ਫਿੱਕਾ ਹਦਵਾਣਾ | fikka hadvana

ਸੰਨ ਸਤਾਸੀ ਅਠਾਸੀ ਦੀ ਗੱਲ ਹੈ..ਵਾਢੀ ਦੀਆਂ ਛੁਟੀਆਂ ਵਿਚ ਯੂ.ਪੀ ਤੋਂ ਆਈ ਮਾਸੀ ਨਾਲ ਨਾਨਕੇ ਪਿੰਡ ਦਾ ਸਬੱਬ ਬਣ ਗਿਆ..ਸਬੱਬ ਕਾਹਦਾ ਧੜੀ ਧੜੀ ਖੂਨ ਵੱਧ ਗਿਆ..ਪੈਰ ਜਮੀਨ ਤੇ ਲੱਗਣੋਂ ਹਟ ਗਏ !
ਅਜੇ ਬੱਸ ਬਟਾਲੇ ਤੋਂ ਮਸਾਂ ਕੁਝ ਕੂ ਕਿਲੋਮੀਟਰ ਹੀ ਦੂਰ ਗਈ ਹੋਵੇਗੀ ਕੇ ਦੁਹਾਈ ਮੱਚ ਗਈ ਸ਼ਹਿਰ ਕਰਫ਼ਿਯੂ ਲੱਗ ਗਿਆ !
ਅਗਲੇ ਦਿਨ ਹਰ ਹਾਲਤ ਵਿਚ ਵਾਪਿਸ ਸ਼ਹਿਰ ਮੁੜਨ ਵਾਲਾ ਯੱਬ ਮੁੱਕ ਗਿਆ..ਬੱਸਾਂ ਟਾਂਗੇ ਘੜੁੱਕੇ ਟਰੈਕਟਰ ਟਰਾਲੀਆਂ ਸਕੂਟਰ ਸਾਈਕਲ..ਸਭ ਕੁਝ ਬੰਦ !
ਨਾਨਕੇ ਪਿੰਡ ਤੋਂ ਵੱਡੀ ਮਾਸੀ ਦਾ ਪਿੰਡ ਕੋਈ ਪੰਜ ਕੁ ਕਿਲੋਮੀਟਰ ਦੀ ਦੂਰੀ ਤੇ ਸੀ ਪਰ ਡਾਂਡੇ ਮੀਂਡੇ ਪੈ ਸ਼ੋਟ ਕੱਟ ਮਾਰ ਇਹ ਵਿਥ ਕੋਈ ਡੇਢ ਕੂ ਕਿਲੋਮੀਟਰ ਦੀ ਹੀ ਰਹਿ ਜਾਂਦੀ ਸੀ !
ਦੋ ਦਿਨ ਨਾਨਕੇ ਪਿੰਡ ਪੂਰੀਆਂ ਮੌਜਾਂ ਮਾਣਨ ਮਗਰੋਂ ਸਲਾਹ ਕਰ ਮਾਸੀ ਪਿੰਡ ਨੂੰ ਹੋ ਤੁਰੇ ! ਦੋ ਭੈਣ ਭਰਾ ਅਸੀਂ ਤੇ ਇੱਕ ਮਾਮੇ ਦਾ ਮੁੰਡਾ ਤੇ ਮਾਸੀ..ਕੁਝ ਘੜੀਆਂ ਬੈਠ ਟਾਂਗੇ ਦੀ ਉਡੀਕ ਕੀਤੀ ਪਰ ਜਦੋਂ ਕੁਝ ਆਉਂਦਾ ਨਾ ਦਿਸਿਆ ਤਾਂ ਸੂਏ ਦੇ ਕੰਢੇ ਬਣੇ ਕਚੇ ਪਹੇ ਤੇ ਪੈ ਸਾਰਾ ਕਾਫ਼ਿਲਾ ਰਵਾਂ ਰਵੀਂ ਪੈਦਲ ਹੀ ਵੱਡੀ ਮਾਸੀ ਦੇ ਪਿੰਡ ਨੂੰ ਹੋ ਤੁਰ ਪਿਆ !
ਨਿੱਕੀ ਮਾਸੀ ਨੇ ਕੱਪੜੇ ਦੇ ਪੋਣੇ ਨਲਕੇ ਤੋਂ ਗਿੱਲੇ ਕਰ ਸਾਰਿਆਂ ਨਿਆਣਿਆਂ ਦੇ ਸਿਰ ਢੱਕ ਦਿੱਤੇ !
