ਨਤੀਜਾ | nateeja

ਕੱਟੜ ਨਾਸਤਿਕ..ਕਿੰਤੂ-ਪ੍ਰੰਤੂ ਬਹੁਤ..ਤੰਬੂ ਅੰਦਰ ਬੱਕਰੇ ਝਟਕਾਏ ਸਨ ਕੇ ਬੰਦੇ..ਛੋਟੇ ਸਾਹਿਬਜਾਦੇ ਸਰਹਿੰਦ ਕੈਦ ਵਿਚ ਸਨ ਤਾਂ ਓਦੋਂ ਕੋਈ ਕੌਤਕ ਕਿਓਂ ਨਹੀਂ ਵਰਤਿਆ..ਵਗੈਰਾ ਵਗੈਰਾ..!
ਪਿਛਲੇ ਕਿਰਸਾਨ ਮੋਰਚੇ ਵਿਚ ਇੱਕ ਸਿੰਘ ਨੂੰ ਭੀੜ ਫੜ ਕੇ ਲੈ ਗਈ..ਕਾਫੀ ਕੁੱਟਮਾਰ ਕੀਤੀ..ਪੁਲਸ ਮੂਕ ਦਰਸ਼ਕ..ਜਦੋਂ ਛੁੱਟ ਕੇ ਆਇਆ ਤਾਂ..ਵਾਲ ਖਿੱਲਰੇ..ਕੱਪੜੇ ਪਾਟੇ..ਦੰਦ ਟੁੱਟੇ..ਮੂੰਹ ਵਿਚੋਂ ਖੂਨ..ਚਾਰੇ ਪਾਸੇ ਪੁਲਸ ਹੀ ਪੁਲਸ..ਉਸ ਸਿੰਘ ਨੇ ਐਨ ਵਿਚਕਾਰ ਖਲੋ ਕੇ ਉੱਚੀ ਸਾਰੀ ਦਹਾੜ ਲਾਈ..ਖਚਰੀ ਹਾਸੀ ਹੱਸਦੀ ਪੁਲਸ ਵੱਲ ਵੇਖਿਆ..ਫੇਰ ਆਖਿਆ..”ਹਮ ਗੁਰੂ ਗੋਬਿੰਦ ਸਿੰਘ ਕਾ ਖਾਲਸਾ..ਹਮ ਏਡੀ ਛੇਤੀ ਮਰਨੇ ਵਾਲੇ ਨਹੀਂ..ਬੋਲੇ ਸੋ ਨਿਹਾਲ..ਸਤਿ ਸ੍ਰੀ ਅਕਾਲ..”
ਆਹ ਦਹਾੜ ਇਸ ਨੇ ਵੀ ਟੈਲੀਵਿਜਨ ਤੇ ਵੇਖ ਲਈ..ਪਹਿਲੋਂ ਲਹੂ ਵੇਖ ਡਰਿਆ..ਫੇਰ ਉਡੀਕ ਕਰਨ ਲੱਗਾ ਹੁਣ ਭਲਾ ਪੁਲਸ ਅੱਗਿਓਂ ਕੀ ਕਰਦੀ..?
ਪੁਲਸ ਦਹਾੜ ਸੁਣ ਦਸ ਦਸ ਕਦਮ ਹੋਰ ਪਿੱਛੇ ਹਟ ਗਈ..!
ਇਹ ਘਟਨਾ ਦਾ ਗਹਿਰਾ ਅਸਰ ਹੋਇਆ..ਚੁੱਪ ਚੁਪੀਤੇ ਜਾ ਅੰਮ੍ਰਿਤ ਛਕ ਆਇਆ..ਹੋਈਆਂ ਬੀਤੀਆਂ ਦੀ ਮੁਆਫੀ ਮੰਗੀ..ਫੇਰ ਬਿਨਾ ਕੋਈ ਰੌਲਾ ਰੱਪਾ ਪਾਏ ਇਸ ਪਾਸੇ ਨੂੰ ਹੋ ਤੁਰਿਆ..!
ਹੁਣ ਕੋਈ ਪੁੱਛੇ ਦਿਆਲ ਸਿਹਾਂ ਓਦੋਂ ਗੁਰੂ ਨੇ ਬੱਕਰੇ ਝਟਕਾਏ ਸਨ ਕੇ ਬੰਦੇ?
ਤਾਂ ਅੱਗੋਂ ਆਖਦਾ ਇਹ ਤੇ ਓਹੀ ਜਾਣਦਾ ਪਰ ਇਸ ਵੇਰ ਉਸਨੇ ਦਿਆਲ ਸਿੰਘ ਜਰੂਰ ਝਟਕਾ ਦਿੱਤਾ..ਫੇਰ ਲੰਮੇ ਦਾਹੜੇ ਤੇ ਹੱਥ ਫੇਰਦਾ ਹੋਇਆ ਆਖਦਾ..ਨਤੀਜਾ ਤੇਰੇ ਸਾਮਣੇ”
ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *