ਕੁੜੀ ਏ ? | kudi e ?

ਕੁੜੀ ਏ?
ਜਣੇਪਾ ਪੀੜਾਂ ਦੀ ਭੰਨੀ ਹੋਈ ਦੇ ਕੰਨੀ ਵਾਜ ਪਈ!
ਉਹ ਮੇਰੇ ਨਾਲਦਾ ਸੀ..ਇਹ ਸਵਾਲ ਤੋਂ ਪਹਿਲੋਂ ਉਹ ਮੇਰਾ ਹਾਲ ਪੁੱਛਦਾ..ਇਸਦੀ ਆਸ ਮੈਨੂੰ ਬਿਲਕੁਲ ਵੀ ਨਹੀਂ ਸੀ!
ਕੀ ਕਰੇਂਗੀ ਹੁਣ ਇਸਦਾ?
ਪਾਲਾਂਗੀ..ਵੱਡੀ ਕਰਾਂਗੀ..ਪੜਾਵਾਂਗੀ..ਲਿਖਾਵਾਂਗੀ..ਹੋਰ ਕੀ ਕਰਨਾ!
ਤਿੰਨ ਹੋਰ ਵੀ ਨੇ ਅੱਗੇ..ਪਹਿਲੋਂ ਹੀ ਪੂਰੀ ਨਹੀਂ ਪੈਂਦੀ..ਤੇ ਆਹ ਚੋਥੀ..ਅੱਗਿਓਂ ਵਿਆਹ ਵੀ ਕਰਨੇ ਪੈਣੇ..ਕਿੱਦਾਂ ਹੋਊ ਇਹ ਸਭ ਕੁਝ..?
ਜਿਸ ਨੇ ਘੱਲੀ ਏ ਆਪੇ ਬਣਾ ਦੇਊ ਕੋਈ ਹੀਲਾ ਵਸੀਲਾ..ਮੁੜਕਾ ਪੂੰਝਦੀ ਨੇ ਜਵਾਬ ਦਿੱਤਾ!
ਉਸਨੇ ਸਿਰ ਮਾਰ ਦਿੱਤਾ..ਸਾਲਾ ਰੱਬ..ਜੇ ਏਨਾ ਹੀ ਮੇਹਰਬਾਨ ਹੁੰਦਾ ਤਾਂ ਇਸ ਵੇਰ ਮੁੰਡਾ ਨਾ ਦੇ ਦਿੰਦਾ..ਮੁੜਕੇ ਨਾ ਨਾਮ ਲਵੀਂ ਉਸਦਾ!
ਫੇਰ ਗਲ਼ ਘੁੱਟ ਦਿੰਨੇ ਹਾਂ..ਆਖਾਂਗੇ ਮਰੀ ਹੀ ਜੰਮੀ ਸੀ..ਦਾਈ ਨੂੰ ਮੈਂ ਆਪੇ ਸਾਂਭ ਲਵਾਂਗੀ..ਮੈਂ ਦਿਲ ਤੇ ਪੱਥਰ ਰਖਿਆ ਤੇ ਸਭ ਕੁਝ ਇੱਕੋ ਸਾਹੇ ਆਖ ਦਿੱਤਾ!
ਏਨੀ ਗੱਲ ਸੁਣ ਕੋਲ ਖਲੋਤਾ ਕੰਬ ਗਿਆ..ਤਰੇਲੀ ਜਿਹੀ ਆ ਗਈ ਤੇ ਮੇਰੀ ਸਾਣੀ ਮੰਜੀ ਤੇ ਪਾਵੇ ਵੱਲ ਬੈਠ ਗਿਆ!
ਫੇਰ ਇੱਕ ਦਮ ਹੀ ਉੱਠ ਖਲੋਤਾ..ਕੋਲ ਪਈ ਨੂੰ ਚੁੱਕ ਛਾਤੀ ਨਾਲ ਲਾ ਲਿਆ..ਇੰਝ ਮਹਿਸੂਸ ਹੋਇਆ ਅੰਦਰ ਹਜਾਰਾਂ ਸੂਰਜ ਉੱਗ ਖਲੋਤੇ ਹੋਣ..ਫੇਰ ਪੋਲੀ ਜਿਹੀ ਗੱਲ੍ਹ ਨੂੰ ਹਲਕੇ ਜਿਹੇ ਚੁੰਮਿਆ..!
ਨਿੱਕੀ ਜਿਹੀ ਨੇ ਸ਼ਾਇਦ ਬਾਪ ਦੇ ਕੰਨ ਵਿਚ ਕੁਝ ਆਖਿਆ ਸੀ..ਡੈਡੀ ਘਬਰਾਵੀਂ ਨਾ..ਤੇਰੇ ਬੰਨੇ ਹੋਏ ਨਸੀਬ ਖੋਲਣ ਹੀ ਇਸ ਦੁਨੀਆ ਤੇ ਆਈ ਹਾਂ..ਜਿਸਨੇ ਘੱਲਿਆ ਅੱਗੇ ਤੋਂ ਉਸਨੂੰ ਵੀ ਮੰਦਾ ਨਾ ਬੋਲੀਂ!
ਇੱਕ ਝੁਣਝੁਣੀ ਜਿਹੀ ਆਈ ਤੇ ਮੇਰੇ ਹੰਝੂ ਵਗ ਤੁਰੇ..ਆਪਮੁਹਾਰੇ..ਪਰ ਇਸਨੇ ਓਸੇ ਵੇਲੇ ਅੱਗੇ ਹੋ ਕੇ ਸਾਰੇ ਪੂੰਝ ਦਿੱਤੇ..ਫੇਰ ਲੰਮਾ ਸਾਹ ਲਿਆ ਤੇ ਨਿੱਕੀ ਦੀ ਪੋਲੀ ਗੱਲ੍ਹ ਨੂੰ ਦੁਬਾਰਾ ਚੁੰਮ ਲਿਆ ਤੇ ਫੇਰ ਆਖਣ ਲੱਗਾ..ਅਸੀਂ ਦੋਵੇਂ ਪਾਲਾਂਗੇ ਇਸਨੂੰ..ਅਖੀਰ ਤੀਕਰ..ਸਿਵਿਆਂ ਤੱਕ ਦੇ ਸਫ਼ਰ ਤੱਕ..!
ਝੀਥ ਥਾਣੀਂ ਉੱਗਦੇ ਸੂਰਜ ਦੀ ਪਹਿਲੀ ਕਿਰਨ ਨਾਲ ਮੇਰਾ ਹਨੇਰਾ ਕਮਰਾ ਰੁਸ਼ਨਾ ਉੱਠਿਆ!
ਹਰਪ੍ਰੀਤ ਸਿੰਘ ਜਵੰਦਾ

2 comments

  1. ਇੱਕ ਮਾਂ ਆਪਣੀ ਕੁੱਖ ਦੀ ਜਾਈ ਨੂੰ ਮਾਰਨ ਲਈ ਤਿਆਰ ਨਹੀਂ ਹੁੰਦੀ ਪਰ ਡਰਦੀ ਕਹਿੰਦੀ ਹੈ ਪਰ ਪਿਓ ਦੇ ਕਾਲਜੇ ਨੂੰਖੋਹ ਪੈਂਦੀ ਹੈ।

Leave a Reply

Your email address will not be published. Required fields are marked *