ਮਿੰਨੀ ਕਹਾਣੀ – ਦੁਸ਼ਮਣੀ | dushmani

ਦੀਪ ਦਾ ਪਰਿਵਾਰ ਪਾਕਸਤਾਨ ਤੋ ਆਇਆ ਸੀ ਰੋਲੇ ਵੇਲੇ ।ਇਨ੍ਹਾਂ ਦਾ ਪੁਰਾਣਾ ਪਿੰਡ ਐਧਰ ਹੀ ਸੀ ਪਰ ਲੰਮੇ ਸੰਮੇ ਤੋ ਉਧਰ ਹੀ ਰਹਿੰਦੇ ਸਨ।ਪਰਿਵਾਰ ਤਾ ਸਾਰਾ ਸਹੀ ਸਲਾਮਤ ਆ ਗਿਆ ਪਰ ਬਾਕੀ ਸਭ ਕੁਝ ਉਧਰ ਹੀ ਰਹਿ ਗਿਆ। ਉੱਥੇ ਭਾਵੇ ਬਹੁਤ ਜਮੀਨ ਸੀ ਪਰ ਐਧਰ ਆ ਕੇ ਚੋੱਥਾ ਹਿੱਸਾ ਹੀ ਜਮੀਨ ਮਿਲੀ। ਫੇਰ ਵੀ ਦੀਪ ਦੇ ਪੜਦਾਦਾ ਜੀ ਨੂੰ ਤਿੰਨ ਸੋ ਕਿੱਲਾ ਜਮੀਨ ਅਲਾਟ ਹੋਈ ਪਿੰਡ ਵਿੱਚ ਸਭ ਤੋ ਵੱੜੀ ਢੇਰੀ ਸੀ। ਦੀਪ ਦੇ ਦਾਦਾ ਜੀ ਹੋਰੀ ਚਾਰ ਭਰਾ ਸਨ ।ਦੀਪ ਦੇ ਦਾਦਾ ਜੀ ਸਭ ਤੋ ਵੱਡੇ ਸਨ ਤੇ ਲੰਬਰਦਾਰ ਸਨ ਪਿੰਡ ਦੇ। ਦੀਪ ਦੇ ਦਾਦਾ ਜੀ ਦੇ ਸਭ ਤੋ ਛੋੱਟੇ ਭਰਾ  ਨੇ ਰੋਲੇ ਤੋ ਇੱਕ ਸਾਲ ਪਹਿਲਾ ਹੀ ਲਹੌਰ ਤੋ ਵਕਾਲਤ ਪਾਸ ਕੀਤੀ ਸੀ।ਦੇਸ਼ ਅਜ਼ਾਦ ਹੁੰਦਿਆ ਹੀ ਉਨ੍ਹਾ ਨੂੰ ਸਰਕਾਰੀ ਵਕੀਲ ਦੀ ਨੋਕਰੀ ਮਿਲ ਗਈ।ਉਨ੍ਹਾ ਨੂੰ ਪਿੰਡ ਵਾਲੇ ਵਕੀਲ ਸਾਹਿਬ ਦੇ ਨਾਂ ਨਾਲ ਹੀ ਬੁਲਾਉਦੇ ਸੀ।ਦੀਪ ਦੇ ਦਾਦਾ ਜੀ ਭੱਠਿਆ ਦਾ ਬਿਜ਼ਨਸ ਕਰਨ ਲੱਗ ਗਏ ਇੱਕ ਭਰਾ ਸਰਕਾਰੀ ਵਕੀਲ ਤੇ ਦੁਸਰੇ ਦੋ ਭਰਾ ਖੇਤੀ ਕਰਨ ਲੱਗ ਗਏ।ਖੇਤੀ ਸਾਝੀ ਸੀ ਪਰ ਘਰ ਵੱਖਰੇ ਵੱਖਰੇ ਸਨ। ਪਰਿਵਾਰ ਪੂਰੀ ਤਰ੍ਹਾ ਖੁਸ਼ਹਾਲ ਸੀ। ਦੀਪ ਦੇ ਪੜਦਾਦਾ ਜੀ ਨੇ ਨੇੜੇ ਦੇ ਸ਼ਹਿਰ ਵਿੱਚ ਵੱਡੀ ਹਵੇਲੀ ਬਣਾਈ ਤੇ ਪਿੰਡ ਦੇ ਨਾਂ ਤੇ ਉਸ ਦਾ ਨਾਂ ਰੱਖਿਆ। ਉਹ ਹਵੇਲੀ ਪੂਰੇ ਸ਼ਹਿਰ ਵਿੱਚ ਮਸ਼ਹੂਰ ਹੋ ਗਈ। ਇੱਥੇ ਹੀ ਬਸ ਨਹੀ ਚਾਰਾ ਭਰਾਵਾ ਦਾ ਆਪਸ ਵਿੱਚ ਪਿਆਰ ਸੀ ਸਾਰੇ ਕਮਾਈ ਕਰਦੇ ਸਨ। ਚਾਰ ਪੈਸੇ ਕੋਲ ਸੀ ਇਸ ਪਰਿਵਾਰ ਨੇ ਡੇਢ ਸੋ ਕਿੱਲਾ ਜਮੀਨ ਨਾਲ ਦੇ ਸੁਬੇ ਵਿੱਚ ਲੈ ਲਈ। ਵਕੀਲ ਸਾਹਿਬ ਨੇ ਦੀਪ ਦੇ ਪਿਤਾ ਜੀ ਤੇ ਬਾਕੀ ਇੱਕ ਹੋਰ ਭਤੀਜੇ ਨੂੰ ਆਪਣੇ ਕੋਲ ਸ਼ਹਿਰ ਵਿੱਚ ਰੱਖ ਕੇ ਪੜਾਇਆ। ਇੱਥੇ ਹੀ ਬਸ ਨਹੀ ਉਨ੍ਹਾ ਆਪਣੀਆ ਭਤੀਜੀਆਂ ਨੂੰ ਵੀ ਕਾਲਜ ਦਾਖਲ ਕਰਵਾਇਆ। ਸਾਰਾ ਪਰਿਵਾਰ ਹੋਰ ਤੱਰਕੀ ਵੱਲ ਵੱਧ ਰਿਹਾ ਸੀ। ਹੋਲੀ ਹੋਲੀ ਚਾਰਾ ਭਰਾਵਾ ਦੇ ਬੱਚੇ ਚੰਗੇ ਪਰਿਵਾਰਾ ਵਿੱਚ ਵਿਆਹੇ ਜਾਣ ਲੱਗੇ।ਦੀਪ ਦੇ ਦਾਦਾ ਜੀ ਨੇ ਆਪਣੇ ਵਕੀਲ ਭਰਾ ਤੇ ਪਿੰਡ ਦੇ ਸਰਪੰਚ ਨਾਲ ਮਿਲ ਕੇ ਪਿੰਡ ਦੇ ਬਹੁਤ ਸਾਰੇ ਸਾਝੇ ਕੰਮ ਕਰਵਾਏ। ਸਰਪੰਚ ਹੋਰੀ ਦੋ ਭਰਾ ਸਨ ਸਰਪੰਚ ਦੇ ਛੋਟੇ ਭਰਾ ਮੱਖਣ ਸਿੰਘ ਨੂੰ ਵੀ ਵਕੀਲ ਸਾਹਿਬ ਨੇ ਪੜਨ ਲਈ ਪ੍ਰੇਰਤ ਕੀਤਾ ਉਹ ਵੀ ਗਰੈਜੂਏਸ਼ਨ ਕਰ ਗਿਆ  । ਸਰਪੰਚ ਕੋਲ ਜਮੀਨ ਤਾ ਜਿਆਦਾ ਨਹੀ ਸੀ ਪਰ ਉਹ ਬੰਦਾ ਚਲਦਾ ਪੁਰਜ਼ਾ ਸੀ। ਉਸਦੀ ਸੁਬੇ ਦੇ ਮੁੱਖ ਮੰਤਰੀ ਨਾਲ ਵੀ ਜਾਣ ਪਹਿਚਾਣ ਸੀ। ਦੀਪ ਦੇ ਦਾਦਾ ਜੀ ਤੇ ਸਰਪੰਚ ਨੇ ਮਿਲ ਕੇ ਪਿੰਡ ਵਿੱਚ ਦਸਵੀ ਤੱਕ ਸਰਕਾਰੀ ਸਕੂਲ ਉਸ ਟਾਈਮ ਜਦੋ ਸੁਬੇ ਵਿੱਚ ਟਾਵੇ ਟਾਵੇ ਪਿੰਡਾ ਵਿੱਚ ਸਰਕਾਰੀ ਸਕੂਲ ਹੁੰਦੇ ਸਨ ਡਿਸਪੈਸਰੀ, ਪਸ਼ੂਆ ਦਾ ਹਸਪਤਾਲ, ਵਾਟਰ ਵਰਕਸ ਤੇ ਬਿਜਲੀ ਸਭ ਤੋਂ ਪਹਿਲਾਂ ਪਿੰਡ ਵਿੱਚ ਲੈ ਕੇ ਆਏ। ਰੇਲਵੇ ਸਟੇਸ਼ਨ ਵੀ ਸੀ। ਇਹ ਸਾਰੇ ਕੰਮ ਸਰਪੰਚ ਤੇ ਦੀਪ ਦੇ ਪਰਿਵਾਰ ਵਲੋ ਮਿਲ ਕੇ ਕੀਤੇ ਗਏ ਸਨ।ਦੋਵਾ ਪਰਿਵਾਰਾ ਵਿੱਚ ਭਰਾਵਾ ਵਰਗਾ ਪਿਆਰ ਸੀ। ਦੀਪ ਦੇ ਦਾਦਾ ਜੀ ਤੇ ਸਰਪੰਚ ਦੀ ਆਸ ਪਾਸ ਦੇ ਇਲਾਕੇ ਵਿੱਚ ਵੀ ਚਰਚਾ ਸੀ।
ਪਿੰਡ ਚ ਸਰਪੰਚੀ ਦੀ ਇਲੈਕਸ਼ਨ ਵੇਲੇ ਦੀਪ ਦੇ ਦਾਦਾ ਨੇ ਮੁਹਰੇ ਲੱਗ ਕੇ ਉਸ ਨੂੰ ਸਰਪੰਚ ਬਣਾਇਆ ਤੇ ਆਪ ਪੰਚ ਬਣੇ।ਉਸ ਤੋ ਬਾਅਦ ਬਲਾਕ ਸੰਮਤੀ ਦੀਆਂ ਵੋਟਾਂ ਸਨ। ਜੋ ਕਈ ਪਿੰਡਾ ਦੇ ਪੰਚਾ ਸਰਪੰਚਾ ਨੇ ਪਾਉਣਿਆ ਸਨ । ਸਰਪੰਚ ਨੇ ਦੀਪ ਦੇ ਦਾਦਾ ਜੀ ਨੂੰ ਕਿਹਾ ਤੂੰ ਇਲੈਕਸ਼ਨ ਲੜ੍ਹ ਨੰਬਰਦਾਰਾ ਪਰ ਉਸ ਵਕਤ ਦੀਪ ਦੇ ਦਾਦਾ ਜੀ ਨੇ ਨਾਅ ਕਰ ਦਿੱਤੀ । ਸਰਪੰਚ ਕਹਿੰਦਾ ਮੈਂ ਲੜ੍ਹ ਲੈਦਾ ਹਾ ਤਾ ਦੀਪ ਦੇ ਦਾਦਾ ਜੀ ਨੇ ਕਿਹਾ ਠੀਕ ਹੈ ਤੂੰ ਲੜ੍ਹ ਅਸੀ ਤੇਰੇ ਨਾਲ ਹਾ। ਪਰ ਕੁਦਰਤ ਦੀ ਕਰਨੀ ਆਸੇ ਪਾਸੇ ਦੇ ਪਿੰਡਾਂ ਦੇ ਪੰਚ ਸਰਪੰਚਾ ਨੇ ਦੀਪ ਦੇ ਦਾਦਾ ਜੀ ਤੇ ਦਬਾਅ ਪਾਇਆ ਕੇ ਤੁਹਾਡਾ ਭਰਾ ਵੱਡਾ ਅਫਸਰ ਹੈ ਤੁਸੀ ਇਲੈਕਸ਼ਨ ਲੜ੍ਹੋ । ਨਾ ਨਾ ਕਰਦੇ ਅਖੀਰ ਵਿੱਚ ਦੀਪ ਦੇ ਦਾਦਾ ਜੀ ਨੇ ਬਲਾਕ ਸੰਮਤੀ ਦੇ ਕਾਗਜ ਭਰ ਦਿੱਤੇ ।ਹੁਣ ਇੱਕੋ ਪਿੰਡ ਦੇ ਸਰਪੰਚ ਤੇ ਲੰਬਰਦਾਰ ਚੋਣਾ ਵਿੱਚ ਆਹਮਣੇ ਸਾਹਮਣੇ ਸਨ।   
           ਸਰਪੰਚ ਨੇ ਦੀਪ ਦੇ ਦਾਦਾ ਜੀ ਨਾਲ ਰੋਸ ਕੀਤਾ ਵੀ” ਮੈ ਤੁਹਾਨੂੰ ਪੁੱਛ ਕੇ ਕਾਗਜ ਭਰੇ ਸਨ ਆਹ ਤੂੰ ਚੰਗੀ ਨਹੀ ਕੀਤੀ ਲੰਬਰਦਾਰਾ” । ਦੀਪ ਦੇ ਦਾਦਾ ਜੀ ਦਾ ਚੋਣ ਨਿਸ਼ਾਨ ਦਰਖੱਤ ਸੀ ਤੇ ਸਰਪੰਚ ਦਾ ਚੋਣ ਨਿਸ਼ਾਨ ਕਹੀ ਸੀ।ਇਲੈਕਸ਼ਨ ਵਿੱਚ ਦੀਪ ਦੇ ਦਾਦਾ ਜੀ ਦਾ ਜੋਰ ਵੱਧ ਸੀ ਕਿਉਕੀ ਉਹ ਸਰਪੰਚ ਨਾਲੋ ਹਰ ਪੱਖੋ ਚੰਗੇ ਸਨ । ਪੈਸਿਆ ਵਲੋ ਵੀ ਤੇ ਵੈਸੇ ਵੀ ਉਨ੍ਹਾ ਦੀ ਸ਼ਵੀ ਸਾਫ ਸੁਥਰੀ ਸੀ ਪਰ ਸਰਪੰਚ ਤੇ ਕਈ ਇਲਜਾਮ ਲੱਗੇ ਸਨ। ਇਲੈਕਸ਼ਨ ਦੀਪ ਦੇ ਦਾਦਾ ਜੀ ਜਿੱਤ ਗਏ। ਸਰਪੰਚ ਨੇ ਸਾਰਿਆ ਦੇ ਸਾਹਮਣੇ ਦੀਪ ਦੇ ਦਾਦਾ ਜੀ ਨੂੰ ਧਮਕੀ ਦਿੱਤੀ “ਲੰਬਰਦਾਰਾ ਤੇਰੇ ਇਸ ਦਰਖਤ ਨੂੰ ਹੁਣ ਮੇਰੀ ਕਹੀ ਵੱੜੂ।