ਸਕੂਨ | skoon

ਸਾਡਾ ਬਿਨਾ ਇੱਕ ਦੂਜੇ ਨੂੰ ਵੇਖਿਆ ਹੀ ਰਿਸ਼ਤਾ ਹੋ ਗਿਆ ਸੀ..
ਫੇਰ ਵੀ ਇਹ ਮੈਨੂੰ ਖੂਹ ਚੋ ਪਾਣੀ ਕੱਢਦੀ ਹੋਈ ਨੂੰ ਚੋਰੀ ਚੋਰੀ ਝਾਤੀ ਮਾਰ ਹੀ ਗਏ ਸਨ..ਗੁੜ ਵੇਚਣ ਵਾਲਾ ਬਣਕੇ..ਇਹਨਾਂ ਮੈਨੂੰ ਵਿਆਹ ਮਗਰੋਂ ਦੱਸਿਆ!

ਜੰਝ ਟਾਂਗਿਆਂ ਤੇ ਆਈ..ਦੋ ਰਾਤਾਂ ਰਹੀ ਸੀ..ਸਾਰੇ ਪਿੰਡ ਵਿਚ ਬੰਦੋਬਸਤ ਕੀਤਾ ਸੀ..ਲਾਵਾਂ ਫੇਰੇ ਵੀ ਲੰਮਾਂ ਸਾਰਾ ਘੁੰਡ ਕਢਵਾ ਕੇ ਹੋਏ ਸਨ..!

ਜਦੋਂ ਵਿਆਹ ਕੇ ਤੁਰਨ ਲੱਗੇ ਤਾਂ ਸੂਬੇਦਾਰ ਚਾਚਾ ਥੋੜੀ ਅਡਵਾਂਸ ਸੋਚ ਦਾ ਮਾਲਕ..ਧੱਕੇ ਨਾਲ ਆਖਣ ਲੱਗਾ ਦੋਹਾਂ ਨੂੰ ਇਕੱਠਿਆਂ ਬਿਠਾ ਚਾਹ ਪਿਆਉਣੀ ਏ!
ਕਈਆਂ ਮੂੰਹ ਅੱਗੇ ਹੱਥ ਰੱਖ ਲਏ..ਇੰਝ ਕਿੱਦਾਂ ਹੋ ਸਕਦਾ?
ਆਪਣੇ ਘਰੇ ਖੜ ਜਿੱਦਾਂ ਮਰਜੀ ਪਿਆਇਓ ਪਰ ਪੇਕੇ ਘਰ ਇੰਝ ਨੀ ਹੋਣ ਦੇਣਾ..ਦੋ ਨਿੱਕੀਆਂ ਵੀ ਹੈਣ..ਉਹ ਵੀ ਅਖੀਰ ਵਿਔਣੀਆਂ!

ਪਰ ਚਾਚੇ ਦੀ ਜਿੱਦ ਅੱਗੇ ਕਿਸੇ ਦੀ ਨਾ ਚੱਲੀ..!
ਕੰਬਦੇ ਹੱਥਾਂ ਨਾਲ ਕੱਪ ਫੜਿਆ..ਘੁੱਟ ਭਰਨ ਲਈ ਨਾਲਦੀ ਨੇ ਘੁੰਡ ਉਤਾਂਹ ਚੁੱਕਿਆ..ਲੁਕਵੀਂਆਂ ਨਜਰਾਂ ਨਾਲ ਇਹਨਾਂ ਵੱਲ ਵੇਖਿਆ..ਇਹਨਾਂ ਦੀ ਟੇਢੀ ਨਜਰ ਵੀ ਮੇਰੇ ਤੇ ਸੀ..ਏਨੀ ਹੋਸ਼ ਵੀ ਨਹੀਂ ਸੀ ਕੀ ਨਾਲਦੀਆਂ ਜਾਣ ਬੁਝ ਚਾਹ ਵਿਚ ਮਿੱਠਾ ਨਹੀਂ ਸੀ ਪਾਇਆ..!

ਅਜੇ ਪਾਣੀ ਵਾਰ ਸਹੁਰੇ ਘਰ ਲਿਆਂਦੀ ਨੂੰ ਮਹੀਨਾ ਵੀ ਨਹੀਂ ਸੀ ਹੋਇਆ ਕੇ ਇਹਨਾਂ ਨੂੰ ਸਕੂਲੇ ਕੱਚੀ ਨੌਕਰੀ ਮਿਲ ਗਈ..ਫੇਰ ਛੇਤੀ ਮਗਰੋਂ ਹੀ ਡਾਕੀਏ ਨੇ ਪੱਕੇ ਹੋਣ ਵਾਲੀ ਖਬਰ ਵੀ ਲਿਆ ਫੜਾਈ..ਇਹ ਆਖਣ ਮੇਰੇ ਘਰ ਕਰਮਾਂ ਵਾਲੀ ਦੇ ਪੈਰ ਪਏ ਤਾਂ ਹੀ ਇਹ ਕਰਾਮਾਤ ਹੋ ਸਕੀ..!

ਫੇਰ ਸਾਰੀ ਜਿੰਦਗੀ ਇਹ ਅਸੂਲ ਬਣਿਆ ਰਿਹਾ..
ਬਾਰ ਤੇ ਇਹਨਾਂ ਦੇ ਸਾਈਕਲ ਦੀ ਘੰਟੀ ਵੱਜਦੀ ਤੇ ਨਾਲ ਹੀ ਚੁੱਲੇ ਤੇ ਧਰੀ ਚਾਹ ਦੀ ਪਤੀਲੀ ਉਬਾਲੇ ਮਾਰਨ ਲੱਗ ਜਾਂਦੀ..!
ਮੀਂਹ ਜਾਵੇ ਤੇ ਭਾਵੇਂ ਹਨੇਰੀ ਜਾਵੇ..ਅਸੀਂ ਚਾਹ ਇਕੱਠਿਆਂ ਬੈਠ ਪੀਣੀ ਹੀ ਹੁੰਦੀ ਸੀ..!
ਵਾਂਢੇ ਗਏ ਵੀ ਆਪਣਾ ਕੱਪ ਚੁੱਕ ਮੇਰੇ ਕੋਲ ਆ ਜਾਇਆ ਕਰਦੇ..
ਕਈ ਮਖੌਲ ਵੀ ਕਰਿਆ ਕਰਦੇ ਪਰ ਇਹਨਾਂ ਨੂੰ ਕੋਈ ਪ੍ਰਵਾਹ ਨਾ ਹੁੰਦੀ..!
ਚਾਹ ਦੀਆਂ ਚੁਸਕੀਆਂ ਭਰਦੇ ਹੋਏ ਇਹ ਕਿੰਨਾ ਚਿਰ ਸਕੂਲੇ ਸਾਰਾ ਦਿਨ ਵਾਪਰੀਆਂ ਹੋਈਆਂ ਦੱਸਦੇ ਰਹਿੰਦੇ ਤੇ ਮੈਂ ਵੀ ਅੱਗੋਂ ਆਂਢ ਗਵਾਂਢ ਵਿਚ ਹਰ ਹੋਈ ਬੀਤੀ ਅੰਦਰੋਂ ਕੱਢ ਹੌਲੀ ਜਿਹੀ ਹੋ ਜਾਇਆ ਕਰਦੀ..ਘੜੀ ਦੀਆਂ ਸੂਈਆਂ ਪੁੱਛ ਕੇ ਅਗਾਂਹ ਵਧਿਆ ਕਰਦੀਆਂ ਤੇ ਸੂਰਜ ਵੀ ਸਾਡੇ ਇਸ਼ਾਰਿਆਂ ਤੇ ਨੱਚਦਾ ਹੋਇਆ ਪ੍ਰਤੀਤ ਹੋਇਆ ਕਰਦਾ!

ਅੱਜ ਏਨੇ ਵਰ੍ਹਿਆਂ ਬਾਅਦ ਠੰਡੇ ਮੁਲਖ ਦੇ ਇਸ ਵੱਡੇ ਸਾਰੇ ਘਰ ਵਿਚ ਪੋਤਰੇ ਨੂੰ ਆਪਣੀ ਬੁੱਕਲ ਵਿਚ ਬਿਠਾਈ ਸਵੇਰ ਤੋਂ ਆਪਣੇ ਚਾਰੇ ਪਾਸੇ ਮਚੀ ਹੋਈ ਹਾਹਾਕਾਰ ਵੇਖ ਓਹੀ ਪੁਰਾਣੇ ਦਿਨ ਚੇਤੇ ਆ ਗਏ ਨੇ..
ਮਾਰੋ ਮਾਰ ਕਰਦਾ ਹੋਇਆ ਕੋਈ ਬਾਹਰ ਨੂੰ ਜਾ ਰਿਹਾ..ਤੇ ਸੈੱਲ ਫੋਨ ਤੇ ਉਂਗਲਾਂ ਮਾਰਦਾ ਕੋਈ ਬਰੂਹਾਂ ਟੱਪ ਅੰਦਰ ਆ ਰਿਹਾ..ਜੇ ਪਹਿਲਾ ਘਰੇ ਹੈ ਤਾਂ ਦੂਜਾਂ ਕੰਮ ਤੇ..ਤੇ ਜੇ ਦੂਜਾ ਘਰੇ ਹੈ ਤਾਂ ਪਹਿਲਾਂ ਬਿੱਲ ਬੱਤੀਆਂ ਜੋਗੇ ਬਣਾਉਣ ਦੀ ਦੌੜ ਵਿਚ ਲਗਿਆ ਹੋਇਆ ਹੈ..ਕਿਸੇ ਨੂੰ ਇਹ ਜੀਵਨ ਸ਼ੈਲੀ ਹੈਰਾਨ ਵੀ ਨਹੀਂ ਕਰਦੀ..ਪੁਰਾਣੇ ਟਾਈਮ ਜੂ ਨਹੀਂ ਵੇਖੇ ਕਿਸੇ ਨੇ..!

ਇਕੱਠਿਆਂ ਚਾਹ ਵਾਲੀ ਸਾਡੀ ਆਦਤ ਕਨੇਡਾ ਤੱਕ ਵੀ ਬਰਕਰਾਰ ਰਹੀ..ਪਰ ਇਹਨਾਂ ਦੇ ਤੁਰ ਜਾਣ ਮਗਰੋਂ ਐਸਾ ਦਿੱਲ ਟੁੱਟਾ ਕੇ ਚਾਹ ਦਾ ਕੋਈ ਪੱਕਾ ਟਾਈਮ ਰਿਹਾ ਹੀ ਨਹੀਂ..ਜਦੋਂ ਜੀ ਕਰਦਾ ਪਤੀਲੀ ਧਰ ਲੈਂਦੀ ਹਾਂ..!

ਸਾਰਾ ਕੁਝ ਹੁੰਦਿਆਂ ਹੋਇਆ ਵੀ ਨਿੱਕੀ ਨਿੱਕੀ ਗੱਲ ਤੋਂ ਖਿਜ੍ਹ ਖਿਜਾਈ..ਗੁੱਸੇ ਗਿੱਲੇ..ਹਰ ਵੇਲੇ ਦੀ ਭੱਜ ਦੌੜ..ਉਹ ਮੈਥੋਂ ਵੱਡਾ..ਉਸਦੀ ਮਹਿੰਗੀ ਮੇਰੀ ਸਸਤੀ..ਉਹ ਮੇਰੇ ਕਮਰੇ ਵਿਚ ਬਿਨਾ ਇਜਾਜਤ ਕਿਓਂ ਆਇਆ..ਇਹੀ ਗੁੰਝਲਾਂ.. ਇਹੀ ਝਮੇਲੇ..
ਸੋਚ ਸੋਚ ਦਿਮਾਗ ਫਟਣ ਤੇ ਆ ਜਾਂਦਾ..
ਅਖੀਰ ਗੱਲ ਇਥੇ ਆ ਮੁੱਕਦੀ ਏ ਕੇ ਦੌੜ ਭੱਜ ਵਾਲੇ ਇਸ ਮਾਹੌਲ ਵਿਚ “ਫੁਰਸਤ” ਨਾਮ ਦੀ ਚੀਜ ਹੀ ਮੇਂਹਗੀ ਹੋ ਗਈ ਏ ਵਰਨਾ ‘ਸਕੂਨ’ ਤੇ ਕਿਸੇ ਵੇਲੇ ਏਨਾ ਸਸਤਾ ਸੀ ਕੇ ਚਾਹ ਦੀ ਇੱਕ ਪਿਆਲੀ ਨਾਲ ਹੀ ਮਿਲ ਜਾਇਆ ਕਰਦਾ!

ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *