ਤੀਸਰੀ ਅੱਖ | teesri akh

ਗੱਲ 2018 ਦੀ ਆ, ਇੱਕ ਦਿਨ ਸਵੇਰੇ ਸਵੇਰੇ ਘਰ ਬਿਜਲੀ ਵਾਲੇ ਆ ਗਏ। ਮੇਰੇ ਬਾਪੂ ਜੀ ਘਰ ਨਹੀਂ ਸਨ। ਮੈਂ ਤੇ ਮੇਰਾ ਭਰਾ ਤਾਂ ਪਹਿਲਾਂ ਹੀ ਵਿਦੇਸ਼ ਚ ਸੀ। ਘਰ ਭਾਬੀ ਤੇ ਮਾਂ ਹੀ ਸੀ। ਬਿਜਲੀ ਵਾਲਿਆਂ ਨੇ ਆਉਂਦੇ ਹੀ ਰੋਅਬ ਚ ਕਿਹਾ “ਤੁਹਾਡੇ ਘਰ ਦਾ ਲੋਡ ਜਿਆਦਾ ਹੈ ਪਰ ਤੁਸੀਂ ਲੋਡ ਵਧਾਇਆ ਨਹੀਂ ਆ” , ਤੁਹਾਨੂੰ ਬਹੁਤ ਜੁਰਮਾਨਾ ਹੋਣਾ ਆ ਹੁਣ। ਭਾਬੀ ਨੇ ਪਿਤਾ ਜੀ ਨੂੰ ਫੋਨ ਲਗਾਇਆ ਕਿ ਘਰ ਬਿਜਲੀ ਵਾਲੇ ਆਏ ਨੇ। ਉਹ ਵੀ ਘਰ ਆ ਗਏ। ਬਾਪੂ ਜੀ ਨੇ ਉਹਨਾਂ ਨੂੰ ਕਿਹਾ ਕੇ ਅਸੀਂ ਤਾਂ ਲੋਡ ਵਧਾਇਆ ਆ , ਬਿਜਲੀ ਵਾਲਿਆਂ ਨੇ ਖੁਦ ਕਿਹਾ ਸੀ ਕਿ ਐਨਾ ਲੋਡ ਕਰਵਾਓ , ਪਰ ਉਹਨਾਂ ਇੱਕ ਨਾ ਮੰਨੀ। ਡਰਾਉਣ ਲੱਗ ਪਏ ਕਿ ਤੁਹਾਨੂੰ ਬਹੁਤ ਜੁਰਮਾਨਾ ਹੋਣਾ ਆ। ਹੁਣ ਘਰਦੇ ਡਰ ਗਏ ਤੇ ਬਾਪੂ ਜੀ ਨੇ ਉਹਨਾਂ ਨੂੰ ਚਾਹ ਪਾਣੀ ਮਤਲਬ 5000 ਰੁਪਏ ਦੇ ਦਿੱਤੇ ਤੇ ਉਹ ਚੱਲ ਗਏ। ਹੁਣ ਘਰ ਚ ਕਿਸੇ ਨੂੰ ਵੀ ਚੈਨ ਨਾ ਆਵੇ ਕਿ ਸਵੇਰੇ ਸਵੇਰੇ ਕੋਈ ਮਿਹਨਤ ਦੀ ਕਮਾਈ ਏਦਾਂ ਹੀ ਲੈ ਗਿਆ। ਬਾਪੂ ਜੀ ਨੂੰ ਸਾਰੀ ਰਾਤ ਨੀਂਦ ਨਾ ਆਈ , ਫਿਰ ਅਚਾਨਕ ਉਹਨਾਂ ਨੂੰ ਇੱਕ ਸਕੀਮ ਆਈ ਕਿ ਮੁੰਡਿਆਂ ਨੇ ਘਰ CCTV ਕਿਉਂ ਲਗਵਾਏ ਆ । ਦੂਜੇ ਦਿਨ ਸਵੇਰੇ ਸਵੇਰੇ ਉੱਠ ਕੇ ਉਹ ਸਾਡੇ ਪਿੰਡ ਦੇ ਹੀ ਇੱਕ ਆਦਮੀ ਕੋਲ ਗਏ। ਉਹ ਆਦਮੀ ਕੋਲ ਉਹ ਬਿਜਲੀ ਵਾਲਾ ਰੋਜ਼ ਆ ਕੇ ਬੈਠਦਾ ਸੀ। ਬਾਪੂ ਜੀ ਨੇ ਉਸ ਨੂੰ ਜਾ ਕੇ ਕਿਹਾ , ਗੇਲਿਆ ਤੇਰਾ ਬੰਦਾ ਸਮਝ ਹੁਣ ਗਿਆ ਨੌਕਰੀ ਤੋਂ। ਉਹ ਕਹਿੰਦਾ ਕੀ ਹੋਇਆ। ਬਾਪੂ ਜੀ ਕਹਿੰਦੇ ਕੇ ਕੱਲ ਘਰ ਆਏ ਸੀ ਤੇ ਸਾਡੇ ਕੋਲੋਂ ਪੈਸੇ ਲੈ ਕੇ ਗਏ ਆ , ਪਰ ਉਹਨਾਂ ਦੀ ਪੈਸੇ ਲੈਂਦਿਆਂ ਦੀ ਵੀਡੀਓ ਕੈਮਰੇ ਚ ਰਿਕਾਰਡ ਹੋ ਗਈ ਆ। ਅਸੀਂ ਲਾਬੀ ਚ ਵੀ ਕੈਮਰਾ ਲਕੋ ਕੇ ਲਗਾਇਆ ਆ। (ਪਰ CCTV ਸਿਰਫ ਬਾਹਰ ਲੱਗਾ ਸੀ)। ਹੁਣ ਮੈਂ ਚੱਲਾ ਸ਼ਿਕਾਇਤ ਕਰਨ। ਵੈਸੇ ਬਾਪੂ ਜੀ ਬਿਜਲੀ ਘਰ ਬਿੱਲ ਲੈ ਕੇ ਚਲੇ ਸੀ ਲੋਡ ਚੈੱਕ ਕਰਵਾਉਣ ਕਿ ਤੁਹਾਡੇ ਬੰਦੇ ਕਹਿੰਦੇ ਲੋਡ ਘੱਟ ਆ। ਪਰ ਉਹਨਾਂ ਬਿੱਲ ਦੇਖ ਕੇ ਕਿਹਾ ਕੇ ਤੁਹਾਡਾ ਲੋਡ ਸਹੀ ਆ। ਫਿਰ ਸਕੀਮ ਅਨੁਸਾਰ ਗੇਲੇ ਨੇ ਉਦੋਂ ਹੀ ਬਿਜਲੀ ਵਾਲੇ ਨੂੰ ਫੋਨ ਲਗਾਇਆ ਕੇ ਕੱਲ ਤੂੰ ਸਾਡੇ ਪਿੰਡੋ ਕਿਸੇ ਘਰੋਂ ਪੈਸੇ ਲੈ ਕੇ ਗਿਆ ਸੀ ? ਉਹ ਕਹਿੰਦਾ ਹਾਂ , ਫਿਰ ਗੇਲਾ ਕਹਿੰਦਾ ਤੇਰੀ ਨੌਕਰੀ ਨੀ ਬਚਣੀ ਹੁਣ , ਉਹਨਾਂ ਕੋਲ ਤੇਰੀ ਵੀਡੀਓ ਆ। ਉਹ ਡਰ ਗਿਆ , ਉਸ ਅਫਸਰ ਨੇ ਤਾਂ ਫਿਰ ਕੁਝ ਨਹੀਂ ਕੀਤਾ ਪਰ ਉਸਤੋਂ ਛੋਟੇ ਅਧਿਕਾਰੀ ਦਾ ਉਦੋਂ ਹੀ ਮੇਰੇ ਬਾਪੂ ਜੀ ਨੂੰ ਫੋਨ ਆ ਗਿਆ , ਕਹਿੰਦਾ ਤੁਸੀਂ ਆਪਣੇ ਪੈਸੇ ਲੈ ਲਓ ਪਰ ਸਾਡੀ ਸ਼ਿਕਾਇਤ ਨਾ ਕਰਿਓ। ਬਾਪੂ ਜੀ ਕਹਿੰਦੇ ਹੁਣ ਤੁਸੀਂ ਪੈਸੇ ਰੱਖੋ , ਮੈਂ ਤਾਂ ਤੁਹਾਨੂੰ ਹੁਣ ਨੌਕਰੀ ਤੋਂ ਕਢਵਾਉਣਾ। ਉਹ ਹੁਣ ਮਿਨਤਾਂ ਕਰ ਰਿਹਾ ਸੀ ਕੇ ਮੇਰੇ ਵੱਡੇ ਅਫਸਰ ਨੇ ਤਾਂ ਪੈਸੇ ਦੇ ਕੇ ਬਚ ਜਾਣਾ , ਪਰ ਮੇਰੀ ਨੌਕਰੀ ਚਲ ਜਾਣੀ ਆ , ਤੇ ਉਸੇ ਸ਼ਾਮ ਨੂੰ ਹੀ ਉਹ ਘਰ ਆ ਕੇ 5000 ਰੁਪਏ ਵਾਪਿਸ ਦੇ ਗਿਆ। ਇਸ ਤਰਾਂ ਤੀਸਰੀ ਅੱਖ ਨੇ ਸਾਡੇ ਪੰਜ ਹਜ਼ਾਰ ਦਾ ਨੁਕਸਾਨ ਹੋਣੋ ਬਚਾ ਲਿਆ।
ਨਿੰਦਰ ਚਾਂਦ

Leave a Reply

Your email address will not be published. Required fields are marked *