ਗੋਡੇ ਨੇ ਲਵਾਈ ਗੋਡਣੀ ( ਦੂਜਾ ਭਾਗ) | gode ne lvai godni part 2

ਸਰਿੰਜ ਨਾਲ਼ ਕੱਢੇ ਗਏ ਮਲਬੇ ਦੀ ਰਿਪੋਰਟ ਆ ਗਈ ਪਰ ਡਾਕਟਰਾਂ ਦੀ ਤਸੱਲੀ ਨਾਂ ਹੋਈ । ਅਗਲੀ ਜਾਂਚ ਵਾਸਤੇ ਲਿੱਖ ਦਿੱਤਾ । ਕਹਿੰਦੇ ਗੋਡੇ ਦੀ ਇਸ ਗੰਢ ਵਿੱਚੋਂ ਪੀਸ ਲੈ ਕੇ ਜਾਂਚ ਲਈ ਭੇਜਿਆ ਜਾਵੇਗਾ । 2013 ਨੰਬਰ ਕਮਰੇ ਵਿੱਚ ਜਾ ਕੇ ਡੇਟ ਲੈ ਲਓ । 2013 ਕਮਰੇ ਵਿੱਚ ਬੈਠਾ ਡਾਕਟਰ ਕਹਿੰਦਾ ਪੀ ਏ ਸੀ ਦਿਖਾਓ, ਮੈਨੂੰ ਇਹ ਨਾਂ ਪਤਾ ਇਹ ਕੀ ਬਲਾਅ ਹੈ । ਮੈਂ ਸਾਰੀਆਂ ਰਿਪੋਟਾਂ ਓਹਦੇ ਅੱਗੇ ਢੇਰੀ ਕਰਤੀਆਂ , ਕਹਿੰਦਾ ਇਹਨਾਂ ਸਾਰੀਆਂ ਰਿਪੋਰਟਾਂ ਉੱਤੇ ਪੰਜਵੀਂ ਮੰਜ਼ਲ ਦੇ ਡਾਕਟਰ ਆਪਣਾ ਮਸ਼ਵਰਾ ਦੇਣਗੇ, ਜੇ ਓਹ ਸਹੀ ਹੋਈਆਂ ਅਗਲੀ ਜਾਂਚ ਫੇਰ ਹੋਵੇਗੀ । ਪੰਜਵੀਂ ਮੰਜ਼ਲ ਤੇ ਪਹੁੰਚਕੇ ਪੁੱਛਿਆ ਕਿ ਆਹ ਕਾਰਡ ਤੇ ਲਿੱਖਿਆ ਉੱਧ-ਮੂਲ਼ ਕਿੱਥੇ ਹੋਵੇਗਾ । ਭਲੀ-ਮਾਣਸ ਬੀਬੀ ਕਹਿੰਦੀ ਨਾਲ਼ ਵਾਲ਼ੇ ਕਾਊਂਟਰ ਤੋਂ ਕਾਰਡ ਬਣਵਾ ਲਵੋ । ਕਾਊਂਟਰ ਵਾਲ਼ੀ ਬੀਬੀ ਕਹਿੰਦੇ ਅੱਜ ਦਾ ਖੇਲ ਖਤਮ, ਕੱਲ੍ਹ ਨੂੰ ਆ ਜਾਇਓ । ਅਗਲੇ ਦਿਨ ਪੰਜਵੀਂ ਮੰਜ਼ਲ ਦੇ ਨਜ਼ਾਰੇ ਵੇਖੇ, ਕੱਠ ਓਥੇ ਵੀ ਟੂਰਨਾਮੈਂਟ ਜਿਨਾਂ । ਇੱਕ ਘੰਟੇ ਬਾਅਦ ਵਾਰੀ ਆਈ, ਕਾਉਟਰ ਵਾਲ਼ੀ ਬੀਬੀ ਨੇ ਇੱਕ ਹੋਰ ਕਾਰਡ ਬਣਾ ਦਿੱਤਾ । ਓਹ ਕਾਰਡ ਸਕਿਉਰਿਟੀ ਗਾਰਡ ਦੇ ਹਵਾਲੇ ਕਰਕੇ ਮੈਂ ਜੁੜ ਬੈਠੀ ਭੀੜ ਦਾ ਹਿੱਸਾ ਬਣ ਗਿਆਂ । ਤਿੰਨ ਵਾਰ ਦਸ ਦਸ ਦੀ ਟੋਲੀ ਨੂੰ ਸੱਦਿਆ ਗਿਆ ਤੇ ਚੌਥੀ ਵਾਰ ਵਾਲ਼ੀ ਲਿਸਟ ਵਿੱਚ ਮਿੱਤਰਾਂ ਦਾ ਨਾਂ ਬੋਲ ਪਿਆ ।
ਅੰਦਰ ਬੈਠੀ ਟੀਮ ਨੇ ਪਹਿਲਾਂ ਭਾਰ ਤੋਲਿਆ ਫੇਰ ਬੀ ਪੀ ਚੈੱਕ ਕਰਨ ਵਾਸਤੇ ਬਾਂਹ ਤੇ ਪਟਾ ਚਾੜ੍ਹ ਲਿਆ । ਜਦੋਂ ਤੀਸਰੇ ਪੜਾਅ ਤੇ ਪਹੁੰਚੇ ਤਾਂ ਡਾਕਟਰ ਨੇ ਸਾਰੀਆਂ ਰਿਪੋਟਾਂ ਨਵੇਂ ਬਣੇ ਕਾਰਡ ਤੇ ਦਰਜ ਕਰ ਦਿੱਤੀਆਂ । ਕਹਿੰਦਾ ਤੁਹਾਡਾ ਬੀ ਪੀ ਵੱਧ ਰਿਹੈ , ਜੇ ਇਹ ਕਾਬੂ ਨਾਂ ਕੀਤਾ ਤਾਂ ਅਪਰੇਸ਼ਨ ਨਹੀਂ ਹੋਣਾ । ਮੈਂ ਕਿਹਾ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਮਰੀਜ਼ ਨੂੰ ਟਿੰਢੀ ਦੇ ਬੀ ਤੇ ਟੰਗ ਕੇ ਰੱਖਦੇ ਹੋ ਬੀ ਪੀ ਹੀ ਵਧੂ ਹੋਰ ਕੀ ਕਣਕ ਦਾ ਝਾੜ ਵਧੂ । ਡਾਕਟਰ ਹੱਸਕੇ ਕਹਿੰਦੇ ਆਪ ਬੜੇ ਖੁਸ਼-ਮਿਜ਼ਾਜ ਹੋ, ਕਹਾਂ ਸੇ ਹੋ ਆਪ । ਮੈਂ ਕਿਹਾ ਜੀ ਮਾਨਸਾ ਜਿਲੇ ਤੋਂ । ਅੱਛਾ ਤੋ ਆਪ ਨੇ ਸਿੱਧੂ ਮੂਸੇ ਵਾਲ਼ਾ ਕੋ ਹਰਾ ਦੀਆ । ਮੈਂ ਕਿਹਾ ਸਰ ਹਮ ਨੇ ਉਸ ਕੇ ਮੁਕਾਬਲੇ ਏਕ ਡਾਕਟਰ ਕੋ ਜਿਤਾਇਆ ਹੈ, ਵੋਹ ਡਾਕਟਰ ਅਬ ਪੰਜਾਬ ਕਾ ਹੈਲਥ ਮਨਿਸਟਰ ਹੈ । ਡਾਕਟਰ ਨਾਲ਼ੇ ਗੱਲਾਂ ਕਰੀ ਗਿਆ ਤੇ ਨਾਲ਼ੇ ਲਿਖਤ ਪੂਰੀ ਕਰ ਗਿਆ । ਬੀ ਪੀ ਦੀ ਗੋਲ਼ੀ ਟੈਲਮੀਕਾਈਂਡ ਚਾਲ਼ੀ ਐਮ ਜੀ ਇੱਕ ਹਰ ਰੋਜ ਲੈਣ ਲਈ ਲਿਖ ਦਿੱਤੀ । ਨਵਾਂ ਪੁਰਾਣਾ ਕਾਰਡ ਕੱਠੇ ਕਰਕੇ 2013 ਵਿੱਚ ਆ ਗਏ, ਓਦੋਂ ਨੂੰ ਓਹ ਦੁਕਾਨ ਬੰਦ ਕਰ ਗਏ । ਕਹਾਣੀ ਅਗਲੇ ਦਿਨ ਤੇ ਪੈ ਗਈ । ਸਵੇਰੇ ਵੇਲ਼ੇ ਫੇਰ ਜਾ ਜਗਾਈ ਅਲਖ, ਡੇਟ ਦੇਣ ਲਈ ਢਾਈ ਘੰਟਿਆਂ ਦਾ ਇੰਤਜ਼ਾਰ ਕਰਨਾ ਪਿਆ । 26-4-2022 ਤਰੀਕ ਤਹਿ ਹੋ ਗਈ ਸਿਹਰਾ-ਬੰਨ੍ਹਾਈ ਦੀ ।
ਮਾੜਾ ਟੱਟੂ ਅਕੇ ਸੰਦੇਹਾਂ ਸਵਾਰੀ
ਜਿਉਣੇ ਮੌੜ ਆਲ਼ੀ ਫੀਲਿੰਗ ਲੈ ਕੇ ਇਕ ਦਿਨ ਪਹਿਲਾਂ 25 ਅਪ੍ਰੈਲ ਨੂੰ ਕਰਤੀ ਚੜ੍ਹਾਈ ਚੰਡੀਗੜ੍ਹ ਵੱਲ ਨੂੰ । ਪਰ ਜਿਵੇਂ ਛੜੇ ਬੰਦੇ ਦਾ ਰਿਸ਼ਤਾ ਸਿਰੇ ਨੀ ਚੜ੍ਹਦਾ ਹੁੰਦਾ ਓਹੀ ਗੱਲ ਇਸ ਗਰੀਬ ਨਾਲ਼ ਹੋਈ । ਜਦੋਂ ਚੰਡੀਗੜ੍ਹ ਪਹੁੰਚਕੇ ਬੱਸ ਵਿੱਚੋਂ ਉੱਤਰੇ ਤਾਂ ਫ਼ੋਨ ਦੀ ਘੰਟੀ ਖੜਕੀ , ਆਪ ਕੁਲਵੰਤ ਸਿੰਘ ਜੀ ਬੋਲ ਰਹੇ ਹੈਂ ? ਮੈਂ ਕਿਹਾ ਜੀ ਹਾਂ, ਹੁਕਮ । ਮੈਂ ਪੀ ਜੀ ਆਈ ਸੇ ਡਾਕਟਰ ਬੋਲ ਰਹਾ ਹੂੰ, ਆਪ ਕੋ ਕੱਲ੍ਹ ਬੁਲਾਇਆ ਗਿਆ ਹੈ, ਆਪ ਨੇ ਕੱਲ੍ਹ ਨਹੀਂ ਆਨਾ, ਹਮਾਰਾ ਹਾਫ਼ ਡੇਅ ਹੈ । ਬਥੇਰੇ ਤਰਲੇ ਕੀਤੇ ਵੀ ਡਾਕਟਰ ਸਾਬ੍ਹ ਮੈਂ ਤਾਂ ਆ ਗਿਆ , ਮੇਰੇ ਤੇ ਕਿ੍ਰਪਾ ਕਰੋ । ਸਰ ਹਮਾਰੀ ਮਜਬੂਰੀ ਹੈ, ਕੱਲ੍ਹ ਨਹੀਂ ਹੋ ਪਾਏਗਾ । ਮੈਂ ਅਗਲਾ ਤਰਲਾ ਕੀਤਾ ਸਰ ਦੋ ਚਾਰ ਦਿਨ ਕੀ ਡੇਟ ਦੇ ਦਿਓ, ਮੈਂ ਏਥੇ ਹੀ ਰੁਕ ਜਾਨਾਂ, ਏਨੀ ਦੂਰ ਤੋਂ ਰੋਜ ਰੋਜ ਆੳਣਾ ਕਿਹੜਾ ਸੁਖਾਲ਼ਾ ਐ । ਨਹੀਂ ਸਰ ਯੇਹ ਭੀ ਨਹੀਂ ਕਰ ਸਕਤੇ । ਹਮ ਆਪ ਕੋ ਫ਼ੋਨ ਕਰੇਂਗੇ । ਮੈਂ ਬਥੇਰਾ ਕਿਹਾ ਜੀ ਪੰਜਾਬ ਮੇ ਹਮਾਰੀ ਸਰਕਾਰ ਹੈ, ਦੋ ਲਟੈਰ ਫ਼ੌਜੀ ਸਰਕਾਰ ਕੇ ਖਾਸਮ-ਖਾਸ ਹੈ, ਵੋਹ ਹਮਾਰੇ ਵੀ ਖਾਸ ਹੈਂ । ਡਾਕਟਰ ਨੇ ਸੌਰੀ ਕਹਿਕੇ ਮੇਰੀ ਵਿਥਿਆ ਅਣਸੁਣੀ ਕਰ ਦਿੱਤੀ । ਫੇਰ ਮੈਂ ਸਰਕਾਰ ਕੇ ਖਾਸ ਆਦਮੀ ਸੱਤੂ ਅਰ ਘੱਤੂ ਕੀ ਜੋੜੀ ਕਾ ਨਾਮ ਲੀਆ, ਡਾਕਟਰ ਫੇਰ ਵੀ ਲੀਹ ਤੇ ਨਾਂ ਆਏ । ਪਤਾ ਨੀ ਕੌਣ ਦੱਸ ਗਿਆ ਓਹਨਾਂ ਨੂੰ ਕਿ ਜਿਨ੍ਹਾਂ ਦੇ ਨਾਮ ਲੈਂਦੈ ਓਹਨਾਂ ਨਾਲ਼ ਤਾਂ ਇਹਦੇ ਫੇਸਬੁੱਕ ਤੇ ਸਿੰਗ ਫਸੇ ਰਹਿੰਦੇ ਨੇ । ਪੜ੍ਹੇ ਲਿਖੇ ਬੰਦੇ ਗੱਲੀਂ-ਬਾਤੀਂ ਸ੍ਹਾਬ-ਕਿਤਾਬ ਲਾ ਲੈੰਦੇ ਨੇ, ਓਹਨਾਂ ਨੂੰ ਵੀ ਇਹੀ ਲੱਗਿਆ ਹੋਊ ਕਿ ਇਹ ਤਾਂ ਹਾਰੀ ਹੋਈ ਪਾਲ਼ਟੀ ਦਾ ਬੰਦਾ ਲਗਦੈ , ਉੱਤੋ ਉੱਤੋਂ ਊਈਂ ਨੰਬਰ ਬਣਾਉਂਦੈ । ਫੇਰ ਮਨ ‘ਚ ਖਿਆਲ ਆਇਆ ਵੀ ਨਵੀਂ ਸਰਕਾਰ ਦੇ ਐਲ ਐਮੇ ਨੇ ਸੌਂਹ ਚੁੱਕਣ ਤੋਂ ਪਹਿਲਾਂ ਰੋਹਬ ਵੀ ਤਾਂ ਡਾਕਟਰਾਂ ਨੂੰ ਹੀ ਮਾਰਿਆ ਸੀ । ਹੋ ਸਕਦੈ ਵੀ ਓਹਨਾਂ ਨੂੰ ਕੋਈ ਅੰਦਰੋਂ ਅੰਦਰੀਂ ਇਹ ਗ਼ੁੱਸਾ ਵੀ ਹੋਵੇ । ਥੋਡੇ ਕੀ ਕੰਨ ਖਾਊਂ ਭਾਈ, ਕੰਨ ਜੇ ਵਲ੍ਹੇਟ ਕੇ ਸਦਮੇ ‘ਚੋਂ ਬਾਹਰ ਨੂੰ ਆ ਗਿਆ ।
ਤਾਣੀ ਨਾਂ ਸੁਲ਼ਝਦੀ ਵੇਖਕੇ ਘਰ ਵੱਲ ਨੂੰ ਮੁਹਾਰਾਂ ਮੋੜਨ ਵਿੱਚ ਹੀ ਭਲਾਈ ਸਮਝੀ ।
ਹਾਰੇ ਜੁਆਰੀਏ ਵਾਂਗੂ ਢਿੱਲੇ ਜੇ ਬੁੱਲ੍ਹ ਕਰਕੇ, ਲੌਟਕੇ ਬੁੱਧੂ ਘਰ ਕੋ ਆ ਗਏ , ਮੇਲੇ ‘ਚ ਕੌਣ ਪੁੱਛਦੈ ਵੀ ਧਿਆਨਾਂ ਕੀਹਦਾ ਮਾਸੜ ਐ ।
ਪੰਜ ਕੁ ਦਿਨਾਂ ਬਾਅਦ ਫ਼ੋਨ ਦੀ ਘੰਟੀ ਖੜਕੀ, ਇੱਕ ਹਿੰਦੀ ਸਪੀਕਿੰਗ ਭਾਈ ਦੀ ਟੁਣਕਦੀ ਜੀ ਅਵਾਜ਼ ਆਈ । ਸਰ ਆਪ ਕੁਲਵੰਤ ਸਿੰਘ ਬੋਲ ਰਹੇ ਹੈਂ ? ਜੀ ਹਾਂ । ਮੈਂ ਪੀ ਜੀ ਆਈ ਸੇ ਡਾਕਟਰ ਬੋਲ ਰਹਾ ਹੂੰ, ਕਿਆ ਆਪ ਕੱਲ੍ਹ ਕੋ ਆ ਸਕਤੇ ਹੋ ? ਕੱਲ੍ਹ ਕੀਹਨੂੰ ਆਈ ਜੀ, ਮੈਂ ਤਾਂ ਅੱਜ ਈ ਆ ਰਿਹਾਂ । ਸਰ ਆਪ ਕੱਲ੍ਹ ਸੁਬ੍ਹਾ ਆਠ ਵਜੇ ਆ ਜਾਨਾਂ । ਮੇਰੀ ਤਾਂ ਅੱਡੀ ਨਾਂ ਲੱਗੇ, ਸਰਦਾਰਨੀ ਨੂੰ ਕਿਹਾ ਖਿੱਚ ਲੈ ਤਿਆਰੀ ਜੱਟ ਚੱਲਿਐ ਤੈਨੂੰ ਲੈਕੇ ਨੀ । ਜਾਣ ਦਾ ਵਿਆਹ ਵਰਗਾ ਚਾਅ …
“ਸੁੱਖਾਂ ਸੁੱਖਦੀ ਨੂੰ ਆਹ ਦਿਨ ਆਏ
ਸਲੋਨੀ ਦੇ ਨੈਣ ਭਰੇ” ।
ਅੱਗੇ ਕੀ ਹੋਇਆ ਕੱਲ੍ਹ ਜਾਣਿਓ ।
ਕੁਲਵੰਤ ਸਿੰਘ ਬੁਢਲਾਡਾ
9888588422

Leave a Reply

Your email address will not be published. Required fields are marked *