ਵੱਡੇ ਘਰੋਂ ਰਿਸ਼ਤਾ | vadde gharo rishta

ਰਿਸ਼ਤਾ ਵੱਡੇ ਘਰੋਂ ਸੀ..ਮੈਂ ਅੰਦਰੋਂ ਅੰਦਰੀ ਡਰ ਰਹੀ ਸਾਂ..ਹੈਸੀਅਤ ਪੱਖੋਂ ਬਹੁਤ ਜਿਆਦਾ ਫਰਕ..ਇਕ ਵੇਰ ਮਨਾ ਵੀ ਕੀਤਾ ਪਰ ਪਿਓ ਧੀ ਨਾ ਮੰਨੇ..ਅਖ਼ੇ ਇੰਝ ਦੇ ਢੋ ਸਬੱਬ ਨਾਲ ਹੀ ਢੁੱਕਦੇ..!
ਫੇਰ ਕਰਜਾ ਚੁੱਕਿਆ..ਪੈਲੀ ਵੀ ਗਹਿਣੇ ਪਾਈ..ਵੱਡਾ ਸਾਰਾ ਦਾਜ ਦਿੱਤਾ..ਓਹਨੀਂ ਦਿਨੀਂ ਮਾਰੂਤੀ ਕਾਰ ਨਵੀਂ ਨਵੀਂ ਆਈ ਸੀ..ਉਹ ਵੀ ਬੁੱਕ ਕਰਵਾ ਦਿੱਤੀ..ਡਿਲੀਵਰੀ ਨੂੰ ਛੇ ਮਹੀਨੇ ਲੱਗਣੇ ਸਨ..ਰੋਜ ਸੁਨੇਹਾ ਘਲਿਆ ਕਰਨ ਕਦੋ ਮਿਲਣੀ ਏ..ਹਾਲਾਂਕਿ ਕੋਲ ਪਹਿਲੋਂ ਹੀ ਦੋ ਵਾਹਨ ਹੋਰ ਸਨ..ਛੇ ਮਹੀਨੇ ਵੀ ਨਹੀਂ ਸੀ ਟੱਪੇ ਕੇ ਸੁਣਾਉਤਾ ਮੇਹਣੇ ਸ਼ੁਰੂ ਹੋ ਗਏ..ਇੱਕ ਦੋ ਵੇਰ ਜਾਣਾ ਵੀ ਪਿਆ..ਅਖ਼ੇ ਉਨੀ ਸੁਚੱਜੀ ਨਹੀਂ ਜਿੰਨੀ ਆਸ ਕੀਤੀ ਸੀ..ਮੈਂ ਹੱਥ ਜੋੜ ਬੈਠੀ ਰਹਿੰਦੀ..ਹੈਸੀਅਤ ਦਾ ਫਰਕ ਮਨ ਤੇ ਹਮੇਸ਼ ਭਾਰੂ ਰਹਿੰਦਾ..ਹਾਲਾਤ ਦਿਨੋਂ ਦਿਨ ਵਿਗੜਦੇ ਗਏ..ਆਖਦੇ ਨਿਆਣਾ ਨਹੀਂ ਜੰਮਦੀ..ਗੱਲ ਡਾਕਟਰਾਂ ਤੱਕ ਜਾ ਅੱਪੜੀ..ਨੁਕਸ ਪਤਾ ਨੀ ਕਿਥੇ ਸੀ ਪਰ ਭਾਂਡਾ ਹਮੇਸ਼ਾਂ ਇਸੇ ਦੇ ਸਿਰ ਹੀ ਭੱਜਦਾ..ਅਖੀਰ ਆਖਣ ਲੱਗੇ ਨੁਕਸ ਏ ਵਾਪਿਸ ਲੈ ਜਾਵੋ..ਸਾਨੂੰ ਵਾਰਿਸ ਚਾਹੀਦਾ..!
ਅਖੀਰ ਇੱਕ ਦਿਨ ਖੁਦ ਹੀ ਆਖਣ ਲੱਗੀ ਮੈਨੂੰ ਲੈ ਜਾਵੋ ਨਹੀਂ ਤੇ ਮੈਂ ਮੁੱਕ ਜਾਣਾ..ਅਖੀਰ ਅੱਕ ਚੱਬਣਾ ਪਿਆ ਤੇ ਮੋੜ ਲਿਆਂਧੀ..ਫੇਰ ਜੋ ਹੋਇਆ ਲੰਮੀ ਕਹਾਣੀ ਏ ਫੇਰ ਸਹੀ!
ਜਿੰਦਗੀ ਦੇ ਕੁਝ ਰਿਸ਼ਤੇ ਦੋਸਤੀਆਂ ਟੇਸ਼ਨ ਤੇ ਸਸਤੇ ਮਿਲ ਗਏ ਇਸ ਹਦੁਆਣੇ ਵਾਂਙ ਹੁੰਦੇ..ਖਾਣੇ ਹੰਢਾਉਣੇ ਤੇ ਕੀ ਹੁੰਦੇ..ਸਾਰੀ ਉਮਰ ਬੱਸ ਭਾਰ ਚੁੱਕਦਿਆਂ ਹੀ ਲੰਘ ਜਾਂਦੀ..!
ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *