ਮਿੰਨਿ ਕਹਾਣੀ – ਸੁੱਖ ਦਾ ਸਾਹ | sukh da saah

ਸੀਮਾ ਹਰ ਰੋਜ਼ ਦੀ ਤਰ੍ਹਾਂ ਇਕੱਲੀ ਹੀ ਸੜਕ ਉੱਪਰ ਆਪਣੀ ਬਿਊਟੀ ਪਾਰਲਰ ਦੀ ਦੁਕਾਨ ਵੱਲ ਜਾ ਰਹੀ ਸੀ । ਗਰਮੀ ਦਾ ਮਹੀਨਾ , ਸਿਰ ‘ਤੇ ਕੜਕਦੀ ਧੁੱਪ ਪੈ ਰਹੀ ਸੀ । ਇਸ ਤਰ੍ਹਾਂ ਲੱਗ ਰਿਹਾ ਸੀ , ਜਿਵੇਂ ਆਪਣੀ ਦੁਕਾਨ ਖੋਲ੍ਹਣ ਦੇ ਟਾਈਮ ਤੋਂ ਲੇਟ ਹੋ ਚੁੱਕੀ ਹੋਵੇ , ਬਹੁਤ ਹੀ ਤੇਜ਼ੀ ਨਾਲ ਤੁਰ ਰਹੀ ਸੀ ।ਅਜੇ ਥੋੜ੍ਹੀ ਹੀ ਦੂਰ ਗਈ , ਪਿੱਛੇ ਮੁੜਕੇ ਦੇਖਿਆ , ਮੋਟਰਸਾਈਕਲ ‘ਤੇ ਸਵਾਰ ਹੋ ਕੇ ਦੋ ਮੁੰਡੇ ਆ ਰਹੇ ਨੇ , ਪਿੱਛੇ ਬੈਠੇ ਮੁੰਡੇ ਦੇ ਹੱਥ ਵਿੱਚ ਇੱਕ ਬੋਤਲ ਫੜੀ ਹੋਈ ਸੀ । ਹੁਣ ਉਹ ਮੋਟਰਸਾਈਕਲ ਕਦੇ ਅੱਗੇ , ਕਦੇ ਪਿੱਛੇ ਕਰ ਰਹੇ ਸੀ , ਤੇ ਆਪਣੀ ਮਸਤੀ ਵਿੱਚ ਹੱਸਦੇ ਜਾ ਰਹੇ ਸੀ । ਸੀਮਾ ਉਹਨਾਂ ਨੂੰ ਦੇਖਕੇ ਬਹੁਤ ਡਰ ਗਈ ਸੀ , ਇਹ ਮੇਰੇ ਰੱਬਾ ਇਹਨਾਂ ਦੇ ਦਿਲ ਵਿੱਚ ਕੋਈ ਖੋਟ ਤਾਂ ਨਹੀਂ , ਇਹ ਸੋਚ ਰਹੀ ਸੀ ।
ਅਜੇ ਦੋ ਦਿਨ ਪਹਿਲਾਂ ਮਹਿਲ ਵਿੱਚ ਉਸਦੀਆਂ ਅੱਖਾਂ ਸਾਹਮਣੇ ਇੱਕ ਕੁੜੀ ਉੱਪਰ ਤੇਜ਼ਾਬ ਪਾ ਕੇ ਸਾੜ ਦਿੱਤਾ ਸੀ । ਉਹ ਬਹੁਤ ਤੜਫ ਰਹੀ ਸੀ , ਜ਼ਖ਼ਮਾਂ ਦੀ ਤਾਬ ਨਾ ਝੱਲਦੀ ਹੋਈ ਦੁਨੀਆਂ ਨੂੰ ਅਲਵਿਦਾ ਕਹਿ ਚੁੱਕੀ ਸੀ । ਇਹ ਸਾਰਾ ਸੀਨ ਉਸ ਦੀਆਂ ਅੱਖਾਂ ਸਾਹਮਣੇ ਘੁੱਮ ਰਿਹਾ ਸੀ । ਅੱਗੇ ਜਾ ਕੇ ਉਹ ਮੁੰਡੇ ਦੂਸਰੀ ਸੜਕ ‘ਤੇ ਚਲੇ ਗਏ । ਕਹਿਣ ਲੱਗੀ , “ ਹੇ ਪ੍ਰਮਾਤਮਾ !ਅੱਜ ਤੂੰ ਹੀ ਮੈਨੂੰ ਬਚਾ ਲਿਆ ।” ਨਾਲੇ ਆਪਣੀ ਦੁਕਾਨ ਵੱਲ ਛੇਤੀ-ਛੇਤੀ ਤੁਰੀ ਜਾ ਰਹੀ ਸੀ । ਹੁਣ ਉਹ ਹੋਰ ਵੀ ਡਰੀ ਹੋਈ ਸੀ ਕਿਉਂਕਿ ਰੋਡ ਬਿਲਕੁਲ ਖਾਲੀ ਸੀ । ਹੋਰ ਤੇਜ਼ ਤੁਰਦੀ ਹੋਈ ਨੇ ਦੁਕਾਨ ਵਿੱਚ ਪਹੁੰਚ ਕੇ ਹੀ ਸੁੱਖ ਦਾ ਸਾਹ ਲਿਆ ।

ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ
8288047637

Leave a Reply

Your email address will not be published. Required fields are marked *