ਗੋਡੇ ਨੇ ਲਵਾਈ ਗੋਡਣੀ ( ਭਾਗ ਪਹਿਲਾ ) | gode ne lavai godni part 1

ਤਿੰਨ ਮਾਰਚ 2022 ਦਾ opd ਕਾਰਡ ਬਣਿਐ ਪੀ ਜੀ ਆਈ ਦਾ, ਓਦਣ ਦੀ ਇੱਕ ਲੱਤ ਬਲਾਡੇ ਤੇ ਇਕ ਚੰਡੀਗੜ੍ਹ । 1978 ਵਿੱਚ ਗੋਡੇ ਤੇ ਲੱਗੀ ਸੱਟ ਵੀ ਸੱਟਾ ਬਜ਼ਾਰ ਵਾਲ਼ੇ ਉਤਰਾਅ ਚੜ੍ਹਾਅ ਵਿਖਾ ਰਹੀ ਐ । ਬੋਹਾ ਦੇ ਟੂਰਨਾਮੈਂਟ ਤੇ ਖੱਟੀ ਸੀ ਇਹ ਖੱਟੀ । ਫ਼ਾਈਨਲ ਦਾ ਇਹ ਮੁਕਾਬਲਾ ਵੀ ਬੋਹਾ ਦੀ ਟੀਮ ਨਾਲ਼, ਤੇ ਖਿਡਾਰੀ ਵੀ ਓਹ ਜਿਹੜੇ ਇੱਕੇ ਬੈਂਚ ਤੇ ਬਹਿਣ ਵਾਲ਼ੇ । ਮੁਕਾਬਲਾ ਵੀ ਰੇਡਰਾਂ ਤੇ ਸਟਾਪਰਾਂ ਦਾ । ਬੋਹੇ ਆਲ਼ੇ ਤਿੰਨੇ ਆੜੀ ਮਿੱਠੂ, ਬਾਲਾ ਤੇ ਜਸਵੰਤ ਰੇਡਰ ਤੇ ਵਿਰੋਧ ਵਿੱਚ ਖੜ੍ਹਾ ਕੁਲਵੰਤ ਸਿਉਂ ਸਟਾਪਰ ਤੇ ਨਾਲ਼ ਓਹਦੇ ਧੰਨਾ ਪੀ ਟੀ । ਮਿੱਠੂ ਤੇ ਜਸਵੰਤ ਨੇ ਦੋ ਦੋ ਰੇਡਾਂ ਪਾਈਆਂ ਤੇ ਦੋਵਾਂ ਨੂੰ ਇੱਕ ਇੱਕ ਵਾਰ ਫੜਕੇ ਸ੍ਹਾਬ ਬਰਾਬਰ ਕਰ ਦਿੱਤਾ । ਬਾਲੇ ਨੂੰ ਪਹਿਲੀ ਰੇਡ ਤੇ ਨੱਪ ਲਿਆ ਤੇ ਓਹ ਦੂਜੀ ਵਾਰ ਆਇਆ ਸੀ । ਮੈਦਾਨ ਦੇ ਅੱਧ ਵਿੱਚ ਜਾ ਕੇ ਓਹ ਮੇਰੀਆਂ ਬਗ਼ਲਾਂ ਭਰਕੇ ਚਲਵਾਂ ਕਰਨ ਲੱਗਿਆ ਤੇ ਮੈਂ ਵਲ੍ਹੇਟਾ ਮਾਰ ਲਿਆ । ਡਿਗਦੇ ਦਾ ਗੋਡਾ ਅੰਦਰਲੇ ਬੰਨਿਓਂ ਧਰਤੀ ਨਾਲ਼ ਵੱਜਿਆ , ਚੀਕ ਵੀ ਨਿਕਲੀ ਤੇ ਵਿਸਲ ਵੀ ਹੱਕ ਵਿੱਚ ਵੱਜ ਗਈ । ਨੰਬਰ ਮੇਰਾ ਹੋ ਗਿਆ ਤੇ ਗੋਡਾ ਬਿਗਾਨਾ ਹੋ ਗਿਆ । ਇਹ ਉਲਾਂਭਾ ਬਾਲੇ ਆੜੀ ਸਿਰ ਹੁਣ ਵੀ ਚੜ੍ਹਿਆ ਰਹਿੰਦੈ । ਮੇਰੇ ਵਿਰੋਧੀ ਆੜੀ ਮੈਨੂੰ ਆਸਰਾ ਦੇ ਕੇ ਮੈਦਾਨ ਦੇ ਬਾਹਰ ਲੈ ਆਏ । ਦੇਸੀ ਵੈਦ ਜੋਗਿੰਦਰ ਛੜੇ ਨੇ ਗਰਮ ਤੇਲ ਦੀ ਮਾਲਸ਼ ਕਰਕੇ ਗੋਡੇ ਤੇ ਪਰਨਾ ਬੰਨਤਾ । ਮੇਰੀ ਟੀਮ ਅੱਧੇ ਸਮੇਂ ਤੱਕ ਖੇਡੀ ਤੇ ਦੂਸਰਾ ਇਨਾਮ ਜੇਤੂ ਬਣੀ । ਇਨਾਮ ਵਿੱਚ ਮਿਲੀ ਥਰਮੋਸ ਬੋਤਲ ਲੈ ਕੇ ਮਿੱਠੂ ਦੇ ਚੁਬਾਰੇ ਵਿੱਚ ਪਹੁੰਚ ਗਏ ਰਾਤ ਕੱਟਣ ਲਈ । ਕੰਧ ਵਿੱਚ ਗੱਡੇ ਲੱਕੜ ਦੇ ਕਿੱਲੇ ਤੇ ਪੈਂਟ ਕਮੀਜ਼ ਲਾਹ ਕੇ ਟੰਗ ਦਿੱਤਾ । ਗੋਡਾ ਭਨਾ ਕੇ ਜਿੱਤੀ ਹੋਈ ਥਰਮੋਸ ਬੋਤਲ ਵੀ ਓਸੇ ਕਿੱਲੇ ਤੇ ਟੰਗ ਦਿੱਤੀ । ਸਵੇਰ ਵੇਲ਼ੇ ਕੱਪੜੇ ਪਾਉਣ ਲੱਗਿਆਂ ਜਿੱਤੇ ਹੋਏ ਇਨਾਮ ਦੀ ਯਾਦ ਭੁੱਲ ਗਈ । ਵਿਚਾਰੀ ਥਰਮੋਸ ਧੜੱਮ ਕਰਕੇ ਥੱਲੇ ਡਿੱਗ ਪਈ ਤੇ ਓਹਦਾ ਓਥੇ ਹੀ ਪਟਾਕਾ ਬੋਲ ਗਿਆ ।ਸੱਟ ਲੱਗਣ ਤੋਂ ਬਾਅਦ ਗੋਡੇ ਤੇ ਆਈ ਸੋਜ਼ ਸਵੇਰ ਨੂੰ ਲਹਿ ਗਈ ਸੀ ।
2000 ਦੇ ਨੇੜੇ ਤੇੜੇ ਓਹ ਸੁੱਤੀ ਹੋਈ ਗੋਡੇ ਦੀ ਸੱਟ ਫੇਰ ਤੋਂ ਫਣ ਚੁੱਕਣ ਲੱਗ ਪਈ । ਪਹਿਲਾਂ ਪਹਿਲ ਬੇਰ ਦੀ ਗਿਟਕ ਜਿੰਨੀ ਤੇ 2015 ਤੱਕ ਅੱਪੜਦਿਆ ਇਹ ਉੱਠ ਦੇ ਅੱਧੇ ਕੁ ਲੇਡੇ ਜਿੰਨੀ ਬਣ ਗਈ । ਤੁਰਨ ਫਿਰਨ ਤੇ ਬੈਠਣ ਉੱਠਣ ਵਿੱਚ ਕੋਈ ਤਕਲੀਫ਼ ਨਹੀਂ ਪਰ ਜਦੋਂ ਕਿਤੇ ਗੋਡਾ ਕਿਸੇ ਕੰਧ ਕੌਲ਼ੇ ਨਾਲ ਖਹਿ ਗਿਆ ਤਾਂ ਫੇਰ ਤੋਂ ਚੀਕਾਂ ।
2017 ਵਿੱਚ ਇਹਦਾ ਇਲਾਜ ਸ਼ੁਰੂ ਕਰ ਲਿਆ । ਡਾਕਟਰ ਨਿਸ਼ਾਨ ਸਿੰਘ ਦੇ ਰਿਸ਼ਤੇਦਾਰ ਡਾਕਟਰ ਨੇ ਆਪਣੇ ਦੋਸਤ ਹੱਡੀਆਂ ਦੇ ਡਾਕਟਰ ਕੋਲ਼ ਭੇਜ ਦਿੱਤਾ । ਓਹਨੇ ਐਕਸਰਾ, ਅਲਟਰਾਸਾਊਂਡ ਤੇ ਐਮ ਆਰ ਆਈ ਕਰਵਾਈ । ਚਾਰ ਕੁ ਮਹੀਨੇ ਮੁਹਾਲ਼ੀ ਦੇ ਹੱਸਪਤਾਲ ਇਲਾਜ ਚੱਲਿਆ । ਜਿਹੜੀ ਗੰਢ ਹੱਥ ਲਾਇਆਂ ਵੀ ਚੀਕਾਂ ਕਢਾਉਂਦੀ ਸੀ ਓਹਦਾ ਸੂਲ਼ ਚੁਭਣ ਜਿਨਾਂ ਦਰਦ ਰਹਿ ਗਿਆ । ਓਸ ਡਾਕਟਰ ਨੇ ਫੀਜੀਓ ਥਰੈਪੀ ਵੀ ਕਰਵਾਈ । 31 ਦਸੰਬਰ 2017 ਨੂੰ ਜਹਾਜ਼ੇ ਚੜ੍ਹ ਆਸਟਰੇਲੀਆ ਪਹੁੰਚ ਗਏ । ਛੇ ਮਹੀਨੇ ਬਾਅਦ ਵਾਪਸੀ ਤੇ ਆਉਂਦਿਆਂ ਕਨੇਡਾ ਵੱਲ ਮੋੜਾ ਕੱਟ ਲਿਆ । ਕਨੇਡਿਓਂ ਵਾਪਸੀ ਤੇ ਫੇਰ ਇਲਾਜ ਪੀ ਜੀ ਆਈ ਤੋਂ ਸ਼ੁਰੂ ਕਰ ਲਿਆ । ਦੋ ਕੁ ਮਹੀਨੇ ਦੀਆਂ ਗੇੜੀਆਂ ਤੋਂ ਬਾਅਦ ਆਸਟਰੇਲੀਆ ਵਿੱਚ ਦੁਬਾਰਾ ਜਾ ਜਗਾਈ ਅਲਖ । 2019 ਦਸੰਬਰ ਦੀਆਂ ਆਖ਼ਰੀ ਤਰੀਕਾਂ ਸੀ ਆਸਟਰੇਲੀਆ ਪਹੁੰਚਣ ਦੀਆਂ । ਅਗਲੇ ਵਰ੍ਹੇ ਮਾਰਚ ਵਿੱਚ ਕਰੋਨਾ ਬਾਬਾ ਆਣ ਢੁੱਕਿਆ ਤੇ ਫਲਾਈਟਾਂ ਬੰਦ ਹੋ ਗਈਆਂ । ਦੋ ਸਾਲ ਸੈਰਾਂ ਵੀ ਹੁੰਦੀਆਂ ਰਹੀਆਂ ਤੇ ਜਿੰਮ ਵੀ ਲੱਗਦੇ ਰਹੇ । ਗੋਡੇ ਦੀ ਗੰਢ ਦਾ ਦਰਦ ਸੱਟ ਵੱਜਣ ਤੇ ਪੁਰਾਣੀ ਪੁਜ਼ੀਸ਼ਨ ਵਿੱਚ ਪਹੁੰਚ ਗਿਆ ।
ਅਸਲ ਕਹਾਣੀ ਕੋਵਿਡ ਦੀ ਦੂਸਰੀ ਵਾਰ ਵੈਕਸੀਨ ਲੱਗਣ ਤੇ ਸ਼ੁਰੂ ਹੋਈ । ਪਹਿਲਾਂ ਇਹ ਦਰਦ ਪੰਜਾਹ ਕਿੱਲੋਮੀਟਰ ਗੱਡੀ ਚਲਾਉਣ ਵੇਲ਼ੇ ਹੋਣਾ ਸ਼ੁਰੂ ਹੁੰਦਾ ਸੀ । ਵੈਕਸੀਨ ਲੱਗਣ ਤੋਂ ਬਾਅਦ ਇਹ ਦਰਦ ਕੁਰਸੀ ਤੇ ਬਹਿਣ ਨਾਲ਼ ਵੀ ਸ਼ੁਰੂ ਹੋ ਗਿਆ । ਤੁਰਨ ਫਿਰਨ ਵਿੱਚ ਕੋਈ ਤਕਲੀਫ਼ ਨਹੀਂ ਪਰ ਬਹਿਣ ਵੇਲ਼ੇ ਕੋਈ ਸਮਝੌਤਾ ਨਹੀਂ ।
ਨੂੰਹ ਰਾਣੀ ਨੇ ਡਾਕਟਰ ਤੋਂ ਤਰੀਕ ਲੈ ਲਈ ਬੇਟਾ ਨਾਲ਼ ਚਲਾ ਗਿਆ । ਦਵਾਈ ਕੋਈ ਨਹੀਂ ਦਿੱਤੀ ਐਕਸਰਾ ਤੇ ਅਲਟਰਾਸਾਉਂਡ ਕਰਵਾਉਣ ਲਈ ਕਹਿ ਦਿੱਤਾ । ਓਧਰ ਕਿਹੜਾ ਆਪਣੇ ਵਾਲ਼ਾ ਕੰਮ ਐ , ਓਧਰ ਤਾਂ ਪਹਿਲਾਂ ਸਮਾਂ ਲੈਣਾ ਪੈੰਦੈ । ਦੋਵੇਂ ਟੈਸਟ ਹੋ ਗਏ, ਪੰਜਾਬਣ ਡਾਕਟਰ ਕੋਲ਼ ਹਫ਼ਤੇ ਬਾਅਦ ਰਿਪੋਰਟ ਪਹੁੰਚੀ । ਰਿਪੋਰਟ ਕਹਿੰਦੀ ਗੋਡੇ ਦਾ ਜੋੜ ਸਹੀ ਐ, ਲਿਗਾਮੈੰਟ ਵੀ ਠੀਕ ਨੇ ਪਰ ਗੰਢ ਵਿੱਚ ਕੀ ਭਰਿਐ ਇਹ ਜਾਨਣ ਲਈ ਐਮ ਆਰ ਆਈ ਕਰਵਾਓ ।
MRI ਵੀ ਹੋ ਗਈ ਪਰ ਡਾਕਟਰ ਕਿੱਥੇ ਸਬਰ ਕਰਨ ਵਾਲ਼ੇ, ਪੰਜਾਬਣ ਡਾਕਟਰ ਕੁੜੀ ਕਹਿੰਦੀ ਅਗਲੀ ਜਾਂਚ ਇਸ ਗੰਢ ਵਿੱਚੋਂ ਸਰਿੰਜ ਭਰਕੇ ਕੀਤੀ ਜਾਊ , ਮੈਂ ਡਾਕਟਰ ਕੁੜੀ ਨੂੰ ਕਿਹਾ ਬੇਟੇ ਕਿਉਂ ਚੱਕਰਾਂ ‘ਚ ਪਾਉਂਦੀ ਐਂ, ਇਹੋ ਜਾ ਕੀ ਵੜ ਗਿਆ ਇਹਦੇ ਵਿੱਚ, ਚਾਰੇ ਪਾਸਿਓਂ ਸੀਲ ਬੰਦ ਪਈ ਐ । ਅੱਗੋਂ ਡਾਕਟਰ ਕੁੜੀ ਕਹਿੰਦੀ ਅੰਕਲ ਜੀ ਛੱਪੜ ਦਾ ਖੜ੍ਹਾ ਪਾਣੀ ਛੇ ਮਹੀਨਿਆਂ ਵਿੱਚ ਸੜਾਂਦ ਮਾਰਨ ਲੱਗ ਜਾਂਦੈ, ਤੁਹਾਨੂੰ ਤਾਂ ਦਸ ਬਾਰਾਂ ਸਾਲ ਹੋਗੇ ਇਹਨੂੰ ਸਾਂਭੀ ਫਿਰਦਿਆਂ ਨੂੰ, ਪਤਾ ਨੀ ਕੀ ਕੁੱਝ ਬਣਿਆ ਹੋਊ , ਪੂਰੀ ਜਾਂਚ ਕਰਵਾਓ, ਢਿੱਲ ਨਾਂ ਵਰਤੋ ।
ਏਨੇ ਨੂੰ ਮੇਰੀ ਤਿਆਰੀ ਹੋ ਗਈ ਜਹਾਜ਼ ਚੜ੍ਹਨ ਦੀ, ਬਾਰਾਂ ਜਨਵਰੀ ਦੀ ਸ਼ਾਮ ਨੂੰ ਆਪਾਂ ਦਿੱਲੀ ਪਹੁੰਚ ਗਏ । ਆਉਣ ਵੇਲ਼ੇ ਵੀ ਓਹ ਡਾਕਟਰ ਕੁੜੀ ਕਹਿੰਦੀ ਅੰਕਲ ਜੀ ਕਿਸੇ ਚੰਗੇ ਹੱਸਪਤਾਲ ਵਿੱਚੋਂ ਜਾਂਚ ਕਰਵਾਇਓ, ਘੱਟੋ ਘੱਟ ਪੀ ਜੀ ਆਈ ਤੋਂ ।
ਅੱਗੇ ਦੀ ਜਾਂਚ ਪੀ ਜੀ ਆਈ ਚੰਡੀਗੜ੍ਹ ਤੋਂ ਸੁਰੂ ਹੋ ਗਈ, ਪਹਿਲਾਂ ਦੋ ਘੰਟੇ ਲਾਈਨ ਵਿੱਚ ਲੱਗ ਕੇ ਓ ਪੀ ਡੀ ਕਾਰਡ ਬਣਵਾਇਆ । ਦੋ ਘੰਟੇ ਡਾਕਟਰ ਦੇ ਗੇਟ ਅੱਗੇ ਪਹਿਰਾ ਦਿੱਤਾ । ਜਦੋਂ ਵਾਰੀ ਆਈ ਤਾਂ ਡਾਕਟਰ ਨੇ ਸਾਰੀਆਂ ਰਿਪੋਟਾਂ ਵੇਖੀਆਂ ਫੇਰ ਐਕਸਰੇ ਤੇ ਐਮ ਆਰ ਆਈ ਦੀ ਫਿਲਮ ਮੰਗੀ, ਓਹ ਮੈਂ ਆਸਟਰੇਲੀਆ ਤੋਂ ਲੈ ਕੇ ਨਹੀਂ ਆਇਆ । ਡਾਕਟਰ ਨੇ ਫਿਰ ਤੋਂ ਕਰਵਾਉਣ ਦਾ ਰੁੱਕਾ ਲਿਖ ਦਿੱਤਾ । ਢੇਰ ਸਾਰੇ ਹੋਰ ਟੈਸਟ ਕਰਾਉਣ ਦਾ ਹੁਕਮ ਸੁਣਾ ਦਿੱਤਾ ।
ਪਹਿਲਾਂ ਫ਼ੀਸ ਭਰਨ ਵਾਲ਼ੀ ਲਾਈਨ ਵਿੱਚ ਤੇ ਫੇਰ ਟੈਸਟ ਕਰਾਉਣ ਵਾਲ਼ੀ ਲਾਈਨ ਵਿੱਚ ਹਾਜ਼ਰੀ ਭਰਦਾ ਰਿਹਾ । ਹਫ਼ਤੇ ਕੁ ਵਿੱਚ ਖੂਨ ਦੀ ਜਾਂਚ ਹੋ ਗਈ । ਪੰਦਰਾਂ ਕੁ ਦਿਨਾਂ ਵਿੱਚ ਫ਼ਾਈਲ ਕਾਫ਼ੀ ਭਾਰੀ ਹੋ ਗਈ ।ਹੁਣ ਵਾਰੀ ਸੀ ਗੋਡੇ ਤੇ ਬਣੀ ਗੰਢ ਵਿੱਚੋਂ ਸਰਿੰਜ ਭਰਨ ਦੀ । ਸਵੇਰੇ ਸਵੇਰੇ ਜਾ ਲੱਗੇ ਲਾਈਨ ਵਿੱਚ । ਹੱਸਪਤਾਲ ਦਾ ਅਮਲਾ ਅੱਠ ਵਜੇ ਡਿਊਟੀ ਤੇ ਆਉਂਦੈ ਜਦ ਕਿ ਲੋਕ ਪੰਜ ਵਜੇ ਆ ਕੇ ਲਾਈਨਾਂ ਵਿੱਚ ਲੱਗ ਜਾਂਦੇ ਨੇ । ਇਉਂ ਲਗਦੈ ਜਿਵੇਂ ਇਹ ਲੋਕ ਵੱਖੋ ਵੱਖਰੇ ਕਾਊਂਟਰਾਂ ਅੱਗੇ ਹੀ ਸੁੱਤੇ ਹੋਣ । ਗੋਡੇ ਦੀ ਗੰਢ ਵਿੱਚੋਂ ਪਾਣੀ ਕੱਢਣ ਲਈ ਜਿਹੜੀ ਸੂਈ ਕੱਢੀ ਓਹ ਪਸੂਆਂ ਦੇ ਟੀਕਾ ਲਾਉਣ ਵਾਲ਼ੀ ਮੋਟੀ । ਬਗੈਰ ਸੁੰਨ ਕੀਤਿਆਂ ਮੋਟੀ ਸੂਈ ਠੋਕਤੀ ਗੰਢ ਵਿੱਚ ਤੇ ਮੇਰੀਆਂ ਲੇਰਾਂ ਕਢਾਤੀਆਂ । ਕੋਈ ਦਰਦ ਦੀ ਦਵਾਈ ਵੀ ਨਹੀਂ ਲਿਖੀ, ਇੱਕ ਹਫ਼ਤਾ ਆਸਟਰੇਲੀਆ ਵਿੱਚੋਂ ਲਿਆਂਦੀ ਹੋਈ ਪੈਨਾਡੌਲ ਨਾਲ਼ ਕੰਮ ਚਲਾਇਆ । ਪਸੂਆਂ ਵਾਲ਼ੀ ਸਰਿੰਜ ਵੇਖਕੇ ਮੈਨੂੰ ਸਾਡੇ ਆਲ਼ਾ ਡੰਗਰਾਂ ਦਾ ਡਾਕਟਰ ( ਚਾਚੇ ਦਾ ਪੁੱਤ) ਗੁਰਲਾਭ ਯਾਦ ਆ ਗਿਆ । ਓਹਦੀ ਕੂਹਣੀ ਤੇ ਵੀ ਕਬੱਡੀ ਖੇਡਦਿਆਂ ਸੱਟ ਲੱਗੀ ਸੀ । ਕਈ ਸਾਲਾਂ ਬਾਅਦ ਓਹ ਵੀ ਵੱਡੀ ਸਾਰੀ ਟਿੰਢੀ ਵਾਂਗੂ ਲੱਗਣ ਲੱਗ ਪਈ । ਇੱਕ ਦਿਨ ਓਹਦਾ ਡੰਗਰਾਂ ਆਲ਼ਾ ਲਾਣਾ ਦੋ ਦੋ ਮੋਟੇ ਮੋਟੇ ਦੇਸੀ ਦੇ ਪੈੱਗ ਲਾ ਕੇ ਕਹਿਣ ਲੱਗਾ ਲੈ ਅੱਜ ਤੇਰੀ ਕੂਹਣੀ ਦਾ ਕਰਦੇ ਆਂ ਪਰੇਸ਼ਨ । ਓਹੀ ਪੰਜਾਹ ਐਮ ਐਲ ਵਾਲ਼ੀ ਸਰਿੰਜ ਅਤੇ ਪਸੂਆਂ ਵਾਲ਼ੀ ਮੋਟੀ ਸੂਈ ਨਾਲ਼ ਲਾ ਲਿਆ ਕੂਹਣੀ ਵਿੱਚ ਪਾੜ । ਚਾਰ ਪੰਜ ਸਰਿੰਜਾਂ ਭਰਕੇ ਕੱਢੀਆਂ ਤੇ ਕੂਹਣੀ ਖ਼ੁਸਰੇ ਦੀ ਅੱਡੀ ਵਰਗੀ ਕਰਤੀ । ਇਸ ਸਫਲ ਉਪਰੇਸ਼ਨ ਤੋਂ ਬਾਅਦ ਓਹਦੀ ਕੂਹਣੀ ਅੱਜ ਵੀ ਟੱਲੀ ਵਾਂਗੂ ਖੜਕਦੀ ਐ ਤੇ ਮੈਂ ਵੱਡਾ ਸੋਧੀ ਪੀ ਜੀ ਆਈ ਦੇ ਮੂਹਰੇ ਬੋਰੜੇ ਦੇਈਂ ਜਾਨਾਂ ।
ਹਫ਼ਤੇ ਬਾਅਦ ਓਹਨਾ ਦਰਦ ਦੀ ਦਵਾਈ ਅਤੇ ਵਿਟਾਮਿਨ ਲਿਖ ਦਿੱਤੇ । ਫੇਰ ਕਿਤੇ ਜਾ ਕੇ ਦਰਦ ਨੂੰ ਬਰੇਕਾਂ ਲੱਗੀਆਂ ।
ਅੱਗੇ ਜੋ ਹੋਇਆ ਓਹ ਕੱਲ੍ਹ ਨੂੰ ।

Leave a Reply

Your email address will not be published. Required fields are marked *