ਸਰੀਰ ਅਤੇ ਜਮੀਰ | sreer ate zameer

ਨਿੱਕੇ ਹੁੰਦਿਆਂ ਕਿਥੇ ਅਤੇ ਕੀਦੇ ਨਾਲ ਖੇਡਣਾ..ਘਰੇ ਵਾਪਿਸ ਕਦੋਂ ਮੁੜਨਾ..ਸਭ ਕੁਝ ਬੀਜੀ ਨੂੰ ਦੱਸ ਪੁੱਛ ਕੇ ਹੀ ਜਾਣਾ ਪੈਂਦਾ..ਜੇ ਕਿਧਰੇ ਗਈ ਵੀ ਹੁੰਦੀ ਤਾਂ ਵੀ ਪਹਿਲੋਂ ਉਸਦੇ ਮਗਰ ਜਾ ਕੇ ਪਹਿਲੋਂ ਇਹ ਸਭ ਕੁਝ ਦੱਸਣਾ ਪੈਂਦਾ..!
ਇੱਕ ਵੇਰ ਕਿਧਰੇ ਮਰਗ ਤੇ ਜਾਣਾ ਪੈ ਗਿਆ..ਮੈਨੂੰ ਅੰਦਰ ਲੈ ਗਈ..ਨਿਤਨੇਮ ਵਾਲੇ ਗੁਟਕਾ ਸਾਬ ਕੋਲ ਖਲਿਆਰ ਲਿਆ..ਅਖ਼ੇ ਮੇਰੇ ਮਗਰੋਂ ਜਦੋਂ ਵੀ ਕਿਧਰੇ ਜਾਣਾ ਹੋਇਆ ਇਥੇ ਖਲੋ ਕੇ ਪਹਿਲੋਂ ਅਰਦਾਸ ਕਰ ਕੇ ਹੀ ਜਾਣਾ..ਜੇ ਨਾ ਕੀਤੀ ਤਾਂ ਬਾਬਾ ਜੀ ਨੇ ਮੈਨੂੰ ਸੁਨੇਹਾ ਘੱਲ ਦੇਣਾ!
ਸ਼ੁਰੂ ਸ਼ੁਰੂ ਵਿਚ ਮੈਨੂੰ ਇਹ ਕੰਮ ਬੜਾ ਵਾਧੂ ਜਿਹਾ ਲੱਗਣਾ ਪਰ ਬੀਜੀ ਕਰਕੇ ਪੱਕੀ ਆਦਤ ਪੈ ਗਈ..ਹਰ ਕੰਮ ਤੋਂ ਪਹਿਲੋਂ ਹੱਥ ਆਪਮੁਹਾਰੇ ਹੀ ਜੁੜ ਜਾਂਦੇ ਤੇ ਅੱਖੀਆਂ ਮੀਟੀਆਂ ਜਾਂਦੀਆਂ..ਕਈ ਗ੍ਰੰਥੀ ਆਖ ਠਿੱਠ ਵੀ ਕਰਦੇ!
ਫੇਰ ਜਵਾਨ ਹੋਇਆ..ਵਿਆਹਿਆ ਗਿਆ..ਫੇਰ ਬੀਜੀ ਇੱਕ ਦਿਨ ਆਪਣੀ ਉਮਰ ਭੋਗ ਕੇ ਸਦੀਵੀਂ ਚਾਲੇ ਵੀ ਪਾ ਗਈ..ਪਰ ਨਿੱਤਨੇਮ ਦੀ ਆਦਤ ਮੇਰੇ ਹੱਡੀ ਰਚ ਗਈ..!
ਇੱਕ ਵੇਰ ਸੁਵੇਰੇ ਤੜਕੇ ਮੇਰੀ ਫਲਾਈਟ ਸੀ..ਅਲਾਰਮ ਨਾ ਵੱਜਿਆ..ਕਿੰਨਾ ਕੁਝ ਛੁੱਟ ਗਿਆ..ਨਿੱਤਨੇਮ ਵੀ..ਵਾਹੋ-ਦਾਹੀ ਬਾਹਰ ਨਿੱਕਲਿਆ..ਸੰਘਣੀ ਧੁੰਦ ਕਰਕੇ ਹੋਰ ਕੁਵੇਲਾ ਹੋਈ ਜਾ ਰਿਹਾ ਸੀ..ਅਚਾਨਕ ਸਾਹਮਣੀ ਲੇਨ ਵਿਚੋਂ ਤੇਜੀ ਨਾਲ ਆਉਂਦਾ ਇੱਕ ਟਰੱਕ ਸਾਡੀ ਕਾਰ ਦੇ ਬੰਪਰ ਨਾਲ ਖਹਿੰਦਾ ਹੋਇਆ ਪਰਾਂ ਖਤਾਨਾਂ ਵਿੱਚ ਜਾ ਟੇਢਾ ਹੋ ਗਿਆ..!
ਮੈਂ ਤੇ ਡਰਾਈਵਰ ਦੋਵੇਂ ਓਥੇ ਬੈਠੇ ਸੁੰਨ ਹੋ ਗਏ..ਸਮਝ ਨਾ ਆਵੇ ਕੀ ਹੋਇਆ ਤੇ ਹੁਣ ਕੀ ਕੀਤਾ ਜਾਵੇ..ਅਚਾਨਕ ਬਿੜਕ ਜਿਹੀ ਹੋਈ..ਠੀਕ ਓਦਾਂ ਜਿੱਦਾਂ ਵਾਪਿਸ ਪਰਤ ਆਈ ਬੀਜੀ ਕਰਕੇ ਹੋਇਆ ਕਰਦੀ ਸੀ..ਮੱਥਾ ਚੁੰਮਿਆਂ ਫੇਰ ਕਲਾਵੇ ਵਿਚ ਲੈ ਕੇ ਪੁੱਛਣ ਲੱਗੀ..ਪੁੱਤਰਾ ਮੇਰੇ ਮਗਰੋਂ ਕੁਝ ਜਰੂਰੀ ਭੁੱਲਿਆ ਤੇ ਨਹੀਂ..ਕਿਸੇ ਤੇਰੀ ਸ਼ਿਕਾਇਤ ਕੀਤੀ ਏ ਅੱਜ!
ਹੰਜੂ ਵਗ ਤੁਰੇ ਅਤੇ ਦੋਵੇਂ ਹੱਥ ਆਪ ਮੁਹਾਰੇ ਅਰਦਾਸ ਵਿਚ ਜੁੜ ਗਏ..ਹੁਣੇ ਹੁਣੇ ਇੱਕ ਹਲੂਣਾ ਜੂ ਵੱਜਾ ਸੀ..ਸਰੀਰ ਅਤੇ ਜਮੀਰ ਤੇ..ਉਹ ਹਲੂਣਾ ਜੋ ਉਹ ਅਕਸਰ ਆਪਣਿਆਂ ਨੂੰ ਮਾਰਦਾ ਹੀ ਰਹਿੰਦਾ..ਕਈ ਵੇਰ ਸਿਧੇ ਤੌਰ ਤੇ ਕਈ ਵੇਰ ਜੰਮਣ ਵਾਲੀਆਂ ਰਾਂਹੀ..ਭਾਵੇਂ ਉਹ ਕਿੰਨੀ ਵੀ ਦੂਰ ਕਿਓਂ ਨਾ ਚਲੀਆਂ ਗਈਆਂ ਹੋਣ!
ਹਰਪ੍ਰੀਤ ਸਿੰਘ ਜਵੰਦਾ

One comment

Leave a Reply

Your email address will not be published. Required fields are marked *