ਸ਼ਿਕਾਰੀ | shikari

ਗੱਲ ਅੱਖੀਂ ਵੇਖੀ ਤੋਂ ਸ਼ੁਰੂ ਹੁੰਦੀ..10 ਮਈ 1987 ਐਤਵਾਰ..ਪਿੰਡ ਬਰਾਤ ਆਉਣੀ ਸੀ..ਕੋਲ ਹੀ ਘਰਾਂ ਵਿਚ ਇੱਕ ਹੋਰ ਸਪੀਕਰ ਵੀ ਸੀ..
ਕਿਸੇ ਦੇ ਮੁੰਡਾ ਜੰਮਿਆ ਸੀ..ਉਚੇਚਾ ਸੁਨੇਹਾ ਘੱਲਿਆ ਕੇ ਕੋਈ ਗੰਦ ਮੰਦ ਨਹੀਂ ਲੱਗਣਾ ਚਾਹੀਦਾ!
ਗੰਦ-ਮੰਦ ਤੋਂ ਭਾਵ ਦੋ ਅਰਥੀ ਗੀਤ..!
ਮਗਰੋਂ ਰਿਸ਼ਤਿਆਂ ਦੀ ਸੰਵੇਦਨਾ ਪਤਾ ਲੱਗੀ ਤਾਂ ਫੇਰ ਸਮਝ ਆਈ ਕੇ ਮਨਾ ਕਿਓਂ ਕੀਤਾ ਸੀ..!
ਅੱਜ ਰੀਲਾਂ ਟਿੱਕ-ਟੌਕ ਅਤੇ ਯੂ-ਟੀਊਬ ਦਾ ਯੁੱਗ..ਪਰ ਗੈਰਤਮੰਦ ਅੱਜ ਵੀ ਆਪਣੇ ਘਰੇ ਉਹ ਸਭ ਕੁਝ ਸੁਣਨ ਦਾ ਹੀਆ ਨਹੀਂ ਕਰ ਸਕਦਾ..!
ਚਾਰ ਦਹਾਕਿਆਂ ਮਗਰੋਂ ਅੱਜ ਇੱਕ ਫਿਲਮ ਬਣਾ ਦਿੱਤੀ ਗਈ..ਸੈਂਸਰ ਵੱਲੋਂ ਵੀ ਕੋਈ ਇਤਰਾਜ ਨਹੀਂ..ਸਭ ਕੁਝ ਦਿਨਾਂ ਵਿਚ ਕਲੀਅਰ ਵੀ ਹੋ ਗਿਆ..!
ਫਿਲਮ ਅੰਦਰ ਖੁੱਲੇ ਅਖਾੜੇ ਤੇ ਗਾਇਆ ਗਿਆ ਇੱਕ ਗੀਤ..ਅਧੀਏ ਦਾ ਨਸ਼ਾ ਚੜ ਗਿਆ..ਦਰਸ਼ਨ ਤੇਰੇ ਕਰਕੇ ਨੀ..ਮਾਈਕ ਤੇ ਲਿਖਿਆ ਵੱਡਾ ਸਾਰਾ “ਖਾਲਸਾ”..ਆਖਦੇ ਨਿੱਕੀ ਨਿੱਕੀ ਬਰੀਕੀ ਦਾ ਖਿਆਲ ਰਖਿਆ ਪਰ ਇਸ ਵੱਲ ਅੱਖੀਆਂ ਮੀਟੀ ਰੱਖੀਆਂ!
ਸੈਂਕੜੇ ਪੇਜਾਂ ਵੱਲੋਂ ਜ਼ੋਰ ਸ਼ੋਰ ਨਾਲ ਕੀਤਾ ਜਾ ਰਿਹਾ ਪ੍ਰਚਾਰ..ਜਿਆਦਾ ਜ਼ੋਰ ਬੰਬੇ ਵਾਲੇ ਪਾਸਿਓਂ ਲੱਗ ਰਿਹਾ..ਚਾਰ ਦਹਾਕੇ ਪਹਿਲੋਂ ਵਾਲੀ ਬੇਹੀ ਕੜੀ ਹੁਣ ਫੇਰ ਉਬਾਲ ਧਰੀ..ਫਿਲਮ ਚੰਗੀ ਕੇ ਮਾੜੀ..ਵੱਡੀ ਬਹਿਸ ਦਾ ਮੁੱਦਾ ਪਰ ਜੇ ਗਾਈਕੀ ਨੂੰ ਹੀ ਪੈਮਾਨਾ ਮੰਨ ਲਿਆ ਜਾਵੇ ਤਾਂ ਹੋਰ ਵੀ ਬੜਾ ਕੁਝ ਬਣਾਉਣ ਨੂੰ..!
ਮਾਝੇ ਦਾ ਪਿੰਡ ਚੋਹਲਾ ਸਾਬ..ਭਾਈ ਨਿਰਮਲ ਸਿੰਘ..ਬਹੁਤ ਸੋਹਣੀ ਅਵਾਜ..ਢਾਡੀ ਵਾਰਾਂ ਉੱਚ ਦਰਜੇ ਦੀਆਂ..ਅੰਦਰ ਤੀਕਰ ਝੁਣਝੁਣੀ ਛੇੜ ਦਿੰਦੀਆਂ..ਪਰ ਵਕਤੀ ਸ਼ਾਸ਼ਕਾਂ ਵੱਲੋਂ ਫੜ ਜੁਬਾਨ ਕਟਵਾ ਦਿੱਤੀ ਫੇਰ ਖਤਮ ਕਰ ਦਿੱਤਾ..ਇੱਕ ਫਿਲਮ ਉਸ ਸਿੰਘ ਤੇ ਵੀ ਬੰਨਣੀ ਚਾਹੀਦੀ..!
ਪੰਜਾਬ ਉੱਨੀ ਸੌ ਚੁਰਾਸੀ ਬਣੀ..ਮੇਰੇ ਪਿੰਡ ਦੀ ਓ ਨਹਿਰ ਨੂੰ ਸੁਨੇਹਾ ਦੇ ਦਿਓ..ਨੀ ਮੈਂ ਫੇਰ ਤਾਰੀ ਲਾਊਂ ਸਿਵਿਆਂ ਚ ਸੜ ਕੇ..ਇਸੇ ਪੈਟਰਨ ਤੇ ਗਾਉਂਦੀ ਇੱਕ ਹੋਰ ਬਹੁਤ ਸੋਹਣੀ ਅਵਾਜ..ਹਿੱਕ ਦੇ ਜ਼ੋਰ ਤੇ ਗਾਉਂਦਾ ਮਝੈਲ..ਬਟਾਲੇ ਵੱਲ ਦੇ ਲੋਕ ਅੱਜ ਵੀ ਭਾਈ ਦਵਿੰਦਰ ਸਿੰਘ ਜਾਗੋ ਆਖ਼ ਯਾਦ ਕਰਦੇ..ਮਗਰੋਂ ਤਸੀਹੇ ਦੇ ਕੇ ਮੁਕਾ ਦਿੱਤਾ..ਇੰਝ ਦੀ ਇੱਕ ਕੋਸ਼ਿਸ਼ ਉਸ ਬਾਰੇ ਵੀ ਕੀਤੀ ਜਾ ਸਕਦੀ!
ਬਟਾਲੇ ਦੀ ਗੱਲ ਚੱਲੀ ਤਾਂ ਡੇਰਾ ਬਾਬਾ ਨਾਨਕ ਕੋਲ ਡੀ.ਐੱਸ.ਪੀ ਨੇ ਛਾਤੀ ਵਿਚ ਏ.ਕੇ ਸੰਤਾਲੀ ਦਾ ਪੂਰਾ ਮੈਗਜੀਤ ਖਾਲੀ ਕਰ ਦਿੱਤਾ..ਸਟੇਜ ਉੱਪਰ ਹੀ..ਜਦੋਂ ਉਸਦੇ ਮਨਪਸੰਦ ਗੀਤ ਗਾਉਣ ਤੋਂ ਨਾਂਹ ਕਰ ਦਿੱਤੀ ਸੀ..ਦਿਲਸ਼ਾਦ ਅਖਤਰ ਕਿਸੇ ਗੱਲੋਂ ਘੱਟ ਨਹੀਂ ਸੀ!
ਜਸਵੰਤ ਸਿੰਘ ਖਾਲੜੇ ਤੇ ਬਣੀ ਫਿਲਮ..ਸੈਂਸਰ ਵੱਲੋਂ ਵੀਹ ਬਾਈ ਇਤਰਾਜ ਲਾ ਕੇ ਡੱਬੇ ਵਿਚ ਬੰਦ..ਜੇ ਸਿਨੇਮਿਆਂ ਵਿਚ ਲੱਗ ਵੀ ਗਈ ਤਾਂ ਵੀ ਕਿੰਨੇ ਕਿੰਤੂ ਪ੍ਰੰਤੂ..ਇੰਝ ਉਂਝ..!
ਆਉਣ ਵਾਲੇ ਟਾਈਮ ਕੇ ਪੀ ਗਿੱਲ ਅਜੀਤ ਸੰਧੂ ਘੋਟਣੇ ਪਿੰਕੀ ਸੰਤੋਖੇ ਕਾਲੇ ਲੱਖੇ ਮਰੂਤੀਆਂ ਤੇ ਵੀ ਫ਼ਿਲਮਾਂ ਬਣਨਗੀਆਂ..ਦੇਸ਼ ਭਗਤੀ ਅਤੇ ਯੋਗਦਾਨ ਟੀਸੀ ਤੇ ਖੜਿਆ ਜਾਵੇਗਾ..ਪੋਚੇ ਵੀ ਪਾਏ ਜਾਣਗੇ..ਫਿਲਮ ਵੱਖੋ ਵੱਖ ਪੇਜਾਂ ਤੇ ਪ੍ਰਮੋਟ ਕੀਤੀ ਜਾਵੇਗੀ..ਰੀਲਾਂ ਬਣਨਗੀਆਂ..!
ਫਿਲਮ ਦੇ ਅਖੀਰ ਵਿਚ ਇੱਕ ਨਿੱਕਾ ਜਿਹਾ ਨੋਟ ਹੋਵੇਗਾ..ਚੱਲਦੀ ਜੰਗ ਵਿਚ ਆਟੇ ਦੇ ਨਾਲ ਜੇ ਥੋੜਾ ਬਹੁਤ ਘੁਣ ਵੀ ਪਿੱਸ ਗਿਆ ਤਾਂ ਉਸਦਾ ਸਾਨੂੰ ਅਫਸੋਸ ਏ..!
ਬਹੁਤ ਪੂਰਾਣੀ ਕਹਾਵਤ..ਜਦੋਂ ਜੰਗਲ ਵਿਚ ਸ਼ੇਰਾਂ ਦੀ ਆਪਣੀ ਕੋਈ ਲਿਖਾਰੀ ਧਿਰ ਨਾ ਹੋਵੇ ਤਾਂ ਸ਼ਿਕਾਰਾਂ ਦੇ ਬਿਰਤਾਂਤ ਸ਼ਿਕਾਰੀ ਆਪਣੇ ਹਿਸਾਬ ਨਾਲ ਲਿਖਦੇ ਆਏ!
ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *