“ਮੋਹ ਮਾਇਆ ਐਂਡ ਮਨੀ”..ਸੰਨ ਸੋਲਾਂ ਵਿਚ ਬਣੀ ਹਿੰਦੀ ਫਿਲਮ..ਕਮਾਲ ਦੀ ਸਟੋਰੀ ਲਾਈਨ..ਇੱਕ ਐਸੀ ਸੋਚ ਅਤੇ ਵਿਚਾਰਧਾਰਾ ਦੀ ਗੱਲ..ਜਿਹੜੀ ਲੋਭ ਮੋਹ ਦੇ ਘੋੜੇ ਤੇ ਚੜੀ..ਨਾਇਕ ਰਣਬੀਰ ਸ਼ੋਰੀ ਨੂੰ ਹਰ ਵੇਲੇ ਮਿਡਲ ਕਲਾਸ ਵਿਚੋਂ ਅਮੀਰ ਕਲੱਬ ਵਿਚ ਜਾਣ ਲਈ ਕਿਸੇ ਵੀ ਹੱਦ ਤੱਕ ਤੁਰ ਜਾਣ ਲਈ ਪ੍ਰੇਰਦੀ..!
ਪ੍ਰੋਪਰਟੀ ਡੀਲਰ ਦਾ ਧੰਦਾ..ਨਿੱਕੀਆਂ ਮੋਟੀਆਂ ਹੇਰਾਫੇਰੀਆਂ ਕਰਦਾ ਇੱਕ ਦਿਨ ਇੱਕ ਐਸੇ ਚੱਕਰ ਵਿਚ ਜਾ ਫਸਦਾ ਕੇ ਪਰਿਵਾਰ ਘਰ ਬਾਹਰ ਨੌਕਰੀ ਇੱਜਤ ਸੁਖ ਚੈਨ ਸਭ ਕੁਝ ਗਵਾਚ ਜਾਂਦਾ..ਅਖੀਰ ਝੂਠਾ ਇੰਸ਼ੋਰੇਸ਼ ਕਲੇਮ ਲਈ ਆਪਣੇ ਆਪ ਨੂੰ ਮਰਿਆ ਸਾਬਤ ਕਰਨ ਲਈ ਇੱਕ ਕਤਲ ਵੀ ਕਰ ਦਿੰਦਾ..ਇਨਸਾਨ ਦਾ ਮਨ ਸ਼ੈਤਾਨ ਦੀ ਫੈਕਟਰੀ ਕਿੱਦਾਂ ਬਣ ਜਾਂਦੀ..ਇਥੇ ਵਿਖਾਇਆ!
ਇੱਕ ਝੂਠ ਮਗਰੋਂ ਦੂਜਾ ਫੇਰ ਤੀਜਾ..ਧੋਖਿਆਂ ਦੀ ਨਾ ਮੁੱਕਣ ਵਾਲੀ ਲੜੀ..ਦੌੜ,ਲਾਲਸਾ,ਖਿੱਚ,ਚਕਾਚੌਂਦ,ਰੋਸ਼ਨੀ,ਲਾਪਰਵਾਹੀ,ਹੋਰ ਬਣਾ ਲੈਣ ਦੀ ਵਾਹੋਦਾਹੀ..!
ਇੰਝ ਦੇ ਕਿੰਨੇ ਅਸਲੀ ਪਾਤਰ ਖੁਦ ਅਖੀਂ ਵੇਖੇ..ਬੇਸ਼ੁਮਾਰ ਦੌਲਤ ਵੀ ਕਮਾਈ..ਲੋਕਾਂ ਨੂੰ ਵਕਤੀ ਤੌਰ ਤੇ ਪ੍ਰਭਾਵਿਤ ਵੀ ਕੀਤਾ ਪਰ ਛੇਤੀ ਹੀ ਕਿਸੇ ਗਲਤ ਫੈਸਲੇ ਕਾਰਨ ਦੀਵਾ ਬੁਝ ਗਿਆ..ਮੁੜ ਸਦੀਵੀਂ ਹਨੇਰਾ..!
ਕਈਆਂ ਲਾਲਚ ਵੱਸ ਆਪਣੀ ਔਲਾਦ ਦੇ ਗਲਤ ਥਾਂ ਰਿਸ਼ਤੇ ਵੀ ਕਰਵਾ ਦਿੱਤੇ..ਜਮੀਨ ਆਵੇਗੀ..ਪੈਸਾ ਆਵੇਗਾ..ਪਰ ਸਰੀਰਾਂ ਤੋਂ ਪਹਿਲੋਂ ਦਿਲਾਂ ਦੇ ਮੇਲੇ ਨਹੀਂ ਕਰਵਾਏ..ਉਹ ਇੱਕ ਦੂਜੇ ਸੰਗ ਚਲੇ ਤਾਂ ਜਰੂਰ ਪਰ ਰੇਲ ਪਟੜੀਆਂ ਵਾਂਙ ਕਦੀ ਨਾ ਮਿਲ ਸਕੇ..ਕਈਆਂ ਚਕਾਚੌਂਦ ਵਾਲਾ ਤਾਜ ਪਹਿਨ ਬਾਕੀ ਦੁਨੀਆ ਨੂੰ ਇਹ ਇਹਸਾਸ ਕਰਵਾਇਆ ਕੇ ਤੁਸੀਂ ਛੋਟੇ ਹੋ..ਘਟੀਆ ਹੋ..ਨਖਿੱਦ ਹੋ..ਪਰ ਥੋੜ-ਚਿਰੀ ਬੱਲੇ-ਬੱਲੇ ਮਗਰੋਂ ਐਸੇ ਗਵਾਚੇ ਕੇ ਨਾਮੋ ਨਿਸ਼ਾਨ ਹੀ ਮਿੱਟ ਗਿਆ..!
ਆਪਣੀ ਜਵਾਨ ਹੁੰਦੀ ਔਲਾਦ ਨੂੰ ਇੱਕ ਹੋਰ ਫਿਲਮ ਜਰੂਰ ਵਿਖਾਓ..”ਰਾਕਟ ਸਿੰਘ-ਸੇਲਜ਼ ਮੈਨ ਆਫ ਦਾ ਈਯਰ”
ਮੁਖ ਪਾਤਰ ਹਰਪ੍ਰੀਤ ਸਿੰਘ ਬੇਦੀ..ਯਾਨੀ ਰਣਬੀਰ ਕਪੂਰ ਕਿਹੜੇ ਕਿਹੜੇ ਸੂਈ ਦੇ ਨੱਕਿਆਂ ਵਿਚੋਂ ਨਿੱਕਲਦਾ..!
ਅਧਿਆਪਕ ਲਾਈਨ ਵਾਲੇ ਅਤੇ ਹਮੇਸ਼ਾਂ ਆਪਣੀ ਔਲਾਦ ਨੂੰ ਕਿਸੇ ਨਾ ਕਿਸੇ ਗੱਲੋਂ ਕੋਸਦੇ ਹੀ ਰਹਿੰਦੇ “ਤਾਰੇ ਜਮੀਨ ਪੇ” ਫਿਲਮ ਜਰੂਰ ਵੇਖਣ..!
ਮਾੜਾ ਭ੍ਰਿਸ਼ਟ ਸਿਸਟਮ ਨੌਜੁਆਨੀ ਦੇ ਮਨ ਤੇ ਕਿੱਦਾਂ ਅਸਰ ਅੰਦਾਜ ਹੁੰਦਾ ਅਤੇ ਉਹ ਹਥਿਆਰ ਚੁੱਕਣ ਲਈ ਕਿੱਦਾਂ ਮਜਬੂਰ ਹੁੰਦੀ..ਇਹ ਵੇਖਣਾ ਏ ਤਾਂ “ਰੰਗ ਦੇ ਬਸੰਤੀ” ਨਾਮ ਦੀ ਫਿਲਮ ਵੇਖਣ ਦੀ ਸਿਫਾਰਿਸ਼ ਕਰਾਂਗਾ..!
ਕਸ਼ਮੀਰ ਫਾਈਲ ਦੇ ਇੱਕ ਪਾਸੜ ਮਾਹੌਲ ਵਿੱਚ ਇਰਫ਼ਾਨ ਖ਼ਾਨ ਅਤੇ ਸ਼ਾਹਿਦ ਕਪੂਰ ਦੀ “ਹੈਦਰ” ਜਰੂਰ ਵੇਖੋ..ਕਸ਼ਮੀਰ ਦੀ ਅਸਲ ਦੁਖਦੀ ਰਗ ਕੀ ਹੈ..ਝੂਠੇ ਮੁਕਾਬਲੇ ਅਤੇ ਅਸਲੀ ਮੁਕਾਬਲੇ ਕੀ ਹੁੰਦੇ ਪਤਾ ਲੱਗ ਜੂ..!
ਲਿਸਟ ਲੰਮੀ ਏ ਪਰ ਏਨੀ ਗੱਲ ਜਰੂਰ ਆਖਾਂਗਾ ਕੇ ਬੰਬਈ ਬੈਠੇ ਕਈ ਨਿਰਮਾਤਾ ਅਜੇ ਵੀ ਉਲਟੇ ਪਾਣੀ ਤਰਨ ਦਾ ਮਾਦਾ ਰੱਖਦੇ..ਕੁਝ ਨਾ ਕੁਝ ਐਸਾ ਜਰੂਰ ਸਿਰਜ ਹੀ ਜਾਂਦੇ ਜਿਹੜਾ ਮੁੜ ਇਤਿਹਾਸ ਬਣ ਅਸਲ ਸੁਨਹਿਰੀ ਭਵਿੱਖ ਸਿਰਜਣ ਦੀ ਸਮਰੱਥਾ ਰੱਖਦਾ ਏ..!
ਹਰਪ੍ਰੀਤ ਸਿੰਘ ਜਵੰਦਾ