ਕੁਝ ਦੂਰ ਤੱਕ ਤੇ ਹੱਸਦੇ ਖੇਡਦੇ ਤੁਰੇ ਗਏ ਪਰ ਜਦੋਂ ਗਰਮੀਂ ਨੇ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਸਾਰਿਆਂ ਨੂੰ ਸਖਤ ਤ੍ਰੇਹ ਲੱਗ ਗਈ ! ਅਗਲੇ ਪੁਲ ਤੋਂ ਸੂਏ ਕੰਡੇ ਲੱਗੇ ਨਲਕੇ ਤੋਂ ਰੱਜ ਰੱਜ ਠੰਡਾ ਪਾਣੀ ਪੀਤਾ ਹੀ ਸੀ ਕੇ ਸਾਰਿਆਂ ਦੀ ਨਜਰ ਸੜਕ ਕੰਡੇ ਲੱਗੇ ਹਦੂਆਣਿਆਂ ਦੇ ਢੇਰ ਤੋਂ ਜਾ ਪਈ ! ਮਾਸੀ ਬਥੇਰਾ ਕਹੇ ਕੇ ਪਾਣੀ ਮਗਰੋਂ ਹਦਵਾਣਾ ਨਹੀਂ ਖਾਈਦਾ..ਹੈਜਾ ਹੋ ਜਾਂਦਾ ਪਰ ਨਿਆਣਿਆਂ ਦਾ ਵੱਗ ਕਿਥੇ ਮੰਨੇ !
ਇੱਕ ਗਰੀਬ ਜਿਹਾ ਪਰਿਵਾਰ ਹਦੂਆਣਿਆਂ ਦੇ ਢੇਰ ਲਾਗੇ ਮੰਜੀ ਡਾਹ ਗ੍ਰਾਹਕਾਂ ਦਾ ਇੰਤਜਾਰ ਕਰ ਰਿਹਾ ਸੀ !
ਸਾਨੂੰ ਦੇਖ ਓਹਨਾ ਦੀ ਹਿਲਜੁਲ ਵੱਧ ਗਈ ! ਮਾਸੀ ਪੁੱਛਣ ਲੱਗੀ ਕੇ ਭਾਈ ਕਿੰਨੇ ਦਾ ਇੱਕ ?
ਸਸਤੇ ਜਮਾਨੇ ਤੇ ਵੱਡੇ ਦਿਲਾਂ ਵਾਲੇ ਹਸਮੁੱਖ ਲੋਕ ਤੇ ਉੱਤੋਂ ਦੂਰ ਦੁਰਾਡੇ ਪਿੰਡਾਂ ਵਿਚ ਲੋਕ ਭਾਅ ਨਾਲੋਂ ਰਿਸ਼ਤਿਆਂ ਦੀ ਕਦਰ ਜਿਆਦਾ ਕਰਿਆ ਕਰਦੇ ਸੀ..ਆਖਣ ਲੱਗਾ ਭੈਣੇ ਪਛਾਣ ਲਿਆ..ਸੂਬੇਦਾਰਾਂ ਦੀ ਧੀ ਏਂ..ਤੇਰੇ ਨਾਲ ਕਾਹਦਾ ਭਾਹ ਜਿੰਨੇ ਮਰਜੀ ਦੇ ਦੇ,ਬਾਕੀਆਂ ਨੂੰ ਦਸਾਂ ਦਾ ਇੱਕ ਦਿੱਤਾ..ਤੂੰ ਪਿੰਡ ਦੀ ਧੀ ਧਿਆਣੀ..ਅੱਠ ਰੁਪਈਏ ਦੇ ਦੇ ”
ਦੋ ਮੁਰੱਬਿਆਂ ਦੀ ਮਾਲਕ ਮਾਸੀ ਦੀ ਇੱਕ ਅਜੀਬ ਆਦਤ ਸੀ..ਰੇਹੜੀ ਤੋਂ ਕੇਲੇ ਲੈਣ ਲੱਗਿਆਂ ਤੇ ਰਿਕਸ਼ੇ ਤੇ ਚੜਨ ਲੱਗਿਆਂ ਭਾਅ ਜਰੂਰ ਕਰਨਾ..ਪਰਸ ਚੋਂ ਪੰਜਾਂ ਦਾ ਨੋਟ ਕੱਢ ਫੜਾਉਂਦੀ ਹੋਈ ਆਖਣ ਲੱਗੀ ਕੇ ਵੀਰੇ ਟੁੱਟੇ ਤੇ ਹੈ ਨੀ ਏਨੇ ਹੀ ਨੇ..ਰੱਖ ਲੈ !