ਦੋਹਾ ਪਰਿਵਾਰਾ ਵਿੱਚ ਦੂਰੀਆ ਪੈ ਗਈਆਂ। ਦੀਪ ਦੇ ਘਰ ਦੇ ਸਾਹਮਣੇ ਸਰਪੰਚ ਦਾ ਇੱਕ ਪਲਾਟ ਸੀ ਜਿਸ ਵਿੱਚ ਇੱਕ ਬੈਠਕ ਪਾਈ ਸੀ । ਜੋ ਪਹਿਲਾ ਸਰਪੰਚ ਦੇ ਘਰ ਤੋ ਦਿੱਖਦੀ ਸੀ ।ਪਰ ਜਦੋ ਦੀਪ ਦੇ ਦਾਦਾ ਜੀ ਨੇ ਘਰ ਦੇ ਨਾਲ ਖਾਲੀ ਪਈ ਪਸ਼ੂਆ ਵਾਲੀ ਥਾਂ ਤੇ ਚਾਰ ਦਵਾਰੀ ਕਰਨੀ ਸ਼ੁਰੂ ਕੀਤੀ ਤਾ ਸਰਪੰਚ ਨੇ ਇੰਤਰਾਜ ਕੀਤਾ ਵੀ ਮੇਰੇ ਘਰ ਤੋ ਬੈਠਕ ਨਹੀ ਦਿੱਖਦੀ ।ਇਹ ਗ਼ਲ ਉਸਦੀ ਜਾਇਜ ਨਹੀ ਸੀ ਪਰ ਕਿਉਕੀ ਉਹ ਸਰਪੰਚ ਸੀ ਤੇ ਹਾਰ ਦਾ ਬਦਲਾ ਲੈਂਣਾ ਚਾਹੁੰਦਾ ਸੀ ਉਸ ਨੇ ਗ਼ਲ ਵੱਧਾ ਲਈ। ਹੁਣ ਪੰਚਾਇਤ ਦਾ ਇਹ ਮਾਮਲਾ ਠਾਣੇ ਜਾ ਪੁੱਜਾ। ਕਈ ਵਾਰ ਇੱਕਠ ਹੋਏ ਵਕੀਲ ਸਾਹਿਬ ਨੇ ਵੀ ਆਕੇ ਦੋਹਾ ਧਿਰਾ ਨੂੰ ਸੱਮਝਾਇਆ ਵੀ ਇਸ ਮਾਮੂਲੀ ਜੀ ਗ਼ਲ ਪਿੱਛੇ ਆਪਸ ਵਿੱਚ ਲੜਨਾ ਠੀਕ ਨਹੀ ਆਪਾ ਤਾ ਇਲਾਕੇ ਦਾ ਭਲਾ ਕਰਨਾ ਹੈ ਜੇ ਆਪਸ ਵਿੱਚ ਹੀ ਉਲਝ ਗਏ ਫੇਰ ਕੀ ਬੰਣੂ।ਦੀਪ ਦੇ ਪਿਤਾ ਜੀ ਵੀ ਪਟਿਆਲੇ ਕਾਲਜ ਤੋ ਗਰੈਜੂਏਸ਼ਨ ਕਰਕੇ ਪਿੰਡ ਹੀ ਸਨ।ਵਕੀਲ ਸਾਹਿਬ ਦੀ ਅਪੀਲ ਦਾ ਕੋਈ ਅਸਰ ਨਾ ਹੋਇਆ ਤੇ ਗ਼ਲ ਹੋਰ ਵੱਧ ਗਈ।ਸਰਪੰਚ ਨੇ ਦੀਪ ਦੇ ਦਾਦਾ ਜੀ ਦਾ ਕਤਲ ਕਰਨ ਦੀ ਵਿਊਂਤ ਬਣਾਈ। ਪਰ ਕਿਸੇ ਨੇ ਸਲਾਹ ਦਿੱਤੀ ਵੀ ਇਸ ਬਜੂਰਗ ਨੂੰ ਕੀ ਮਾਰਨਾ ਹੈ ਮਾਰਨਾ ਹੈ ਤਾ ਇਸ ਦੇ ਮੁੰਡੇ ਨੂੰ ਮਾਰੋ ਬੁਢਾ ਆਪੇ ਗਮ ਵਿੱਚ ਮਰ ਜਾਵੇਗਾ।ਉਹਨ੍ਹਾ ਇੱਕ ਦੋ ਵਾਰ ਦੀਪ ਦੇ ਪਿਤਾ ਜੀ ਨੂੰ ਮਾਰਨ ਦੀ ਕੋਸ਼ੀਸ਼ ਵੀ ਕੀਤੀ ।ਪਰ ਉਹ ਕਾਮਯਾਬ ਨਾ ਹੋ ਸਕੇ।ਇਸ ਤੋ ਪਹਿਲਾ ਕੇ ਉਹ ਦੁਬਾਰਾ ਕੋਸ਼ੀਸ਼ ਕਰਦੇ ਕਿਸੇ ਨੇ ਸਲਾਹ ਦਿੱਤੀ ਵੀ ਜੇ ਮਾਰਨਾ ਹੈ ਤਾ ਵਕੀਲ ਨੂੰ ਮਾਰੋ ਜੇ ਕਿਸੇ ਹੋਰ ਨੂੰ ਮਾਰ ਦਿੱਤਾ ਤਾ ਉਹ ਤੁਹਾਡੇ ਸਾਰੇ ਟੱਬਰ ਨੂੰ ਫਾਸੀ ਲਵਾ ਦਿਊ।ਗਲ ਉਨ੍ਹਾ ਨੂੰ ਵੀ ਜੱਚ ਗਈ।ਵਕੀਲ ਸਾਹਿਬ ਆਪਣੇ ਪਰਿਵਾਰ ਅਤੇ ਭਰਾਵਾ ਦੇ ਬੱਚਿਆ ਨਾਲ ਸ਼ਹਿਰ ਵਿੱਚ ਰਹਿੰਦੇ ਸਨ। ਇਸ ਲੜਾਈ ਨਾਲ ਕੋਈ ਵਾਹ ਵਾਸਤਾ ਵੀ ਨਹੀ ਸੀ ।ਉਹ ਤਾ ਦੋਨਾ ਧਿਰਾ ਨੂੰ ਸੱਮਝਾਉਦੇ ਸਨ।ਸਰਪੰਚ ਨੇ ਆਪਣੇ ਛੋਟੇ ਭਰਾ ਨੂੰ ਕਤਲ ਕਰਨ ਲਈ ਤਿਆਰ ਕਰ ਲਿਆ ।ਉਸ ਦਾ ਨਵਾ ਨਵਾ ਵਿਆਹ ਹੋਇਆ ਸੀ ਪਰ ਸਰਪੰਚ ਨੇ ਉਸ ਨੂੰ ਵਿਸ਼ਵਾਸ਼ ਦਵਾਇਆ ਕੇ ਉਹ ਛੇ ਮਹਿਨੀਆ ਵਿੱਚ ਉਸ ਨੂੰ ਬਾਹਰ ਲੈ ਆਵੇਗਾ।ਹੁਣ ਇੰਤਜਾਰ ਸੀ ਵਕੀਲ ਸਾਹਿਬ ਦੇ ਪਿੰਡ ਆਉਣ ਦਾ। ਸਾਰੀ ਤਿਆਰੀ ਹੋ ਗਈ ਸੀ। ਵਕੀਲ ਸਾਹਿਬ ਨੇ ਸ਼ਨੀਵਾਰ ਨੂੰ ਪਿੰਡ ਆਉਣਾ ਸੀ ਤੇ ਐਤਵਾਰ ਨੂੰ ਵਾਪਿਸ ਜਾਣਾ ਸੀ।ਘਰ ਤੋ ਰੇਲਵੇ ਸਟੇਸ਼ਨ ਦੋ ਕਿਲੋਮੀਟਰ ਸੀ। ਉਨ੍ਹਾ ਰਾਤ ਸਤ ਵੱਜੇ ਵਾਲੀ ਗਡੀ ਤੇ ਵਾਪਿਸ ਜਾਣਾ ਸੀ। ਸਰਪੰਚ ਹੋਰਾ ਪੂਰੀ ਤਿਆਰੀ ਕਰ ਲਈ ਸੀ ਵੀ ਕਤਲ ਕਰਕੇ ਰਾਤੋ ਰਾਤ ਨਾਲ ਦੇ ਸੁਬੇ ਵਿੱਚ ਭੱਜ ਜਾਣਾ ਸੀ । ਸਰਪੰਚ ਆਪ ਪਹਿਲਾ ਹੀ ਰੂਹ ਪੋਸ਼ ਹੋ ਗਿਆ। ਪਰ ਦੀਪ ਦੇ ਪੰੜਦਾਦਾ ਜੀ ਦੀ ਤਬੀਅਤ ਖਰਾਬ ਹੋ ਗਈ ਤੇ ਵਕੀਲ ਸਾਹਿਬ ਨੇ ਰਾਤ ਦੀ ਗਡੀ ਤੇ ਜਾਣ ਦਾ ਪ੍ਰੋਗਰਾਮ ਕੈਸਲ ਕਰ ਦਿੱਤਾ ।ਉਨ੍ਹਾਂ ਅਗਲੇ ਦਿਨ  ਸਵੇਰੇ ਦਸ ਵੱਜੇ ਵਾਲੀ ਗਡੀ ਤੇ ਜਾਣ ਦਾ ਪ੍ਰੋਗਰਾਮ ਬਣਿਆਂ। ਅਗਲੇ ਦਿਨ ਵਕੀਲ ਸਾਹਿਬ ਸਟੇਸ਼ਨ ਤੇ ਜਾਣ ਲਈ ਤਿਆਰ ਹੋਏ ਉਨ੍ਹਾਂ ਪੁਲੀਸ ਦੀ ਵਰਦੀ ਪਾਈ ।ਉਸ ਜਮਾਨੇ ਸਰਕਾਰੀ ਵਕੀਲ ਵੀ ਪੁਲੀਸ ਦੀ ਵਰਦੀ ਹੀ ਪਾਉਦੇ ਸਨ ।ਪਰ ਆਪਣਾ ਸਰਵਿਸ ਰਿਵਾਲਵਰ ਆਪਣੇ ਬੈਂਗ ਵਿੱਚ ਹੀ ਰੱਖ ਲਿਆ ।ਉਹ ਸਟੇਸ਼ਨ ਜਾਣ ਲਈ ਘਰੋ ਚੱਲ ਪਏ।ਦੀਪ ਦੇ ਪਿਤਾ ਨੇ ਆਪਣੇ ਚਾਚਾ ਜੀ ਨੂੰ ਸਟੇਸ਼ਨ ਤੱਕ ਛੱੜ ਕੇ ਆਉਣ ਦੀ ਇੱਛਾ ਜਾਹਿਰ ਕੀਤੀ ਪਰ ਉਨ੍ਹਾ ਮਨਾ ਕਰ ਦਿੱਤਾ ਵੀ ਤੂੰ ਕੱਲਾ ਵਾਪਿਸ ਆਏਗਾ। ਉਹ ਤੁਰਦੇ ਤੁਰਦੇ ਜਦੋ ਹੀ ਥੋੜੇ ਸੁੰਨੇ ਰਸਤੇ ਤੇ ਪਹੁੱਚੇ ਤਾਕ ਵਿੱਚ ਬੈਠੇ ਮੱਖਣ ਸਿੰਘ ਨੇ ਪਿੱਛੋ ਦੋ ਫਾਇਰ ਕਰ ਦਿੱਤੇ ।ਵਕੀਲ ਸਾਹਿਬ ਡਿੱਗ ਪਏ ਦੁਨਾਲੀ ਵਿੱਚ ਦੁਬਾਰਾ ਕਾਰਤੂਸ ਲੋੜ ਕਰਕੇ ਮੱਖਣ ਸਿੰਘ ਨੇ ਜਾਂਦੇ ਜਾਂਦੇ ਇੱਕ ਫਾਇਰ ਜਮ੍ਹਾ ਕੋਲ ਜਾ ਕੇ ਕਰਤਾ ਵਕੀਲ ਸਾਹਿਬ ਦੀ ਥਾਂ ਤੇ ਹੀ ਮੋਤ ਹੋ ਗਈ। ਮੱਖਣ ਸਿੰਘ ਫਰਾਰ ਹੋ ਗਿਆ। ਵਕੀਲ ਸਾਹਿਬ ਦੇ ਹੋਏ ਇਸ ਕਤਲ ਨੇ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲਾ ਦਿੱਤੀ ।ਕਿਉਕਿ ਵਕੀਲ ਸਾਹਿਬ ਦਾ ਕਤਲ ਪੁਲੀਸ ਦੀ ਵਰਦੀ ਵਿੱਚ ਹੋਇਆ ਸੀ ਪੁਲੀਸ ਲਈ ਵੀ ਇਹ ਕੇਸ ਵੰਕਾਰ ਦਾ ਮਸਲਾ ਸੀ।ਵਕੀਲ ਸਾਹਿਬ ਦੇ ਕਤਲ ਨੇ ਦੀਪ ਦੇ ਪਰਿਵਾਰ ਨੂੰ ਇੱਕ ਗਹਿਰਾ ਸਦਮਾ ਦਿੱਤਾ।ਬੜੀ ਦੋੜ ਭੱਜ ਤੋ ਬਾਅਦ ਮੱਖਣ ਸਿੰਘ ਤੇ ਸਰਪੰਚ ਦੀ ਗਿਰਫਤਾਰੀ ਹੋ ਸਕੀ।ਤਰੱਕੀ ਦੇ ਰਾਹ ਤੇ ਤੁਰਦਾ ਦੀਪ ਦਾ ਪਰਿਵਾਰ ਕੋਰਟ ਕਹਿਚਰੀ ਦੇ ਚੱਕਰ ਕੱਟ ਰਿਹਾ ਸੀ।ਦੁਸਰੇ ਪਾਸੇ ਸਰਪੰਚ ਹੋਰੀ ਦੋਨੋ ਭਰਾ ਅੰਦਰ ਸਨ ਛੋਟੇ ਦਾ ਵਿਆਹ ਤਾ ਕੁਝ ਸਮਾਂ ਪਹਿਲਾ ਹੀ ਹੋਇਆ ਸੀ । ਉਸ ਦੀ ਘਰਵਾਲੀ ਨੂੰ ਪੇਕੇ ਲੈ ਗਏ ਉਧਰ ਸਰਪੰਚ ਦੇ ਵੀ ਇੱਕੋ ਮੁੰਡਾ ਸੀ ਉਹ ਵੀ ਛੋਟਾ ਸੀ। ਉਸ ਦੀ ਘਰਵਾਲੀ ਵੀ ਉਸ ਲੈ ਕੇ ਪੇਕੇ ਚੱਲੀ ਗਈ ਹੁਣ ਉਨ੍ਹਾ ਦੇ ਘਰ ਇੱਕ ਵਿਧਵਾ ਮਾਂ ਸੀ ਕਲੀ ।
             ਕੋਰਟ ਵਿੱਚ ਕੇਸ ਚੱਲਿਆ ਸ਼ੈਸ਼ਨ ਕੋਰਟ ਨੇ ਮੱਖਣ ਸਿੰਘ ਨੂੰ ਫਾਸੀ ਦੀ ਸਜ਼ਾ ਸੁਣਾਈ ਪਰ ਸਰਪੰਚ ਬਰੀ ਹੋ ਗਿਆ।ਉਸ ਤੋ ਬਾਅਦ ਹਾਈ ਕੋਰਟ ਨੇ ਤੇ ਫੇਰ ਸੁਪਰੀਮ ਕੋਰਟ ਨੇ ਵੀ ਮੱਖਣ ਸਿੰਘ ਦੀ ਫਾਸੀ ਦੀ ਸਜ਼ਾ ਨੂੰ ਬਰਕਰਾਰ ਰੱਖਿਆ । ਦੋਨਾ ਪਰਿਵਾਰਾ ਨੇ ਨਾ ਪੈਸੇ ਦੀ ਤੇ ਨਾ ਹੀ ਹੋਰ ਸਾਧਨਾ ਦੀ ਕਮੀ ਰੱਖੀ ।ਸਭ ਕੁਝ ਕੇਸ ਤੇ ਲਾ ਦਿੱਤਾ।ਮੱਖਣ ਸਿੰਘ ਦੀ ਫਾਸੀ ਦੀ ਉਡੀਕ ਕਰਦੇ ਦੀਪ ਦੇ ਪਰਿਵਾਰ ਨੂੰ ਉਦੋ ਧੱਕਾ ਲੱਗਾ ਜਦੋ ਰਹਿਮ ਦੀ ਅਪੀਲ ਵਿੱਚ ਮੱਖਣ ਸਿੰਘ ਦੀ ਫਾਸੀ ਦੀ ਸਜ਼ਾ ਨੂੰ ਉਮਰ ਕੈਂਦ ਵਿੱਚ ਬਦਲ ਦਿੱਤਾ।ਜਿਊ ਹੀ ਇਹ ਖਬਰ ਮਿਲੀ ਤਿਊ ਹੀ ਸਰਪੰਚ ਨੇ ਅੱਤ ਚੱਕ ਦਿੱਤੀ। ਉਸ ਨੇ ਉਹੀ ਕੇਸ ਵਾਪਿਸ ਖੋਲ ਲਿਆ।ਦੀਪ ਦੇ ਪਰੀਵਾਰ ਨੂੰ ਕਾਫੀ ਨਿਮੋਸ਼ੀ ਹੋਈ ਉਪਰੋ ਸਰਪੰਚ ਦੀਆਂ ਹਰਕਤਾ ਨੇ ਜਲੇ ਤੇ ਨਮਕ ਛਿੱੜਕ ਵਾਲਾ ਕੰਮ ਕੀਤਾ। ਇਸ ਵਾਰ ਦੀਪ ਦੇ ਪਰਿਵਾਰ ਨੇ ਸਰਪੰਚ ਦੇ ਕਤਲ ਦਾ ਪ੍ਰੋਗਰਾਮ ਬਣਾਇਆ।ਇੱਕ ਰਾਤ ਸਰਪੰਚ ਦਾ ਕਤਲ ਕਰ ਦਿੱਤਾ।ਦੀਪ ਦੇ ਪਿਤਾ ਜੀ, ਦਾਦਾ ਜੀ,ਦਾਦਾ ਜੀ ਦੋਨੋ ਭਰਾ ਤੇ ਇੱਕ ਹੋਰ ਬੰਦੇ ਤੇ ਕਤਲ ਦਾ ਮੁਕਦਮਾ ਪਿਆ।ਕਿਉਕੀ ਇਹ ਕਤਲ ਪੁਰੀ ਵਿਉਤ ਬੰਦੀ ਕਰਕੇ ਕੀਤਾ ਸੀ ਇਸ ਲਈ ਹਾਈ ਕੋਰਟ ਚੋ ਸਭ ਬਰੀ ਹੋ ਗਏ।ਪੰਜ ਸਾਲ ਦੋਵੇ ਕੇਸ ਚੱਲੇ ਇਸ ਦੁਸ਼ਮਨੀ ਨੇ  ਦੀਪ ਦੇ ਪਰਿਵਾਰ ਦਾ ਬਹੁਤ ਨੁਕਸਾਨ ਹੋ ਗਿਆ ।ਭੱਠਿਆਂ ਦੇ ਬਿਜ਼ਨਸ ਤੇ ਫਰਕ ਪਿਆ ਨਾਲ ਦੀ ਨਾਲ ਖੇਤੀ ਤੇ ਵੀ ਅਸਰ ਹੋਇਆ।ਜਿਨ੍ਹੇ ਪੈਸੇ ਕੋਲ ਸੀ ਉਹ ਵੀ ਖਰਚ ਹੋ ਗਏ। ਉਧਰੋ ਪੁੱਤ ਦੀ ਯਾਦ ਵਿੱਚ ਦੀਪ ਦੇ ਪੰੜਦਾਦਾ ਜੀ ਦੀ ਮੌਤ ਹੋ ਗਈ ।ਉਨ੍ਹਾ ਦੀ ਮੌਤ ਤੋ ਬਾਅਦ ਸਾਰੇ ਭਰਾ ਵੱਖ ਵੱਖ ਹੋ ਗਏ।ਸਭ ਤੋ ਵੱਧ ਨੁਕਸਾਨ ਵਕੀਲ ਸਾਹਿਬ ਦੇ ਬੱਚਿਆ ਦਾ ਹੋਇਆ। ਭਾਵੇ ਉਨ੍ਹਾ ਦੀਆਂ ਦੋਨੋ ਲੜਕੀਆਂ ਦੀ ਸ਼ਾਦੀ ਦੀਪ ਦੇ ਦਾਦਾ ਜੀ ਨੇ ਚੰਗੇ ਅਫਸਰਾ ਨਾਲ ਕੀਤੀ ਪਰ ਉਨ੍ਹਾ ਦੇ ਬੇਟੇ ਨੂੰ ਪੜਾਈ ਛੱੜ ਕੇ ਖੇਤੀ ਕਰਨੀ ਪਈ। ਦੁਸਰੇ ਪਾਸੇ ਇਸ ਦੁਸ਼ਮਨੀ ਨੇ ਸਰਪੰਚ ਦਾ ਤਾ ਪਰਿਵਾਰ ਹੀ ਉਜੜ ਗਿਆ ।ਸਰਪੰਚ ਦੀ ਪਤਨੀ ਆਪਣੇ ਬੇਟੇ ਨੂੰ ਲੈ ਕੇ ਆਪਣੇ ਪੇਕੇ ਚਲੀ ਗਈ। ਸਰਪੰਚ ਦੀ ਸਾਰੀ ਜਮੀਨ ਕੇਸਾ ਵਿੱਚ ਲੱਗ ਗਈ । ਉਸਦੀ ਵਿਧਵਾ  ਮਾਂ ਪੁਤਰ ਦੇ ਵਿਯੋਗ ਵਿੱਚ ਮਰ ਗਈ। ਘਰ ਖਾਲੀ ਹੋ ਗਿਆ।ਵਕੀਲ ਸਾਹਿਬ ਦੀ ਮੌਤ ਨੇ ਦੀਪ ਦੇ ਪਰਿਵਾਰ ਨੂੰ ਸੋ ਸਾਲ ਪਿੱਛੇ ਕਰ ਦਿੱਤਾ ਤੇ ਸਰਪੰਚ ਦੀ ਮੌਤ ਨੇ ਉਸ ਦਾ ਵਸਦਾ ਘਰ ਉਜਾੜ ਦਿੱਤਾ । ਦੋਨਾ ਦੀ ਮੌਤ ਨੇ ਪਿੰਡ ਨੂੰ ਵੀ ਪੰਜਾਹ ਸਾਲ ਪਿੱਛੇ ਪਾ ਦਿੱਤਾ।ਇਸ ਦੁਸ਼ਮਨੀ ਨੇ ਕਈ ਪੀੜ੍ਹੀਆਂ ਦਾ ਨੁਕਸਾਨ ਕੀਤਾ।

Leave a Reply

Your email address will not be published. Required fields are marked *