ਭਾਗਾਂ ਵਾਲੀ – ਭਾਗ 3 | bhaaga wali – bhaag 3

ਸਰਬ ਨੇ ਆਉਂਦੇ ਹੀ ਸਭ ਦਾ ਦਿਲ ਜਿੱਤ ਲਿਆ। ਪਰਮਜੀਤ ਨੂੰ ਹਰ ਕੰਮ ਤੋਂ ਛੁੱਟੀ ਦੇ ਦਿੱਤੀ ਸੀ। ਸਰਬ ਦਾ ਸਹੁਰਾ ਪਰਿਵਾਰ ਬਹੁਤ ਵਧੀਆ ਸੀ। ਪਰਮਜੀਤ ਤਾਂ ਖਾਸ ਖਿਆਲ ਰਖਦੀ ਹੀ ਸੀ…ਸਹੁਰੇ ਵਲੋਂ ਬਾਪ ਦਾ ਪਿਆਰ ਮਿਲਿਆ। ਦੇਵਰ ਨੇ ਭੈਣ ਵਾਂਗ ਇੱਜਤ ਦਿੱਤੀ। ਬਲਜੀਤ ਵੀ ਜਾਨ ਵਾਰਦਾ ਸੀ। ਪਰ ਫਿਰ ਵੀ ਸਰਬ ਦਾ ਦਿਲ ਨਾ ਲਗਦਾ। ਉਸ ਨੂੰ ਰਹਿ ਰਹਿ ਕੇ ਮਾਂ ਦਾ ਚੇਤਾ ਆਉਂਦਾ। ਪਰਮਜੀਤ ਉਸਦੇ ਦਿਲ ਦੀ ਗੱਲ ਸਮਝਦੀ ਸੀ। ਉਸਨੇ ਸਰਬ ਨੂੰ ਦੋ ਤਿੰਨ ਵਾਰ ਜਲਦੀ ਜਲਦੀ ਪੇਕੇ ਭੇਜ ਦਿੱਤਾ। ਸਰਬ ਖੁਸ਼ ਰਹਿੰਦੀ…,ਪਰ ਤਿੰਨ ਚਾਰ ਦਿਨ ਬਾਅਦ ਫਿਰ ਉਦਾਸ ਹੋ ਜਾਂਦੀ। ਬਲਜੀਤ ਨੂੰ ਵੀ ਏਨੀ ਛੁੱਟੀ ਨਹੀਂ ਮਿਲਦੀ ਸੀ ਕ ਚਾਰ ਦਿਨ ਬਾਅਦ ਮਿਲਵਾ ਲਿਆਏ। ਪਰਮਜੀਤ ਹਰ ਤਰੀਕੇ ਨਾਲ ਉਸਦਾ ਦਿਲ ਲਗਾਉਣ ਦੀ ਕੋਸ਼ਿਸ਼ ਕਰਦੀ।

“ਪੁੱਤ ਚਲ ਅੱਜ ਮੇਰਾ ਇਕ ਸੂਟ ਸੀ ਦੇ।” ਪਰਮਜੀਤ ਉਸਦਾ ਧਿਆਨ ਦੂਜੇ ਪਾਸੇ ਲਾਉਣ ਦੀ ਕੋਸ਼ਿਸ਼ ਕਰਦੀ।

“ਜੀ ਮੰਮੀ ਜੀ।”

“ਤੈਨੂੰ ਪਤਾ ਮੈਂ ਆਪਣੀਆ ਸਭ ਸਹੇਲੀਆਂ ਨੂੰ ਦੱਸਿਆ ਹੈ ਮੇਰੀ ਨੂੰਹ ਕਿੰਨੀ ਹੁਨਰਮੰਦ ਹੈ। ਦੇਖੀ ਜਦ ਤੇਰਾ ਸੀਤਾ ਸੂਟ ਪਾ ਕੇ ਗਈ। ਤਾਂ ਸਭ ਨੇ ਜਲ ਭੁੰਨ ਜਾਣਾ।” ਪਰਮਜੀਤ ਹੱਸਦੀ ਹੋਈ ਕਹਿੰਦੀ।
ਸਰਬ ਵੀ ਮੁਸਕਰਾ ਪੈਂਦੀ। ਫਿਰ ਸੂਟ ਕੱਟਣ ਲੱਗਦੀ। ਪਰ ਇੰਝ ਲਗਦਾ ਜਿਵੇਂ ਉਸਦਾ ਮਨ ਕਿਤੇ ਹੋਰ ਹੋਵੇ। ਸੀਣ ਲੱਗੀ ਵੀ ਵਾਰ ਵਾਰ ਗਲਤੀ ਕਰਦੀ। ਪਰਮਜੀਤ ਉਸਦਾ ਪੂਰਾ ਸਾਥ ਦਿੰਦੀ। ਬਲਜੀਤ ਵੀ ਹਰ ਤਰੀਕੇ ਨਾਲ ਉਸਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦਾ। ਕਦੀ ਸ਼ਾਮ ਨੂੰ ਬਜ਼ਾਰ ਲੈ ਜਾਂਦਾ। ਕਦੀ ਰਾਤ ਵਾਲੀ ਫਿਲਮ ਦਿਖਾ ਲਿਆਉਂਦਾ। ਸਰਬ ਵੀ ਕਦੀ ਆਪਣੀ ਜਿੰਮੇਵਾਰੀ ਤੋਂ ਪਿੱਛੇ ਨਹੀਂ ਹਟੀ ਸੀ। ਪਰ ਉਹ ਚਾਹ ਕੇ ਵੀ ਹਰ ਵੇਲੇ ਖੁਸ਼ ਨਾ ਰਹਿ ਪਾਉਂਦੀ ਸੀ। ਫਿਰ ਇਕ ਦਿਨ ਪਰਮਜੀਤ ਨੇ ਚਰਨ ਕੌਰ ਨੂੰ ਸੁਨੇਹਾ ਭੇਜਿਆ ਕ ਸਰਬ ਨਾਲ ਗੱਲ ਕਰਨ। ਚਰਨ ਕੌਰ ਆਈ ਤਾਂ ਸਰਬ ਨੂੰ ਚਾਅ ਚੜ ਗਿਆ। ਮਾਂ ਲਈ ਕਿੰਨਾ ਕੁਛ ਬਣਾ ਦਿੱਤਾ। ਸਰਬ ਨੂੰ ਖੁਸ਼ ਦੇਖ ਕੇ ਪਰਮਜੀਤ ਵੀ ਖੁਸ਼ ਸੀ। ਇਹੀ ਖੁਸ਼ੀ ਉਹ ਸਰਬ ਦੇ ਚੇਹਰੇ ਤੇ ਚਾਹੁੰਦੀ ਸੀ। ਤਾਂ ਹੀ ਚਰਨ ਕੌਰ ਨੂੰ ਬੁਲਾਇਆ ਸੀ।
ਪਰਮਜੀਤ ਬਹਾਨੇ ਨਾਲ ਦੂਜੇ ਕਮਰੇ ਵਿਚ ਚਲੀ ਗਈ। ਤਾਂ ਕ ਮਾਵਾਂ ਧੀਆਂ ਗੱਲ ਕਰ ਸਕਣ।

ਕਿਵੇ ਹੈ ਪੁੱਤ ਤੂੰ ? ਚਰਨ ਕੌਰ ਨੇ ਪੁੱਛਿਆ

“ਮਾਂ ਮੈ ਬਿਲਕੁਲ ਠੀਕ ਹਾਂ, ਤੈਨੂੰ ਦੇਖ ਲਿਆ ਤਾਂ ਬਿਲਕੁਲ ਠੀਕ ਹੋ ਗਈ।”

“ਪੁੱਤ ਮੇਰੀ ਫ਼ਿਕਰ ਨਾ ਕਰ, ਮੈਂ ਬਿਲਕੁਲ ਠੀਕ ਹਾਂ, ਸੀਤੋ ਚੱਕਰ ਲਗਾਉਂਦੀ ਰਹਿੰਦੀ ਹੈ,ਕਦੀ ਮੈਂ ਜਾ ਆਉਂਦੀ ਹਾਂ। ਤੂੰ ਬਸ ਇਥੇ ਦਾ ਖਿਆਲ ਕਰ ਇਹ ਤੇਰਾ ਘਰ, ਇਧਰੋਂ ਮੈਨੂੰ ਕੋਈ ਸ਼ਿਕਾਇਤ ਨਹੀਂ ਆਉਣੀ ਚਾਹੀਦੀ।”

“ਪਰ ਮਾਂ…

“ਪਰ ਵਰ ਕੁਛ ਨਹੀਂ, ਬਸ ਇਧਰ ਧਿਆਨ ਦੇਣਾ ਤੇਰੀ ਪਹਿਲੀ ਪਹਿਲ ਹੈ।”

ਚਰਨ ਕੌਰ ਸਰਬ ਨੂੰ ਸਮਝਾ ਕੇ ਚਲੀ ਗਈ। ਸਰਬ ਨੇ ਪੂਰੀ ਕੋਸ਼ਿਸ਼ ਕੀਤੀ। ਪਰ ਉਸ ਕੋਲੋ ਨਹੀਂ ਹੋ ਸਕਿਆ। ਬਚਪਨ ਤੋਂ ਹੀ ਆਪਣੇ ਤੋਂ ਪਹਿਲਾ ਮਾਂ ਦੇ ਦਰਦ ਨੂੰ ਮਹਿਸੂਸ ਕੀਤਾ ਸੀ। ਕਿਵੇ ਇੰਨੀ ਜਲਦੀ ਉਸ ਵਲੋਂ ਬੇਫ਼ਿਕਰ ਹੋ ਜਾਂਦੀ। ਪਹਿਲਾ ਪਹਿਲਾ ਸਭ ਨੇ ਉਸਦਾ ਇਸ ਉਦਾਸੀ ਵਿਚ ਸਾਥ ਦਿੱਤਾ। ਪਰ ਸਰਬ ਜਦ ਜਿਆਦਾ ਕਰਨ ਲੱਗੀ ਤਾਂ ਬਲਜੀਤ ਤੇ ਪਰਮ ਖਿਝਣ ਲੱਗੇ। ਸਰਬ ਘਰਦਾ ਕੰਮ ਕਰਦੀ ਕਰਦੀ ਰੋ ਪੈਂਦੀ।

“ਤੇਰੀ ਮਾਂ ਠੀਕ ਹੈ, ਖੁਸ਼ ਹੈ, ਫਿਰ ਕਿਉ ਤੂੰ ਉਦਾਸੀ ਪਾਈ ਰੱਖਦੀ ਹੈ? ਪਰਮਜੀਤ ਥੋੜਾ ਖਿਝ ਕੇ ਕਹਿੰਦੀ

“ਮੰਮੀ ਜੀ ਕੀ ਕਰਾਂ ਮੈ ਬਹੁਤ ਕੋਸ਼ਿਸ਼ ਕਰਦੀ ਹਾਂ। ਪਰ ਮੇਰੇ ਤੋਂ ਨਹੀਂ ਹੁੰਦਾ। ਮੇਰਾ ਵੀਰਾ ਮਾਂ ਦੀ ਕਦਰ ਕਰਦਾ ਤਾਂ ਮੈਨੂੰ ਇੰਨਾ ਨਹੀਂ ਹੋਣਾ ਸੀ। ਪਰ ਹੁਣ….

“ਦੇਖੀ ਕਿਤੇ… ਮਾਂ ਪਿੱਛੇ ਆਪਣਾ ਘਰ ਨਾ ਬਰਬਾਦ ਕਰ ਲਵੀਂ….।” ਇਕ ਦਿਨ ਅੱਕ ਕੇ ਪਰਮਜੀਤ ਨੇ ਕਹਿ ਦਿੱਤਾ

ਸਰਬ ਇਹ ਗੱਲ ਸੁਣ ਕੇ ਸੁੰਨ ਰਹਿ ਗਈ…ਆਪਣੇ ਆਪ ਨੂੰ ਵੀ ਕੋਸਣ ਲੱਗੀ। ਬਚਪਨ ਤੋਂ ਇੰਨਾ ਸਬਰ ਰੱਖਦੀ ਆਈ ਹਾਂ ਹੁਣ ਕੀ ਹੋ ਗਿਆ ਮੈਨੂੰ….ਉਹ ਖੁਦ ਨਹੀਂ ਸਮਝ ਪਾ ਰਹੀ ਸੀ।

“ਸਰਬ ਇਕ ਕੱਪ ਚਾਹ ਲਿਆਈ।” ਬਲਜੀਤ ਨੇ ਆਵਾਜ਼ ਦਿੱਤੀ

ਪਰ ਸਰਬ ਆਪਣੇ ਖਿਆਲਾਂ ਵਿਚ ਗੁੰਮ ਸੀ। ਬਲਜੀਤ ਨੇ ਫਿਰ ਆਵਾਜ਼ ਮਾਰੀ ਸਰਬ ਨੇ ਫਿਰ ਨਾ ਜਵਾਬ ਦਿੱਤਾ। ਫਿਰ ਬਲਜੀਤ ਨੇ ਹਲੂਣਿਆ।

“ਕਦੋਂ ਦਾ ਚਾਹ ਮੰਗਦਾ ਪਿਆ।”

“ਜੀ ਪਤਾ ਨਹੀਂ ਲੱਗਾ।”

“ਆਹੋ ਕਿੱਥੋਂ ਪਤਾ ਲੱਗਣਾ ਹੈ,ਧਿਆਨ ਤਾਂ ਤੇਰੀ ਮਾਂ ਵਿਚ ਵੜਿਆ ਤੇਰਾ।” ਬਲਜੀਤ ਖਿਝ ਕੇ ਬੋਲਿਆ

” ਜੀ ਜੀ ਉਹ….ਸਰਬ ਬੋਲ ਨਾ ਸਕੀ

“ਚਲ ਪਹਿਲਾ ਤੈਨੂੰ ਛੱਡ ਆਵਾਂ ਤੇਰੀ ਮਾਂ ਕੋਲ, ਜਦ ਜੀ ਭਰ ਜਾਵੇਗਾ ਤਾਂ ਆ ਜਾਵੀਂ।”

“ਨ ਨ ਨ ਨਹੀਂ ਜੀ…ਉਹ ਤਾਂ ਬਸ ਚੇਤਾ ਆ ਗਿਆ ਸੀ। ਅੱਜ ਕੁਛ ਮਨ ਜਿਆਦਾ ਘਬਰਾ ਰਿਹਾ। ਜਿਵੇਂ ਮਾਂ ਨੂੰ ਕੁਛ….” ਸਰਬ ਨੇ ਵਾਕ ਅਧੂਰਾ ਛੱਡਿਆ

“ਸਾਰਾ ਦਿਨ ਇਹੀ ਤਾਂ ਖਿਆਲ ਆਉਂਦਾ ਰਹਿੰਦਾ ਤੈਨੂੰ, ਹੋਰ ਕੁਛ ਤਾਂ ਸੁਣਦਾ ਹੀ ਨਹੀਂ…ਚਲ ਛੇਤੀ ਤਿਆਰ ਹੋ ਜਾ…ਮੇਰੇ ਤੋਂ ਹੋਰ ਬਰਦਾਸ਼ਤ ਨਹੀਂ ਹੁੰਦਾ।”

“ਨਹੀਂ ਜੀ, ਮੈਂ ਬਸ…

“ਹਰ ਵੇਲੇ ਤੇਰੀ ਰੋਣੀ ਸੂਰਤ ਦੇਖ ਕੇ ਮੈਂ ਥੱਕ ਗਿਆ ਹਾਂ। ਮੈਂ ਹੋਰ ਨਹੀਂ ਦੇਖ ਸਕਦਾ….

“ਨਹੀਂ ਜੀ ਮੈਨੂੰ ਮਾਫ਼ ਕਰ ਦੇਉ। ਮੈਂ ਖਿਆਲ ਰਖੂੰਗੀ।”

“ਚਾਰ ਮਹੀਨੇ ਹੋਗੇ ਤੇਰਾ ਮੂੰਹ ਦੇਖਦੇ ਨੂੰ…ਬਸ ਹੋਰ ਨਹੀਂ…ਜਲਦੀ ਕਰ…ਮੈਨੂੰ ਹੋਰ ਵੀ ਬਹੁਤ ਕੰਮ ਨੇ।”

ਸਰਬ ਰੋਕਦੀ ਰਹੀ ਪਰ ਬਲਜੀਤ ਨੇ ਉਸ ਦੀ ਇਕ ਨਾ ਸੁਣੀ…
ਸਰਬ ਵੀ ਜਾਣ ਨੂੰ ਤਿਆਰ ਹੋ ਗਈ। ਉਸਨੂੰ ਅੰਦਰੋ ਮਹਿਸੂਸ ਹੋ ਰਿਹਾ ਸੀ ਕੋਈ ਗੜਬੜ ਹੈ। ਮਾਂ ਠੀਕ ਨਹੀਂ। ਫਿਰ ਜਦ ਪਹੁੰਚੇ ਤਾਂ, ਘਰ ਤਾਲਾ ਲੱਗਾ ਸੀ। ਆਸ ਪਾਸ ਤੋਂ ਪਤਾ ਕੀਤਾ ਤਾਂ ਪਤਾ ਲੱਗਾ ਕ ਮਾਂ ਹਸਪਤਾਲ ਹੈ। ਦੋਨੋ ਜਲਦੀ ਨਾਲ ਉਥੇ ਪਹੁੰਚੇ। ਸਾਹਮਣੇ ਸੀਤੋ ਮਿਲ ਗਈ।

“ਚਾਚੀ ਕੀ ਹੋਇਆ ਮਾਂ ਨੂੰ?

“ਪੁੱਤ ਰਾਤ ਡਿੱਗ ਪਈ ਸੀ, ਲੱਕ ਤੇ ਸੱਟ ਲੱਗੀ ਗਈ। ਹੁਣ ਠੀਕ ਹੈ,ਪਰ ਪਤਾ ਕਦੋਂ ਤੱਕ ਤੁਰਨ ਫਿਰਨ ਵਾਲੀ ਬਣੂ।”

“ਮੈਨੂੰ ਕਿਉ ਨਹੀਂ ਦੱਸਿਆ?

“ਪੁੱਤ ਤੇਰੀ ਮਾਂ ਨੇ ਮਨਾ ਕੀਤਾ ਸੀ।”

“ਕਿੱਥੇ ਹੈ ਹੁਣ ਮਾਂ?

ਸੀਤੋ ਦੋਨਾਂ ਨੂੰ ਚਰਨ ਕੌਰ ਕੋਲ ਲੈ ਗਈ।

“ਮਾਂ ਮੈਨੂੰ ਇੰਨੀ ਪਰਾਈ ਕਰ ਦਿੱਤਾ ਤੁਸੀ? ਸਰਬ ਰੋਣ ਲੱਗੀ

“ਜਰਾ ਜਿਹੀ ਸੱਟ ਹੈ, ਹੋ ਜਾਣਾ ਠੀਕ ਤੂੰ ਕਿਉ ਘਬਰਾ ਰਹੀ ਹੈ, ਕੁਛ ਨਹੀਂ ਹੋਇਆ ਮੈਨੂੰ।”

“ਜਿੰਨੀ ਮਰਜੀ ਹੋਵੇ,ਮੈਨੂੰ ਦੱਸਣਾ ਤੇ ਚਾਹੀਦਾ ਸੀ।”

“ਹੁਣ ਕਿਸ ਨੇ ਦੱਸਿਆ ਤੈਨੂੰ?

“ਮੇਰੇ ਦਿਲ ਨੇ, ਸਵੇਰ ਤੋਂ ਲਗਦਾ ਸੀ ਕ ਕੁਛ ਹੈ, ਮਨ ਨਹੀਂ ਲੱਗ ਰਿਹਾ ਸੀ।”

“ਅੱਛਾ, ਚਲ ਹੁਣ ਚਿੰਤਾ ਨਾ ਕਰ ਮੈਂ ਠੀਕ ਹਾਂ।”

“ਮੈਂ ਡਾਕਟਰ ਨੂੰ ਮਿਲ ਕੇ ਆਉਂਦਾ ਹਾਂ।” ਬਲਜੀਤ ਬੋਲਿਆ

ਜਦ ਬਲਜੀਤ ਵਾਪਸ ਆਇਆ ਤਾਂ ਉਸਨੇ ਕਿਹਾ

“ਛੁੱਟੀ ਮਿਲ ਗਈ ਹੈ, ਚਲੋ ਘਰ ਚਲੀਏ।”

“ਦੇਖਿਆ ਐਵੀ ਡਰੀ ਜਾਂਦੀ ਸੀ, ਕੁਛ ਨਹੀਂ ਹੋਇਆ ਮੈਨੂੰ।” ਚਰਨ ਕੌਰ ਨੇ ਹੱਸਦੇ ਹੋਏ ਕਿਹਾ

ਵਾਰਡ ਬੁਆਏ ਚਰਨ ਕੌਰ ਨੂੰ ਐਮਬੂਲੈਂਸ ਵਿਚ ਪਾ ਆਏ।ਐਮਬਲੈਂਸ ਸ਼ਹਿਰ ਵੱਲ ਚਲ ਪਈ। ਸਰਬ ਬਲਜੀਤ ਵੱਲ ਦੇਖਣ ਲੱਗੀ।

“ਮਾਂ ਦੇ ਚੂਲੇ ਤੇ ਸੱਟ ਲੱਗੀ ਹੈ, ਇਥੇ ਇਲਾਜ ਨਹੀ ਹੈ,ਅਸੀ ਸ਼ਹਿਰ ਜਾ ਕੇ ਕਰਵਾਵਾਂਗੇ।”

ਸਰਬ ਰੋਣ ਲੱਗੀ।

“ਕੁਛ ਨਹੀਂ ਹੋਵੇਗਾ ਮਾਂ ਨੂੰ ਚਿੰਤਾ ਨਾ ਕਰ, ਮੈਂ ਹੈਗਾ।”

ਸਰਬ ਨੇ ਬਲਜੀਤ ਵੱਲ ਅਹਿਸਾਨ ਭਰੀਆ ਨਜਰਾਂ ਨਾਲ ਦੇਖਿਆ। ਸ਼ਹਿਰ ਪਹੁੰਚ ਕੇ ਚਰਨ ਕੌਰ ਦਾ ਇਲਾਜ ਸ਼ੁਰੂ ਹੋ ਗਿਆ।

“ਮੰਮੀ ਜੀ ਨੂੰ ਕਿਵੇ ਦੱਸਾਂਗੇ? ਸਰਬ ਨੂੰ ਪਰਮਜੀਤ ਦੀ ਚਿੰਤਾ ਸੀ

“ਮੈ ਕਰ ਲਵਾਂਗਾ ਗੱਲ, ਤੂੰ ਚਿੰਤਾ ਨਾ ਕਰ। ਮੈਂ ਆਉਂਦਾ ਘਰੋ ਹੋ ਕੇ।” ਬਲਜੀਤ ਚਲਾ ਗਿਆ।

ਸਰਬ ਮਾਂ ਕੋਲ ਬੈਠੀ ਰਹੀ।

“ਮੈਨੂੰ ਇੱਥੇ ਕਿਉ ਲਿਆਏ? ਚਰਨ ਵੀ ਇਥੇ ਆਉਣ ਤੇ ਹੈਰਾਨ ਸੀ।

“ਕੁਛ ਨਹੀਂ ਮਾਂ ਇਥੇ ਇਲਾਜ ਵਧੀਆ….

“ਮੈਂ ਠੀਕ ਹਾਂ, ਉੱਥੇ ਹੀ ਠੀਕ ਹੋ ਜਣਾ ਸੀ। ਇਥੇ ਤਾਂ ਬਹੁਤ ਖਰਚਾ….। ਚਰਨ ਕੌਰ ਨੇ ਆਸੇ ਪਾਸੇ ਦੇਖਦੇ ਹੋਏ ਕਿਹਾ

“ਖਰਚੇ ਦੀ ਚਿੰਤਾ ਤੁਸੀ ਕਿਉ ਕਰਦੇ? ਤੁਹਾਡਾ ਪੁੱਤ ਹੈਗਾ ਤੇ ਤੁਹਾਡੀ ਭੈਣ ਹੈਗੀ।” ਪਰਮਜੀਤ ਦੀ ਆਵਾਜ਼ ਆਈ।

“ਪਰ ਭੈਣਜੀ?

“ਪਰ ਪੁਰ ਕੁਛ ਨਹੀਂ…ਤੁਸੀ ਪੈਸੇ ਦੀ ਚਿੰਤਾ ਨਹੀਂ ਕਰਨੀ… ਬਸ ਜਲਦੀ ਠੀਕ ਹੋ ਜਾਓ।”

ਚਰਨ ਕੌਰ ਦੀਆਂ ਅੱਖਾਂ ਭਰ ਆਈਆਂ। ਆਪਣੀ ਧੀ ਦੀ ਕਿਸਮਤ ਤੇ ਮਾਣ ਹੋਇਆ। ਸਰਬ ਦੀ ਆਵਾਜ਼ ਤਾਂ ਜਿਵੇਂ ਗਲੇ ਵਿਚ ਹੀ ਅਟਕ ਗਈ। ਬਸ ਪਰਮਜੀਤ ਵੱਲ ਦੇਖਦੀ ਰਹੀ।

“ਸਰਬ ਪੁੱਤ, ਮੈਂ ਤੈਨੂੰ ਗੁੱਸੇ ਹੁੰਦੀ ਸੀ… ਘਰ ਵਿਚ ਰੋਣੀ ਸੂਰਤ ਬਣਾਉਣ ਤੋਂ…ਕਿਉਕਿ ਘਰ ਵਿਚ ਬਰਕਤਾਂ ਨਹੀਂ ਰਹਿੰਦੀਆ। ਇਹਦਾ ਮਤਲਬ ਇਹ ਨਹੀਂ ਕ ਮੇਰੇ ਅੰਦਰ ਦਿਲ ਨਹੀਂ। ਮੈਂ ਵੀ ਕਿਸੇ ਦੀ ਧੀ ਹਾਂ। ਮਾਵਾਂ ਕੀ ਹੁੰਦੀਆ ਮੈ ਜਾਣਦੀ ਹਾਂ। ਸਭ ਨੂੰ ਆਪਣਾ ਘਰ ਪਿਆਰਾ ਹੁੰਦਾ, ਮੈਨੂੰ ਵੀ ਸੀ। ਮੈਂ ਵੀ ਚਾਉਂਦੀ ਸੀ… ਮੇਰਾ ਨੂੰਹ ਪੁੱਤ ਹੱਸਣ ਖੇਡਣ… ਪਰ ਤੇਰਾ ਵਾਰ ਵਾਰ ਮਾਂ ਨੂੰ ਯਾਦ ਕਰਨਾ…. ਸਾਡੀ ਖਿਝ ਦਾ ਕਾਰਨ ਬਣ ਗਿਆ। ਹੋ ਸਕੇ ਤਾਂ ਮੈਨੂੰ ਮਾਫ਼ ਕਰ ਦੇਵੀਂ।”

“ਨਹੀਂ ਮੰਮੀ ਜੀ ਇਹ ਕੀ ਕਹਿ ਰਹੇ ਹੋ, ਮਾਫ਼ੀ ਤਾਂ ਮੈਨੂੰ ਮੰਗਣੀ ਚਾਹੀਦੀ ਹੈ, ਮੈਂ ਤੁਹਾਡੇ ਜਜ਼ਬਾਤਾਂ ਨੂੰ ਸਮਝ ਨਾ ਸਕੀ। ਬਸ ਖੁਦ ਦੇ ਜ਼ਜਬਾਤ ਮੈਨੂੰ ਸਮਝ ਆਉਂਦੇ ਰਹੇ। ਤੁਸੀ ਤਾਂ ਮੈਨੂੰ ਬਹੁਤ ਇੱਜਤ ਪਿਆਰ ਤੇ ਮਾਣ ਦਿੱਤਾ ਸੀ। ਮੈਂ ਹੀ ਆਪਣਾ ਪੇਕਾ ਮੋਹ ਨਾ ਛੱਡ ਸਕੀ।”

“ਪੇਕਾ ਮੋਹ ਛੱਡਣ ਨੂੰ ਮੈ ਵੀ ਨਹੀਂ ਕਹਿੰਦੀ, ਪਰ ਸਹੁਰਾ ਮੋਹ ਵੀ ਜਰੂਰੀ ਹੈ।” ਪਰਮਜੀਤ ਨੇ ਹੱਸਦੇ ਹੋਏ ਕਿਹਾ

“ਮਾਂ ਤੂੰ ਸੱਚ ਹੀ ਕਹਿੰਦੀ ਸੀ… ਮੈਂ ਬਹੁਤ ਭਾਗਾਂ ਵਾਲੀ ਹਾਂ, ਅੱਜ ਮੈਨੂੰ ਵੀ ਲੱਗ ਰਿਹਾ ਹੈ ਕ ਮੈਂ ਸੱਚਮੁੱਚ ਭਾਗਾਂ ਵਾਲੀ ਹਾਂ…ਮੈਨੂੰ ਇਹੋ ਜਿਹਾ ਪਰਿਵਾਰ ਮਿਲਿਆ,ਜਿਹੜਾ ਹਰ ਕਿਸੇ ਕੁੜੀ ਨੂੰ ਨਹੀਂ ਮਿਲਦਾ। ਮੈਂ ਰੱਬ ਦੀ ਬਹੁਤ ਸ਼ੁਕਰਗੁਜਾਰ ਹਾਂ। ਤੇ ਮਾਂ ਮੈਂ ਤੁਹਾਡਾ ਵੀ ਧੰਨਵਾਦ ਕਰਦੀ ਹਾਂ…. ਤੁਸੀ ਇਹੋ ਜਿਹਾ ਪਰਿਵਾਰ ਮੇਰੇ ਲਈ ਚੁਣਿਆ ।” ਸਰਬ ਆਪਣੀ ਮਾਂ ਵੱਲ ਦੇਖ ਕੇ ਬੋਲੀ।

“ਭੈਣ ਜੀ ਬਹੁਤ ਬਹੁਤ ਧੰਨਵਾਦ, ਮੇਰੀ ਧੀ ਨੂੰ ਭਾਗਾਂ ਵਾਲੀ ਬਣਾਉਣ ਲਈ।” ਚਰਨ ਕੌਰ ਨੇ ਪਰਮਜੀਤ ਅੱਗੇ ਹੱਥ ਜੋੜ ਦਿੱਤੇ।
“ਨਾ ਨਾ ਇੰਝ ਨਾ ਕਰੋ, ਹੀਰਾ ਤਾਂ ਤੁਸੀ ਦਿੱਤਾ ਮੈਨੂੰ। ਬਸ ਮੈਂ ਥੋੜਾ ਜਿਹਾ ਤਰਾਸ਼ਿਆਂ ਹੈ।” ਪਰਮਜੀਤ ਹੱਸ ਕੇ ਬੋਲੀ।

ਸਰਬ ਤੇ ਚਰਨ ਕੌਰ ਨੇ ਇਕ ਦੂਜੇ ਵੱਲ ਦੇਖਿਆ। ਅੱਖਾਂ ਵਿੱਚ ਇੱਕ ਹੀ ਅਰਦਾਸ ਬਾਕੀ ਸੀ।

ਕਾਸ਼! ਅਗਰ ਮਨਜੀਤ ਵੀ ਸੁਧਰ ਜਾਵੇ….

ਦੋਨਾਂ ਨੇ ਠੰਡਾ ਹੌਕਾ ਲਿਆ। ਤੇ ਸਾਹਮਣੇ ਦੇਖਿਆ…ਬਲਜੀਤ ਨਾਲ ਮਨਜੀਤ ਤੁਰਿਆ ਆ ਰਿਹਾ ਸੀ। ਉਸਦੀਆਂ ਅੱਖਾਂ ਵਿੱਚ ਪਛਤਾਵਾ ਸੀ।

“ਹੁਣ ਇਸ ਹੀਰੇ ਨੂੰ ਮੈਂ ਤਰਾਸ਼ਾਗਾ। ਇਸਦੀ ਸਾਰੀ ਜਿੰਮੇਵਾਰੀ ਮੇਰੀ।” ਬਲਜੀਤ ਮਨਜੀਤ ਦੇ ਮੋਢੇ ਤੇ ਹੱਥ ਰੱਖ ਕੇ ਬੋਲਿਆ

ਸਰਬ ਨੇ ਬਲਜੀਤ ਵੱਲ ਦੇਖਿਆ। ਤੇ ਮਨ ਹੀ ਮਨ ਬੋਲੀ
“ਬਹੁਤ ਭਾਗਾਂ ਵਾਲੀ ਹਾਂ ਮੈ, ਹਾਂ ਬਹੁਤ ਭਾਗਾਂ ਵਾਲੀ।”

ਸਮਾਪਤ

Leave a Reply

Your email address will not be published. Required fields are marked *