ਪੰਜਾਹ ਦਾ ਨੋਟ | panjaah da note

ਜਖਮੀਂ ਦੀ ਵਿਗੜਦੀ ਹੋਈ ਹਾਲਤ ਦੇਖ ਉਸਨੇ ਸਪੀਡ ਵਧਾ ਦਿੱਤੀ ਪਰ ਅਚਾਨਕ ਅੱਗੇ ਆਏ ਰੇਲ ਦੇ ਬੰਦ ਫਾਟਕ ਕਰਕੇ ਉਸਦੇ ਪਸੀਨੇ ਛੁੱਟ ਗਏ!
ਛੇਤੀ ਨਾਲ ਗੇਟ-ਮੈਨ ਕੋਲ ਗਿਆ ਤੇ ਤਰਲਾ ਕੀਤਾ ਕੇ ਬੰਦਾ ਸੀਰੀਅਸ ਹੈ..ਜੇ ਮਿੰਟ ਕੂ ਲਈ ਫਾਟਕ ਖੁੱਲ ਜਾਵੇ ਤਾਂ ਜਾਨ ਬਚ ਸਕਦੀ ਏ..ਹਮਾਤੜ ਦੇ ਛੋਟੇ ਛੋਟੇ ਬੱਚੇ ਨੇ!
ਅੱਗੋਂ ਆਖਣ ਲੱਗਾ..”ਜੇ ਗੱਲ ਅਗਾਂਹ ਤੱਕ ਚਲੀ ਗਈ ਤਾਂ ਮੇਰੀ ਨੌਕਰੀ ਵੀ ਜਾ ਸਕਦੀ ਏ..ਮੇਰੇ ਵੀ ਤਾਂ ਛੋਟੇ ਛੋਟੇ ਬੱਚੇ ਨੇ”
ਉਸਨੇ ਇਸ਼ਾਰਾ ਸਮਝ ਹੌਲੀ ਜਿਹੀ ਪੰਜਾਹਾਂ ਦਾ ਨੋਟ ਕਢਿਆ ਤੇ ਉਸਦੇ ਹੱਥ ਵਿਚ ਫੜਾ ਦਿੱਤਾ..
ਬੰਦ ਪਿਆ ਗੇਟ ਖੁੱਲ ਗਿਆ ਤੇ ਵੇਲੇ ਸਿਰ ਹਸਪਤਾਲ ਪਹੁੰਚ ਚੁੱਕਾ ਗੰਭੀਰ ਜਖਮੀਂ ਹੁਣ ਖਤਰੇ ਤੋਂ ਬਾਹਰ ਸੀ..!
ਪੰਜਾਹਾਂ ਦੇ ਪਾਟੇ ਜਿਹੇ ਇੱਕ ਨੋਟ ਨੇ ਮਰਦੇ ਹੋਏ ਇੱਕ ਇਨਸਾਨ ਦੀ ਜਿੰਦਗੀ ਅਤੇ ਦੂਜੇ ਦੀ ਨੌਕਰੀ..ਦੋਵੇਂ ਬਚਾ ਲਈਆਂ ਸਨ!

ਬਾਹਰ ਬੇਂਚ ਤੇ ਬੈਠਾ ਸੋਚ ਰਿਹਾ ਸੀ ਕੇ ਇਹ ਓਹੀ ਨੋਟ ਏ ਜਿਹੜਾ ਪਿਛਲੇ ਦਿਨੀਂ ਉਸਦੇ ਸਕੂਲ ਪੜਦੇ ਪੋਤਰੇ ਨੇ ਇਹ ਕਹਿੰਦਿਆਂ ਉਸਦੇ ਮੂੰਹ ਤੇ ਦੇ ਮਾਰਿਆ ਸੀ ਕੇ ਅੱਜਕੱਲ ਪੰਜਾਹਾਂ ਦਾ ਆਉਂਦਾ ਈ ਕੀ ਏ..ਨਹੀਂ ਚਾਹੀਦਾ..ਰੱਖੋਂ ਆਪਣੇ ਕੋਲ..!

ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *