ਮੁਕਾਬਲਾ | muqabla

ਮੁਕਾਬਲਾ ਬਣ ਗਿਆ ਜਾਂ ਬਣਾ ਦਿੱਤਾ ਗਿਆ..ਬਹਿਸ ਦਾ ਵਿਸ਼ਾ ਨਹੀਂ..ਵਿਸ਼ਾ ਇਹ ਹੈ ਕੇ ਜੋ ਘਰੋਂ ਤੁਰੇ ਸਨ..ਕਿੰਨੇ ਕੂ ਪੱਕੇ ਪੈਰੀ ਹੋ ਕੇ ਤੁਰੇ..ਇਖਲਾਕ ਤੋਂ ਗਿਰਿਆਂ ਹੋਇਆਂ ਨੂੰ ਸੋਧਣ ਲਈ ਸੁੱਖਾ ਸਿੰਘ ਮਹਿਤਾਬ ਸਿੰਘ ਤਾਂ ਸਦੀਆਂ ਤੋਂ ਬਣਦੇ ਹੀ ਆਏ ਨੇ..!
ਮਗਰੋਂ ਦਾ ਬਿੱਪਰਵਾਦੀ ਪ੍ਰਚਲਨ ਬੜਾ ਸਿਧ ਸਾਧ ਏ..ਹਿਰਾਸਤ ਵਿਚ ਲਵੋ..ਕੁੱਟੋ ਮਾਰੋ..ਜਿੱਦਾਂ ਮਰਜੀ ਕਰੋ..ਕੋਈ ਪੁੱਛ ਗਿੱਛ ਨਹੀਂ..ਫੇਰ ਦੇਰ ਸੁਵੇਰ ਹਥਿਆਰਾਂ ਦੀ ਬਰਾਮਦਗੀ ਲਈ ਬਾਹਰ ਖੜੋ..ਕਿਸੇ ਨਹਿਰ ਕੱਸੀ ਝਾਲ ਲਾਗੇ ਜੋ ਮਰਜੀ ਕਹਾਣੀ ਘੜ ਲਵੋ..ਅਖੌਤੀ ਲੋਕਤੰਤਰ ਦੇ ਚੋਥੇ ਸਤੰਭ ਨੂੰ ਸਭ ਮਨਜੂਰ!
ਦੂਜੇ ਪਾਸੇ ਦਸ ਬਾਰਾਂ ਵੇਰ ਪੈਰੋਲ..ਅਨੇਕਾਂ ਬਲਾਤਕਾਰ..ਪੱਤਰਕਾਰ ਦਾ ਕਤਲ..ਅਣਗਿਣਤ ਨਪੁੰਸਕ ਬਣਾ ਦਿੱਤੇ..ਹੋਰ ਵੀ ਕਿੰਨਾ ਕੁਝ..ਮਗਰੋਂ ਸ਼ਰੇਆਮ ਕਰਵਾਈ ਹਿੰਸਾ ਵਿਚ ਤੀਹ ਚਾਲੀ ਲੋਕ ਵੀ ਮਾਰੇ ਗਏ..ਕਰੋੜਾਂ ਅਰਬਾਂ ਦੀ ਸੰਪਤੀ ਦਾ ਨੁਕਸਾਨ..ਅਦਾਲਤ ਵੱਲੋਂ ਦੋਸ਼ੀ ਵੀ..ਪਰ ਸਿਸਟਮ ਨੂੰ ਉਸਦਾ ਸ਼ਾਹੀ ਠਾਠ ਬਾਠ ਨਾਲ ਜਿਉਂਦੇ ਰਹਿਣਾ ਜਰੂਰੀ ਏ..!
ਚਾਲੀ ਸਾਲ ਪਹਿਲੋਂ ਦਿੱਲੀ ਅਤੇ ਹੋਰ ਥਾਈਂ ਜੋ ਕੁਝ ਵੀ ਹੋਇਆ..ਉਸ ਸਭ ਦੀਆਂ ਅੱਜ ਵੀ ਅਨੇਕਾਂ ਤਸਵੀਰਾਂ..ਅਨੇਕਾਂ ਗਵਾਹ..ਅਨੇਕਾਂ ਥਿਉਰੀਆਂ ਮੌਜੂਦ..ਕਿਸੇ ਇੱਕ ਅੱਧੇ ਦਾ ਹੀ ਮੁਕਾਬਲਾ ਬਣਾ ਦਿੰਦੇ..ਗੋਂਗਲੂਆਂ ਤੋਂ ਮਿੱਟੀ ਹੀ ਝਾੜ ਦਿੰਦੇ..ਪਰ ਨਹੀਂ..ਉੱਪਰ ਵਾਲੇ ਨੇ ਮੁਕਾਬਲਿਆਂ ਲਈ ਸਿਰਫ ਤੇ ਸਿਰਫ ਦੋ ਪਰਸੈਂਟ ਵਾਲੇ ਹੀ ਸਿਰਜੇ ਨੇ!
ਖੈਰ ਸੈਕੜੇ ਹਜਾਰਾਂ ਵੇਰ ਵਾਪਰੇ ਹੋਰ ਵੀ ਕਿੰਨੇ ਸਾਰੇ ਬਿਰਤਾਂਤ..ਮੈਂ ਲਿਖਦਿਆਂ ਨਹੀਂ ਥੱਕਣਾ ਪਰ ਤੁਸੀਂ ਪੜ੍ਹਦਿਆਂ ਥੱਕ ਜਰੂਰ ਜਾਓਗੇ..ਫੇਰ ਲੰਮਾ ਸਾਹ ਲੈ ਆਖੋਗੇ ਓਹੀ ਪੁਰਾਣੀਆਂ ਕਹਾਣੀਆਂ..ਪੁਰਾਣੇ ਬਿਰਤਾਂਤ..ਦਹਾਕਿਆਂ ਪੁਰਾਣੇ ਵਿਧੀ ਵਿਧਾਨ..ਕੰਨ ਪੱਕ ਗਏ ਸੁਣ ਸੁਣ ਕੇ..ਹੁਣ ਛੱਡੋ ਪਰਾਂ..ਆਓ ਅਜੋਕੀ ਲੋਕਤੰਤਰ ਪ੍ਰਣਾਲੀ ਨੂੰ ਅਪਣਾਓ..ਸਿਸਟਮ ਦਾ ਹਿੱਸਾ ਬਣੋ..ਅੱਜ ਦੀ ਗੱਲ ਕਰੋ..ਖੁਸ਼ੀਆਂ ਖ਼ੇੜੇ ਤਰੱਕੀ ਬਦਲਾਅ ਵਾਲੇ ਪਹਿਆਂ ਤੇ ਤੁਰੋ..ਪਰ ਇੱਕ ਸ਼ਰਤ ਉਸ ਸਭ ਕੁਝ ਨੂੰ ਸਦੀਵੀਂ ਭੁੱਲਣਾ ਪੈਣਾ..ਇੱਕ ਵੇਰ ਨਹੀਂ ਬੱਸ ਵਾਰ ਵਾਰ ਭੁੱਲੀ ਜਾਵੋ..ਹਰ ਵਾਰ..ਓਦੋਂ ਤੱਕ ਜਦੋਂ ਤੀਕਰ ਬੇਂਡਿੱਟ ਕੁਈਨ ਵਾਲੀ ਫੂਲਨ ਦੇਵੀ ਨਹੀਂ ਬਣ ਜਾਂਦੇ..ਉਹ ਫੂਲਨ ਦੇਵੀ ਜਿਸਦਾ ਇੱਕੋ ਰਾਤ ਵਿਚ ਏਨੀ ਵੇਰ ਬਲਾਤਕਾਰ ਕੀਤਾ ਗਿਆ ਕੇ ਅਖੀਰ ਵਿਚ ਉਸਨੂੰ ਹਨੇਰੇ ਕਮਰੇ ਦਾ ਵਾਰ ਵਾਰ ਖੁੱਲਦਾ ਅਤੇ ਬੰਦ ਹੁੰਦਾ ਬੂਹਾ ਹੀ ਯਾਦ ਰਹਿ ਗਿਆ..!
ਮਦਾਰੀ ਕਰਤਬ ਲਈ ਫੜ ਲਿਆਂਦੇ ਰਿੱਛ ਦੀ ਮਾਂ ਦਾ ਸਭ ਤੋਂ ਪਹਿਲੋਂ ਸ਼ਿਕਾਰ ਖੇਡਦਾ..ਕਿਧਰੇ ਪੈੜ ਨੱਪਦੀ ਮਗਰ ਹੀ ਨਾ ਆ ਜਾਵੇ..ਫੇਰ ਬੱਚੇ ਦੇ ਨਹੁੰ ਪੁੱਟਦਾ..ਨੱਕ ਵਿਚ ਸੁਰਾਖ ਕਰ ਨਕੇਲ ਕੱਸਦਾ..ਮਗਰੋਂ ਲੋਹੇ ਦੀ ਤੱਤੀ ਕੀਤੀ ਇੱਕ ਸਿਲ ਤੇ ਪੈਰ ਰੱਖਣ ਲਈ ਮਜਬੂਰ ਕਰਦਾ..ਜਦੋਂ ਪੈਰ ਸੜਦੇ ਤਾਂ ਰਿੱਛ ਦਾ ਬੱਚਾ ਲਗਾਤਾਰ ਪੈਰ ਬਦਲਦਾ ਰਹਿੰਦਾ..ਅਖੀਰ ਮਦਾਰੀ ਇਸੇ ਸਭ ਕੁਝ ਨੂੰ ਸੰਗੀਤ ਅਤੇ ਢੋਲ ਦੇ ਡਗੇ ਨਾਲ ਲੈਅ ਬੱਧ ਕਰ ਦਿੰਦਾ..ਫੇਰ ਟਰੇਂਡ ਹੋਇਆ ਰਿੱਛ ਜਦੋਂ ਵੀ ਢੋਲ ਦਾ ਡਗਾ ਸੁਣਦਾ ਤਾਂ ਪੈਰ ਬਦਲਣ ਲੱਗ ਜਾਂਦਾ ਤੇ ਦਰਸ਼ਕ ਇਸਨੂੰ ਨਾਚ ਸਮਝ ਪੈਸਿਆਂ ਦੀ ਝੜੀ ਲਾ ਦਿੰਦੇ!
ਦਸਮ ਪਿਤਾ ਦਾ ਫਲਸਫਾ ਬੰਦਾ ਸਿੰਘ ਬਹਾਦੁਰ ਦੀ ਹੁੰਕਾਰ ਅਠਾਰਵੀਂ ਸਦੀ ਦਾ ਇਤਿਹਾਸ ਨਲੂਏ ਫੂਲਾ ਸਿੰਘ ਸ਼ਾਮ ਸਿੰਘ ਅਤੇ ਜਿੰਦੇ ਸੁੱਖੇ ਦੀਆਂ ਤੇਗਾਂ ਅਤੇ ਜੇਲ ਚਿੱਠੀਆਂ ਭੁੱਲ ਮਦਾਰੀ ਦਾ ਟਰੇਂਡ ਕੀਤਾ ਰਿੱਛ ਬਣਨਾ ਪੈਣਾ..ਦਿੱਲੀਓਂ ਵੱਜੇ ਢੋਲ ਦੇ ਡਗੇ ਤੇ ਥਿਰਕ ਉੱਠਦਾ ਰਿੱਛ ਦਾ ਬੱਚਾ..ਫੇਰ ਵੇਖੀਓਂ ਕਿੱਦਾਂ ਮੀਂਹ ਵਰਦਾ..ਬੋਰੇ ਭਰ ਭਰ ਆਏ ਪੈਸਿਆਂ ਦਾ..ਤਾੜੀਆਂ ਦਾ..ਸਿਫਤਾਂ ਸਲਾਹੁਤਾਂ ਨਜਰਾਨੇਆਂ ਦਾ..ਅਹੁਦੇ ਮਨਿਸਟਰੀਆਂ ਅਤੇ ਚੇਅਰਮੈਨੀਆਂ ਦਾ..ਫੇਰ ਭਲਾ ਕੋਈ ਮਾਈ ਦਾ ਲਾਲ ਮੁਕਾਬਲਾ ਬਣਾ ਗਿਆ ਤਾਂ ਬੇਸ਼ੱਕ ਨਾਮ ਬਦਲ ਦਿਓ!
ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *