ਪਾਗਲ | pagal

ਕੈਮਿਸਟ ਦੇ ਬਾਹਰ ਲਿਖਿਆ ਸੀ..ਬੰਦੂਕ ਦੀ ਗੋਲੀ ਜਾਣ ਕੱਢਦੀ ਏ ਪਰ ਸਾਡੀ ਗੋਲੀ ਜਾਨ ਬਚਾਉਂਦੀ ਏ!
ਗੋਲ ਗੱਪੇ ਵਾਲੇ ਨੇ ਲਿਖਵਾਇਆ ਸੀ..ਮੇਰੀ ਰੇਹੜੀ ਤੇ ਦਿੱਲ ਬੇਸ਼ੱਕ ਛੋਟਾ ਰੱਖੋ ਪਰ ਮੂੰਹ ਦਾ ਅਵਾਕ ਵੱਡਾ ਰੱਖਣਾ ਪੈਣਾ!
ਰੈਸਟੋਰੈਂਟ ਵਾਲੇ ਨੇ ਤਾਂ ਹੱਦ ਹੀ ਕਰ ਦਿੱਤੀ..ਅਖ਼ੇ ਘਰ ਦੀ ਮੁਰਗੀ ਦਾਲ ਬਰੋਬਰ..ਬਿਨਾ ਝਿਜਕ ਅੰਦਰ ਲੰਘ ਆਵੋ..ਇਥੇ ਘਰ ਵਰਗਾ ਖਾਣਾ ਬਿਲਕੁਲ ਵੀ ਨਹੀਂ ਮਿਲਦਾ..!
ਫਰੂਟ ਵਾਲੇ ਦੇ ਠੇਲੇ ਤੇ ਲਿਖਿਆ ਸੀ..ਤੁਸੀਂ ਸਿਰਫ ਕਰਮ ਕਰੋ..ਫਲ ਅਸੀਂ ਦੇਵਾਂਗੇ!
ਘੜੀ ਸਾਜ ਦੇ ਬਾਹਰ ਮੋਟੇ ਮੋਟੇ ਅੱਖਰਾਂ ਵਿਚ ਲਿਖਿਆ ਸੀ..ਨੱਸੇ ਜਾਂਦੇ ਟਾਈਮ ਨੂੰ ਹਮੇਸ਼ਾਂ ਵੱਸ ਵਿੱਚ ਰੱਖੋ..ਕੰਧ ਤੇ ਟੰਗ ਕੇ ਤੇ ਜਾਂ ਫੇਰ ਗੁੱਟ ਤੇ ਬੰਨ ਕੇ!
ਪੱਖੇ-ਕੂਲਰ ਵੇਚਣ ਵਾਲੇ ਦੇ ਬਾਹਰ ਲਿਖਿਆ ਸੀ..ਜੇ ਬਾਹਰੀ ਦੁਨੀਆ ਵਿੱਚ ਤੁਹਾਡਾ ਕੋਈ ਫੈਨ ਨਹੀਂ ਤੇ ਇੱਕ ਸਾਥੋਂ ਲੈ ਜਾਵੋ!
ਗੰਨੇ ਦਾ ਰਸ ਵੇਚਣ ਵਾਲੇ ਦੇ ਵੇਲਣੇ ਤੇ ਲਿਖਿਆ ਸੀ..ਅਸੀਂ ਰਹੁ ਵਿੱਚ ਨਿੰਬੂ ਨਿਚੋੜਦੇ ਹਾਂ ਤਾਂ ਕੇ ਮੁੜਕੇ ਰਾਂਹੀ ਨਿੱਕਲ ਗਿਆ ਕਿੰਨਾ ਕੁਝ ਵਾਪਿਸ ਮੋੜ ਲਿਆਂਦਾ ਜਾਵੇ!
ਬਿਜਲੀ ਦਾ ਸਮਾਨ ਵੇਚਣ ਵਾਲੇ ਦੇ ਕਾਊਂਟਰ ਤੇ ਲਿਖਿਆ ਸੀ..ਤੁਹਾਡੇ ਦਿਮਾਗ ਦੀ ਬੱਤੀ ਭਾਵੇਂ ਜਗੇ ਜਾਂ ਨਾ ਜਗੇ..ਸਾਡਾ ਬਲਬ ਜਰੂਰ ਜਗੁ!
ਵਾਲਾਂ ਲਈ ਤੇਲ ਬਣਾਉਣ ਵਾਲੀ ਕੰਪਨੀ ਦੇ ਗੇਟ ਤੇ ਲਿਖੇ ਅੱਖਰ ਸਨ..ਰੱਬ ਹੀ ਨਹੀਂ ਅਸੀਂ ਵੀ ਤੁਹਾਡਾ ਬਾਲ ਬਾਲ ਬਚਾ ਸਕਦੇ ਹਾਂ!
ਕਿੰਡਰ-ਗਾਰਡਨ ਸਕੂਲ ਦੇ ਬਾਹਰ ਲਿਖਿਆ ਸੀ..ਨਿਆਣੇ ਤੰਗ ਕਰਦੇ ਨੇ ਤਾਂ ਇਥੇ ਛੱਡ ਜਾਵੋ..ਅਸੀਂ ਆਪਣੇ ਸਟਾਫ ਨੂੰ ਨਿਆਣਿਆਂ ਦੀਆਂ ਸ਼ਰਾਰਤਾਂ ਹੱਸ ਹੱਸ ਕੇ ਸਹਿਣ ਦੀ ਹੀ ਤਨਖਾਹ ਦਿੰਦੇ ਹਾਂ!
ਮੈਨੂੰ ਪੱਕਾ ਯਕੀਨ ਏ ਤੁਸੀਂ ਇਹ ਸਭ ਕੁਝ ਪੜ੍ਹਦਿਆਂ ਉਂਝ ਹੀ ਹੱਸ ਰਹੇ ਹੋਵੇਗੇ ਜਿੱਦਾਂ ਮੈਂ ਲਿਖਦਿਆਂ ਆਪਮੁਹਾਰੇ ਹੱਸਿਆ ਸਾਂ! ਦੋਸਤੋ ਹੱਸਣਾ ਬਹੁਤ ਜਰੂਰੀ ਏ..ਕੌੜੀ ਹਕੀਕਤ..ਅਸੀਂ ਹੱਸਣਾ ਭੁੱਲ ਗਏ ਹਾਂ..ਚੇਤੇ ਕਰੋ ਨਿੱਕੇ ਹੁੰਦਿਆਂ ਦੇ ਹਾਸੇ..ਸਕੂਲੋਂ ਕੁੱਟ ਖਾਂਦਿਆਂ ਵੀ ਹਾਸਾ ਨਿੱਕਲ ਜਾਂਦਾ..ਪੀੜ ਭੁੱਲ ਜਾਂਦੀ..ਫੇਰ ਸਾਨੂੰ ਵੇਖ ਟੀਚਰ ਵੀ ਹੱਸ ਪੈਂਦੀ..ਉਠਦਿਆਂ ਬੈਠਦਿਆਂ ਸੌਂਦਿਆਂ ਖੇਡਦਿਆਂ ਖਾਂਦਿਆਂ ਪੀਂਦਿਆਂ ਪੜ੍ਹਦਿਆਂ ਇਥੋਂ ਤੱਕ ਕੇ ਖੇਤਾਂ ਵਿਚ ਹੌਲੇ ਹੋਣ ਬੈਠਿਆਂ ਦੇ ਵੀ ਮੱਲੋ ਮੱਲੀ ਨਿੱਕਲੀ ਜਾਂਦੇ ਹਾਸੇ..ਬੇਫਿਕਰੀ ਬੇਪਰਵਾਹੀ ਅਤੇ ਸੀਮਤ ਸੋਚ ਦੇ ਹਾਸੇ..ਬਹੁਤ ਲੰਮੀ ਉਧੇੜ ਬੁਣ ਨਹੀਂ ਸੀ ਹੁੰਦੀ ਬੱਸ ਰਾਤ ਦੀ ਰੱਜਵੀਂ ਰੋਟੀ ਮਗਰੋਂ ਕੋਠੇ ਤੇ ਵਿਛਿਆ ਬਿਸਤਰਾ ਦਿਸ ਪਵੇ..ਵਾਛਾਂ ਖਿੜ ਜਾਇਆ ਕਰਦੀਆਂ..ਸੁਵੇਰ ਦੀ ਸੁਵੇਰੇ ਫੇਰ ਵੇਖੀ ਜਾਊ..!
ਇੱਕ ਦਿਨ ਟਿੰਮ ਤੇ ਇੱਕ ਲਾਹੌਰੀਆ ਯਾਰ ਆ ਗਿਆ..ਪੁੱਛਣ ਲੱਗਾ ਸਰਦਾਰਾ ਚੁੱਪ ਬੈਠਾਂ..ਸਭ ਖੈਰੀਅਤ ਤੇ ਏ..?
ਆਖਿਆ ਸਭ ਠੀਕ ਏ..ਪਰ ਨਾ ਮੰਨਿਆਂ ਅਖ਼ੇ ਝੂਠ ਮਾਰਦਾ ਪਿਆਂ ਏ..ਫੇਰ ਪੁੱਛਣ ਲੱਗਾ ਇਥੋਂ ਤੇਰੇ ਘਰ ਦੀ ਕਿੰਨੀਂ ਕੂ ਵਾਟ ਏ..ਆਖਿਆ ਹੈ ਪੰਜ ਸੱਤ ਮਿੰਟ ਦੀ!
ਕਹਿੰਦਾ ਇੱਕ ਕੰਮ ਕਰੀ..ਘਰ ਨੂੰ ਜਾਂਦਾ ਕਾਰ ਚਲਾਉਂਦਾ ਹੋਇਆ ਬਿਨਾ ਵਜਾ ਉੱਚੀ ਉੱਚੀ ਹੱਸੀ ਜਾਵੀਂ..ਫੇਰ ਘਰ ਜਾ ਕੇ ਮੈਨੂੰ ਫੋਨ ਲਾਵੀਂ!
ਇੰਝ ਹੀ ਕੀਤਾ..ਪੂਰੇ ਸੱਤ ਮਿੰਟ ਮੈਂ ਉੱਚੀ ਉੱਚੀ ਹੱਸਿਆ..ਸਟੋਪ ਸਾਈਨ ਤੇ ਇੱਕ ਗੋਰੀ ਹੈਰਾਨ ਹੋਈ ਜਾਵੇ..ਭਾਈ ਸ਼ਾਇਦ ਪਾਗਲ ਹੋ ਗਿਆ..!
ਘਰੇ ਅੱਪੜਿਆਂ ਤਾਂ ਦਿਲ ਹੌਲਾ ਹੋ ਚੁਕਾ ਸੀ..ਦਿਮਾਗ ਦੀਆਂ ਬੰਦ ਪਈਆਂ ਬਾਰੀਆਂ ਖੁੱਲ ਗਈਆਂ ਸਨ..ਚੇਹਰਾ ਖਿੜ ਗਿਆ ਸੀ..ਤੇ ਹੋਰ ਵੀ ਕਿੰਨਾ ਕੁਝ..ਇੰਝ ਲੱਗਿਆ ਕਦੇ ਦਾ ਮੁੱਕ ਗਿਆ ਕਿੰਨਾ ਕੁਝ ਅਰਸੇ ਬਾਅਦ ਜਿਉਂਦਾ ਹੋ ਗਿਆ ਹੋਵੇ..!
ਸੋ ਦੋਸਤੋ ਜੇ ਹੌਲੇ ਫੁੱਲ ਹੋਣਾ ਏ ਤਾਂ ਉੱਚੀ ਉੱਚੀ ਹੱਸਣਾ ਪਵੇਗਾ..ਬਿਨਾ ਵਜਾ..ਬਿਨਾ ਕਿਸੇ ਕਾਰਨ..ਕੋਈ ਬੇਸ਼ੱਕ ਜਿੰਨਾ ਮਰਜੀ ਪਾਗਲ ਸਮਝੀ ਜਾਵੇ..ਜਾਨ ਹੈ ਤਾਂ ਜਹਾਨ ਹੈ..ਵਰਨਾ ਜਿਸ ਦਿਨ ਆਪ ਮੋਏ ਤਾਂ ਜੱਗ ਪਰਲੋ ਤਾਂ ਪੱਕੀ ਹੋਣੀ ਹੀ ਹੈ..!
ਹਰਪ੍ਰੀਤ ਸਿੰਘ ਜਵੰਦਾ

One comment

  1. ਬਹੁਤ ਵਧੀਆ ਬਾਈ ਛਾਏ ਪਏ ਹੋ ਹਰ ਪਾਸੇ

Leave a Reply

Your email address will not be published. Required fields are marked *