ਜਿੰਦਗੀ ਕਿੱਦਾਂ ਜਿਉਣੀ ? | zindagi kida jiuni

ਓਹਨਾ ਦਾ ਕੁੱਤਾ ਬੜਾ ਬਿਮਾਰ ਸੀ..
ਓਥੇ ਅੱਪੜਿਆ..ਰੌਂਨ,ਉਸਦੀ ਵਹੁਟੀ ਲੀਸਾ ਅਤੇ ਸੱਤਾਂ ਸਾਲ ਦਾ ਪੁੱਤ ਸ਼ੈਨ..ਆਖਣ ਲੱਗੇ ਡਾਕਟਰ ਪਲੀਜ ਇਸ ਨੂੰ ਕਿਸੇ ਤਰਾਂ ਵੀ ਬਚਾ ਲਵੋ!
ਕੈਂਸਰ ਦੀ ਆਖਰੀ ਸਟੇਜ ਸੀ..ਸਾਰੇ ਪਰਿਵਾਰ ਨੂੰ ਅਸਲੀਅਤ ਦੱਸੀ..ਉਦਾਸ ਚੇਹਰੇ ਹੋਰ ਵੀ ਮੁਰਝਾ ਗਏ..ਸਲਾਹ ਦਿੱਤੀ ਕੇ ਜੇ ਚਾਹੁੰਦੇ ਹੋ ਕੇ ਹੋਰ ਜਿਆਦਾ ਤਕਲੀਫ ਨਾ ਹੋਵੇ ਤਾਂ ਟੀਕਾ ਲਵਾ ਦਿਓ!
ਪਰਿਵਾਰ ਨੇ ਹਕੀਕਤ ਸਮਝਦਿਆਂ ਹਾਂ ਕਰ ਦਿੱਤੀ ..
ਮਿਥੇ ਹੋਏ ਦਿਨ ਦੋਵੇਂ ਆਖਣ ਲੱਗੇ ਕੇ ਉਹ ਚਾਹੁੰਦੇ ਕੇ ਨਿੱਕਾ ਪੁੱਤ ਸ਼ੈਨ ਵੀ ਕੋਲ ਹੋਵੇ ਤਾਂ ਕੇ ਜਿੰਦਗੀ ਦੀਆਂ ਤਲਖ਼ ਹਕੀਕਤਾਂ ਤੋਂ ਜਾਣੂੰ ਹੋ ਸਕੇ!
ਕੁੱਤਾ ਟੇਬਲ ਤੇ ਲੰਮੇ ਪਾਇਆ ਹੋਇਆ ਸੀ ਤੇ ਨਿੱਕਾ ਸ਼ੈਨ ਉਸ ਤੇ ਹੌਲੀ ਹੌਲੀ ਹੱਥ ਫੇਰੀ ਜਾ ਰਿਹਾ ਸੀ..!
ਫੇਰ ਟੀਕੇ ਨੇ ਅਸਰ ਦਿਖਾਇਆ ਤੇ ਉਹ ਸਦਾ ਦੀ ਨੀਂਦਰ ਸੌਂ ਗਿਆ..ਸਾਰੇ ਕੁਝ ਦੇਰ ਕੋਲ ਬੈਠੇ ਰਹੇ ਫੇਰ ਮੈਂ ਇਹ ਚੁੱਪ ਤੋੜੀ ਕੇ ਕੁੱਤੇ ਇਨਸਾਨ ਦੇ ਮੁਕਾਬਲੇ ਬੜੀ ਥੋੜੀ ਜਿੰਦਗੀ ਜਿਉਂਦੇ ਨੇ..!
ਕੁਝ ਹੋਰ ਆਖਣ ਹੀ ਲੱਗਾ ਸਾਂ ਕੇ ਸ਼ੈਨ ਬੋਲ ਉਠਿਆ..ਕਹਿੰਦਾ ਤੁਹਾਨੂੰ ਪਤਾ ਕੁੱਤਿਆਂ ਦੀ ਉਮਰ ਏਨੀ ਛੋਟੀ ਕਿਓਂ ਹੁੰਦੀ ਏ?
ਮੇਰੇ ਕੰਨ ਖੜੇ ਹੋ ਗਏ..ਆਖਣ ਲੱਗਾ ਕੇ ਅਸਲ ਵਿਚ ਇਨਸਾਨ ਨੂੰ ਇਹ ਸਿੱਖਣ ਵਾਸਤੇ ਹੀ ਕਾਫੀ ਸਮਾਂ ਲੱਗ ਜਾਂਦਾ ਏ ਕੇ ਇੱਕ ਚੰਗੀ ਜਿੰਦਗੀ ਕਿੱਦਾਂ ਜਿਉਣੀ ਅਤੇ ਦੂਜਿਆਂ ਨੂੰ ਪਿਆਰ ਕਿੱਦਾਂ ਕਰਨਾ ਹੈ..ਚੰਗਾ ਵਰਤਾਓ ਕਿਦਾਂ ਕਰਨਾ ਹੈ..ਪਰ ਇਹ ਸਭ ਗੱਲਾਂ ਤੋਂ ਪਹਿਲਾਂ ਤੋਂ ਹੀ ਵਾਕਿਫ ਹੁੰਦੇ ਹਨ..ਸੋ ਓਹਨਾ ਨੂੰ ਏਨਾ ਲੰਮਾ ਸਮਾਂ ਜਿਉਂਦੇ ਰਹਿਣ ਦੀ ਲੋੜ ਹੀ ਨਹੀਂ ਰਹਿੰਦੀ..!
ਨਿੱਕਾ ਸ਼ੈਨ ਕਿੰਨੀ ਵੱਡੀ ਗੱਲ ਆਖ ਗਿਆ ਸੀ..ਕੱਸ ਕੇ ਚਪੇੜ ਮਾਰੀ ਸੀ ਹੈਵਾਨ ਬਣੀ ਹੋਈ ਅਜੋਕੀ ਇਨਸਾਨੀਅਤ ਤੇ!
ਫਰਜ ਕਰੋ ਜੇ ਇੱਕ ਕੁੱਤਾ ਸਾਡਾ ਅਧਿਆਪਕ ਹੁੰਦਾ ਤਾਂ ਉਹ ਸ਼ਾਇਦ ਅੱਗੇ ਦਿੱਤੀਆਂ ਕੁਝ ਗੱਲਾਂ ਤੇ ਜ਼ੋਰ ਪਾਇਆ ਕਰਦਾ..
>ਜਦੋ ਵੀ ਕੋਈ ਮਿੱਤਰ ਪਿਆਰਾ ਘਰੇ ਆਵੇ ਤਾਂ ਸਾਰੇ ਕੰਮ ਛੱਡ ਦੌੜ ਕੇ ਉਸਦਾ ਤਹਿ ਦਿੱਲੋਂ ਸੁਆਗਤ ਕਰੋ..
>ਜਿੰਦਗੀ ਵਿਚ ਕਦੀ ਵੀ ਅਨੰਦ ਮਾਨਣ ਵਾਲੇ ਸਫ਼ਰ ਵਾਲੇ ਮੌਕੇ ਨੂੰ ਅਜਾਈਂ ਨਾ ਗਵਾਓ..
>ਠੰਡੀ ਮੀਠੀ ਤੇ ਤਾਜੀ ਹਵਾ ਦੇ ਬੁੱਲਿਆਂ ਨੂੰ ਆਪਣੇ ਚੇਹਰੇ ਤੇ ਪੈਣ ਦਿਓ ਇਹ ਜਿੰਦਗੀ ਵਿਚ ਤਾਜਗੀ ਤੇ ਨਵਾਂਪਣ ਭਰ ਦਿੰਦੇ ਨੇ..
>ਸੁਵੇਰੇ ਉੱਠਣ ਤੋਂ ਪਹਿਲਾਂ ਹਲਕਾ ਫੁਲਕਾ ਸਟ੍ਰੈੱਚ (ਹਲਕੀ ਕਸਰਤ) ਜਰੂਰ ਕਰਿਆ ਕਰੋ..
>ਰੋਜਾਨਾ ਦੌੜੋ..ਨੱਚੋ..ਕੁੱਦੋ..ਹੱਸੋ..ਖੇਡੋ..ਖੁਸ਼ੀਆਂ ਮਾਣੋ ਤੇ ਬੱਚੇ ਬਣ ਸ਼ਰਾਰਤਾਂ ਜਰੂਰ ਕਰੋ..
>ਦੂਜਿਆਂ ਵੱਲੋਂ ਵਿਖਾਈ ਹਮਦਰਦੀ ਨੂੰ ਆਪਣੇ ਵਜੂਦ ਤੇ ਖੁੱਲ ਦਿੱਲੀ ਨਾਲ ਪ੍ਰਵਾਨ ਕਰੋ ਅਤੇ ਓਹਨਾ ਵੱਲੋਂ ਪਿਆਰ ਅਤੇ ਆਦਰ ਸਤਿਕਾਰ ਵਾਲੇ ਸਪਰਸ਼ ਨੂੰ ਕਦੀ ਵੀ ਗਲਤ ਨਾ ਸਮਝੋ!
>ਜਿਥੇ ਭੌਂਕਣ ਨਾਲ ਕੰਮ ਚੱਲ ਜਾਵੇ ਤਾਂ ਓਥੇ ਕਿਸੇ ਨੂੰ ਵੱਢਣਾ ਬੇਵਕੂਫੀ ਹੋਵੇਗੀ..ਜਾਣੀ ਕੇ ਮਾਰੇ ਨਾਲੋਂ ਭਜਾਇਆ ਚੰਗਾ..
>ਗਰਮੀਂ ਦੇ ਦਿਨਾਂ ਵਿਚ ਗਰਮ ਘਾਹ ਤੇ ਲੇਟਣਾ ਬੇਵਕੂਫੀ ਹੋਵੇਗੀ..ਵੱਧ ਤੋਂ ਵੱਧ ਪਾਣੀ ਪਿਓ ਅਤੇ ਹਮੇਸ਼ਾ ਛਾਂ ਵਾਲੀ ਜਗਾ ਤੇ ਹੀ ਰਹੋ..
>ਜਦੋਂ ਦੁਸ਼ਮਣ ਮੀਟ ਦੀ ਬੋਟੀ ਪਾ ਦੇਵੇ ਤਾਂ ਆਪਣੇ ਘਰ ਦੀ ਰਾਖੀ ਕਰਨੀ ਕਦੀ ਨਾ ਛੱਡੋ ਤੇ ਨਾ ਹੀ ਆਪਣੇ ਮਾਲਕ ਤੇ ਭੌਂਕੋ..
>ਜਦੋਂ ਬਹੁਤ ਖੁਸ਼ ਹੋਵੋ ਤਾਂ ਇਸ ਦਾ ਇਜਹਾਰ ਨੱਚ ਕੇ ਜਾ ਫੇਰ ਆਪਣੇ ਦੁਆਲੇ ਚੱਕਰ ਕੱਟ ਕੇ ਜਰੂਰ ਕਰੋ..
>ਜਦੋਂ ਕਦੀ ਪੈਦਲ ਤੁਰ ਕੇ ਲੰਮੀ ਦੂਰੀ ਤਹਿ ਕਰਨੀ ਪੈ ਜਾਵੇ ਤਾਂ ਖੁਸ਼ੀ ਮਹਿਸੂਸ ਕਰੋ..
>ਹਮੇਸ਼ਾਂ ਹਰੇਕ ਨਾਲ ਵਫ਼ਾਦਾਰ ਰਹੋ..
>ਕਦੀ ਵੀ ਉਹ ਬਣ ਕੇ ਨਾ ਦਿਖਾਓ ਜੋ ਤੁਸੀਂ ਹੈ ਨਹੀਂ..ਸਹਿਜ ਵਿਚ ਜੀਣਾ ਸਿੱਖੋ..
>ਜੇ ਕਦੀ ਸੱਚ ਦੀ ਭਾਲ ਕਰਨੀ ਪੈ ਜਾਵੇ ਤਾਂ ਟੋਆ ਓਨੀ ਦੇਰ ਤੱਕ ਪੁੱਟਦੇ ਰਹੋ ਜਦੋਂ ਤੱਕ ਇਹ ਮਿਲ ਨਹੀਂ ਜਾਂਦਾ..
>ਕਿਸੇ ਕਾਰਨ ਜੇ ਕੋਈ ਮਿੱਤਰ ਪਿਆਰਾ ਉਦਾਸ ਜਾਂ ਗੁੱਸੇ ਵਿਚ ਹੈ ਤਾਂ ਚੁੱਪ ਉਸਦੇ ਕੋਲ ਬੈਠੇ ਰਹੋ ਤੇ ਉਸਨੂੰ ਇਹ ਇਹਸਾਸ ਦਿਵਾਓ ਕੇ ਉਹ ਇਸ ਦੁਨੀਆ ਵਿਚ ਇੱਕਲਾ ਨਹੀਂ ਏ..!
ਪੰਜਾਹ ਸਾਲ ਪਹਿਲੋਂ ਆਈ “ਅਨੰਦ” ਨਾਮ ਦੀ ਫਿਲਮ..ਪਲ ਪਲ ਮੌਤ ਵੱਲ ਵਧਦਾ ਕੈਂਸਰ ਇੱਕ ਪੀੜਤ ਇਨਸਾਨ..ਤਾਂ ਵੀ ਪਲ ਪਲ ਘਟਦੀ ਜਾਂਦੀ ਜਿੰਦਗੀ ਦਾ ਹਰ ਇੱਕ ਪਲ ਖੁੱਲ ਕੇ ਮਾਣਦਾ ਹੋਇਆ ਉਹ ਅਕਸਰ ਹੀ ਨਾਲਦੇ ਨੂੰ ਆਖਦਾ..ਦੋਸਤਾਂ ਜਿੰਦਗੀ ਲੰਮੀ ਨਹੀਂ ਵੱਡੀ ਹੋਣੀ ਚਾਹੀਦੀ ਏ..!
ਪਰ ਵਰਤਮਾਨ ਦੀ ਇਕ ਵੱਡੀ ਤ੍ਰਾਸਦੀ..ਬਹੁਤਿਆਂ ਨੂੰ ਅਖੀਰ ਤੀਕਰ ਵੱਡੀ ਤੇ ਲੰਮੀ ਉਮਰ ਵਿਚ ਫਰਕ ਪਤਾ ਹੀ ਨਹੀਂ ਲੱਗਦਾ!
ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *