ਸਪੀਕਰ | speaker

ਗੱਲ ਪੁਰਾਣੀ ਨਹੀਂ ਬੱਸ ਪੰਝੀ ਤੀਹ ਵਰੇ ਪਹਿਲਾਂ ਦੀ ਹੀ ਹੈ
ਵਿਆਹ ਤੇ ਮੁੰਡਾ ਜੰਮੇ ਘਰਾਂ ਵਿਚ ਦੋ ਮੰਜਿਆਂ ਨੂੰ ਜੋੜ ਟੰਗੇ ਰੰਗ ਬਿਰੰਗੇ ਸਪੀਕਰਾਂ ਦੀ ਪੂਰੀ ਚੜਤ ਹੁੰਦੀ ਸੀ
ਘਰਾਂ ਵਿਚ ਵਿਆਹ ਤੋਂ ਕੋਈ ਪੰਦਰਾਂ ਵੀਹ ਦਿਨ ਪਹਿਲਾਂ ਤੋਂ ਹੀ ਰੌਣਕਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਸਨ !
ਦੂਰ ਦੁਰਾਡੇ ਦੀ ਰਿਸ਼ਤੇਦਾਰੀ ਦੀ ਆਮਦ ਨਾਲ ਹੀ ਕੋਠੇ ਤੇ ਸਪੀਕਰ ਗੱਜਣੇ ਸ਼ੁਰੂ ਹੋ ਜਾਂਦੇ !
ਪਹਿਲੇ ਪਲੇਠੀ ਦੇ ਪ੍ਰਾਹੁਣੇ ਦੀ ਐਂਟਰੀ ਬਰੂਹਾਂ ਤੇ ਤੇਲ ਚੋ ਕੇ ਕਰਵਾਈ ਜਾਂਦੀ ਸੀ !
ਦੂਰੋਂ ਆਇਆ ਮੁੜਦਾ ਵੀ ਵਿਆਹ ਤੋਂ ਪੰਦਰਾਂ ਵੀਹਾਂ ਦਿਨਾਂ ਮਗਰੋਂ ਹੀ ਸੀ ! ਉਸ ਵੇਲੇ ਦਾ ਇਨਸਾਨ ਨੱਸ ਭੱਜ ਤੋਂ ਕੋਹਾਂ ਦੂਰ ਸੀ !
ਮਹੀਨਾ ਰਹਿ ਗਏ ਪ੍ਰਾਹੁਣੇ ਨਾਲ ਏਨਾ ਮੋਹ ਪੈ ਜਾਂਦਾ ਕੇ ਤੁਰ ਜਾਣ ਮਗਰੋਂ ਡੰਗਰ ਤੇ ਪਾਲਤੂ ਕੁੱਤਿਆਂ ਤੱਕ ਮਸੋਸੇ ਜਾਂਦੇ ! ਬਾਕੀ ਵਿਆਹ ਵਾਲੇ ਘਰੋਂ ਵਿਦਾਈ ਲੈਣੀ ਵੀ ਕਿਹੜੀ ਸੌਖੀ ਹੁੰਦੀ ਸੀ..ਨਾ ਪ੍ਰਾਹੁਣੇ ਦਾ ਦਿਲ ਕਰਦਾ ਸੀ ਜਾਣ ਨੂੰ ਤੇ ਨਾ ਹੀ ਘਰ ਵਾਲਿਆਂ ਦਾ ਤੋਰਨ ਨੂੰ..ਬੱਸ ਹੰਜੂਆਂ ਦੀ ਬਰਸਾਤ ਵਿਚ ਪੂਰੀ ਤਰਾਂ ਭਿੱਜ ਵਿਛੋੜੇ ਪੈਂਦੇ ਸੀ!
ਪ੍ਰਾਹੁਣੇ ਨੂੰ ਰੋਕਣ ਲਈ ਟੈਚੀ ਟਰੰਕ ਲਕਾਉਣ ਵਾਲਾ ਹਥਿਆਰ ਸਬ ਤੋਂ ਅਖੀਰ ਵਿਚ ਵਰਤਿਆ ਜਾਂਦਾ ਸੀ !
ਰਿਕਾਰਡ ਤਵੀਆਂ ਤੇ ਗਰਾਰੀ ਬਿਨਾ ਸਪੀਕਰ ਅਧੂਰਾ ਹੁੰਦਾ ਸੀ ! ਸਪੀਕਰ ਵਾਲੇ ਦੀ ਮੰਜੀ ਕੋਲ ਹਰ ਵੇਲੇ ਨਿਆਣਿਆਂ ਸਿਆਣਿਆਂ ਦੀਆਂ ਰੌਣਕਾਂ ਲੱਗਿਆਂ ਹੀ ਰਹਿੰਦੀਆਂ ਸਨ ! ਵੇਲ ਕਰਾਉਣ ਵਾਲੇ ਦੇ ਸਪੀਕਰ ਵਿਚ ਇੱਕ ਵਾਰ “ਹੈਲੋ” ਬੋਲ ਦੇਣਾ ਲੱਖਾਂ ਦੀ ਲਾਟਰੀ ਜਿੱਤਣ ਤੋਂ ਵੀ ਵੱਧ ਸਰੂਰ ਦਿੰਦਾ ਸੀ !
ਪਿੰਡ ਦੀਆਂ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਸਨ !
ਇੱਕੋ ਪਿੰਡ ਵਿਚ ਹੋਇਆ ਸਾਕ ਜੱਗੋਂ ਤੇਹਰਵੀਂ ਤੇ ਮਨਹੂਸ ਘਟਨਾ ਮੰਨੀ ਜਾਂਦੀ ਸੀ !
ਬੇਗਾਨੀ ਇੱਜਤ ਦਾ ਆਪਣੀ ਤੋਂ ਵੀ ਵੱਧ ਖਿਆਲ ਰੱਖਿਆ ਜਾਂਦਾ ਸੀ !
ਕੋਠੇ ਤੇ ਸਿਸਟਮ ਇੰਸਟਾਲ ਕਰਨ ਤੋਂ ਐਨ ਪਹਿਲਾਂ ਘਰ ਦਾ ਵੱਡਾ ਬਜ਼ੁਰਗ ਸਪੀਕਰ ਵਾਲੇ ਨੂੰ ਪੱਕੀ ਹਿਦਾਇਤ ਕਰ ਜਾਂਦਾ ਸੀ ਭਈ ਮਾੜਾ ਰਿਕਾਡ ਨੀ ਲੱਗਣਾ ਚਾਹੀਦਾ ਧੀਆਂ ਭੈਣਾਂ ਵਾਲਾ ਪਿੰਡ ਹੈ !
ਸੁਵੇਰੇ ਗੁਰੂ ਘਰਾਂ ਵਿਚ ਹੁੰਦੇ ਨਿੱਤ ਨੇਮ ਦੇ ਪਾਠਾਂ ਮਗਰੋਂ ਗਾਉਣ ਵਜਾਉਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਸੀ
ਪਹਿਲੇ ਡੇਢ ਦੋ ਘੰਟੇ ਸਿਰਫ ਭਾਈ ਗੋਪਾਲ ਸਿੰਘ ਦੇ ਧਾਰਮਿਕ ਰਿਕਾਰਡ ਹੀ ਲਗਿਆ ਕਰਦੇ ਸਨ !
ਫੇਰ ਦੁਪਹਿਰ ਕੂ ਜਿਹੇ ਨੂੰ ਨੂੰ ਮੁੰਡਿਆਂ ਖੁੰਡਿਆਂ ਵਾਲੇ ਸਹਿੰਦੇ ਸਹਿੰਦੇ ਪਿਆਰ ਮੁਹੱਬਤ ਵਾਲੇ ਜਗਮੋਹਨ ਕੌਰ ਬੀਬਾ ਮਾਣਕ ਮਸਤਾਨੇ ਤੇ ਜਮਲੇ ਜੱਟ ਲਾ ਦਿੱਤੇ ਜਾਂਦੇ ਸਨ !
ਸਾਲ ਸਾਲ ਪਹਿਲਾਂ ਹੋਈ ਮੌਤ ਵਾਲੇ ਘਰਾਂ ਵਾਲਿਆਂ ਦੇ ਜਜਬਾਤਾਂ ਦਾ ਖਾਸ ਖਿਆਲ ਰੱਖਣ ਲਈ ਸਪੀਕਰ ਦੀ ਵਾਜ ਘਟ ਰੱਖੀ ਜਾਂਦੀ ਸੀ ਤੇ ਮੂੰਹ ਦੂਜੇ ਪਾਸੇ ਰਖਿਆ ਜਾਂਦਾ ਸੀ !
ਜਦੋਂ ਫੁੱਫੜ ਤੇ ਜੀਜੇ ਵੱਲੋਂ ਕਰਾਈ ਰੁਪਈਏ ਦੋ ਰੁਪਈਏ ਦੀ ਵੇਲ ਸਪੀਕਰ ਤੇ ਲੱਖਾਂ ਕਰੋੜਾਂ ਵਿਚ ਦਰਸਾਈ ਜਾਂਦੀ ਤਾਂ ਓਹਨਾ ਦੇ ਹੱਥ ਬਦੋ-ਬਦੀ ਮੁੱਛਾਂ ਨੂੰ ਵੱਟ ਚਾੜਨ ਲੱਗ ਜਾਂਦੇ ! ਸਪੀਕਰ ਵਾਲੇ ਕੋਲ ਖਾਣ ਪੀਣ ਦਾ ਸਮਾਨ ਵੀ ਸਭ ਤੋਂ ਪਹਿਲਾਂ ਪੁੱਜਦਾ ਹੁੰਦਾ ਸੀ ..ਚਾਹ ਪਾਣੀ ਬੂੰਦੀ ਸਕਰਪਰੇ ਤੇ ਰੋਟੀ ਟੁੱਕ ਦੀ ਸਪਲਾਈ ਨਿਰੰਤਰ ਜਾਰੀ ਰਹਿੰਦੀ !
ਸਪੀਕਰ ਲੱਗੇ ਪਿੰਡ ਕੋਲੋਂ ਦੀ ਸਾਈਕਲ ਤੇ ਲੰਘਦੇ ਅਣਜਾਣ ਰਾਹੀਆਂ ਦੇ ਚੇਹਰੇ ਵੀ ਖੁਸ਼ੀ ਨਾਲ ਖਿੜ ਕੇ ਗੁਲਾਬ ਹੋ ਜਾਂਦੇ ਸੀ ! ਓਹਨਾ ਵੇਲਿਆਂ ਦੇ ਸਰਲ ਸਪਸ਼ਟ ਤੇ ਸਾਫ ਦਿਲ ਲੋਕ ਇੱਕ ਦੂਜੇ ਦੀ ਖੁਸ਼ੀ ਵਿਚ ਸ਼ਾਮਿਲ ਹੋਣ ਲੱਗੇ ਅੱਜ ਵਾੰਗ ਬਹੁਤੀਆਂ ਗਿਣਤੀਆਂ ਮਿਣਤੀਆਂ ਨਹੀਂ ਸਨ ਕਰਿਆ ਕਰਦੇ !
ਸਾਲਾਂ ਬੱਧੀ ਤੁਰੀਆਂ ਆਉਂਦੀਆਂ ਗੁੱਸੇ ਨਰਾਜਗੀਆਂ ਸਪੀਕਰ ਤੇ ਕਰਾਈ ਇੱਕ ਸਵਾ ਰੁਪਈਏ ਦੀ ਵੇਲ ਨਾਲ ਮਿੰਟਾ ਸਕਿੰਟਾਂ ਵਿਚ ਢਹਿ ਢੇਰੀ ਹੋ ਜਾਂਦੀਆਂ ਤੇ ਦੁਸ਼ਮਣ ਖੜੇ ਖਲੋਤੇ ਜੱਫੀਆਂ ਪੈ ਲੈਂਦੇ !
ਪਰ ਸਮੇ ਦੇ ਵਹਿਣ ਵਿਚ ਪਤਾ ਹੀ ਨੀ ਲੱਗਾ ਕਦੋਂ ਟੇਪਾਂ ਸੀਡੀਆਂ ਤੇ ਡੀ.ਜੇ ਚੁੱਪ ਚੁਪੀਤੇ ਸਪੀਕਰ ਵਾਲਿਆਂ ਦੇ ਘਰੀਂ ਸੰਨ ਲਾ ਗਏ ਤੇ ਹੱਸਦੇ ਵੱਸਦੇ ਵੇਹੜੇ ਸੁੰਨੇ ਜਿਹੇ ਪੈ ਗਏ!
ਮਹੀਨਾ ਮਹੀਨਾ ਚੱਲਦੇ ਵਿਆਹ ਦੋ ਤਿੰਨ ਘੰਟਿਆਂ ਵਾਲੇ ਅੱਧਨੰਗੇ ਸਟੇਜੀ ਸਭਿਆਚਾਰ ਦੀ ਭੇਟਾ ਚੜ ਗਏ ਤੇ ਇਹ ਗੀਤ ਬਸ ਦੁਆਹੀਆਂ ਵਾਸਤੇ ਹੀ ਪਾਉਂਦਾ ਰਹਿ ਗਿਆ!
“ਦੋ ਮੰਜਿਆਂ ਨੂੰ ਜੋੜ ਸਪੀਕਰ ਲੱਗਣੇ ਨੀ..ਜਿਹੜੇ ਵਾਜੇ ਵੱਜ ਗੇ ਉਹ ਮੁੜ ਵੱਜਣੇ ਨੀ ”
Written in 2019
ਜੀਉਂਦੇ ਵਸਦੇ ਰਹੋ
ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *