ਮੇਰੇ ਪਿੰਡ ਦੀ ਓ ਨਹਿਰ ਨੂੰ ਸੁਨੇਹਾ ਦੇ ਦਿਓ | mere pind di oh nehar nu suneha de deo

ਤੜਕੇ ਮੂੰਹ ਹਨੇਰੇ ਪਿੰਡੋਂ ਬਾਹਰਵਾਰ ਉਸ ਵਿਆਹ ਵਾਲੇ ਘਰ ਜਾ ਛਾਪਾ ਮਾਰਿਆ..!
ਨਿੱਘੀਆਂ ਰਜਾਈਆਂ ਵਿਚ ਗੂੜੀ ਨੀਂਦਰ ਸੁੱਤੇ ਲੋਕ..ਥਾਣੇਦਾਰ ਨੇ ਦੂਰ ਖਲਿਆਰੀ ਜਿਪਸੀ ਵਿਚੋਂ ਦੋ ਸਿਪਾਹੀ ਅਤੇ ਇੱਕ ਹੌਲਦਾਰ ਨੂੰ ਅੰਦਰ ਘਲਿਆ..
ਹੌਲਦਾਰ ਨੇ ਅੰਦਰ ਵੜਦਿਆਂ ਹੀ ਸੰਤਾਲੀ ਲੋਡ ਕਰ ਲਈ ਤੇ ਐਨ ਮੰਜਿਆਂ ਦੇ ਵਿਚਕਾਰ ਜਾ ਕੇ ਵਾਜ ਦਿੱਤੀ..”ਓਏ ਮੁਗਲ ਚੱਕ ਵਾਲਾ “ਲਾਡੀ” ਕੌਣ ਏ ਤੁਹਾਡੇ ਵਿਚੋਂ..?
ਜੀ ਮੈਂ ਹੀ ਹਾਂ ਦੱਸੋ ਕੀ ਗੱਲ ਹੋਈ”..ਇੱਕ ਚੌਦਾਂ ਪੰਦਰਾਂ ਸਾਲਾਂ ਦਾ ਅਣ-ਦਾਹੜੀਆਂ ਮੁੰਡਾ ਉਭੜਵਾਹੇ ਅੱਖਾਂ ਮਲਦਾ ਹੋਇਆ ਉੱਠ ਖਲੋਤਾ..!
ਹੌਲਦਾਰ ਨੇ ਉਸਨੂੰ ਅਸਾਲਟ ਦੀ ਨੋਕ ਤੇ ਅੱਗੇ ਲਾ ਜਿਪਸੀ ਵੱਲ ਤੋਰ ਲਿਆ..ਫੇਰ ਮੇਰੇ ਕੋਲ ਬਿਠਾ ਛੇਤੀ ਨਾਲ ਉਸਦੇ ਸਿਰੋਂ ਓਸੇ ਦਾ ਸਾਫਾ ਲਾਹ ਅੱਖਾਂ ਤੇ ਪੱਟੀ ਬੰਨ ਦਿਤੀ!
ਉਹ ਇੱਕ ਦੋ ਵੇਰ ਬੋਲਿਆ..ਭਾਉ ਦੱਸੋ ਤੇ ਸਹੀ ਕਿੱਧਰ ਲੈ ਚੱਲੇ ਓ..ਪਰ ਜਿਪਸੀ ਵਿਚ ਚੁੱਪੀ ਛਾਈ ਰਹੀ..!
ਅੱਧੇ ਘੰਟੇ ਦੀ ਵਾਟ ਮਗਰੋਂ ਤਰਨਤਾਰਨ ਸ਼ਹਿਰ ਤੋਂ ਬਾਹਰ ਇੱਕ ਢਾਬੇ ਤੇ ਬ੍ਰੇਕ ਮਾਰ ਲਈ..ਸਾਰੇ ਜਣੇ ਚਾਹ-ਪਾਣੀ ਪੀਣ ਥੱਲੇ ਉੱਤਰ ਗਏ..ਮੈਨੂੰ ਉਸਦੇ ਕੋਲ ਅੰਦਰ ਹੀ ਬਿਠਾ ਗਏ..!
ਮੈਂ ਗਹੁ ਨਾਲ ਤੱਕਿਆ..ਚੁੱਪ ਚੁਪੀਤੇ ਸਿਰ ਸੁੱਟੀ ਬੈਠਾ ਉਹ ਮੈਨੂੰ ਦਸਵੀਂ ਚ ਪੜ੍ਹਦੇ ਮੇਰੇ ਪੁੱਤ ਵਰਗਾ ਲੱਗਾ..ਅਲੂਣਾ ਕੋਰੀ ਸਲੇਟ ਵਰਗਾ..ਬੇਫਿਕਰਾ ਜਿਹਾ..!
ਮੌਕਾ ਪਾ ਕੇ ਹੌਲੀ ਜਿਹੀ ਪੁੱਛ ਲਿਆ..”ਓਏ ਜਦੋਂ ਹੌਲਦਾਰ ਨੇ ਵਾਜ ਮਾਰੀ ਸੀ ਤਾਂ ਤੂੰ ਕਾਹਤੋਂ ਬੋਲ ਪਿਆ ਕੇ ਮੈਂ ਹੀ ਲਾਡੀ ਹਾਂ..ਘੇਸ ਮਾਰ ਕੇ ਦੜੇ ਰਹਿਣਾ ਸੀ ਰਜਾਈ ਅੰਦਰ..ਤੈਨੂੰ ਕਿਹੜਾ ਕੋਈ ਪਛਾਣਦਾ..”
“ਭਾਊ ਮੈਂ ਕਿਹੜਾ ਕੋਈ ਗਲਤ ਕੰਮ ਕੀਤਾ..ਸਿਰਫ ਰਾਹ ਹੀ ਤਾਂ ਦੱਸਿਆ ਸੀ ਓਦਣ..ਰਾਹ ਦੱਸਣਾ ਭਲਾ ਕਿਹੜਾ ਕੋਈ ਗੁਨਾਹ ਏ..ਪਹਿਲੋਂ ਵੀ ਤੇ ਪੁੱਛਗਿੱਛ ਕਰਕੇ ਛੱਡ ਹੀ ਗਏ ਸਨ”
ਮੈਂ ਉਸਦੇ ਮੂੰਹ ਵੱਲ ਵੇਖਦਾ ਰਿਹਾ..ਫੇਰ ਅੰਦਰੋਂ ਹੂਕ ਨਿੱਕਲੀ..”ਗੁਨਾਹ ਬੇਗੁਨਾਹ ਪਰਖਣ ਦੀ ਵੇਹਲ ਕਿਸਦੇ ਕੋਲ ਏ ਪੁੱਤਰਾ..ਇਸ ਵਾਰ ਜਿਹਨਾਂ ਵੱਸ ਪੈ ਗਿਆ..ਛੇਤੀ ਕੀਤਿਆਂ ਨੀ ਛੱਡਦੇ”!
ਫੇਰ ਜਦੋਂ ਚਾਰ ਦਿਨਾਂ ਦੀ ਪੁੱਛਗਿੱਛ ਮਗਰੋਂ ਇੱਕ ਸੁਵੇਰ ਤੜਕੇ ਮੂੰਹ ਹਨੇਰੇ ਉਸਨੂੰ ਮੁੜ ਜਿਪਸੀ ਵਿਚ ਪਾ ਕੇ ਤੁਰਨ ਲੱਗੇ ਤਾਂ ਉਸਤੋਂ ਠੀਕ ਤਰਾਂ ਖਲੋਤਾ ਵੀ ਨਹੀਂ ਸੀ ਜਾ ਰਿਹਾ..ਮੈਂ ਆਸਰਾ ਦੇ ਕੇ ਅੰਦਰ ਬਿਠਾਇਆ!
ਘੜੀ ਕੂ ਦੀ ਚੁੱਪੀ ਮਗਰੋਂ ਮੈਨੂੰ ਸਹਿ-ਸੁਬਾ ਹੀ ਪੁੱਛ ਲਿਆ..”ਭਾਊ ਕਿਥੇ ਕੂ ਖੜ ਕੇ ਕਰਨਾ ਕੰਮ”?
ਮੈਥੋਂ ਕੋਈ ਜੁਆਬ ਨਾ ਦਿੱਤਾ ਗਿਆ..ਅੱਧੇ ਕੂ ਘੰਟੇ ਦੀ ਵਾਟ ਮਗਰੋਂ ਗੱਡੀ ਨਹਿਰ ਵਾਲੀ ਲਿੰਕ ਰੋਡ ਵੱਲ ਮੋੜ ਲਈ..ਫੇਰ ਥੋੜੀ ਕੂ ਦੂਰ ਅਗਾਂਹ ਜਾ ਕੇ ਰੁੱਖਾਂ ਦੇ ਸੰਘਣੇ ਝੁੰਡ ਕੋਲ ਜਾ ਬ੍ਰੇਕ ਮਾਰ ਲਈ!
ਕਿਸੇ ਨੇ ਕਿਸੇ ਨੂੰ ਕੁਝ ਵੀ ਨਹੀਂ ਆਖਿਆ..ਹਰੇਕ ਨੂੰ ਚੰਗੀ ਤਰਾਂ ਪਤਾ ਸੀ ਕੇ ਉਸ ਨੇ ਕੀ ਕਰਨਾ ਏ..!
ਖੋਦੀ ਦਾਹੜੀ ਵਾਲਾ ਹੌਲਦਾਰ ਥੱਲੇ ਉੱਤਰਿਆ..ਐਸ.ਐੱਲ.ਆਰ ਲੋਡ਼ ਕੀਤੀ ਤੇ ਫੇਰ ਆਸੇ ਪਾਸੇ ਵੇਖ ਅਵਾਜ ਦਿੱਤੀ..ਲੈ ਆਓ ਬਾਹਰ..!
ਉਸਨੂੰ ਫੜ ਕੇ ਹੇਠਾਂ ਲਾਹੁਣ ਲੱਗੇ ਤਾਂ ਮੈਨੂੰ ਆਖਣ ਲੱਗਾ “ਭਾਉ ਮੇਰਾ ਕੰਮ ਤੇ ਕਰੀਂ ਇੱਕ..ਮੇਰੀ ਮਾਂ ਨੂੰ ਸੁਨੇਹਾ ਜਰੂਰ ਦੇਵੀਂ..ਆਖੀਂ ਲਾਡੀ ਬੜਾ ਚੇਤੇ ਕਰਦਾ ਸੀ ਜਾਣ ਲਗਿਆਂ..ਫੇਰ ਸਾਰਿਆਂ ਵੱਲ ਹੱਥ ਜੋੜਦਾ ਹੋਇਆ ਆਖਣ ਲੱਗਾ “ਚੰਗਾ ਭਰਾਵੋ..ਵਾਹਿਗੁਰੂ ਜੀ ਕਾ ਖਾਲਸਾ..ਵਾਗੁਰੁ ਜੀ ਕੇ ਫਤਹਿ..”
ਮੇਰੇ ਮੂਹੋਂ ਹੋਰ ਕੋਈ ਗੱਲ ਨਹੀਂ ਸੀ ਨਿੱਕਲ ਰਹੀ ਪਰ ਫਤਹਿ ਦਾ ਜੁਆਬ ਫਤਹਿ ਨਾਲ ਦਿੱਤਾ ਗਿਆ..ਗਾਤਰਾ ਪਾਇਆ ਹੋਣ ਕਰਕੇ ਮਹਿਕਮੇ ਵਾਲੇ ਸਾਰੇ ਮੈਨੂੰ ਨਿਹੰਗ ਆਖ ਬੁਲਾਇਆ ਕਰਦੇ ਸਨ..!
ਥਾਣੇਦਾਰ ਮੇਰੇ ਗਲ਼ ਪੈ ਗਿਆ..ਓਏ ਨਿਹੰਗਾਂ ਤੈਨੂੰ ਕੀ ਲੋੜ੍ਹ ਪਈ ਸੀ ਫਤਹਿ ਦਾ ਜੁਆਬ ਦੇਣ ਦੀ..”
ਮੈਂ ਨਿਸੰਗ ਹੋ ਕੇ ਆਖ ਦਿੱਤਾ..”ਗੁਰੂਆਂ ਦੀ ਬਖਸ਼ੀ ਹੋਈ ਫਤਹਿ ਹੈ..ਜੁਆਬ ਦੇਣਾ ਤਾਂ ਹਰੇਕ ਸਿੱਖ ਦਾ ਫਰਜ ਬਣਦਾ ਹੀ ਏ..”
ਉਸਨੂੰ ਅੱਗੋਂ ਕੋਈ ਹੋਰ ਗੱਲ ਨਾ ਅਹੂਰੀ..ਬੱਸ ਡੇਲੇ ਜਿਹੇ ਕੱਢ ਵੇਹਂਦਾ ਰਿਹਾ..!
ਇਸਤੋਂ ਪਹਿਲਾਂ ਕੇ ਸਾਡੀ ਬਹਿਸ ਕੋਈ ਹੋਰ ਰੂਪ ਅਖਤਿਆਰ ਕਰਦੀ..ਇੱਕੋ ਦਮ “ਠਾਹ”..”ਠਾਹ” ਦੀਆਂ ਆਈਆਂ ਕਿੰਨੀਆਂ ਸਾਰੀਆਂ ਅਵਾਜਾਂ ਨਾਲ ਰੁੱਖਾਂ ਤੇ ਬੈਠੇ ਸਾਰੇ ਪੰਛੀ ਰੌਲਾ ਪਾਉਂਦੇ ਹੋਏ ਜਿਧਰ ਨੂੰ ਰਾਹ ਲੱਭਾ..ਉੱਡ ਗਏ..ਫੇਰ ਸੁੰਨਸਾਨ ਛਾ ਗਈ!
ਘੰਟੇ ਕੂ ਮਗਰੋਂ ਸਾਰੇ ਵਾਪਿਸ ਪਰਤ ਆਏ..ਓਸੇ ਢਾਬੇ ਤੋਂ ਫੇਰ ਚਾਹ ਪੀਤੀ..!
ਹੌਲਦਾਰ ਨੇ ਕਿੰਨਿਆਂ ਦਿਨਾਂ ਤੋਂ ਠਾਣੇ ਦੇ ਬਾਹਰ ਬੈਠੇ ਉਸਦੇ ਪਿਓ ਨੂੰ ਕੋਲ ਸੱਦ ਉਸਦੇ ਲੀੜੇ ਕੱਪੜੇ ਫੜਾ ਦਿੱਤੇ..ਉਹ ਬਿਲਕੁਲ ਵੀ ਰੋਇਆ ਕਲਪਿਆ ਨਹੀਂ..ਨਾ ਹੀ ਉਸਨੇ ਕਿਸੇ ਨੂੰ ਮੰਦਾ ਚੰਗਾ ਹੀ ਆਖਿਆ..ਬੱਸ ਚੁੱਪ ਚਾਪ ਓਥੋਂ ਚਲਾ ਗਿਆ!
ਭਾਵੇਂ ਮਹਿਕਮੇ ਵਿਚੋਂ ਤੇ ਮੈਂ ਓਸੇ ਹਫਤੇ ਹੀ ਅਸਤੀਫਾ ਦੇ ਦਿੱਤਾ ਸੀ ਪਰ ਅੱਜ ਤਕਰੀਬਨ ਤੀਹਾਂ ਵਰ੍ਹਿਆਂ ਮਗਰੋਂ ਵੀ ਓਹੋ ਅਣ-ਦਾਹੜੀਆਂ ਲਾਡੀ ਕਿੰਨੀ ਵਾਰ ਮੇਰੇ ਸੁਫਨਿਆਂ ਵਿਚ ਆ ਜਾਂਦਾ ਏ ਤੇ ਬੱਸ ਏਹੀ ਗੱਲ ਪੁੱਛੀ ਜਾਂਦਾ ਏ ਕੇ ਭਾਊ ਉਸ ਦਿਨ ਮੇਰੀ ਮਾਂ ਨੂੰ ਸੁਨੇਹਾ ਦੇ ਦਿੱਤਾ ਸੀ ਕੇ ਨਹੀਂ?
“ਮੇਰੇ ਪਿੰਡ ਦੀ ਓ ਨਹਿਰ ਨੂੰ ਸੁਨੇਹਾ ਦੇ ਦਿਓ..ਨੀ ਮੈਂ ਫੇਰ ਤਾਰੀ ਲਾਊਂ ਸਿਵਿਆਂ ਚ ਸੜ ਕੇ”
ਦੋਸਤੋ ਇਹ ਓਹਨਾ ਵੇਲਿਆਂ ਦੀ ਗੱਲ ਏ ਜਦੋਂ ਖਾੜਕੂ ਵਾਦ ਰੋਕਣ ਅਤੇ ਤਰੱਕੀਆਂ ਲੈਣ ਦੀ ਖਾਤਿਰ ਸਦਾ ਦੀ ਨੀਂਦ ਸਵਾ ਦਿੱਤੇ ਗਏ ਕਈ ਮਾਵਾਂ ਦੇ ਪੁੱਤਾਂ ਨੂੰ ਸਿਵਿਆਂ ਦੀ ਅੱਗ ਤੀਕਰ ਵੀ ਨਸੀਬ ਨਹੀਂ ਸੀ ਹੋਈ..!
(ਮਾਂ ਦੇ ਦਿਹਾੜੇ ਤੇ ਸਾਢੇ ਤਿੰਨ ਦਹਾਕੇ ਪਹਿਲੋਂ ਵਾਪਰਿਆ ਇੱਕ ਕੌੜਾ ਸੱਚ)
ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *