾ ਸੀ। ਗੁਰਨਾਮ ਚਾਹੁੰਦਾ ਹੋਇਆਂ ਵੀ ਆਪਣੇ ਮਾਂ ਬਾਪ ਦੀ ਕੋਈ ਮਾਲੀ ਮਦਦ ਨਹੀ ਕਰ ਸਕਦਾ ਸੀ । ਉਸਦੀ ਮਾਂ ਨੇ ਇੱਕ ਦੋ ਵਾਰ ਜਰੂਰ ਜਿਕਰ ਕੀਤਾ ਵੀ ਜੇ ਉਹ ਕੁਝ ਪੈਸੇ ਦੇ ਦਿਆ ਕਰੇ।ਪਰ ਗੁਰਨਾਮ ਨੇ ਵੀ ਆਪਣੀ ਮਜ਼ਬੂਰੀ ਜਾਹਰ ਕੀਤੀ। ਇਸ ਗਲ ਤੋਂ ਡਰਦੇ ਨੇ ਪਿੰਡ ਜਾਣਾ ਵੀ ਘੱਟ ਕਰਤਾ। ਉਸ ਨੂੰ ਲੱਗਦਾ ਕਿੱਤੇ ਉਹ ਪੈਸੇ ਨਾ ਮੰਗ ਲੈਣ ਮੇਰਾ ਤਾਂ  ਆਪਣਾ ਗੁਜ਼ਾਰਾ ਔਖਾ ਹੋਇਆ ਪਿਆ। ਗੁਰਨਾਮ ਦੀ ਘਰਵਾਲੀ ਨੇ ਗੁਰਨਾਮ ਨੂੰ ਕਈ ਵਾਰ ਕਿਹਾ ਵੀ ਤੁਸੀ ਬਾਪੂ ਜੀ ਤੋਂ ਪੈਸੇ ਮੰਗ ਲਿਆ ਕਰੋ ਉਨ੍ਹਾਂ ਦਾ ਕੀ ਖਰਚਾ ਸਭ ਕੁਝ ਤਾ ਘਰ ਦਾ ਹੈ। ਗੁਰਨਾਮ ਨੂੰ ਪਤਾ ਸੀ ਇਸ ਲਈ ਉਹ  ਉਸ ਦੀ ਗੱਲ ਅਣਸੁਣੀ ਕਰ ਦਿੰਦਾ ਸੀ। ਇੱਕ ਦਿਨ ਅਚਾਨਕ ਗੁਰਨਾਮ ਦੇ ਬਾਪੂ ਜੀ ਸ਼ਹਿਰ ਆ ਗਏ ।
ਬਾਪੂ ਜੀ ਦੇ ਅਚਾਨਕ ਆ ਜਾਣ ਕਾਰਨ ਗੁਰਨਾਮ ਦੀ ਘਰਵਾਲੀ ਸੜ-ਭੁਜ ਗਈ, ‘ਲਗਦੈ ਬੁੱਢੇ ਨੂੰ ਪੈਸਿਆਂ ਦੀ ਲੋੜ ਆ ਪਈ ਐ, ਨਹੀਂ ਤਾਂ ਕਿਹੜਾ ਆਉਣ ਵਾਲਾ ਸੀ ।
ਆਪਣੇ ਢਿੱਡ ਦਾ ਟੋਆ ਤਾਂ ਭਰਦਾ ਨਹੀਂ,ਘਰਦਿਆਂ ਦਾ ਖੂਹ ਕਿੱਥੋਂ ਭਰਾਂਗੇ ?’
ਗੁਰਨਾਮ ਉਸਤੋਂ ਨਜ਼ਰਾਂ ਚੁਰਾ ਕੇ ਦੂਜੇ ਪਾਸੇ ਵੇਖਣ ਲੱਗਾ। ਬਾਪੂ ਹੱਥ-ਮੂੰਹ ਧੋ ਕੇ ਰਾਹ ਦੀ ਥਕਾਵਟ ਦੂਰ ਕਰ ਰਿਹਾ ਸੀ ।ਗੁਰਨਾਮ ਆਪਣੇ ਆਪ ਨਾਲ ਮਨ ਹੀ ਮਨ ਗੱਲ਼ਾ ਕਰ ਰਿਹਾ ਸੀ ।
“ਇਸ ਵਾਰ ਮੇਰਾ ਹੱਥ ਕੁਝ ਜ਼ਿਆਦਾ ਹੀ ਤੰਗ ਹੋ ਗਿਆ ਸੀ । ਬੱਚਿਆਂ ਲਈ ਨਵੇ  ਬੂਟ ਲੈਂਣੇ ਹਨ । ਉਹ ਸਕੂਲ ਜਾਣ ਲੱਗੇ ਰੋਜ਼ ਅਹਿਸਾਸ ਕਰਵਾਉਦੇ ਹਨ।
ਘਰਵਾਲੀ ਦੇ ਐਕਟੀਵਾਂ ਦੀ ਵੀ ਰਿਪੇਅਰ ਕਰਵਾਉਣੀ ਹੈ ਉਹ ਸਟਾਟ ਹੋਂਣ ਵਿੱਚ ਮੁਸ਼ਕਲ ਦਿੰਦਾ ਹੈ । ਜੇ ਉਹ ਕਿੱਧਰੇ ਰਾਹ ਵਿੱਚ ਖੜ ਗਿਆ ਤਾ ਘਰਵਾਲੀ ਲਈ ਪਰੇਸ਼ਾਨੀ ਹੋ ਜਾਣੀ ਆ।ਬਾਪੂ ਨੇ ਵੀ ਹੁਣ ਹੀ ਆਉਣਾ ਸੀ ।”
ਘਰ ਵਿਚ ਭਾਰੀ ਚੁੱਪ ਪਸਰੀ ਹੋਈ ਸੀ ।
ਰੋਟੀ ਖਾਣ ਮਗਰੋਂ ਬਾਪੂ ਨੇ ਗੁਰਨਾਮ ਨੂੰ ਕੋਲ ਬੈਠਣ ਦਾ ਇਸ਼ਾਰਾ ਕੀਤਾ ।
ਉਸ ਨੂੰ ਸ਼ੱਕ ਸੀ ਕਿ ਬਾਪੂ ਜਰੂਰ ਕੋਈ ਪੈਸਿਆਂ ਦਾ ਮਸਲਾ ਲੈ ਕੇ ਆਇਆ ਹੋਵੇਗਾ ।
ਬਾਪੂ ਕੁਰਸੀ ਤੇ ਢੋਅ ਲਾ ਕੇ ਬੈਠ ਗਿਆ, ਬਿਲਕੁਲ ਬੇਫ਼ਿਕਰ ।
“ਸੁਣ,” ਕਹਿਕੇ ਉਸਨੇ ਗੁਰਨਾਮ ਦਾ ਧਿਆਨ ਆਪਣੇ ਵੱਲ ਖਿੱਚਿਆ ।
ਉਹ ਸਾਹ ਰੋਕ ਕੇ ਉਸ ਵੱਲ ਵੇਖਣ ਲੱਗਾ ।
ਨਸ-ਨਸ ਕੰਨ ਬਣ ਕੇ ਅਗਲਾ ਵਾਕ ਸੁਣਨ ਲਈ ਚੌਕਸ ਸੀ ।
ਬਾਪੂ ਬੋਲਿਆ, “ਖੇਤੀ ਦੇ ਕੰਮ ਵਿਚ ਬਿਲਕੁਲ ਵਿਹਲ ਨਹੀਂ ਮਿਲਦੀ ।
ਇਸ ਵੇਲੇ ਕੰਮ ਦਾ ਜ਼ੋਰ ਹੈ…ਰਾਤ ਦੀ ਗੱਡੀਓਂ ਈ ਵਾਪਸ ਜਾਊਂਗਾ ।
ਤਿੰਨ ਮਹੀਨਿਆਂ ਤੋਂ ਤੇਰੀ ਕੋਈ ਚਿੱਠੀ ਨਹੀਂ ਆਈ। ਜਦੋਂ ਤੂੰ ਪਰੇਸ਼ਾਨ ਹੁੰਦੈਂ ਤਦ ਈ ਇੰਜ ਕਰਦੈਂ ।”
ਬਾਪੂ ਨੇ ਜੇਬ ਵਿੱਚੋਂ ਪੰਜ-ਪੰਜ ਸੋ ਦੇ ਦਸ ਨੋਟ ਕੱਢ ਕੇ ਗੁਰਨਾਮ ਵੱਲ ਕੀਤੇ, “ ਰੱਖ ਲੈ ਤੇਰੇ ਕੰਮ ਆ ਜਾਣਗੇ । ਝੋਨਾ ਚੰਗਾ ਹੋ ਗਿਆ ਸੀ । ਘਰੇ ਕੋਈ ਦਿੱਕਤ ਨਹੀਂ ਹੈ। ਤੂੰ ਬੜਾ ਕਮਜ਼ੋਰ ਲੱਗ ਰਿਹੈਂ । ਚੱਜ ਨਾਲ ਖਾਇਆ ਕਰ । ਵਹੁਟੀ ਦਾ ਵੀ ਖਿਆਲ ਰੱਖ । ਅਸੀ ਪਿੰਡ ਠੀਕ ਹਾਂ ਮੈ ਤੇ ਤੇਰੀ ਮਾਂ ਇੱਕ ਟਾਈਮ ਸ਼ਬਜੀ ਬਣਾ ਲੈਂਦੇ ਹਾਂ  ਤੇ ਦੋਨੋ ਟਾਈਮ ਉਹੀ ਖਾ ਲੈਂਦੇ ਆਂ ਕਿਉਕਿ ਤੇਰੀ ਮਾਂ ਤੋ ਦੋ ਵਾਰ ਨਹੀ ਬਣਦੀ। ਮੱਝ ਚੰਗਾ ਦੁੱਧ ਦੇ ਦਿੰਦੀ  ਆ ਅਸੀ ਆਪਣੇ ਜੋਗਾ ਰੱਖ ਕੇ ਬਾਕੀ ਡੇਅਰੀ ਚ ਪਾ ਦਿੰਦੇ ਹਾਂ। ਐਨਾ ਦੁੱਧ ਤੇਰੀ ਮਾਂ ਨੂੰ ਸੰਭਾਲਣਾ ਵੀ ਔਖਾ ਆ। ਤੇਰੀ ਮਾਂ ਦੇ ਬਲੱਡ ਦੀ ਦਵਾਈ ਪਿੰਡ ਦੀ ਡਿਸਪੈਸਰੀ ਚੋ ਮਿੱਲ ਜਾਂਦੀ ਆ। ਪਿੱਛਲੇ ਮਹੀਨੇ ਮੈਂ ਅੱਖਾਂ ਦੇ ਕੈਂਪ ਵਿੱਚੋ ਅੱਖ ਸਮਰਾ ਲਈ ਸੀ । ਇੱਕ ਨਵਾਂ ਪੈਸਾ ਨੀ ਲੱਗਿਆਂ ਨਾਲੇ ਵਧੀਆ ਦਿੱਖਦਾ । ਹੁਣ ਤੇਰੀ ਮਾਂ ਦੀ ਅੱਖ ਵੀ ਕੈਂਪ ਚੋ ਸਮਰਾ ਲੈਂਣੀ ਆ। ਤੂੰ ਚਿੰਤਾ ਨਾ ਕਰੀ।”  ਗੁਰਨਾਮ ਕੁਝ ਨਾ ਬੋਲ ਸਕਿਆ । ਸ਼ਬਦ ਜਿਵੇਂ ਸੰਘ ਵਿਚ ਹੀ ਫਸ ਗਏ ਹੋਣ । ਉਹ ਕੁਝ ਕਹਿੰਦਾ, ਇਸ ਤੋਂ ਪਹਿਲਾਂ ਹੀ ਬਾਪੂ ਨੇ ਪਿਆਰ ਨਾਲ ਝਿੜਕਿਆ, ਲੈ ਲੈ ! ਬਹੁਤ ਵੱਡਾ ਹੋ ਗਿਐਂ ਕੀ ?

ਨਹੀਂ ”  ਗੁਰਨਾਮ ਨੇ ਹੱਥ ਅੱਗੇ ਵਧਾਇਆ ।
ਬਾਪੂ ਨੇ ਰੁਪਏ ਉਸਦੀ ਤਲੀ ਉੱਤੇ ਰੱਖ ਦਿੱਤੇ ।
ਵਰ੍ਹਿਆਂ ਪਹਿਲਾਂ ਬਾਪੂ ਗੁਰਨਾਮ ਨੂੰ ਸਕੂਲ ਭੇਜਣ ਲਈ ਇਸੇ ਤਰ੍ਹਾਂ ਤਲੀ ਉੱਤੇ ਧੇਲੀ ਰੱਖ ਦਿਆ ਕਰਦਾ ਸੀ ।
ਪਰ ਉਸ ਵੇਲੇ ਗੁਰਨਾਮ ਦੀਆਂ ਨਜਰਾਂ ਅੱਜ ਵਾਂਗ ਨੀਵੀਆਂ ਨਹੀਂ ਹੁੰਦੀਆਂ ਸਨ।

Leave a Reply

Your email address will not be published. Required fields are marked *