ਉਸਨੇ ਅੱਗੋਂ ਹੱਸਦੇ ਹੋਏ ਨੇ ਸੱਤ ਬਚਨ ਆਖ ਪੰਜਾਂ ਦਾ ਨੋਟ ਆਪਣੇ ਪਾਟੇ ਹੋਏ ਕੁੜਤੇ ਦੀ ਜੇਬ ਵਿਚ ਪਾ ਲਿਆ ਤੇ ਸੂਏ ਵਿਚ ਠੰਡੇ ਕਰਨ ਖਾਤਰ ਚਾਦਰ ਵਿਚ ਬੰਨ ਪਾਣੀ ਵਿਚ ਲਮਕਾਏ ਦਾਣਿਆਂ ਵਿਚੋਂ ਇੱਕ ਮੋਟਾ ਤਾਜਾ ਹਦਵਾਣਾ ਕੱਟ ਸਾਡੇ ਸਾਮਣੇ ਰੱਖ ਦਿੱਤਾ..ਉੱਤੋਂ ਬੜੇ ਹੀ ਅਪਣੱਤ ਭਰੇ ਲਹਿਜੇ ਵਿਚ ਮਾਸੀ ਨੂੰ ਆਖਣ ਲੱਗਾ ਕੇ “ਭੈਣੇ ਜੇ ਮਿੱਠਾ ਨਾ ਨਿੱਕਲਿਆਂ ਤਾਂ ਸੰਗੀ ਨਾ ਦੱਸ ਦੇਵੀਂ..ਮੈਂ ਹੋਰ ਦੇ ਦੂੰ..”!
ਅੱਜ ਵਿੰਨੀਪੈਗ ਦੇ ਵੱਡੇ ਸਾਰੇ ਸਟੋਰ ਦੀ ਖੁਸ਼ਕ ਜਿਹੀ ਗੋਰੀ ਨੂੰ ਹਦੁਆਣੇ ਦੇ 14 ਡਾਲਰ ਪੇ ਕਰਦਿਆਂ 35 ਸਾਲ ਪਹਿਲਾਂ ਮਾਸੀ ਦੇ ਪਰਸ ਵਾਲਾ ਪੰਜਾਂ ਦਾ ਨੋਟ ਬੜਾ ਹੀ ਯਾਦ ਆਇਆ !
ਤੇ ਦੋਸਤੋ ਹੱਦ ਤੋਂ ਓਦੋਂ ਹੋ ਗਈ ਜਦੋਂ ਘਰ ਪਹੁੰਚ ਫਿਕੇ ਹਦਵਾਣੇ ਦਾ ਪਹਿਲਾਂ ਪੀਸ ਅੰਦਰ ਲੰਘਾਉਂਦੀਆਂ ਦਿਲ ਕੀਤਾ ਕੇ ਉੱਡ ਕੇ ਉਸ ਨਹਿਰ ਕੰਢੇ ਲੱਗੇ ਹੜਵਾਣੇਆਂ ਦੇ ਢੇਰ ਕੋਲ ਪਹੁੰਚ ਜਾਵਾਂ ਤੇ ਆਖਾਂ ਭਾਈ ਤੇਰਾ ਦਾਣਾ ਫਿੱਕਾ ਨਿਕਲਿਆ..ਇੱਕ ਹੋਰ ਦੇ ਦੇ..ਪਰ ਪੁਲਾਂ ਥੱਲਿਓਂ ਲੰਘੇ ਪਾਣੀ ਤੇ ਜਹਾਨੋਂ ਤੁਰ ਗਏ ਮਿੱਤਰ ਪਿਆਰੇ ਇੱਕ ਵਾਰ ਗਏ ਫੇਰ ਕਿਥੇ ਮੁੜਦੇ ਆ !
ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *