ਸੱਚ ਹੈ ਏ ਕੇ ਮੁੱਕ ਗਿਆ | sach hai ke mukk gya

ਸੰਨ 68 ਸ਼ਿਵ ਨੂੰ ਸਾਹਿੱਤ ਅਕੈਡਮੀ ਐਵਾਰਡ ਮਿਲ ਚੁੱਕਿਆ ਸੀ..ਬਟਾਲੇ ਵਿਚ ਮੇਲੇ ਵਰਗਾ ਮਾਹੌਲ..ਕਿੰਨੇ ਸਾਰੇ ਮਿੱਤਰ ਪਿਆਰੇ ਪੱਬਾਂ ਭਾਰ ਸਨ..!
ਇੱਕ ਦਿਨ ਸ਼ਿਵ ਬਟਾਲੇ ਬੱਸ ਸਟੈਂਡ ਤੋਂ ਮਿੱਤਰ ਮੰਡਲੀ ਨਾਲ ਪੈਦਲ ਹੀ ਸਿੰਬਲ ਚੋਂਕ ਵੱਲ ਨੂੰ ਤੁਰੀ ਜਾ ਰਿਹਾ ਸੀ..!
ਅਚਾਨਕ ਕਿਸੇ ਨੇ ਪਿੱਛੋਂ ਹੁੱਜ ਮਾਰੀ..ਪਿਛਾਂਹ ਭੋਂ ਕੇ ਵੇਖਿਆ..ਬੱਸ ਅੱਡੇ ਤੇ ਜੁੱਤੀਆਂ ਗੰਢਦਾ ਮੋਚੀ ਸੀ..ਆਖਣ ਲੱਗਾ “ਓਏ ਪੰਡਤਾ ਮੇਰੇ ਪੈਸੇ ਕਦੋਂ ਦੇਣੇ ਈ..”
ਦੋਸਤਾਂ ਨੇ ਹੇਠੀ ਮਹਿਸੂਸ ਕੀਤੀ..ਕਫ ਉਤਾਂਹ ਕਰ ਲਏ..ਮੁੱਠੀਆਂ ਮੀਚ ਲਈਆਂ..ਫੇਰ ਕਹਿਰ ਭਰੀਆਂ ਨਜਰਾਂ ਨਾਲ ਤੱਕਦੇ ਹੋਏ ਆਖਣ ਲੱਗੇ ਓਏ ਤੂੰ ਜਾਣਦਾ ਨੀ..ਕਿਸ ਨਾਲ ਗੱਲ ਕਰ ਰਿਹਾ ਏ..ਇਹ ਸ਼ਿਵ ਹੈ ਸ਼ਿਵ..ਦੇਸ਼ ਦਾ ਸਰਵੋਤਮ ਕਵੀ..ਸ਼ਾਇਰ..ਗਜ਼ਲਗੋ ਅਤੇ ਹੋਰ ਵੀ ਕਿੰਨਾ ਕੁਝ..ਤੇਰੀ ਜੁਰੱਰਤ ਕਿਵੇਂ ਪਈ ਇੰਝ ਮੁਖਾਤਿਬ ਹੋਣ ਦੀ..!
ਇਸਤੋਂ ਪਹਿਲਾਂ ਕੇ ਗੱਲ ਅਗਾਂਹ ਵਧਦੀ..ਸ਼ਿਵ ਨੇ ਮੋਚੀ ਨੂੰ ਕਲਾਵੇ ਵਿਚ ਲੈਂ ਲਿਆ ਤੇ ਆਖਣ ਲੱਗਾ ਓਏ ਕੁਝ ਨਾ ਆਖਿਓ ਜੇ ਇਸ ਨੂੰ..ਇਹ ਮੇਰਾ ਪੂਰਾਣਾ ਬੇਲੀ ਏ..ਮਾੜੇ ਵਕਤ ਇਹ ਮੈਨੂੰ ਆਪਣੇ ਕੋਲ ਬਿਠਾਉਂਦਾ ਹੁੰਦਾ ਸੀ..ਇਸਨੂੰ ਵੇਖ ਮੈਂ ਕਿੰਨਾ ਕੁਝ ਸਿਰਜਿਆ..ਲਿਖਿਆ ਅਤੇ ਕਾਗਜਾਂ ਤੇ ਉਤਾਰਿਆ..ਇਹ ਆਮ ਬੰਦਾ ਨਹੀਂ ਸਗੋਂ ਯਾਰਾਂ ਦਾ ਉਹ ਯਾਰ ਏ ਜਿਸਦੀ ਜੁੱਤੀਆਂ ਗੰਢਣ ਦੀ ਕਲਾ ਨੇ ਹੀ ਸ਼ਾਇਦ ਮੈਨੂੰ ਇਸੇ ਰਾਹੇ ਪਾਇਆ..!
ਲੋਹੇ ਦੇ ਸ਼ਹਿਰ ਦੀ ਇਹ ਅਜੀਬ ਜਿਹੀ ਕੈਫ਼ੀਅਤ..ਸੱਚੀ ਦੋਸਤੀ ਅਤੇ ਪਿਆਰ ਵਾਲੀ ਚਾਸ਼ਨੀ ਵਿਚ ਲਬਰੇਜ..ਫਰਸ਼ੋਂ ਅਰਸ਼ ਤੇ ਅੱਪੜਿਆਂ ਦੇਵ-ਪੁਰਸ਼ ਅਜੇ ਵੀ ਭੋਏਂ ਤੇ ਪੈਰ ਟਿਕਾਈ ਆਪਣਿਆਂ ਵਿਚ ਵਿੱਚਰ ਰਿਹਾ ਸੀ..ਬਿਨਾ ਕਿਸੇ ਬੋ ਮਿਜਾਜ ਦੇ..ਖੁਦਾ ਜੱਬ ਹੁਸਨ ਦੇਤਾ ਹੈ ਤੋਂ ਨਖਰਾ ਆ ਹੀ ਜਾਤਾ ਹੈ ਵਾਲੀ ਜਹਿਨੀਅਤ ਨੇੜੇ ਤੇੜੇ ਵੀ ਨਹੀਂ ਸੀ ਫੜਕ ਰਹੀ..ਸ਼ਾਇਦ ਇਸੇ ਕਰਕੇ ਹੀ ਇਸ ਸਾਦੇ ਪਣ ਦੀਆਂ ਤੈਹਾਂ ਵਿਚੋਂ ਨਿੱਕਲੀ ਪੰਜਾਬੀ ਸ਼ਾਇਰੀ ਅਜੇ ਵੀ ਉਂਝ ਦੀ ਉਂਝ ਤਰੋ ਤਾਜਾ..!
ਫੇਰ ਜਦੋਂ ਸੰਨ ਤਿਹੱਤਰ ਵਿਚ ਮਰਨ ਕੰਢੇ ਸੀ ਤਾਂ ਚੜਤ ਵੇਲੇ ਦੇ ਸਾਰੇ ਦੋਸਤ ਸਾਥ ਛੱਡ ਗਏ..ਦੀਨਾ ਨਗਰ ਲਾਗੇ ਪਿੰਡ ਵਿਚ ਆ ਗਿਆ..ਇੱਕ ਦਿਨ ਬਹੁਤ ਔਖਾ ਸੀ..ਨਾਲਦੀ ਨੂੰ ਆਖਣ ਲੱਗਾ ਕੋਈ ਦਵਾਈ ਬਚੀ ਏ ਤਾਂ ਲਿਆਦੇ..ਆਖਣ ਲੱਗੀ ਆਹ ਹਕੀਮ ਦੀ ਇੱਕ ਪੁੜੀ ਹੀ ਬਚੀ ਏ ਬੱਸ..ਆਖਣ ਲੱਗਾ ਲਿਆ ਉਰਾਂ ਕਰ ਫੱਕਾ ਮਾਰ ਲਵਾਂ..ਨਹੀਂ ਤੇ ਮੇਰੇ ਮਗਰੋਂ ਆਖੂ..ਮੇਰੀ ਨਹੀਂ ਸੀ ਖਾਦੀ ਤਾਂ ਹੀ ਮਰ ਗਿਆ!
ਪੂਰਾਣੀ ਗੱਲ ਏ..ਅਮ੍ਰਿਤਸਰ ਤੋਂ ਤੁਰਨ ਲੱਗੇ ਮੇਹਰ ਮਿੱਤਲ ਨੂੰ ਤ੍ਰੇਹ ਲੱਗ ਗਈ..ਮੈਂ ਬਹਿਰੇ ਨੂੰ ਪਾਣੀ ਲੈਣ ਘੱਲਿਆ..ਘੜੀ ਲੱਗ ਗਈ..ਕੋਲ ਮਾਲੀ ਪਾਣੀ ਦੇ ਰਿਹਾ ਸੀ..ਪਾਈਪ ਫੜਿਆ ਤੇ ਇੱਕ ਹੱਥ ਦੀ ਬੁੱਕ ਬਣਾ ਕੇ ਪੀ ਗਿਆ..ਮੁੜ ਗੱਡੀ ਵਿਚ ਬੈਠ ਹਵਾ ਹੋ ਗਿਆ..ਘੜੀ ਕੂ ਮਗਰੋਂ ਏਨੀ ਗੱਲ ਆਖਣ ਉਚੇਚਾ ਪਰਤ ਕੇ ਆਇਆ ਕੇ ਹੁਣ ਏਨੀ ਕੂ ਗੱਲ ਪਿੱਛੇ ਉਸ ਹਮਾਤੜ (ਬਹਿਰੇ) ਨੂੰ ਨੌਕਰੀਓਂ ਹੀ ਨਾ ਕੱਢ ਦੇਵਿਓ!
ਦੋਸਤੋ ਸਾਦਗੀ ਤੇ ਸੱਚ ਦਾ ਬੜਾ ਗੂੜਾ ਰਿਸ਼ਤਾ ਹੁੰਦਾ..ਝੂਠ ਦਿਨੇ ਰਾਤ ਬੇਚੈਨ ਰਹਿੰਦਾ ਏ..ਪੈਰ ਪੈਰ ਤੇ ਪੈਂਤੜੇ ਬਦਲਦਾ..ਉਸਨੂੰ ਹਰ ਵੇਲੇ ਬੱਸ ਏਹੀ ਧੁੜਕੂ ਲੱਗਾ ਰਹਿੰਦਾ ਏ ਕੇ ਸੱਚ ਕਿਧਰੇ ਉਸ ਤੇ ਹਾਵੀ ਹੀ ਨਾ ਹੋ ਜਾਵੇ..ਇਸੇ ਕਰਕੇ ਹੀ ਸ਼ਾਇਦ 6 ਜੂਨ ਚੁਰਾਸੀ ਨੂੰ ਦਿੱਲੀ ਨਾਲ ਪਹਿਲਾਂ ਤੋਂ ਹੀ ਕੀਤੀ ਸੈਟਿੰਗ ਮੁਤਾਬਿਕ ਜਦੋਂ ਝੂਠ ਬਾਹਵਾਂ ਖੜੀਆਂ ਕਰਕੇ ਦਰਬਾਰ ਸਾਹਿਬ ਕੰਮਪਲੈਕਸ ਵਿਚੋਂ ਬਾਹਰ ਨਿੱਕਲ ਆਇਆ ਤਾਂ ਉਸਦਾ ਸਭ ਤੋਂ ਪਹਿਲਾਂ ਸਵਾਲ ਸੀ..”ਸੱਚ ਹੈ ਏ ਕੇ ਮੁੱਕ ਗਿਆ”!
ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *