ਈਰਖਾ | eerkha

ਗਿੱਧਾ ਪਾਉਣਾ ਮੈਨੂੰ ਭੂਆ ਨੇ ਸਿਖਾਇਆ ਸੀ ਤੇ ਨੈਣ ਨਕਸ਼ ਮੇਰੀ ਮਾਂ ਤੇ ਗਏ ਸਨ!
ਸਕੂਲ ਸਲਾਨਾ ਸਮਾਰੋਹ ਵਿਚ ਜਦੋਂ ਮੇਰੀ ਪਾਈ ਬੋਲੀ ਤੇ ਸਾਰਿਆਂ ਤੋਂ ਵੱਧ ਤਾੜੀਆਂ ਵੱਜਦੀਆਂ ਤਾਂ ਕਈ ਆਖ ਦਿੰਦੀਆਂ..
“ਹਾਇ ਰੱਬਾ ਕਦ ਸਾਨੂੰ ਬੇਸ਼ਕ ਏਦ੍ਹੇ ਵਾਂਙ ਮਧਰਾ ਹੀ ਦੇ ਦਿੰਦਾ ਪਰ ਨਖਰੇ ਤੇ ਨੈਣ ਨਕਸ਼ ਤੇ ਘੱਟੋ ਘੱਟ ਏਦਾਂ ਦੇ ਹੁੰਦੇ..”

ਈਰਖਾ ਦੀਆਂ ਮਾਰੀਆਂ ਕਈ ਇਥੋਂ ਤੱਕ ਵੀ ਆਖ ਦਿੰਦੀਆਂ..ਜਿੰਨਾ ਮਰਜੀ ਭੁੜਕ ਲਵੇ..ਨਿਆਣੇ ਤੇ ਅਖੀਰ ਏਦੇ ਵਾਂਙ ਮਧਰੇ ਈ ਪੈਦਾ ਹੋਣੇ ਨੇ..!

ਮੈਂ ਅੱਗਿਓਂ ਹੱਸ ਛੱਡਦੀ..ਕਦੀ ਆਪਣੇ ਛੋਟੇ ਕਦ ਤੇ ਅਫਸੋਸ ਜਾਂ ਰੱਬ ਨਾਲ ਕੋਈ ਸ਼ਿਕਵਾ ਸ਼ਿਕਾਇਤ ਨਹੀਂ ਸੀ ਕੀਤੀ!

ਨਿੱਕੀ ਹੁੰਦੀ ਮੇਰੀ ਮਾਂ ਦੀ ਇੱਕ ਵਾਰ ਡੰਗਰ ਚਾਰਦਿਆਂ ਸੱਜੀ ਅੱਖ ਚੁੱਭ ਗਈ ਸੀ..
ਫੇਰ ਇਲਾਜ ਖੁਣੋਂ ਚਿੱਟਾ ਮੋਤੀਆਂ ਉੱਤਰ ਆਇਆ ਤੇ ਉਸ ਅੱਖੋਂ ਦਿਸਣੋਂ ਹਟ ਗਿਆ..!

ਫੇਰ ਇਸੇ ਸਰੀਰਕ ਬੱਜ ਕਰਕੇ ਵਿਆਹ ਵੀ ਆਪਣੇ ਤੋਂ ਦਸ ਸਾਲ ਵੱਡੇ ਨਾਲ ਕਰਨਾ ਪਿਆ..
ਬਾਪ ਕਦ ਦਾ ਮਧਰਾ ਤੇ ਰੰਗ ਦਾ ਵੀ ਕਾਫੀ ਪੱਕਾ ਸੀ..
ਮੇਰੀ ਮਾਂ ਨੇ ਕਦੇ ਗਿਲਾ ਨਹੀਂ ਸੀ ਕੀਤਾ..ਹਰ ਹਾਲ ਵਿਚ ਖੁਸ਼ ਰਹੀ ਤੇ ਮੈਨੂੰ ਵੀ ਹਰ ਹਾਲ ਵਿਚ ਖੁਸ਼ ਰਹਿਣਾ ਸਿਖਾਇਆ..!
ਆਖਿਆ ਕਰਦੀ “ਧੀਏ ਇਹ ਜਿਹੜਾ ਮਨ ਹੁੰਦਾ ਏ ਨਾ ਹਮੇਸ਼ਾਂ ਜਿਨ੍ਹਾਂ ਕੋਲ ਹੁੰਦਾ ਉਸਤੋਂ ਕਿਤੇ ਜਿਆਦਾ ਦੀ ਆਸ ਲਵਾਈ ਰੱਖਦਾ..ਫੇਰ ਐਸੀ ਮਿਰਗ ਤ੍ਰਿਸ਼ਨਾ ਉਜਾਗਰ ਕਰਦਾ ਏ ਕੇ ਚੰਗਾ ਭਲਾ ਵੀ ਅਖੀਰ ਵੇਲੇ ਤੱਕ ਹਿਰਨ ਵਾਂਙ ਮਾਰੂਸਥਲਾਂ ਵਿਚ ਠੰਡੇ ਪਾਣੀ ਦੀਆਂ ਝੀਲਾਂ ਲੱਭਦਾ ਹੀ ਗਰਕ ਹੋ ਜਾਂਦਾ ਏ!

ਜਦੋਂ ਬਹੁਤ ਜਿਆਦਾ ਸਿਫਤ ਹੁੰਦੀ ਤਾਂ ਮਾਂ ਮੇਰੇ ਕੰਨ ਦੇ ਕੋਲ ਸੁਰਮਚੂ ਨਾਲ ਕਾਲੀ ਲਕੀਰ ਜਿਹੀ ਖਿੱਚ ਦਿੰਦੀ..ਖਿੱਚਦੀ ਵੀ ਇੰਝ ਕੇ ਕਿਸੇ ਨੂੰ ਪਤਾ ਨਾ ਲੱਗ ਜਾਵੇ!

ਇੱਕ ਵੇਰ ਰਿਸ਼ਤੇਦਾਰੀ ਦੇ ਵਿਆਹ ਤੇ ਕਿਸੇ ਨੇ ਮੇਰੀ ਸੁੱਤੀ ਪਈ ਦੇ ਵਾਲਾਂ ਦੀ ਇੱਕ ਲਿੱਟ ਕੱਟ ਲਈ..!
ਮੈਨੂੰ ਕੁਝ ਪਤਾ ਨਹੀਂ ਲੱਗਾ ਪਰ ਗੁੱਤ ਕਰਦੀ ਨੇ ਝੱਟ ਅੰਦਾਜਾ ਲਾ ਲਿਆ!
ਓਸੇ ਵੇਲੇ ਚੱਪਲ ਪੁਵਾ ਪਿੰਡ ਦੇ ਗੁਰੂਦੁਆਰੇ ਲਈ ਗਈ ਤੇ ਦਸ ਰੁਪਈਏ ਦਾ ਪ੍ਰਸ਼ਾਦ ਕਰਾ ਸਰਬੱਤ ਦੇ ਭਲੇ ਦੀ ਅਰਦਾਸ ਕਰਵਾ ਦਿੱਤੀ!
ਕਿਸੇ ਨੂੰ ਬੁਰਾ ਭਲਾ ਨੀ ਆਖਿਆ ਬਸ ਮਨ ਹੀ ਮਨ ਅੱਖਾਂ ਮੀਟ ਕਿੰਨਾ ਚਿਰ ਖਲੋਤੀ ਰਹੀ..!

ਫੇਰ ਇੱਕ ਦਿਨ ਗਲੀ ਦੇ ਮੋੜ ਤੇ ਹੋਏ ਟੂਣੇ ਵਿਚੋਂ ਮੇਰੇ ਕੱਟੇ ਹੋਏ ਵੱਲ ਪਛਾਣ ਲਏ ਪਰ ਮੂਹੋਂ ਫੇਰ ਵੀ ਕੁਝ ਨਾ ਬੋਲੀ !
ਵਿਆਹ ਦੀ ਗੱਲ ਤੁਰੀ ਤਾਂ ਕਈ ਪਾਸਿਓਂ ਭਾਣੀਆਂ ਵੱਜੀਆਂ..
ਫੇਰ ਵੀ ਚੁੱਪ ਰਹਿੰਦੀ..ਆਖਦੀ ਧੀਏ ਹੱਡ ਮਾਸ ਦਾ ਜਿਹੜਾ ਇਨਸਾਨ ਰੱਬ ਨੇ ਤੇਰੇ ਜੋਗਾ ਬਣਾਇਆ ਉਹ ਇੱਕ ਦਿਨ ਜਰੂਰ ਆਵੇਗਾ..!
ਸਿਰਫ ਇੱਕ ਵੇਰ ਰੋਂਦੀ ਨੂੰ ਵੇਖਿਆ..ਕਿਸੇ ਨੇ ਇਹ ਭਾਨੀ ਮਾਰ ਦਿੱਤੀ ਕੇ ਜਵਾਨੀ ਵੇਲੇ ਇਸਦੀ ਮਾਂ ਗਲਤ ਪਾਸੇ ਵੇਖਣੋਂ ਨਹੀਂ ਸੀ ਹਟਦੀ ਤੇ ਭਰਾਵਾਂ ਫੜ ਅੱਖੋਂ ਕਾਣੀ ਕਰ ਛੱਡੀ!

ਪਤਾ ਨਹੀਂ ਉਸਨੂੰ ਘੜੀ ਹੋਈ ਇਸ ਝੁਠੀ ਕਹਾਣੀ ਨੇ ਤੋੜ ਸੁੱਟਿਆ ਸੀ ਕੇ ਆਪਣਾ ਸਰੀਰਕ ਨੁਕਸ ਧੀ ਦੇ ਭਵਿੱਖ ਅੱਗੇ ਕੰਢੇ ਬਣ ਵਿੱਛ ਗਿਆ ਸੀ..ਉਹ ਇਸ ਕਰਕੇ ਦੁਖੀ ਸੀ!

ਅਕਸਰ ਸਮਝਾਉਂਦੀ ਕੇ ਵਿਆਹ ਮਗਰੋਂ ਜਦੋਂ ਦੋ ਰੂਹਾਂ ਦਾ ਮੇਲ ਹੁੰਦਾ ਏ ਤਾਂ ਸੁਭਾਵਾਂ ਵਿਚ ਕਸ਼ਮਕਸ਼ ਹੁੰਦੀ ਏ..ਪਰ ਜਿੱਤ ਹਮੇਸ਼ਾ ਉਸਦੀ ਹੁੰਦੀ ਜਿਸਦੀ ਰੂਹ ਵਿਚ ਸੱਚ ਦਾ ਸਮੁੰਦਰ ਠਾਠਾਂ ਮਾਰ ਰਿਹਾ ਹੋਵੇ..
ਇਸ ਜਿੱਤ ਵਿਚ ਉਸ ਸੱਚੇ-ਪਾਤਸ਼ਾਹ ਦੀ ਮਰਜੀ ਵੀ ਸ਼ਾਮਿਲ ਹੁੰਦੀ ਜਿਹੜਾ ਹਮੇਸ਼ਾਂ ਨੇਕ ਰੂਹਾਂ ਦੀ ਪਿੱਠ ਤੇ ਖਲੋਂਦਾ ਆਇਆ!

ਅੱਜ ਏਨੇ ਵਰ੍ਹਿਆਂ ਮਗਰੋਂ ਜਦੋਂ ਪੁੱਤ ਚੰਨ ਵਰਗੀ ਵਹੁਟੀ ਲੈ ਕੇ ਆਇਆ ਏ ਤਾਂ ਜਿਊਣ ਜੋਗਾ ਪਾਣੀ ਵਾਰਨ ਵੇਲੇ ਪਤਾ ਨਹੀਂ ਕਿਓਂ ਅੱਡੀਆਂ ਚੁੱਕ ਲੈਂਦਾ ਏ..
ਹੱਥ ਤੇ ਮੇਰੇ ਅੱਗੇ ਮਸਾਂ ਉਸਦੀ ਪੱਗ ਤੱਕ ਅੱਪੜਦੇ ਸਨ ਪਰ ਅੱਜ ਮੰਜਿਲ ਥੋੜਾ ਦੂਰ ਜਿਹੀ ਲੱਗਦੀ ਏ..
ਪਤਾ ਨਹੀਂ ਕਿਓਂ ਰਹਿ ਰਹਿ ਕੇ ਸਕੂਲ ਵੇਲੇ ਆਖੇ ਉਹ ਬੋਲ ਚੇਤੇ ਕਰ ਅੱਖੀਆਂ ਵਿਚੋਂ ਹੰਜੂ ਵਗੀ ਤੁਰੀ ਜਾਂਦੇ ਕੇ..ਜਿੰਨਾ ਮਰਜੀ ਭੁੜਕ ਲਵੇ..ਨਿਆਂਨੇ ਤੇ ਮਧਰੇ ਹੀ ਜੰਮਣੇ ਨੇ!

ਉਚੇ ਆਸਮਾਨ ਵਿਚ ਕਿਧਰੇ ਤਾਰਾ ਬਣੀ ਬੈਠੀ ਇੱਕ ਅੱਖ ਵਾਲੀ ਨੇਕ ਰੂਹ ਅੱਜ ਵੀ ਮੈਨੂੰ ਇਹ ਦੋ ਨਸੀਹਤਾਂ ਦੇ ਰਹੀ ਮਹਿਸੂਸ ਹੁੰਦੀ ਏ ਕੇ..ਕਿਸੇ ਨਾਲ ਈਰਖਾ ਨਹੀਂ ਕਰਨੀ ਤੇ ਜਿੰਨਾ ਕੂ ਕੋਲ ਹੈ ਬੱਸ ਓਸੇ ਵਿਚ ਗੁਜ਼ਰ ਬਸਰ ਕਰਨ ਦੇ ਦਾਅ ਪੇਚ ਸਿੱਖਦੇ ਹੀ ਰਹਿਣਾ..!

ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *