ਧੂੰਏਂ ਦਾ ਗੁਬਾਰ | dhuye da gubar

ਵੀਹ ਕੂ ਸਾਲ ਪਹਿਲਾਂ ਵਾਲੇ ਵੇਲਿਆਂ ਦੀ ਗੱਲ..
ਜਿਸ ਦਿਨ ਵੀ ਕਿਸੇ ਨੇ ਮੈਨੂੰ ਦੇਖਣ ਆਉਣਾ ਹੁੰਦਾ ਮੇਰੀ ਮਾਂ ਦੇ ਨਾਲ ਨਾਲ ਮੇਰੇ ਪਾਪਾ ਦਾ ਵੀ ਪੂਰਾ ਜ਼ੋਰ ਲੱਗ ਜਾਂਦਾ…
ਉਹ ਫਾਰਮ ਹਾਊਸ ਨੂੰ ਆਉਂਦਾ ਰਾਹ ਸਾਫ ਕਰਦੇ..ਡੰਗਰ ਵੇਹੜੇ ਚੋਂ ਖੋਲ ਦੂਰ ਬੰਨ ਆਇਆ ਕਰਦੇ..ਖਾਣ ਪੀਣ ਦੇ ਕਿੰਨੇ ਸਾਰੇ ਟੇਬਲ ਕੁਰਸੀਆਂ..ਸਾਰੇ ਕੁਝ ਦਾ ਐਨ ਸਲੀਕੇ ਜਿਹੇ ਨਾਲ ਬੰਦੋਬਸਤ ਕਰ ਦਿੱਤਾ ਜਾਂਦਾ..!
ਫੇਰ ਪ੍ਰਾਹੁਣੇ ਵਾ ਵਰੋਲੇ ਵਾਂਙ ਆਉਂਦੇ..ਏਧਰ ਓਧਰ ਝਾਤੀਆਂ ਵੱਜਦੀਆਂ..ਆਪੋ ਵਿਚ ਖੁਸਰ ਫੁਸਰ ਹੁੰਦੀ..ਤੇ ਫੇਰ ਘੰਟੇ ਦੋ ਘੰਟੇ ਵਿਚ ਹੀ ਅਹੁ ਗਏ ਅਹੁ ਗਏ ਹੋ ਜਾਂਦੀ..ਅਤੇ ਮਗਰੋਂ ਕੱਚੇ ਪਹੇ ਤੇ ਵਾਹੋ ਦਾਹੀ ਭੱਜੀਆਂ ਜਾਂਦੀਆਂ ਕਾਰਾਂ ਦੇ ਕਾਫਲੇ ਵੱਲੋਂ ਉਡਾਇਆ ਘੱਟੇ ਦਾ ਵੱਡਾ ਸਾਰਾ ਗੁਬਾਰ ਦੇਖ ਸਮਝ ਆ ਜਾਂਦੀ ਕੇ ਦੇਖਾ-ਦਿਖਾਈ ਵਾਲੀ ਕਾਰਵਾਈ ਦਾ ਨਤੀਜਾ ਕੀ ਨਿੱਕਲਿਆ!
ਮੇਰਾ ਬਾਪ ਜਦੋਂ ਮੇਰੇ ਸਿਰ ਤੇ ਹੱਥ ਫੇਰ ਮੈਨੂੰ ਹੋਂਸਲਾ ਜਿਹਾ ਦਿੰਦਾ ਤਾਂ ਮੈਨੂੰ ਪਤਾ ਲੱਗ ਜਾਂਦਾ ਕੇ ਉਸਦੇ ਅੰਦਰ ਕਿੰਨੀ ਟੁੱਟ ਭੱਜ ਚੱਲ ਰਹੀ ਹੁੰਦੀ ਸੀ..
ਮੇਰਾ ਰੰਗ ਏਨਾ ਸਾਫ ਵੀ ਨਹੀਂ ਸੀ..ਬੱਸ ਠੀਕ ਠੀਕ ਕਣਕਵੰਨਾ ਜਿਹਾ..ਕਨਸੋਆਂ ਲੈਂਦੇ ਬਹੁਤੇ ਰਿਸ਼ਤੇਦਾਰਾਂ ਦੀ ਪਹੁੰਚ ਬੱਸ ਮੈਨੂੰ ਰੰਗ ਗੋਰਾ ਕਰਨ ਵਾਲੀਆਂ ਕਰੀਮਾਂ ਦੇ ਨਾਮ ਦੱਸਣ ਤੱਕ ਹੀ ਸੀਮਤ ਸੀ..!
ਦਸਾਂ ਕਿੱਲਿਆਂ ਦੀ ਖੇਤੀ ਵਾਲੇ ਚਾਰ ਬੱਚਿਆਂ ਦੇ ਬਾਪ ਦੀ ਏਨੀ ਪਹੁੰਚ ਨਹੀਂ ਸੀ ਕੇ ਵੱਡੀ ਧੀ ਨੂੰ ਐੱਮ.ਐੱਸ.ਸੀ ਤੋਂ ਵੱਧ ਪੜਾਈ ਕਰਵਾ ਸਕਦਾ!
ਅਖੀਰ ਇੱਕ ਦਿਨ ਮੈਂ ਦਿਲ ਦੀ ਗੱਲ ਖੋਲ ਹੀ ਦਿੱਤੀ ਤੇ ਮਾਂ ਨੇ ਸਾਰਾ ਟੂਮ-ਛੱਲਾ ਗਹਿਣੇ ਪਾ ਦਿੱਤਾ..
ਹਫਤੇ ਬਾਅਦ ਹੀ ਚੰਡੀਗੜ ਮੁਕਾਬਲੇ ਦੇ ਇਮਤਿਹਾਨ ਦੀ ਤਿਆਰੀ ਵਾਲੇ ਸੈਂਟਰ ਪਹੁੰਚ ਗਈ..ਤਿਆਰੀ ਨਹੀਂ ਪਾਗਲਪਣ ਦੀ ਹੱਦ ਤੱਕ ਦਾ ਜਨੂੰਨ ਸੀ ਉਹ..ਸੁਫਨਿਆਂ ਵਿਚ ਵੀ ਤੁਰੀਆਂ ਜਾਂਦੀਆਂ ਕਾਰਾਂ ਦੇ ਕਾਫਲੇ ਆ ਜਾਂਦੇ ਤੇ ਮੈਂ ਅੱਭੜਵਾਹੇ ਉੱਠ ਪੜਨ ਬੈਠ ਜਾਂਦੀ!
ਫੇਰ ਬੈਂਕ ਪ੍ਰਸ਼ਾਸ਼ਨਿਕ ਅਧਿਕਾਰੀ ਦਾ ਨਿਯੁਕਤੀ ਪੱਤਰ ਮਿਲਦਿਆਂ ਹੀ ਰਿਸ਼ਤਿਆਂ ਦਾ ਹੜ ਜਿਹਾ ਆ ਗਿਆ!
ਇੱਕ ਦਿਨ ਵਿਚੋਲੇ ਨੇ ਆ ਕੇ ਦੱਸਿਆ ਕੇ ਮੁੰਡੇ ਵਾਲਿਆਂ ਨੂੰ ਕੁੜੀ ਪਸੰਦ ਏ..ਬੱਸ ਵਿਆਹ ਦੀ ਤਰੀਕ ਬਾਰੇ ਹੀ ਗੱਲ ਕਰਨੀ ਚਾਹੁੰਦੇ ਨੇ..!
ਮੈਂ ਹੈਰਾਨ ਸਾਂ ਕੇ ਬਿਨਾ ਦੇਖਿਆ ਕੋਈ ਕਿਸੇ ਨੂੰ ਕਿੱਦਾਂ ਪਸੰਦ ਕਰ ਸਕਦਾ ਏ?
ਆਖਣ ਲੱਗਾ ਕੇ “ਕੀ ਦੇਖਣਾ ਤੇ ਕੀ ਜਾਣਨਾ ਜੀ..ਓਹਨਾ ਨੂੰ ਤੁਹਾਡੇ ਬਾਰੇ ਸਭ ਕੁਝ ਪਹਿਲਾਂ ਈ ਪਤਾ ਹੀ ਏ”
“ਪਰ ਹੁਣ ਮੈਂ ਤੇ ਬਿਨਾ ਦੇਖਿਆ ਨਹੀਂ ਕਰ ਸਕਦੀ..ਦੇਖੂੰਗੀ ਵੀ ਤੇ ਇੱਕ ਇੱਕ ਗੱਲ ਦੀ ਪਰਖ ਵੀ ਕਰੂੰਗੀ”..ਮੈਂ ਆਪਮੁਹਾਰੇ ਹੀ ਆਖ ਉਠੀ..!
ਇਸ ਵਾਰ ਮੇਰੇ ਬਾਪ ਦੇ ਚੇਹਰੇ ਤੇ ਪੱਸਰ ਗਈ ਮਿੱਠੀ ਜਿਹੀ ਮੁਸਕੁਰਾਹਟ ਬੜਾ ਕੁਝ ਬਿਆਨ ਕਰ ਰਹੀ ਸੀ..ਅਤੇ ਮੇਰੇ ਸਿਰ ਤੇ ਫਿਰਦਾ ਹੋਇਆ ਉਸਦਾ ਪੋਲਾ ਜਿਹਾ ਹੱਥ ਮੈਨੂੰ ਦਿਲਾਸਾ ਨਹੀਂ ਸਗੋਂ ਮੇਰੀ ਦ੍ਰਿੜਤਾ ਨੂੰ ਹੋਰ ਪੱਕਿਆ ਕਰ ਰਿਹਾ ਸੀ..
ਇਸੇ ਦੌਰਾਨ ਵਿਚੋਲੇ ਨੇ ਪਾਣੀ ਦਾ ਗਿਲਾਸ ਮੰਗਿਆ ਤੇ ਫੇਰ ਖਾਲੀ ਗਿਲਾਸ ਟੇਬਲ ਤੇ ਰੱਖ ਸਿਰਫ ਏਨੀ ਗੱਲ ਆਖ ਸਕੂਟਰ ਨੂੰ ਕਿੱਕ ਮਾਰ ਗਿਆ ਕੇ “ਜਿੱਦਾਂ ਤੁਹਾਡੀ ਮਰਜੀ ਜੀ..ਮੇਰਾ ਕੰਮ ਤਾਂ ਸੁਨੇਹਾ ਦੇਣਾ ਹੀ ਸੀ”
ਇਸ ਵਾਰ ਮੇਰੀ ਨਜਰ ਸਾਮਣੇ ਜਜਬਾਤਾਂ ਦਾ ਘਾਣ ਕਰ ਧੂੜ ਉਡਾਉਂਦਾ ਜਾਂਦਾ ਅਣਗਿਣਤ ਕਾਰਾਂ ਦਾ ਵੱਡਾ ਸਾਰਾ ਕਾਫਲਾ ਨਹੀਂ ਸਗੋਂ ਨਿੱਕੇ ਜਿਹੇ ਸਕੂਟਰ ਦੇ ਵਜੂਦ ਵਿਚੋਂ ਨਿੱਕਲਿਆ ਹੋਇਆ ਧੂੰਏਂ ਦਾ ਨਿੱਕਾ ਜਿਹਾ ਉਹ ਗੁਬਾਰ ਸੀ ਜਿਹੜਾ ਕਿਧਰੋਂ ਚੜ ਆਏ ਬੱਦਲਾਂ ਦੇ ਸਮੂੰਹ ਵਿਚੋਂ ਪੈਦਾ ਹੋ ਗਏ ਮੀਂਹ ਦੇ ਵੱਡੇ ਸਾਰੇ ਛਰਾਟੇ ਨਾਲ ਪਤਾ ਹੀ ਨਹੀਂ ਕਿੱਧਰ ਅਲੋਪ ਹੋ ਗਿਆ!
ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *