ਮਿੱਟੀ | mitti

ਬੇਟਾ ਇੰਡੋ-ਤਿੱਬਤੀਐਨ ਪੁਲਸ ਵਿਚ ਡਿਪਟੀ-ਕਮਾਂਡੈਂਟ ਬਣ ਗਿਆ ਤਾਂ ਚੱਢਾ ਸਾਬ ਨੇ ਮਹਿਕਮੇਂ ਵਿਚੋਂ ਸਮੇਂ ਤੋਂ ਪਹਿਲਾਂ ਵਾਲੀ ਰਿਟਾਇਰਮੈਂਟ ਲੈ ਲਈ..!
ਫੇਰ ਅਕਸਰ ਹੀ ਕਾਲੇ ਰੰਗ ਦੀ ਅੰਬੈਸਡਰ ਤੇ ਟੇਸ਼ਨ ਆਇਆ ਕਰਦੇ..ਆਉਂਦਿਆਂ ਹੀ ਬੇਟੇ ਦੇ ਮਹਿਕਮੇਂ ਦੀਆਂ ਸਿਫਤਾਂ ਕਰਨੀਆਂ ਸ਼ੁਰੂ ਕਰ ਦਿੰਦੇ!
ਫੇਰ ਗੱਲਾਂ ਗੱਲਾਂ ਵਿਚ ਰੇਲਵੇ ਦੇ ਮਹਿਕਮੇਂ ਵਿਚ ਹੀ ਨੁਕਸ ਕੱਢਣ ਲੱਗਾ ਜਾਂਦੇ ਤਾਂ ਕਈਆਂ ਨਾਲ ਬਹਿਸ ਹੋ ਜਾਂਦੀ..!
ਪਿਤਾ ਜੀ ਆਖਦੇ ਚੱਡਾ ਸਾਬ ਇਸੇ ਮਹਿਕਮੇਂ ਨੇ ਬੜਾ ਕੁਝ ਦਿੱਤਾ..ਰਹਿਣ ਸਹਿਣ,ਕਵਾਟਰ,ਮੁਫ਼ਤ ਸਫ਼ਰ,ਇੱਜਤ ਮਾਣ ਵਾਕਫ਼ੀ ਅਤੇ ਹੋਰ ਵੀ ਕਿੰਨਾ ਕੁਝ..!

ਪਰ ਅਫ਼ਸਰੀ ਦੀ ਐਸੀ ਐਨਕ ਚੜੀ ਹੁੰਦੀ ਕੇ ਹੋਰ ਕੁਝ ਦਿਸਦਾ ਹੀ ਨਹੀਂ..ਇਥੋਂ ਤੱਕ ਕੇ ਬਚਨ ਸਿੰਘ ਸਫਾਈ ਵਾਲੇ ਵੱਲੋਂ ਬੁਲਾਈ ਫਤਹਿ ਦਾ ਜਵਾਬ ਵੀ ਨਾ ਦਿਆ ਕਰਦੇ..ਓਹੀ ਬਚਨ ਸਿੰਘ ਜਿਸਨੇ ਨੌਕਰੀ ਦੌਰਾਨ ਚੱਢਾ ਸਾਬ ਦੀ ਬਹੁਤ ਸੇਵਾ ਕੀਤੀ ਸੀ..!

ਫੇਰ ਸਮੇਂ ਦੇ ਵਹਿਣ ਨਾਲ ਚੜੇ ਹੋਏ ਕਿੰਨੇ ਸਾਰੇ ਨਸ਼ੇ ਉੱਤਰਦੇ ਗਏ..!

ਮੁੰਡਾ ਵਿਆਹ ਦਿੱਤਾ..ਕੁੜਮ ਸਖਤ ਟੱਕਰ ਗਏ..ਘਰੇ ਲਿਆਂਧੀ ਚੱਡਾ ਸਾਬ ਨੂੰ ਲਾਗੇ ਨਾ ਲੱਗਣ ਦਿਆ ਕਰੇ..ਜਮਾਨੇ ਰਿਸ਼ਤੇਦਾਰੀ ਅਤੇ ਆਂਢ-ਗੁਆਂਢ ਤੋਂ ਟੁੱਟਦੇ ਹੋਇਆਂ ਕੋਈ ਗੱਲ ਦਿਲ ਤੇ ਲਾ ਲਈ..ਥੋੜੇ ਟਾਈਮ ਮਗਰੋਂ ਹੀ ਮੰਜਾ ਫੜ ਲਿਆ ਪਹਿਲੋਂ ਘਰ ਦਾ ਤੇ ਫੇਰ ਹਸਪਤਾਲ ਦਾ..ਇੱਕ ਦਿਨ ਸੁਨੇਹਾ ਘੱਲਿਆ..ਅਖੇ ਬਚਨ ਸਿੰਘ ਨੂੰ ਆਖੋ ਮਿਲ ਜਾਵੇ..ਬੜਾ ਜੀ ਕਰਦਾ..ਪਰ ਪਤਾ ਨਹੀਂ ਬਚਨ ਸਿੰਘ ਥੋੜੀ ਢਿੱਲ ਵਰਤ ਗਿਆ ਕੇ ਚੱਢਾ ਸਾਬ ਕਾਹਲੀ ਕਰ ਗਏ..ਆਖਰੀ ਮੇਲੇ ਕਦੀ ਨਾ ਹੋ ਸਕੇ..!

ਦੋਸਤੋ ਜਦੋਂ ਬੰਦਾ ਇਕੱਲਾ ਰਹਿ ਜਾਂਦਾ ਏ ਤਾਂ ਕਿਸੇ ਵੇਲੇ ਨਾਲ ਵਿਚਰੇ ਕੁਝ ਕੂ ਬਚਨ ਸਿੰਘ ਬਹੁਤ ਚੇਤੇ ਆਉਂਦੇ ਨੇ..ਓਹੀ ਬਚਨ ਸਿੰਘ ਜਿਹੜੇ ਇਸੇ ਮਿੱਟੀ ਵਿਚ ਜਨਮੇ ਹੁੰਦੇ..ਸਾਰੀ ਉਮਰ ਇਸੇ ਮਿੱਟੀ ਵਿਚ ਹੀ ਵਿਚਰਦੇ ਤੇ ਮੁੜ ਇਸੇ ਮਿੱਟੀ ਵਿਚ ਹੀ ਵਿਲੀਨ ਹੋ ਜਾਂਦੇ..!
ਉਹ ਮਿੱਟੀ ਜਿਸਨੂੰ ਗੁਰੂਆਂ ਨੇ ਮਾਂ ਦਾ ਦਰਜ ਦਿੱਤਾ ਹੈ..ਇੱਕ ਕੌੜੀ ਹਕੀਕਤ ਹੋਰ ਵੀ..”ਖੁਦਾ ਜਬ ਹੁਸਨ ਦੇਤਾ ਹੈ ਤੋ ਨਖਰਾ ਆ ਹੀ ਜਾਤਾ ਹੈ”
ਓਹੀ ਹੁਸਨ ਜਿਸਦੀ ਲੌ ਜਦੋਂ ਥੋੜੀ ਮੱਧਮ ਪੈਣ ਲੱਗਦੀ ਏ ਤਾਂ ਬੰਦਾ ਸ਼ੀਸ਼ੇ ਵਿਚ ਖੁਦ ਦੀ ਸ਼ਕਲ ਵੇਖ ਬੁਰੀ ਤਰਾਂ ਡਰ ਜਾਂਦਾ ਏ!

ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *